Friday, November 27, 2026

ਪਿੜ ਪੰਜਾਬ ਦਾ 
 ਠੰਢੇ ਮੌਸਮ ’ਚ ਭਖੇ ਸਿਆਸੀ ਚੁੱਲ੍ਹੇ..!
ਚਰਨਜੀਤ ਭੁੱਲਰ

ਚੰਡੀਗੜ੍ਹ : ਪੰਜਾਬ ’ਤੇ ਅੱਜ ‘ਸੰਵਿਧਾਨ ਦਿਵਸ’ ਤੋਂ ਹੀ ਚੋਣਾਂ ਦਾ ਰੰਗ ਚੜ੍ਹਨ ਲੱਗਿਆ ਹੈ ਅਤੇ ਇਸ ਦਿਵਸ ਬਹਾਨੇ ਅੱਜ ਸਿਆਸੀ ਪਾਰਟੀਆਂ ਨੇ ਚੋਣਾਂ ਦਾ ਪਿੜ ਬੰਨ੍ਹਿਆ। ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਵਿਚਾਲੇ ਪੁਰਾਣੀ ਸਾਂਝ ਦੇ ਮੁੜ ਸੁਰਜੀਤ ਹੋਣ ਅਤੇ ਸਿਆਸਤ ਦੇ ਨਵੇਂ ਸਮੀਕਰਨਾਂ ਨੇ ਨਵੇਂ ਗੱਠਜੋੜਾਂ ਦਾ ਵੀ ਮੁੱਢ ਬੰਨ੍ਹ ਦਿੱਤਾ ਹੈ। ਅੱਜ ‘ਸੰਵਿਧਾਨ ਦਿਵਸ’ ਸੀ ਅਤੇ ਆਮ ਆਦਮੀ ਪਾਰਟੀ ਦਾ ਸਥਾਪਨਾ ਦਿਵਸ ਵੀ। ਆਮ ਆਦਮੀ ਪਾਰਟੀ ਨੇ ਅੱਜ ‘ਮੋਗਾ ਰੈਲੀ’ ਕਰਕੇ ਆਗਾਮੀ ਚੋਣਾਂ ਲਈ ਪ੍ਰਚਾਰ ਦਾ ਮਹੂਰਤ ਕਰ ਦਿੱਤਾ ਹੈ।ਅਗਲੇ ਮਹੀਨੇ 8 ਦਸੰਬਰ ਨੂੰ ਮਰਹੂਮ ਪ੍ਰਕਾਸ਼ ਸਿੰਘ ਬਾਦਲ ਦੇ ਜਨਮ ਦਿਨ ਦੇ ਮੌਕੇ ’ਤੇ ਸ਼੍ਰੋਮਣੀ ਅਕਾਲੀ ਦਲ ਨੇ ‘ਮੋਗਾ ਰੈਲੀ’ ਉਲੀਕ ਲਈ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਮੋਗਾ ਰੈਲੀ ’ਚ ਪਹੁੰਚਣ ਦੀ ਸੰਭਾਵਨਾ ਹੈ। ਅੱਜ ਜਦੋਂ ‘ਆਪ’ ਮੋਗਾ ਰੈਲੀ ਕਰ ਰਹੀ ਸੀ ਤਾਂ ਠੀਕ ਉਸ ਸਮੇਂ ਪੰਜਾਬ ਕਾਂਗਰਸ ਵੱਲੋਂ ਅੰਮ੍ਰਿਤਸਰ ’ਚ ‘ਸੰਵਿਧਾਨ ਦਿਵਸ’ ਦੇ ਸਮਾਗਮ ਕੀਤੇ ਜਾ ਰਹੇ ਹਨ ਅਤੇ ਧੂਰੀ ’ਚ ਭਾਜਪਾ ਸੰਵਿਧਾਨ ਦਿਵਸ ਮਨਾ ਰਹੀ ਸੀ। 

       ਬਹੁਜਨ ਸਮਾਜ ਪਾਰਟੀ ਵੀ ਅੱਜ ਫਿਲੌਰ ’ਚ ਸੰਵਿਧਾਨ ਦਿਵਸ ਮੌਕੇ ਸਮਾਗਮ ਕਰ ਰਹੀ ਸੀ।ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅੱਜ ਲੁਧਿਆਣਾ ਜ਼ਿਲ੍ਹੇ ’ਚ ਸਰਗਰਮ ਨਜ਼ਰ ਆਏ। ਸਿਆਸੀ ਸਰਗਰਮੀ ਦੇ ਸ਼ੁਰੂ ਹੁੰਦਿਆਂ ਪੰਜਾਬ ਦੇ ਡੇਰੇ ਵੀ ਸਰਗਰਮ ਹੋ ਗਏ ਹਨ। ਸਿਆਸੀ ਪਾਰਟੀਆਂ ਦੇ ਆਗੂ ਡੇਰਿਆਂ ਦੇ ਮੁਖੀਆਂ ਦਾ ਅਸ਼ੀਰਵਾਦ ਲੈਣ ਲਈ ਪਹੁੰਚ ਰਹੇ ਹਨ। ਸਿਆਸਤਦਾਨਾਂ ਦੀਆਂ ਗੱਡੀਆਂ ਦੇ ਮੂੰਹ ਹੁਣ ਡੇਰਾ ਬਿਆਸ ਵੱਲ ਵੀ ਹੋ ਗਏ ਹਨ। ਪਿੰਡਾਂ ਤੇ ਸ਼ਹਿਰਾਂ ’ਚ ਚੋਣ ਲੜਨ ਦੇ ਚਾਹਵਾਨਾਂ ਅਤੇ ਉਮੀਦਵਾਰਾਂ ਦੇ ਫਲੈਕਸ ਸਜ ਗਏ ਹਨ। ਪੰਜਾਬ ਚੋਣਾਂ ਵਾਲਾ ਰੰਗ ’ਚ ਨਜ਼ਰ ਆਉਣ ਲੱਗਿਆ ਹੈ।ਈ ਡੀ ਦੀ ਸਰਗਰਮੀ ਨੇ ਅਫ਼ਸਰਸ਼ਾਹੀ ਤੇ ਸਿਆਸੀ ਲੋਕਾਂ ਨੂੰ ਦਮੋਂ ਕੱਢ ਰੱਖਿਆ ਹੈ। ਚੰਡੀਗੜ੍ਹ ਦੇ ਸਿਵਲ ਸਕੱਤਰੇਤ ’ਚ ਹੁਣ ਵਜ਼ੀਰਾਂ ਦੀ ਚਹਿਲ ਪਹਿਲ ਬਹੁਤ ਘੱਟ ਗਈ ਹੈ। ਚੰਡੀਗੜ੍ਹ ਚੋਂ ਨਿਕਲ ਤੇ ਉਮੀਦਵਾਰਾਂ ਨੇ ਆਪੋ ਆਪਣੇ ਹਲਕੇ ’ਚ ਡੇਰੇ ਜਮਾ ਲਏ ਹਨ। ਅਗਲੀਆਂ ਚੋਣਾਂ ਲਈ ਚੋਣ ਜ਼ਾਬਤਾ ਦਸੰਬਰ ਦੇ ਅਖੀਰ ਜਾਂ ਜਨਵਰੀ ਦੇ ਪਹਿਲੇ ਹਫ਼ਤੇ ਲੱਗਣ ਦੀ ਸੰਭਾਵਨਾ ਹੈ। 

       ਚੋਣ ਕਮਿਸ਼ਨ ਦੀਆਂ ਹਦਾਇਤਾਂ ’ਤੇ ਪੰਜਾਬ ਸਰਕਾਰ ਨੇ ਅਫ਼ਸਰਾਂ ਦੀ ਬਦਲੀਆਂ ਮੁਹਿੰਮ ਵਿੱਢੀ ਹੋਈ ਹੈ।ਸੱਤਾਧਾਰੀ ਧਿਰ ਆਪਣੀ ਸਿਆਸੀ ਸੁਵਿਧਾ ਮੁਤਾਬਿਕ ਨਵੀਆਂ ਤਾਇਨਾਤੀਆਂ ਕਰ ਰਹੀ ਹੈ। ਗੱਠਜੋੜ ਹੋਣ ਮਗਰੋਂ ਹੁਣ ਸਟੇਜਾਂ ’ਤੇ ਅਕਾਲੀ ਅਤੇ ਭਾਜਪਾ ਆਗੂ ਇਕੱਠੇ ਨਜ਼ਰ ਆਉਣ ਲੱਗੇ ਹਨ। ਸਿਆਸੀ ਪਰਿਵਾਰਾਂ ਦੇ ਸਮਾਜਿਕ ਸਮਾਗਮਾਂ ’ਚ ਇਕੱਠ ਵਧਣ ਲੱਗੇ ਹਨ। ਭਾਜਪਾ ਦੇ ਸੰਸਦ ਮੈਂਬਰ ਤਰੁਣ ਚੁੱਘ ਦੇ ਲੰਘੀ ਰਾਤ ਅੰਮ੍ਰਿਤਸਰ ’ਚ ਹੋਏ ਪਰਿਵਾਰਕ ਸਮਾਗਮਾਂ ’ਚ ਸਿਆਸੀ ਲੋਕਾਂ ਦੀ ਭੀੜ ਸੀ। ਚੋਣ ਮੈਦਾਨ ’ਚ ਉੱਤਰਨ ਵਾਲੇ ਉਮੀਦਵਾਰ ਅਤੇ ਚਾਹਵਾਨ ਇਨ੍ਹਾਂ ਦਿਨਾਂ ’ਚ ਆਪੋ ਆਪਣੇ ਹਲਕੇ ’ਚ ਹੋਣ ਵਾਲੇ ਹਰ ਖ਼ੁਸ਼ੀ ਗ਼ਮੀ ਦੇ ਸਮਾਗਮਾਂ ’ਤੇ ਹਾਜ਼ਰੀ ਲਾਉਣਾ ਨਹੀਂ ਭੁੱਲਦੇ। ਆਮ ਲੋਕਾਂ ਦੀ ਪੁੱਛਗਿੱਛ ਦੇ ਦਿਨ ਸ਼ੁਰੂ ਹੋ ਗਏ ਹਨ ਅਤੇ ਸਿਆਸਤਦਾਨਾਂ ਦੀ ਬੋਲ ਬਾਣੀ ’ਚ ਹੁਣ ਮਿਠਾਸ ਆਈ ਹੈ। ਪੰਜਾਬ ਦਾ ਕਿਸਾਨ ਭਾਈਚਾਰਾ ਇਨ੍ਹਾਂ ਦਿਨਾਂ ’ਚ ਕਣਕ ਦੀ ਬਿਜਾਂਦ ’ਚ ਜੁਟਿਆ ਹੋਇਆ ਹੈ। ਕਣਕ ਦੀ ਬਿਜਾਈ ਮਗਰੋਂ ਕਿਸਾਨ ਤੇ ਮਜ਼ਦੂਰ ਵੀ ਥੋੜ੍ਹੀ ਵਿਹਲ ਵਿੱਚ ਹੋ ਜਾਣੇ ਹਨ।

       ਆਉਂਦੇ ਦਿਨਾਂ ’ਚ ਵੱਡੀਆਂ ਰੈਲੀਆਂ ਲਈ ਭੀੜਾਂ ਜੁਟਾਉਣ ਵਾਸਤੇ ਲੋਕਾਂ ਦੀ ਵੱਡੇ ਪੱਧਰ ’ਤੇ ਸਿਆਸਤਦਾਨ ਢੋਆ ਢੁਆਈ ਕਰਨਗੇ। ਐਤਕੀਂ ਚੋਣ ਮੁਕਾਬਲੇ ਤਿਕੋਣੇ ਤੇ ਚਹੁੰ ਕੋਨੇ ਵੀ ਹੋਣਗੇ। ਅਕਾਲੀ ਦਲ ਵਾਰਸ ਪੰਜਾਬ ਦੇ ਜਥੇਬੰਦੀ ਵੱਲੋਂ ਬਣਾਏ ਜਾਣ ਰਹੇ ‘ਪੰਥਕ ਗੱਠਜੋੜ’ ਵੱਲੋਂ ਡੇਰਿਆਂ ਖ਼ਿਲਾਫ਼ ਹੋਕਾ ਦਿੱਤਾ ਜਾਵੇਗਾ ਅਤੇ ਗੈਰ ਪੰਥਕ ਵੋਟ ਨੂੰ ਇੱਕਮੁੱਠ ਕਰਨ ਦੀ ਵਾਹ ਲਾਏ ਜਾਣ ਦੀ ਕੋਸ਼ਿਸ਼ ਹੋਵੇਗੀ। ਮੁੱਖ ਮੰਤਰੀ ਭਗਵੰਤ ਮਾਨ ਦਾ ਭਾਸ਼ਨ ਅੱਜ ਮੋਗਾ ਰੈਲੀ ’ਚ ਅਕਾਲੀ ਭਾਜਪਾ ਗੱਠਜੋੜ ’ਤੇ ਫੋਕਸ ਰਿਹਾ। ਉਨ੍ਹਾਂ ਆਪਣੇ ਭਾਸ਼ਣ ਦਾ ਦੋ ਤਿਹਾਈ ਹਿੱਸਾ ਇਸ ਗੱਠਜੋੜ ’ਤੇ ਰੱਖਿਆ ਜਦੋਂ ਕਿ ਅਰਵਿੰਦ ਕੇਜਰੀਵਾਲ ਨੇ ਸਰਕਾਰੀ ਗਰੰਟੀਆਂ ਦੀ ਪੂਰਤੀ ਦੀ ਗੱਲ ਉਭਾਰੀ। ਮੁੱਖ ਮੰਤਰੀ ਨੇ ਨਹਿਰੀ ਪਾਣੀ ਤੇ ਬਿਜਲੀ ਸਪਲਾਈ ਦੀ ਗੱਲ ਕੀਤੀ ਪਰ ਉਨ੍ਹਾਂ ਨੇ ਪੰਜਾਬ ਦੇ ਲੋਕਾਂ ਨੂੰ ਅਕਾਲੀ ਭਾਜਪਾ ਗੱਠਜੋੜ ਦੇ ਸਿਧਾਂਤਿਕ ਪੈਂਤੜੇ ਤੋਂ ਜਾਣੂ ਕਰਾਇਆ।


No comments:

Post a Comment