Monday, July 8, 2024

                                       ਪੀਹੜੀ ਆਪਣੀ, ਸੋਟਾ ਬਿਗਾਨਾ !          
                                                       ਚਰਨਜੀਤ ਭੁੱਲਰ 

ਚੰਡੀਗੜ੍ਹ : ਨਿਹੰਗ ਸਿੰਘ ਜੀ ਨੂੰ ਤੈਰਨਾ ਆਉਂਦਾ ਨਹੀਂ ਸੀ, ਜੈਕਾਰਾ ਛੱਡ ਕੇ ਸਰੋਵਰ ’ਚ ਕੁੱਦ ਪਏ। ਲੱਗੇ ਹੱਥ ਪੈਰ ਮਾਰਨ, ਰੌਲਾ ਸੁਣ ਦੋ ਮਹਾਤੜ ਅੱਗੇ ਵਧੇ ਤਾਂ ਕਿਸੇ ਨੇ ਰੋਕ ਦਿੱਤਾ, ਅਖੇ!  ਸਿੰਘ ਜੀ ਜੂਝ ਰਹੇ ਨੇ। ਆਖ਼ਰ ਨਿਹੰਗ ਸਿੰਘ ਜੀ ਚੜ੍ਹਾਈ ਕਰ ਗਏ। ਅਸਾਂ ਨੂੰ ਡੁੱਬਣ ਵਾਲੇ ’ਚੋਂ ਸ਼੍ਰੋਮਣੀ ਅਕਾਲੀ ਦਲ ਦਾ ਝਉਲਾ ਪਿਆ। ਮਹਾਤੜਾਂ ’ਚੋਂ ਕਦੇ ਟੌਹੜੇ ਦਾ ਚਿਹਰਾ ਦਿਖੇ ਤੇ ਕਦੇ ਉਸ ਦੇ ਟਕਸਾਲੀ ਚੇਲੇ ਚੰਦੂਮਾਜਰੇ ਦਾ। ਸਿਆਸੀ ਹਮਾਮ ’ਚ ਭਾਈ ਸਭ ਨੰਗੇ ਨੇ, ਕੀ ਗੁਰੂ ਤੇ ਕੀ ਚੇਲਾ। ਫਿਰ ਕੌਣ ਅਸਾਡੇ ਪ੍ਰਧਾਨ ਜੀ ਨੂੰ ਕਹੇ, ਅੱਗਾ ਢਕੋ!

        ਪ੍ਰੋਫੈਸਰ ਸਾਹਿਬ ਉਰਫ਼ ਚੰਦੂਮਾਜਰਾ, ਪਹਿਲਾਂ ਜ਼ਮਾਨਤ ਉਦੋਂ ਜ਼ਬਤ ਕਰਾ ਬੈਠੇ ਜਦੋਂ ਟੌਹੜਾ ਧੜੇ ਵੱਲੋਂ ਸੁਨਾਮ ਦੀ ਜ਼ਿਮਨੀ ਚੋਣ ਲੜੀ। ਹੁਣ ਚੰਦੂਮਾਜਰਾ ’ਕੱਲਾ ਨਹੀਂ, ਉਨ੍ਹਾਂ ਦੇ ਹੋਰ ਨੌਂ ਜ਼ਮਾਨਤ ਗੁਆਊ ਸਾਂਢੂ ਵੀ ਨੇ। ਪ੍ਰਧਾਨ ਜੀ, ਬਠਿੰਡਾ ਦੀ ਜਿੱਤ ਦੇ ਜਸ਼ਨਾਂ ’ਚ ਮਸਤ ਸਨ, ਘਰ ਦੇ ਵਿਹੜੇ ਵਿਚ ਪੀਹੜੀ ਸੀ ਤੇ ਪੀਹੜੀ ’ਤੇ ਪ੍ਰਧਾਨ ਜੀ ਸਜੇ ਹੋਏ ਸਨ। ਇੱਧਰੋਂ ਚੰਦੂਮਾਜਰਾ ਐਂਡ ਕੰਪਨੀ ਪੁੱਜ ਗਈ, ਮੋਢਿਆਂ ’ਤੇ ਇੱਕ ਵੱਡਾ ਸੋਟਾ ਸੀ। ਆਖਣ ਲੱਗੇ, ਪ੍ਰਧਾਨ ਜੀ ਆਹ ਸੋਟਾ ਆਪਣੀ ਪੀੜ੍ਹੀ ਹੇਠ ਫੇਰੋ। ਚੇਲੇ ਬਾਲਕੇ ਪੀਹੜੀ ਨੂੰ ਵਲ ਕੇ ਖੜ੍ਹ ਗਏ।

         ਫਿਰ ਗਾਣਾ ਤਾਂ ਵੱਜਣਾ ਹੀ ਸੀ, ‘ਮੇਰੇ ਯਾਰ ਨੂੰ ਮੰਦਾ ਨਾ ਬੋਲੀਂ, ਮੇਰੀ ਭਾਵੇਂ ਜਿੰਦ ਕੱਢ ਲੈ।’ ਬਾਬਾ ਸ਼ੇਕਸਪੀਅਰ ਆਖਦਾ ਹੈ, ਕਿ ਜਿਸ ਦੇ ਸਿਰ ’ਤੇ ਤਾਜ, ਉਸ ਦੇ ਸਿਰ ’ਤੇ ਖਾਜ। ਔਖ ਸੌਖ ਦੇ ਬੇਲੀਆਂ ਨੇ ਚੰਦੂਮਾਜਰਾ ਤੋਂ ਸੋਟਾ ਖੋਹ ਲਿਆ ਤੇ ਪ੍ਰਧਾਨ ਜੀ ਨੂੰ ਫੜਾ ਦਿੱਤਾ। ਨਜ਼ਾਰਾ ਉਦੋਂ ਬੱਝਾ ਜਦੋਂ ਪ੍ਰਧਾਨ ਜੀ, ਓਹੀ ਸੋਟਾ ਲੈ ਕੇ ਚੰਦੂਮਾਜਰਾ ਐਂਡ ਕੰਪਨੀ ਦੇ ਪਿੱਛੇ ਪੈ ਗਏ। ਰੱਖੜਾ ਐਕਸਪ੍ਰੈੱਸ ਸਿੱਧੀ ਜਲੰਧਰ ਜਾ ਕੇ ਰੁਕੀ ਜਿੱਥੇ ਪਹਿਲਾਂ ਹੀ ਯਾਤਰੀ ਤਿਆਰ ਖੜ੍ਹੇ ਸਨ। ‘ਤੇਰੇ ਸਾਹਮਣੇ ਬੈਠ ਕੇ ਰੋਣਾ, ਦੁੱਖ ਤੈਨੂੰ ਨਹੀਂਓ ਦੱਸਣਾ।’ ਬਾਗ਼ੀ ਖੇਮੇ ਨੇ ਜਲੰਧਰ ’ਚ ਪੋਤੜੇ ਫਰੋਲ ਦਿੱਤੇ। ਬਾਗ਼ੀਆਂ ਦੀ ਪੈੜਚਾਲ ਸੁਣ ਪ੍ਰਧਾਨ ਜੀ ਥੋੜ੍ਹਾ ਘਬਰਾਏ। ਭੂੰਦੜ ਸਾਬ੍ਹ ਨੇ ਪ੍ਰਧਾਨ ਜੀ ਨੂੰ ਇੰਜ ਹੌਸਲਾ ਦਿੱਤਾ, ‘ ਕੁਛ ਤੋ ਲੋਗ ਕਹੇਂਗੇ, ਲੋਗੋਂ ਦਾ ਕਾਮ ਹੈ ਕਹਿਨਾ..।’

         ਮਾਹੀਏ ਨਾਲ ਰੋਸਾ ’ਕੱਲਾ ਇਸ਼ਕ ’ਚ ਹੀ ਨਹੀਂ, ਸਿਆਸਤ ’ਚ ਵੀ ਹੁੰਦਾ। ਸਿਆਣੇ ਅਕਾਲੀਆਂ ਨੇ ਵੱਡੇ ਬਾਦਲ ਨੂੰ ਧਿਆ ਕੇ ਮਨ ’ਚ ਜ਼ਰੂਰ ਕਿਹਾ ਹੋਊ, ‘ਮਿਸ ਯੂ ਬਾਦਲ ਸਾਹਬ’। ਸਭ ਚਾਹੁੰਦੇ ਨੇ ਕਿ ਅਕਾਲੀ ਬੋਹੜ ਵਧੇ ਫੁੱਲੇ। ਇਸ ਬੋਹੜ ਦਾ ਏਡਾ ਵੱਡਾ ਇਤਿਹਾਸ ਤੇ ਉਸ ਤੋਂ ਵੱਡੀ ਕੁਰਬਾਨੀ।  ਜਦੋਂ ਦਲ 2022 ’ਚ ਹਾਰਿਆ ਸੀ ਤਾਂ ਉਦੋਂ ਇਕਬਾਲ ਝੂੰਦਾ ਨੇ ਪ੍ਰਧਾਨ ਜੀ ਨੂੰ ਹੱਥ ਵਿਚ ਸੋਟਾ ਫੜਾ ਆਖਿਆ ਸੀ, ‘ਜਰਾ ਪੀਹੜੀ ਹੇਠ ਮਾਰ ਲੋ।’ ਹੁਣ ਸੋਟਾ ਤੇ ਪੀਹੜੀ ਪ੍ਰਧਾਨ ਜੀ ਕੋਲ ਹਨ। ਗੋਵਿੰਦਾ ਦੇ ਬੋਲ ਚੇਤਿਆਂ ’ਚ ਵੱਜੇ ਨੇ,‘ ਮੈਂ ਚਾਹੇ ਯੇ ਕਰੂੰ, ਮੈਂ ਚਾਹੇ ਵੋ ਕਰੂੰ, ਮੇਰੀ ਮਰਜ਼ੀ..।’

        ਚੰਡੀਗੜ੍ਹ ’ਚ ਨਿੱਤ ਦਿਨ ਪ੍ਰਧਾਨ ਜੀ ਦੇ ਹੱਕ ’ਚ ਦੋਵੇਂ ਹੱਥ ਖੜ੍ਹੇ ਕਰ ਕੇ ਜੈਕਾਰੇ ਲੱਗਦੇ ਹਨ। ਆਹ ਬੇਮੌਕੇ ’ਤੇ ਚਮਕੀਲੇ ਦਾ ਗੀਤ ਕਿਉਂ ਵਜਾ’ਤਾ ਭਾਈ।‘  ਮੈਂ ਤਾਂ ਚੱਕਦੂੰ ਘੜੇ ਉੱਤੋਂ ਕੌਲਾ, ਕਰਾਦੂੰ ਹੱਥ ਖੜ੍ਹੇ ਬੱਲੀਏ।’  ਪ੍ਰਧਾਨ ਜੀ ਆਖਦੇ ਪਏ ਨੇ ਕਿ ਪ੍ਰਧਾਨਗੀ ਦਾ ਕੰਬਲ ਤਾਂ ਮੈਂ ਛੱਡਣ ਨੂੰ ਤਿਆਰ ਹਾਂ ਪਰ ਇਹ ਕੰਬਲ ਵੀ ਤਾਂ ਮੈਨੂੰ ਛੱਡੇ। ਮੂੰਹ, ਇਕੱਲਾ ਕੁਲਚੇ ਖਾਣ ਵਾਸਤੇ ਨਹੀਂ ਹੁੰਦਾ, ਬੋਲਣ ਵਾਸਤੇ ਵੀ ਹੁੰਦੈ। ਜੋ ਨਹੀਂ ਬੋਲਦੇ, ਉਹ ਮੂੰਹ ਦਿਖਾਉਣ ਜੋਗੇ ਨਹੀਂ ਰਹਿੰਦੇ। ਬਾਗ਼ੀਆਂ ਦੀ ਭਾਵਨਾ ਨੂੰ ਆਪਣਾ ਸਲਮਾਨ ਖ਼ਾਨ ਜ਼ੁਬਾਨ ਦੇ ਰਿਹਾ ਹੈ, ‘ਮੇਰੇ ਸਵਾਲੋਂ ਕਾ ਜਵਾਬ ਦੋ..।’

         ਕੇਰਾਂ ਪ੍ਰਧਾਨ ਮੰਤਰੀ ਨਹਿਰੂ ਨੇ ਚੋਗ਼ਾ ਪਾਉਣ ਵਾਸਤੇ ਮਾਸਟਰ ਤਾਰਾ ਸਿੰਘ ਨੂੰ ਉਪ ਰਾਸ਼ਟਰਪਤੀ ਬਣਾਉਣ ਦੀ ਪੇਸ਼ਕਸ਼ ਕੀਤੀ। ਮਾਸਟਰ ਜੀ ਚਾਰ ਟੰਗੀ ਨੂੰ ਲੱਤ ਮਾਰ ਕੇ ਸਿੱਧੇ ਗੁਰੂ ਰਾਮ ਦਾਸ ਜੀ ਦੀ ਨਗਰੀ ਆ ਵੜੇ। ‘ਰੱਬ ਬਣਾਏ ਬੰਦੇ, ਕੋਈ ਚੰਗੇ ਕੋਈ ਮੰਦੇ।’ ਅਕਾਲੀ ਹੁਣ ਆਪਸ ਵਿਚ ਰੁੱਸੇ ਫਿਰਦੇ ਨੇ। ਪ੍ਰੇਮ ਐਂਡ ਪਾਰਟੀ ਆਖ ਰਹੀ ਹੈ,‘ ਵਾਰਸ ਸ਼ਾਹ ਨਾ ਮੁੜਾਂ ਰੰਝੇਟੜੇ ਤੋਂ, ਭਾਵੇਂ ਬਾਪ ਦੇ ਬਾਪ ਦਾ ਬਾਪ ਆਵੇ।’ ਓਧਰ ਪ੍ਰਧਾਨ ਜੀ ਪੀਹੜੀ ਨੂੰ ਚਿੰਬੜੇ ਬੈਠੇ ਨੇ, ਦੇਖਿਓ ਕਿਤੇ ਫੈਵੀਕੋਲ ਵਾਲੇ ਆਪਣਾ ਬਰੈਂਡ ਅੰਬੈਸਡਰ ਹੀ ਨਾ ਬਣਾ ਲੈਣ। ਢੱਠੇ ਭਿੜਦੇ ਹੋਣ ਤਾਂ ਵਿਚ ਨਹੀਂ ਆਉਣਾ ਚਾਹੀਦਾ।

          ਭਾਜਪਾ ਕਿਥੇ ਟਲਦੀ ਹੈ। ਪਹਿਲਾਂ ਮਹਾਰਾਸ਼ਟਰ ’ਚ ਸ਼ਿਵ ਸੈਨਾ ਦੇ ਵਿਹੜੇ ਵਿਚ ਕੰਧ ਕਢਾ’ਤੀ। ਫਿਰ ਹਰਿਆਣਾ ’ਚ ਚੌਟਾਲਿਆਂ ਦੇ ਵਿਹੜੇ ’ਚ ਕੰਧ ਕਢਾ ਕੇ ਸਾਹ ਲਿਆ। ਭਾਜਪਾ ਦੀ ਅੱਖ ਹੁਣ ਅਕਾਲੀਆਂ ਦੀ ਪੀਹੜੀ ’ਤੇ ਹੈ। ਪੰਜਾਬ ਦੇ ਖੇਤਾਂ ’ਚ ਮਹੇਂਦਰ ਕਪੂਰ ਹੇਕਾਂ ਲਾ ਹੱਲਾਸ਼ੇਰੀ ਦੇ ਰਿਹਾ ਹੈ, ‘ਨਾ ਮੂੰਹ ਛਿਪਾ ਕੇ ਜੀਓ, ਨਾ ਸਿਰ ਝੁਕਾ ਕੇ ਜੀਓ।’ ਇੱਕ ਵਾਰੀ ਟੌਹੜਾ ਆਖ ਬੈਠੇ, ‘ ਬਾਦਲ ਸਾਹਬ, ਪਾਰਟੀ ਦਾ ਐਕਟਿੰਗ ਪ੍ਰਧਾਨ ਕਿਸੇ ਹੋਰ ਨੂੰ ਬਣਾ ਦਿਓ।’ 14 ਮਈ, 1999 ਨੂੰ ਕੋਰ ਕਮੇਟੀ ਨੇ ਐਨ ਕੋਰਾ ਫ਼ੈਸਲਾ ਸੁਣਾ ਦਿੱਤਾ, ‘ਟੌਹੜਾ ਪਾਰਟੀ ’ਚੋਂ ਆਊਟ’ ।

          ਟੌਹੜੇ ਨੇ ਸਰਬ ਹਿੰਦ ਅਕਾਲੀ ਦਲ ਬਣਾਇਆ, ਜਿਸ ’ਤੇ ਬਾਦਲ ਨੇ ਟੈਗ ਲਾਇਆ, ਏਹ ਤਾਂ ਕਾਂਗਰਸ ਦੀ ’ਬੀ’ ਟੀਮ ਹੈ। ਟੌਹੜਾ ਦਲੀਆਂ ਨੇ 2002 ਦੀਆਂ ਚੋਣਾਂ ਵਿਚ ਅੜ ਭੰਨ ਦਿੱਤੀ। ‘ਸਭ ਕੁਛ ਗਵਾ ਕੇ ਹੋਸ਼ ਮੇਂ ਆਏ ਤੋ ਕੀਆ ਆਏ’, 13 ਜੂਨ, 2003 ਨੂੰ ਬਾਦਲ-ਟੌਹੜਾ ਦੀ ਮੁੜ ਜੱਫੀ ਪੈ ਗਈ। ਜੱਫੀ ਪਾਉਣ ਵੇਲੇ ਵੱਡੇ ਬਾਦਲ ਨੇ ਅੱਖ ਬਚਾ ਕੇ ਟੌਹੜਾ ਦੇ ਮੋਢੇ ’ਤੇ ਲੱਗਿਆ ਬੀ-ਟੀਮ ਵਾਲਾ ਟੈਗ ਵਗਾਹ ਮਾਰਿਆ। ਟੈਗ ਮੁੜ ਕੇ ਲੱਭਿਆ ਨਹੀਂ, ਤਾਹੀਂ ਛੋਟੇ ਬਾਦਲ ਨੂੰ ਹੁਣ ਚੰਦੂਮਾਜਰਾ ਐਂਡ ਕੰਪਨੀ ਦੇ ਮੋਢੇ ’ਤੇ ਭਾਜਪਾ ਦੀ ਬੀ-ਟੀਮ ਵਾਲਾ ਨਵਾਂ ਟੈਗ ਲਾਉਣਾ ਪਿਆ।

        ਨਾਟਕ ‘ਬਾਬਾ ਬੋਲਦਾ ਹੈ’ ’ਚ ਬਾਬਾ ਬੋਲਦਾ ਹੈ, ‘ਸਰਕਾਰ ਆਖਦੀ ਹੈ ਕਿ ਦੇਸ਼ ਨੂੰ ਖਤਰੈ, ਜਥੇਦਾਰ ਆਖਦੇ ਨੇ ਕਿ ਪੰਥ ਨੂੰ ਖਤਰੈ।’ ਵੱਡੇ ਬਾਦਲ ਖ਼ੁਦ ਇਹ ਗੱਲ ਸੁਣਾਉਂਦੇ ਸਨ ਕਿ ਨਵੀਂ ਨਵੀਂ ਅਕਾਲੀ ਸਰਕਾਰ ਬਣੀ ਤਾਂ ਇੱਕ ਪਿੰਡ ਤੋਂ ਪੁਰਾਣਾ ਜਥੇਦਾਰ ਆਣ ਬਹੁੜਿਆ ਤੇ ਕਹਿਣ ਲੱਗਾ, ‘ਮੋਰਚਾ ਕਦੋਂ ਲਾਉਣੈ’। ਅੱਗਿਓਂ ਬਾਦਲ ਨੇ ਕਿਹਾ ਕਿ ਬਜ਼ੁਰਗੋ ਹਾਲੇ ਤਾਂ ਆਪਣੀ ਸਰਕਾਰ ਹੈ। ਹੁਣ ਅਕਾਲੀ ਦਲ ’ਤੇ ਭੀੜ ਪਈ ਹੈ। ਪ੍ਰਧਾਨ ਜੀ ਦੇ ਨਾਲ ਵਾਲੀ ਭੀੜ ਆਖ ਰਹੀ ਹੈ ਕਿ ਮਲਾਈਆਂ ਖਾਣ ਵਾਲੇ ਹੁਣ ਅੱਖਾਂ ਦਿਖਾਉਣ ਲੱਗੇ ਨੇ।

          ਬਾਗੀਪੁਣੇ ਦੀ ਮਧਾਣੀ ਨੇ ਅਕਾਲੀ ਦਲ ਦੇ ਰਿੜਕਣੇ ’ਚੋਂ ਕਦੇ ਮਲਾਈ ਤਾਂ ਕੱਢੀ ਨਹੀਂ। ਅਨੇਕਾਂ ਵਾਰ ਨਵੇਂ ਨਵੇਂ ਅਕਾਲੀ ਦਲ ਬਣੇ, ਨਵੇਂ ਨਵੇਂ ਧੜੇ ਬਣੇ, ਉਹ ਵੀ ਨਵੇਂ ਨਵੇਂ ਨਾਵਾਂ ’ਤੇ। ਇਨ੍ਹਾਂ ਨਾਵਾਂ ਨੂੰ ਦੇਖ ਲੱਗਦਾ ਹੈ ਕਿ ਕਿਤੇ ਜਥੇਦਾਰ ਸਾਰੀ ਪੈਂਤੀ ਹੀ ਨਾ ਮੁਕਾ ਦੇਣ। ਕਦੇ ਅਕਾਲੀ ਦਲ (ਡੱਡਾ), ਕਦੇ ਅਕਾਲੀ ਦਲ (ਸੱਸਾ) ਤੇ ਕਦੇ ਅਕਾਲੀ ਦਲ (ਐੜਾ)। ਵੈਸੇ ਲੱਤਾਂ ਕਿਵੇਂ ਖਿੱਚਣੀਆਂ ਨੇ, ਇਹ ਕਲਾ ਕੋਈ ਪੰਜਾਬੀਆਂ ਤੋਂ ਸਿੱਖੇ। ਨਵੇਂ ਪੁਰਾਣੇ ਅਕਾਲੀਆਂ ਕੋਲ ਆਪੋ ਆਪਣੀ ਡਿਕਸ਼ਨਰੀ ਹੈ। ਪਿੰਡ ਚੰਦੂਮਾਜਰਾ ਦਾ ਪ੍ਰੇਮ ਆਖਦਾ ਪਿਐ ਕਿ ਪ੍ਰਧਾਨ ਜੀ ਨੂੰ ਵਿਆਕਰਣ ਪੜ੍ਹਾ ਕੇ ਛੱਡੂੰ।

         ਭਾਜਪਾ ਆਪਣਾ ‘ਮਹਾਨਕੋਸ਼’ ਕੁੱਛੜ ਲਈ ਫਿਰਦੀ ਹੈ। ਜਿਸ ਦਲ ਲਈ ਸੰਤ ਫ਼ਤਿਹ ਸਿੰਘ ਕਈ ਵਾਰ ਅਗਨਕੁੰਡ ’ਚ ਬੈਠਿਆ, ਉਸ ਦਲ ਦੀ ਰਾਖੀ ਲਈ ਹੁਣ ਨਵੇਂ ਯੁੱਗ ਦੇ ਜਥੇਦਾਰ ਸਜੇ ਨੇ। ਕੋਈ ਮੁਕਤਸਰੋਂ ਹੈ, ਕੋਈ ਫਰੀਦਕੋਟੋਂ, ਤੇ ਕੋਈ ਫ਼ਿਰੋਜ਼ਪੁਰੋਂ। ਤੁਸੀਂ ਸੋਚਦੇ ਹੋਵੋਗੇ ਕਿ ਫਾਰਚੂਨਰ ਗੱਡੀਆਂ ਵਾਲੇ, ਟੀਨੋਪਾਲ ਵਾਲੇ ਕੱਪੜੇ ਤੇ ਕਿਆਨੋ ਦੇ ਬੂਟਾਂ ਵਾਲੇ ਜੇਲ੍ਹਾਂ ਤਾਂ ਛੱਡੋ, ਧੁੱਪ ਕੱਟਣ ਵਾਲੇ ਵੀ ਨਹੀਂ। ਬਿਨ ਮੰਗੀ ਸਲਾਹ ਹੈ, ਪ੍ਰਧਾਨ ਜੀ ਪਾਰਟੀ ਦੀ ਪਿੱਠ ’ਤੇ ਢਾਲ ਪਾ ਕੇ ਰੱਖਿਆ ਕਰੋ, ਫਿਰ ਕਿਸੇ ਦੀ ਕੀ ਮਜਾਲ ਕਿ ਕੋਈ ਪਿੱਠ ’ਚ ਛੁਰਾ ਮਾਰ ਜਾਵੇ।            

        ਨਾਲੇ ਗੱਡੀ ’ਚ ਆਹ ਗਾਣਾ ਸੁਣਦੇ ਰਿਹਾ ਕਰੋ, ‘ਬਾਬੂ ਜੀ ਧੀਰੇ ਚਲਨਾ..।’  ਆਖ਼ਰ ਵਿਚ ਪ੍ਰਧਾਨ ਜੀ ਅਤੇ ਉਨ੍ਹਾਂ ਦੇ ਸੱਜਰੇ ਸ਼ਰੀਕਾਂ ਨੂੰ ਹੱਥ ਜੋੜ ਅਰਜੋਈ ਹੈ ਕਿ ਸ਼ਿਵ ਬਟਾਲਵੀ ਦੇ ਇਨ੍ਹਾਂ ਵਚਨਾਂ ’ਤੇ ਜ਼ਰੂਰ ਗ਼ੌਰ ਕਰਨਾ,‘ ਸਾਂਝਾ ਦੇ ਵਿਚ ਬਰਕਤ ਵੱਸੇ, ਸਾਂਝਾ ਦੇ ਵਿਚ ਖੇੜਾ, ਸਾਂਝਾ ਵਿਚ ਪਰਮੇਸ਼ਰ ਵੱਸਦਾ, ਸਾਂਝਾ ਸਭਦਾ ਜਿਹੜਾ।’

(8 ਜੁਲਾਈ, 2024)


Tuesday, June 25, 2024

                                                   ਨਵੇਂ ਨਕੋਰ ਸਿਕੰਦਰ !           
                                                          ਚਰਨਜੀਤ ਭੁੱਲਰ 

ਚੰਡੀਗੜ੍ਹ : ਸਿਕੰਦਰ ਮਹਾਨ ਹੋ ਸਕਦਾ ਹੈ ਤਾਂ ਰਵਨੀਤ ਬਿੱਟੂ ਕਿਉਂ ਨਹੀਂ। ਪ੍ਰਭੂ ਦੀ ਲੀਲ੍ਹਾ ਬੇਅੰਤ ਹੈ, ਮਰਹੂਮ ਬੇਅੰਤ ਸਿੰਘ ਦਾ ਪੋਤਰਾ ਬਿੱਟੂ ਸਿੰਘ ‘ਮੁਕੱਦਰ ਦਾ ਸਿਕੰਦਰ’ ਨਿਕਲਿਆ। ਔਹ ਦੇਖੋ, ਰਾਜਾ ਵੜਿੰਗਪੁਰੀਆ ਕਿਵੇਂ ਨਾਅਰਾ ਮਾਰਦਾ ਪਿਐ ‘ਜੋ ਜੀਤਾ ਵੋਹੀ ਸਿਕੰਦਰ।’ ਛੋਟੇ ਰਾਜੇ ਨੂੰ ਇਲਮ ਨਹੀਂਓ ਕਿ ਬਈ! ਅਮਿਤ ਸ਼ਾਹਪੁਰੀਏ ਦੀ ਛੋਹ ਨੇ ਬਿੱਟੂ ਨੂੰ ਅਜਿੱਤ ਬਣਾਇਐ। ਜੇ ਫਿਰ ਵੀ ਪੱਲੇ ਨਹੀਂ ਪੈ ਰਿਹਾ ਤਾਂ ਸ਼ਾਹਰੁਖ਼ ਖ਼ਾਨ ਨੂੰ ਧਿਆ ਲੈਣ, ‘ਕਭੀ ਕਭੀ ਜੀਤਨੇ ਕੇ ਲੀਏ, ਕੁਛ ਹਾਰਨਾ ਵੀ ਪੜਤਾ ਹੈ, ਹਾਰ ਕਰ ਜੀਤਨੇ ਵਾਲੇ ਕੋ ਬਾਜ਼ੀਗਰ ਕਹਿਤੇ ਹੈਂ।’ ਭਲਿਓ, ਹੁਣ ਦੱਸੋ ਖਾ, ਆਪਣੇ ਬਿੱਟੂ ਸਿੰਘ ਨੂੰ ਕੀ ਕਹੀਏ!

       ਬਿੱਟੂ ਸਿੰਘ ਦੀ ਇੱਕ ਤਾਂ ਸਿਫ਼ਤ ਹੈ ਕਿ ਉਸ ਨੇ ਸਦੀਆਂ ਤੋਂ ਪ੍ਰਚਲਿਤ ਲੋਕ ਕਥਨ ‘ਜੋ ਜੀਤਾ ਵਹੀ ਸਿਕੰਦਰ’ ਨੂੰ ਵੀ ਖ਼ਾਲੀ ਹੱਥੀਂ ਤੋਰ ਦਿੱਤਾ ਹੈ। ਭਾਜਪਾ ਵੱਡਾ ਸਮੁੰਦਰ ਹੈ, ਸੰਧੂ ਸਮੁੰਦਰੀ ਜਾਲ ਵਿਛਾਉਂਦਾ ਰਹਿ ਗਿਆ, ਵੇਲ੍ਹ ਮੱਛੀ ਬਿੱਟੂ ਦੇ ਜਾਲ ’ਚ ਫਸ ਗਈ। ਹਿਮਾਚਲ ਪ੍ਰਦੇਸ਼ ਵਾਲੇ ਅਨੁਰਾਗ ਠਾਕੁਰ ਨੂੰ ਹੁਣ ਕੋਈ ਕਿਨਾਰਾ ਨਹੀਂ ਝੱਲ ਰਿਹਾ। ਬਿੱਟੂ ਸਿੰਘ ਪੰਜਾਬ ’ਚ ਭਾਜਪਾ ਦਾ ਨਵਾਂ ਐਡੀਸ਼ਨ ਹੈ। ਜ਼ਰੂਰ ਨਿਆਣੀ ਉਮਰੇ ਬਿੱਟੂ ਨੇ ਪੌਸ਼ਟਿਕ ਭੋਜਨ ਛਕਿਆ ਹੋਊ। ਰਾਹੁਲ ਦਾ ਸਿਪਾਹੀ ਐਵੇਂ ਥੋੜ੍ਹਾ ਅਮਿਤ ਸ਼ਾਹ ਦਾ ਜਰਨੈਲ ਬਣਿਐ।

      ਜਿਉਂ ਹੀ ਪਤਾ ਲੱਗਿਆ ਕਿ ਰਾਹੁਲ ਗਾਂਧੀ ਦੇ ਕਾਂਗਰਸੀ ਤਿੱਲਾਂ ਵਿਚ ਹੁਣ ਤੇਲ ਨਹੀਂ, ਬਿੱਟੂ ਸਿੰਘ ਭੱਜਾ ਭੱਜਾ ਭਾਜਪਾ ਦੇ ਕੋਹਲੂ ’ਤੇ ਗਿਆ, ਇੱਧਰੋਂ ਤਿੱਲ ਪਾਏ, ਉਧਰੋਂ ਵਜ਼ੀਰੀ ਮਾਅਰਕਾ ਭਾਜਪਾਈ ਤੇਲ ਦਾ ਪੀਪਾ ਉਛਲ ਗਿਆ। ਰਾਜਾ ਵੜਿੰਗ ਤੇਲ ਦੀ ਧਾਰ ਵਹਿੰਦਾ ਰਹਿ ਗਿਆ। ਬਿੱਟੂ ਤੇ ਸ਼ਾਹ ਮਸਤੀ ’ਚ ਝੂਮ ਰਹੇ ਸਨ, ‘ਇਮਲੀ ਕਾ ਬੂਟਾ, ਬੇਰੀ ਕਾ ਪੇੜ, ਇਮਲੀ ਖੱਟੀ, ਮੀਠੇ ਬੇਰ, ਇਸ ਜੰਗਲ ਮੇਂ ਹਮ ਦੋ ਸ਼ੇਰ…।’ ਸ਼ਾਹ ਮੁਹੰਮਦ ਅੱਜ ਹੁੰਦਾ ਤਾਂ ਨਵਾਂ ਜੰਗਨਾਮਾ ਲਿਖਣਾ ਪੈਂਦਾ,‘ ਸ਼ਾਹ ਮੁਹੰਮਦਾ ਇੱਕ ਇਖ਼ਲਾਕ ਬਾਝੋਂ, ਫ਼ੌਜਾਂ ਹਾਰ ਕੇ ਅੰਤ ਨੂੰ ਜਿੱਤੀਆਂ ਨੇ।’ ਸੋ ਮਾਈ ਭਾਈ ਆਪ ਤੋਂ ਜਾਣੀ ਜਾਣ ਹੋ ਕਿ ਕਿੱਦਾਂ ਅਸਾਡਾ ਬਿੱਟੂ ਹਾਰਦਾ ਹਾਰਦਾ ਜਿੱਤ ਗਿਆ। ‘ਹੋਵੇ ਮਨਜ਼ੂਰ ਇਨ੍ਹਾਂ ਭਗਤਾਂ ਦੀ ਸੇਵਾ।’

        ਪ੍ਰਤਾਪ ਸਿੰਘ ਕੈਰੋਂ ਆਖਦੇ ਹੁੰਦੇ ਸਨ ਕਿ ਜੱਟ ਤਾਂ ਸੁਹਾਗੇ ’ਤੇ ਚੜ੍ਹਿਆ ਨੀਂ ਮਾਣ ਹੁੰਦਾ…। ਕਹਿਣ ਵਾਲੇ ਤਾਂ ਇਹ ਵੀ ਆਖਦੇ ਨੇ ਕਿ ‘ਅਨਪੜ੍ਹ ਜੱਟ ਪੜ੍ਹਿਆ ਬਰਾਬਰ, ਪੜ੍ਹਿਆ ਲਿਖਿਆ ਭਗਵਾਨ ਬਰਾਬਰ।’ ਸਭ ਆਸਵੰਦ ਹਨ ਕਿ ਕਾਕਾ ਬਿੱਟੂ ਹੁਣ ਭਾਜਪਾਈ ਸੁਹਾਗੇ ’ਤੇ ਚੜ੍ਹ ਕੇ ਪੰਜਾਬ ਸਿੰਘ ਦੇ ਦੁੱਖਾਂ ਨੂੰ ਐਨ ਪੱਧਰਾ ਕਰ ਦੇਵੇਗਾ। ਭਾਵੇਂ ਵੱਟ ’ਤੇ ਖੜ੍ਹਾ ਰਾਹੁਲ ਗਾਂਧੀ ਕੁਲਦੀਪ ਮਾਣਕ ਵਾਂਗੂੰ ਲੱਖ ਹੇਕਾਂ ਲਾਈ ਜਾਵੇ, ‘ਧੋਖਾ ਦੇ ਗਈ ਜੱਟੀਏ, ਤੂੰ ਕੌਲਾਂ ਤੋਂ ਹਾਰੀ।’ ਬਿੱਟੂ ਸਿੰਘ ਕੌਤਕੀ ਵੀ ਹੈ, ਜੁਗਤੀ ਵੀ ਹੈ। ਉੱਪਰੋਂ ਸੰਜੋਗ ਜ਼ੋਰਾਵਰ ਨਿਕਲੇ, ਜਿਹੜੇ ਬਿੱਟੂ ਨੂੰ ਮੋਢਿਆਂ ’ਤੇ ਚੁੱਕ ਭਾਜਪਾ ਦੇ ਘਰ ਲੈ ਗਏ।

       ਘਰ ਤੋਂ ਚੇਤੇ ਆਇਆ। ਭਗਵੰਤ ਮਾਨ ਨੇ ਚੋਣਾਂ ਵੇਲੇ ਬਿੱਟੂ ਨੂੰ ਬੇਘਰ ਕਰ ਦਿੱਤਾ ਸੀ। ਜਿਊਂਦਾ ਰਹੇ ਅਮਿਤ ਸ਼ਾਹ, ਜੀਹਨੇ ਗੱਜ ਵੱਜ ਕੇ ਚੋਣਾਂ ’ਚ ਕਿਹਾ ਕਿ ‘ਬਿੱਟੂ ਹਮਾਰਾ ਪੁਰਾਨਾ ਦੋਸਤ ਹੈ, ਆਪ ਜਿਤਾ ਦੋ, ਇਸ ਕੋ ਬੜਾ ਆਦਮੀ ਬਣਾਏਂਗੇ।’  ਸੱਤਾ ਤੇ ਸੁਪਨਾ ਇੱਕੋ ਸਕੀਰੀ ’ਚੋਂ ਨੇ। ‘ਤੈਨੂੰ ਤਾਪ ਚੜ੍ਹੇ ਮੈਂ ਹੂੰਗਾਂ’, ਅਮਿਤ ਸ਼ਾਹ ਨੇ ਬੋਲ ਪੁਗਾ ਦਿੱਤੇ। ਵੱਡਾ ਘਰ ਵੀ ਮਿਲ ਗਿਆ। 2027 ਦੀਆਂ ਚੋਣਾਂ ਤੋਂ ਪਹਿਲਾਂ ਭਾਜਪਾ ਦਾ ਪੰਜਾਬ ’ਚ ਇਹ ਨਵਾਂ ਪ੍ਰਯੋਗ ਹੈ। ਜੇ ਕਾਬਲੀਅਤ ਕੁਤਬ ਮੀਨਾਰ ਹੈ ਤਾਂ ਦੋਸਤੀ ਐਵਰੈਸਟ ਹੈ। ਅਗਲਿਆਂ ਨੇ ਬਿੱਟੂ ਨੂੰ ਚੋਟੀ ’ਤੇ ਚੜ੍ਹਾ’ਤਾ। ਇੰਜ ਲੱਗਦੈ ਕਿ ਅਮਿਤ ਸ਼ਾਹ ਤੇ ਬਿੱਟੂ ਹੁਣ ਜ਼ਰੂਰ ਇੱਕ ਦੂਜੇ ਨੂੰ ਵਚਨ ਦਿੰਦੇ ਪਏ ਹੋਣਗੇ, ਇਸ ਗੀਤ ਵਾਂਗੂ, ‘ਯੇ ਦੋਸਤੀ ਹਮ ਨਹੀਂ ਛੋੜੇਂਗੇ…।’

       ਸ਼ਾਹ ਹੁਸੈਨ ਫ਼ਰਮਾਉਂਦੇ ਪਏ ਨੇ, ‘ਸੱਜਣ ਦੇ ਗਲ ਬਾਂਹ ਅਸਾਡੀ, ਕਿਉਂ ਕਰ ਆਖਾਂ ਛੱਡ ਵੇ ਅੜਿਆ।’ ਸਿਆਣੇ ਤਾਂ ਇਹ ਵੀ ਆਖਦੇ ਨੇ ਕਿ ਪਾਣੀ ਵਗਦੇ ਚੰਗੇ, ਦੀਵੇ ਜਗਦੇ ਚੰਗੇ। ਕਿੰਨੇ ਕਾਂਗਰਸੀ ਆਪਣੇ ਦੀਵੇ ਹੁਣ ਭਾਜਪਾ ਦੇ ਬਨ੍ਹੇਰੇ ’ਤੇ ਜਗਾਈ ਬੈਠੇ ਨੇ। ਫ਼ਰਕ ਏਨਾ ਕੁ ਐ ਕਿ ਅਮਿਤ ਸ਼ਾਹ ਨੇ ਤੇਲਾ ਪਾ’ਤਾ, ਬਿੱਟੂ ਆਲਾ ਦੀਵਾ ਮਸ਼ਾਲ ਬਣ ਗਿਆ। ਮੂਰਖਦਾਸੋ! ਇਹ ਤਾਂ ਕਲਾ ਵਰਤੀ ਐ ਜਿਹੜਾ ਬਿੱਟੂ ਦੇ ਸਿਰ ’ਤੇ ਤਾਜ ਸਜਿਐ। ਜਿਵੇਂ ਨਸਵਾਰ ਦੀ ਚੂੰਡੀ ਦਿਮਾਗ਼ ਖੋਲ੍ਹ ਦਿੰਦੀ ਹੈ, ਉਵੇਂ ਹੁਣ ਪੰਜਾਬ ਦੇ ਭਾਗ ਖੁੱਲ੍ਹਣਗੇ।

        ਕਿਸਾਨ ਆਖਦੇ ਨੇ ਕਿ ਭਾਜਪਾ ਨੇ ਪੰਜਾਬ ਦੇ ਰਾਹਾਂ ’ਚ ਕੰਢੇ ਬੀਜੇ ਨੇ। ਬਿੱਟੂ ਨੇ ਤਾਂ ਭਾਜਪਾ ਦੀ ਮੇਨ ਨਰਸਰੀ ਵੀ ਗਾਹ ਮਾਰੀ, ਕਿਤੋਂ ਕੋਈ ਕਿੱਲ ਨਹੀਂ ਲੱਭੇ। ਬਿੱਟੂ ਨੇ ਕੇਂਦਰੀ ਸੱਤਾ ਦੇ ਕੋਲਡ ਸਟੋਰ ’ਚ ਪਈਆਂ ਪੰਜਾਬ ਦੀਆਂ ਮੰਗਾਂ ਜ਼ਰੂਰ ਬਾਹਰ ਕੱਢੀਆਂ ਨੇ। ਦੇਖਦੇ ਜਾਇਓ, ਇਹ ਪੰਜਾਬ ਦਾ ਪੁੱਤ ਕਿਵੇਂ ਬੰਦੀ ਸਿੰਘਾਂ ਅਤੇ ਅੰਮ੍ਰਿਤਪਾਲ ਨੂੰ ਰਿਹਾਅ ਕਰਾਉਂਦਾ। ਆਹ ਥੋਡੀ ਐੱਮਐੱਸਪੀ ਵਾਲੀ ਕਾਨੂੰਨੀ ਗਾਰੰਟੀ ਤਾਂ ਕਾਕਾ ਜੀ ਦੇ ਖੱਬੇ ਹੱਥ ਦੀ ਖੇਡ ਹੈ। ਤਾਹੀਂ ਤਾਂ ਬਿੱਟੂ ਸਿਓਂ ਨੇ ਕਿਹਾ ਕਿ ਹੁਣ ਅੱਗੇ ਵਧਣ ਦਾ ਵੇਲਾ ਹੈ। ਅਸਲ ‘ਬਦਲਾਅ’ ਤਾਂ ਹੁਣ ਪੋਤਰਾ ਲੈ ਕੇ ਆਵੇਗਾ।

       ਬਿੱਟੂ ਦਾ ਸਿਆਸੀ ਕੱਦ ਛੋਟਾ ਸੀ, ਅਮਿਤ ਸ਼ਾਹ ਨੇ ਖਿੱਚ ਕੇ ਵੱਡਾ ਕਰ’ਤਾ। ਪੰਜਾਬ ਦੇ ਟਕਸਾਲੀ ਭਾਜਪਾ ਆਲੇ ਆਖਦੇ ਨੇ, ‘ਚੋਰ ਦੀ ਮਾਂ ਕੋਠੀ ’ਚ ਮੂੰਹ’। ਟਕਸਾਲੀ ਮੂੰਹ ਮੋਟਾ ਕਰੀਂ ਬੈਠੇ ਨੇ। ਆਪਣਾ ਹਰਜੀਤ ਗਰੇਵਾਲ, ਕਿਸਾਨਾਂ ਨੇ ਕਦੇ ਵੀ ਇਸ ਗਰੇਵਾਲੀ ਮੁੰਡੇ ਦੇ ਮਾਣ-ਤਾਣ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ। ਕਿਸਾਨ ਘੋਲ ਵੇਲੇ ਝੋਨਾ ਵੀ ਪੁੱਟ ਸੁੱਟਿਆ ਸੀ। ਪੁਰਾਣੇ ਸਮਿਆਂ ’ਚ ਗੂੰਜ ਪੈਂਦੀ ਹੁੰਦੀ ਸੀ, ‘ਜਦ ਰੂਸ ਪੰਜਾਬੇ ਆਏ, ਟਕੇ ਸ਼ੇਰ ਅੰਨ ਵਿਕਾਵੇ।’ ਸੱਜਣੋਂ, ਤਾਹੀਂ ਇਨਕਲਾਬ ਬਿੱਟੂ ਦੀ ਗੱਡੀ ਚੜ੍ਹਿਐ, ਗਰੇਵਾਲ ਟੇਸ਼ਨ ’ਤੇ ਖੜ੍ਹਾ ਰਹਿ ਗਿਆ।

         ਇੱਧਰ, ਟਕਸਾਲੀ ਭਾਜਪਾਈ ਅਮਿਤ ਸ਼ਾਹ ’ਤੇ ਔਖੇ ਹੋਏ ਫਿਰਦੇ ਨੇ। ਇਸੇ ਕਰਕੇ ਅਮਿਤ ਸ਼ਾਹ ਦੀ ਹਵੇਲੀ ’ਚ ਮੁਹੰਮਦ ਸਦੀਕ ਦਾ ਗਾਣਾ ਵੱਜ ਰਿਹੈ, ‘ਇੱਕ ਤੇਰੀ ਜਿੰਦ ਬਦਲੇ ਬੱਲੀਏ, ਸਾਰਾ ਪਿੰਡ ਮਿੱਤਰਾਂ ਦੇ ਵੈਰ ਪਿਆ।’ ਇੱਕ ਦਿਨ ਵੱਡੇ ਤੜਕੇ ਸੁਪਨਾ ਆਇਆ। ਕੀ ਦੇਖਦਾ ਹਾਂ ਕਿ ਇੱਕ ਡੇਰੇ ’ਚ ਧੂਣੀ ਲਾਈ ਭਬੂਤੀ ਆਲਾ ਬਾਬਾ ਬੈਠਾ ਹੈ, ਅੱਗੇ ਭਾਜਪਾ ਦੇ ਟਕਸਾਲੀ ਨੇਤਾ ਬੈਠੇ ਨੇ। ਮਨੋਰੰਜਨ ਕਾਲੀਆ ਆਖਣ ਲੱਗੇ, ‘ਬਾਬਾ ਜੀ ! ਸਾਡੀ ਤਪੱਸਿਆ ’ਚ ਕੀ ਕਮੀ ਰਹਿ ਗਈ ਐ।’ ਬਾਬਾ ਫ਼ਰਮਾਇਆ, ਬੱਚਾ! ਹਿਮਾਲਿਆ ਜਾਓ ਭਗਤੀ ’ਚ ਲੀਨ ਹੋ ਜਾਓ, ਰਾਮ ਭਲੀ ਕਰੇਗਾ।

        ਸੁਪਨੇ ’ਚ ਪੂਰਾ ਰੰਗ ਬੱਝ ਗਿਆ। ਹਰਜੀਤ ਗਰੇਵਾਲ ਆਖਣ ਲੱਗਾ, ਮਹਾਂਪੁਰਸ਼ੋ! ਹੁਣ ਅਸੀਂ ਕੀ ਕਰੀਏ। ਬਾਬਾ ਚੁੱਪ ਹੋ ਗਿਆ, ਮੈਥੋਂ ਰਿਹਾ ਨਾ ਗਿਆ। ਗਰੇਵਾਲਾ! ਜਿਉਂਦੇ ਜੀਅ ਕਦੇ ਕੰਮ ਮੁੱਕੇ ਨੇ। ਥੋਡੇ ਲਈ ਭਾਜਪਾ ਹੁਣ ਲਾਹੇਵੰਦ ਧੰਦਾ ਨਹੀਂ ਰਹੀ। ਜਾਓ ਕੋਈ ਸਹਾਇਕ ਧੰਦਾ ਕਰ ਲਵੋ। ਸ਼ਹਿਦ ਦੀਆਂ ਮੱਖੀਆਂ ਪਾਲੋ, ਖ਼ਰਗੋਸ਼ ਪਾਲੋ, ਹੋਰ ਨਹੀਂ ਤਾਂ ਚਾਰ ਝੋਟੇ ਹੀ ਪਾਲ ਲਓ। ਜੇ ਨਹੀਂ ਕਰ ਸਕਦੇ ਤਾਂ ਬਿੱਟੂ ਦੇ ਪੈਰ ਫੜੋ, ਉਸ ਤੋਂ ਤਵੀਤ ਲਵੋ ਜਿਹੜਾ ਉਹਨੇ ਸ਼ਾਹ ਜੀ ਨੂੰ ਘੋਲ ਕੇ ਪਿਆਇਆ ਸੀ।

        ਪੰਜਾਬ ਦੀ ਸਿਆਸਤ ’ਚ ਕਿੰਨੇ ਹੀ ਸਿਕੰਦਰ ਬਣੇ ਨੇ। ਅਮਿਤ ਸ਼ਾਹ ਦੇ ਬੋਲਾਂ ਵਾਂਗੂੰ ਕਿੰਨੇ ਹੀ ‘ਬੜੇ ਆਦਮੀ’ ਬਣੇ ਨੇ। ਢੀਂਡਸਾ ਹਾਰ ਜਾਂਦੇ ਸਨ, ਸਿੱਧਾ ਰਾਜ ਸਭਾ ਜਾਂਦੇ ਸਨ। ਇਹ ਸੁਭਾਗ ਭੂੰਦੜ ਸਾਹਿਬ ਨੂੰ ਵੀ ਪ੍ਰਾਪਤ ਹੋਇਆ ਹੈ। ਕਾਂਗਰਸ ’ਚ ਅੰਬਿਕਾ ਸੋਨੀ ਨੂੰ ਵੀ ਮੌਕਾ ਮਿਲਿਆ ਹੈ। ਹਾਰੋ ਚਾਹੇ ਜਿੱਤੋ, ਫੀਤੀ ਪੱਕੀ ਮਿਲਦੀ ਹੈ, ਬਸ਼ਰਤੇ ਕਿ ਥੋਡਾ ਵੀ ਕੋਈ ਅਮਿਤ ਸ਼ਾਹ ਵਰਗਾ ਯਾਰ ਹੋਵੇ। ਜੇ ਨਹੀਂ ਵੀ, ਤਾਂ ਵੀ ਬਹੁਤਾ ਬੋਝ ਨਹੀਂ ਪਾਈਦਾ। ਮਾਂ ਤਾਂ ਹਰ ਬੱਚੇ ਨੂੰ ਲੋਰੀ ਦਿੰਦੀ ਹੈ, ਜਿਨ੍ਹਾਂ ਦੀ ਲੋਰੀਆਂ ਨਾਲ ਜ਼ਮੀਰ ਸੌਂ ਜਾਂਦੀ ਹੈ, ਉਹ ਸਿਆਸੀ ਸਿਕੰਦਰ ਬਣ ਜਾਂਦੇ ਨੇ। ਆਖ਼ਰ ’ਚ ਸਰਦੂਲ ਸਿਕੰਦਰ ਦਾ ਆਹ ਗਾਣਾ ਵੀ ਸੁਣਦੇ ਜਾਓ, ‘ਜੇ ਉਂਜ ਗਿਰਦੀ ਤਾਂ ਚੁੱਕ ਲੈਂਦੇ, ਨਜ਼ਰਾਂ ’ਚੋਂ ਗਿਰ ਗਈ, ਕੀ ਕਰੀਏ…।’

(22 ਜੂਨ, 2024)

Friday, June 21, 2024

                                                        ਸਿਆਸੀ ਮਧਾਣੀ
                                       ਉੱਜੜੇ ਬਾਗਾਂ ਨੂੰ ਪਾਣੀ ਹੀ ਪਾਣੀ..!
                                                         ਚਰਨਜੀਤ ਭੁੱਲਰ 

ਚੰਡੀਗੜ੍ਹ : ਪੰਜਾਬ ਨਹਿਰੀ ਪਾਣੀ ਦੀ ਬੂੰਦ-ਬੂੰਦ ਲਈ ਸਿਆਸੀ ਜੰਗ ਲੜ ਰਿਹਾ ਹੈ ਪਰ ਇਸੇ ਦੌਰਾਨ ਪੰਜਾਬ ਦੇ ਉੱਜੜੇ ਹੋਏ ਬਾਗਾਂ ਲਈ ਪਾਣੀ ਹੀ ਪਾਣੀ ਹੈ। ਪੰਜਾਬ ਦੇ ਜਿਸ ਰਕਬੇ ਵਿੱਚ ਕਦੇ ਬਾਗ ਲੱਗੇ ਹੁੰਦੇ ਸਨ, ਉੱਥੇ ਹੁਣ ਝੋਨਾ ਮਹਿਕਾਂ ਛੱਡ ਰਿਹਾ ਹੈ ਪ੍ਰੰਤੂ ਜਲ ਸਰੋਤ ਵਿਭਾਗ ਦੇ ਰਿਕਾਰਡ ਵਿੱਚ ਅੱਜ ਵੀ ਇਸ ਰਕਬੇ ’ਚ ਬਾਗ ਲੱਗੇ ਹੋਏ ਹਨ। ਬਾਗਬਾਨਾਂ ਨੂੰ ਆਮ ਕਿਸਾਨਾਂ ਨਾਲੋਂ 2.8 ਗੁਣਾ ਜ਼ਿਆਦਾ ਨਹਿਰੀ ਪਾਣੀ ਦਿੱਤਾ ਜਾਂਦਾ ਹੈ। ਕਿਸਾਨਾਂ ਨੇ ਬਾਗ ਤਾਂ ਉਜਾੜ ਦਿੱਤੇ ਹਨ ਪ੍ਰੰਤੂ ਵੱਧ ਨਹਿਰੀ ਪਾਣੀ ਲੈਣਾ ਨਹੀਂ ਛੱਡਿਆ। ਜਦੋਂ ਅੰਗਰੇਜ਼ ਹਕੂਮਤ ਸੀ ਤਾਂ ਉਦੋਂ 23 ਦਸੰਬਰ 1943 ਨੂੰ ਬਾਗਾਂ ਵਾਸਤੇ ਜ਼ਿਆਦਾ ਨਹਿਰੀ ਪਾਣੀ ਦੇਣ ਦਾ ਨੋਟੀਫਿਕੇਸ਼ਨ ਜਾਰੀ ਹੋਇਆ ਸੀ। ਬਾਗਾਂ ਨੂੰ ਉਤਸ਼ਾਹਿਤ ਕਰਨ ਵਾਸਤੇ ਆਮ ਕਿਸਾਨਾਂ ਨਾਲੋਂ ਬਾਗਬਾਨਾਂ ਨੂੰ 2.8 ਗੁਣਾ ਜ਼ਿਆਦਾ ਨਹਿਰੀ ਪਾਣੀ ਦੇਣ ਦੀ ਵਿਵਸਥਾ ਕੀਤੀ ਗਈ ਸੀ। 

      ਪੰਜਾਬ ਸਰਕਾਰ ਨੇ 17 ਅਗਸਤ 1970 ਨੂੰ ਨਵੇਂ ਬਾਗਾਂ ਨੂੰ ਵਾਧੂ ਨਹਿਰੀ ਪਾਣੀ ਦੇਣ ਦੀ ਰੀਤ ਨੂੰ ਬੰਦ ਕਰ ਦਿੱਤਾ ਪਰ ਪੁਰਾਣੇ ਬਾਗਾਂ ਨੂੰ ਜ਼ਿਆਦਾ ਨਹਿਰੀ ਪਾਣੀ ਦੇਣ ਦੀ ਵਿਵਸਥਾ ਜਾਰੀ ਰੱਖਣ ਦਾ ਫ਼ੈਸਲਾ ਲਿਆ। ਜਲ ਸਰੋਤ ਵਿਭਾਗ ਦੇ ਰਿਕਾਰਡ ਅਨੁਸਾਰ ਸੂਬੇ ਵਿੱਚ 2544 ਬਾਗ ਅਜਿਹੇ ਹਨ ਜਿਨ੍ਹਾਂ ਨੂੰ ਆਮ ਕਿਸਾਨੀ ਨਾਲੋਂ 2.8 ਗੁਣਾ ਜ਼ਿਆਦਾ ਨਹਿਰੀ ਪਾਣੀ ਦਿੱਤਾ ਜਾ ਰਿਹਾ ਹੈ। ਨਹਿਰੀ ਵਿਭਾਗ ਅਤੇ ਬਾਗਬਾਨੀ ਵਿਭਾਗ ਨੇ ਜਦੋਂ ਇਨ੍ਹਾਂ ਬਾਗਾਂ ਦੀ ਫਿਜ਼ੀਕਲ ਵੈਰੀਫਿਕੇਸ਼ਨ ਕੀਤੀ ਤਾਂ ਸਾਹਮਣੇ ਆਇਆ ਕਿ ਬਹੁਤੇ ਬਾਗਾਂ ਵਾਲੇ ਰਕਬੇ ਵਿੱਚ ਹੁਣ ਝੋਨਾ ਲਹਿਰਾ ਰਿਹਾ ਸੀ। ਪ੍ਰਾਪਤ ਵੇਰਵਿਆਂ ਅਨੁਸਾਰ ਸੂਬੇ ਵਿੱਚ 1261 ਅਜਿਹੇ ਪੁਰਾਣੇ ਬਾਗਾਂ ਦੀ ਸ਼ਨਾਖ਼ਤ ਹੋਈ ਹੈ ਜਿਹੜੇ ਕਿ ਹੁਣ ਨਸ਼ਟ ਹੋ ਚੁੱਕੇ ਹਨ ਪ੍ਰੰਤੂ ਇਨ੍ਹਾਂ ਬਾਗਾਂ ਵਾਲੇ ਰਕਬੇ ਨੂੰ ਅੱਜ ਵੀ ਵਾਧੂ ਨਹਿਰੀ ਪਾਣੀ ਦਿੱਤਾ ਜਾ ਰਿਹਾ ਹੈ।

      ਨਹਿਰੀ ਵਿਭਾਗ ਦੀ ਸਖ਼ਤੀ ਮਗਰੋਂ 31 ਬਾਗਾਂ ਨੂੰ ਮਿਲਦਾ ਵਾਧੂ ਨਹਿਰੀ ਪਾਣੀ ਹੁਣ ਕੱਟ ਦਿੱਤਾ ਗਿਆ ਹੈ। 17 ਕੇਸਾਂ ਵਿੱਚ ਬਾਗਬਾਨਾਂ ਨੇ ਮੁੜ ਬਾਗ ਲਗਾ ਲਏ ਹਨ। ਜਲ ਸਰੋਤ ਵਿਭਾਗ ਨੇ ਕੈਨਾਲ ਐਕਟ ਤਹਿਤ ਅਜਿਹੇ ਬਾਗਬਾਨਾਂ ਨੂੰ ਨੋਟਿਸ ਵੀ ਜਾਰੀ ਕੀਤੇ ਸਨ। ਆਮ ਕਿਸਾਨੀ ਦੀਆਂ ਅੱਖਾਂ ਵਿੱਚ ਅਜਿਹੇ ਬਾਗਬਾਨ ਰੜਕ ਰਹੇ ਹਨ। ਪੰਜਾਬ ਸਰਕਾਰ ਨੇ ਇਨ੍ਹਾਂ ਬਾਗਬਾਨਾਂ ਨੂੰ ਮੌਕਾ ਦਿੰਦਿਆਂ ਕਿਹਾ ਹੈ ਕਿ ਜੇ ਉਹ ਪੁਰਾਣੇ ਬਾਗਾਂ ਵਾਲੇ ਰਕਬੇ ਵਿੱਚ ਪੂਰਨ ਤੌਰ ’ਤੇ ਬਾਗ ਨਹੀਂ ਲਾਉਂਦੇ ਤਾਂ ਉਨ੍ਹਾਂ ਦਾ ਵਾਧੂ ਨਹਿਰੀ ਪਾਣੀ ਕੱਟ ਦਿੱਤਾ ਜਾਵੇਗਾ। ਸੂਤਰ ਦੱਸਦੇ ਹਨ ਕਿ ਇਨ੍ਹਾਂ ਪੁਰਾਣੇ ਬਾਗਾਂ ਦੇ ਬਹੁਤੇ ਮਾਲਕ ਵੱਡੇ ਨੇਤਾ ਹਨ ਜਿਨ੍ਹਾਂ ਵਿੱਚ ਜ਼ਿਆਦਾ ਗਿਣਤੀ ਅਬੋਹਰ, ਫ਼ਾਜ਼ਿਲਕਾ ਤੇ ਮੁਕਤਸਰ ਇਲਾਕੇ ਦੇ ਆਗੂਆਂ ਦੀ ਹੈ।

        ਪਿੰਡ ਬਾਦਲ ਵੀ ਇਸ ਵੈਰੀਫਿਕੇਸ਼ਨ ਦੌਰਾਨ ਨਿਸ਼ਾਨੇ ’ਤੇ ਰਿਹਾ ਹੈ। ਮੌੜ ਖਿੱਤੇ ਦੇ ਕਈ ਪਿੰਡਾਂ ਵਿੱਚ ਅੰਗੂਰਾਂ ਦੀ ਕਾਸ਼ਤ ਹੁੰਦੀ ਰਹੀ ਹੈ। ਕਈ ਪਿੰਡਾਂ ਵਿੱਚ ਵੱਡਾ ਰਕਬਾ ਅੰਗੂਰਾਂ ਦੇ ਬਾਗਾਂ ਹੇਠ ਰਿਹਾ ਹੈ। ਹੁਣ ਇਹ ਅੰਗੂਰਾਂ ਦੇ ਬਾਗ ਤਾਂ ਪੁੱਟ ਦਿੱਤੇ ਗਏ ਹਨ ਪਰ ਬਹੁਤੇ ਰਕਬੇ ਵਿੱਚ ਹੋਰਨਾਂ ਫ਼ਸਲਾਂ ਦੀ ਕਾਸ਼ਤ ਸ਼ੁਰੂ ਕਰ ਦਿੱਤੀ ਗਈ ਹੈ। ਪਤਾ ਲੱਗਾ ਹੈ ਕਿ ਨਹਿਰੀ ਵਿਭਾਗ ਵੱਲੋਂ ਹੁਣ ਦੂਜੇ ਗੇੜ ਦੀ ਵੈਰੀਫਿਕੇਸ਼ਨ ਸ਼ੁਰੂ ਕੀਤੀ ਜਾਣੀ ਹੈ। ਬਾਗਾਂ ਦੇ ਜਿਹੜੇ ਪੁਰਾਣੇ ਰਕਬੇ ਵਿੱਚ ਪੂਰਨ ਤੌਰ ’ਤੇ ਬਾਗ ਨਹੀਂ ਹੋਣਗੇ, ਉਨ੍ਹਾਂ ਦਾ ਵਾਧੂ ਨਹਿਰੀ ਪਾਣੀ ਕੱਟਿਆ ਜਾ ਸਕਦਾ ਹੈ। ਮਹਿਕਮੇ ਦੇ ਅਧਿਕਾਰੀ ਆਖਦੇ ਹਨ ਕਿ ਇਨ੍ਹਾਂ ਪੁਰਾਣੇ ਬਾਗਾਂ ਵਾਲੇ ਨਸ਼ਟ ਹੋਏ ਰਕਬੇ ਦਾ ਵਾਧੂ ਪਾਣੀ ਗੁਆਂਢੀ ਖੇਤਾਂ ਦੇ ਕਿਸਾਨ ਆਪਣੇ ਹਿੱਸੇ ਮੁਤਾਬਕ ਮੰਗ ਰਹੇ ਹਨ। ਇਹ ਕਿਸਾਨ ਆਖਦੇ ਹਨ ਕਿ ਫ਼ਰਜ਼ੀ ਬਾਗਾਂ ਨੂੰ ਵਾਧੂ ਨਹਿਰੀ ਪਾਣੀ ਦੇ ਕੇ ਉਨ੍ਹਾਂ ਦਾ ਹੱਕ ਮਾਰਿਆ ਜਾ ਰਿਹਾ ਹੈ।

Thursday, June 20, 2024

                                                       ਮੁਰੱਬਿਆਂ ਵਾਲੇ 
                                   ਕਿਤੇ ਪੱਤਣਾਂ ਦਾ ਪਾਣੀ ਨਾ ਮੁਕਾ ਦੇਣ..!
                                                      ਚਰਨਜੀਤ ਭੁੱਲਰ 

ਚੰਡੀਗੜ੍ਹ : ਪੰਜਾਬ ਦਾ ਜ਼ਮੀਨੀ ਪਾਣੀ ਨੂੰ ਲੈ ਕੇ ਇਹ ਵੱਡਾ ਫ਼ਿਕਰ ਹੈ ਕਿ ਕਿਤੇ ਮੁਰੱਬਿਆਂ ਵਾਲੇ ਕਿਸਾਨ ਪੱਤਣਾਂ ਦਾ ਪਾਣੀ ਹੀ ਨਾ ਮੁਕਾ ਦੇਣ। ਵੱਡੇ ਕਿਸਾਨਾਂ ਕੋਲ ਕਈ ਕਈ ਮੋਟਰ ਕੁਨੈਕਸ਼ਨ ਹਨ ਜਦੋਂ ਕਿ ਛੋਟੀ ਕਿਸਾਨੀ ਡੀਜ਼ਲ ਫ਼ੂਕ ਕੇ ਝੋਨਾ ਪਾਲਦੀ ਹੈ। ਇਵੇਂ ਦੀ ਕਾਣੀ ਵੰਡ ਛੋਟੀਆਂ ਪੈਲ਼ੀਆਂ ਦੇ ਮਾਲਕਾਂ ਨੂੰ ਰੜਕਦੀ ਹੈ। ਇਨ੍ਹਾਂ ਦਿਨਾਂ ’ਚ ਗਰਮੀ ਵੀ ਸਿਖਰ ’ਤੇ ਹੈ ਅਤੇ ਬਿਜਲੀ ਦੀ ਮੰਗ ਵੀ ਤੇਜ਼ੀ ਨਾਲ ਵਧ ਰਹੀ ਹੈ। ਝੋਨੇ ਦੀ ਲੁਆਈ ਦਾ ਕੰਮ ਜ਼ੋਰ ਫੜਨ ਲੱਗਾ ਹੈ। ਚੇਤੰਨ ਧਿਰਾਂ ਵੱਲੋਂ ਜ਼ਮੀਨੀ ਪਾਣੀ ਬਚਾਉਣ ਦੀ ਦੁਹਾਈ ਪਾਈ ਜਾ ਰਹੀ ਹੈ। ਪੰਜਾਬ ਵਿਚ ਇਸ ਵੇਲੇ 13.91 ਲੱਖ ਮੋਟਰ ਕੁਨੈਕਸ਼ਨ ਹਨ। ਮੌਜੂਦਾ ਵਿੱਤੀ ਵਰ੍ਹੇ 2024-25 ਵਿਚ ਖੇਤੀ ਸੈਕਟਰ ਦੀ ਬਿਜਲੀ ਸਬਸਿਡੀ ਦਾ ਬਿੱਲ ਸਾਲਾਨਾ 10,175 ਕਰੋੜ ਬਣੇਗਾ। ਇਸ ਲਿਹਾਜ਼ ਨਾਲ ਪ੍ਰਤੀ ਕੁਨੈਕਸ਼ਨ ਔਸਤਨ 73,148 ਰੁਪਏ ਸਾਲਾਨਾ ਬਿਜਲੀ ਸਬਸਿਡੀ ਸਰਕਾਰ ਦੇ ਰਹੀ ਹੈ। 

         ਵੇਰਵਿਆਂ ਅਨੁਸਾਰ ਖੇਤੀ ਸੈਕਟਰ ’ਚ 1.83 ਲੱਖ ਕਿਸਾਨਾਂ ਕੋਲ ਇੱਕ ਤੋਂ ਜ਼ਿਆਦਾ ਖੇਤੀ ਮੋਟਰਾਂ ਦੇ ਕੁਨੈਕਸ਼ਨ ਹਨ। ਮਾਹਿਰਾਂ ਅਨੁਸਾਰ ਦੋ ਜਾਂ ਦੋ ਤੋਂ ਜ਼ਿਆਦਾ ਮੋਟਰਾਂ ਵਾਲੇ ਕਿਸਾਨ ਸਾਲਾਨਾ ਕੁੱਲ ਬਿਜਲੀ ਸਬਸਿਡੀ ਦਾ ਕਰੀਬ 28 ਫ਼ੀਸਦੀ ਹਿੱਸਾ ਲੈ ਜਾਂਦੇ ਹਨ। ਤੱਥ ਗਵਾਹ ਹਨ ਕਿ ਚਾਰ ਜਾਂ ਚਾਰ ਤੋਂ ਜ਼ਿਆਦਾ ਮੋਟਰਾਂ ਵਾਲੇ 10,128 ਕਿਸਾਨ ਹਨ ਜਿਨ੍ਹਾਂ ਨੂੰ ਸਾਲਾਨਾ 200 ਕਰੋੜ ਤੋਂ ਜ਼ਿਆਦਾ ਬਿਜਲੀ ਸਬਸਿਡੀ ਮਿਲ ਰਹੀ ਹੈ। ਇਨ੍ਹਾਂ ਕਿਸਾਨਾਂ ਵੱਲੋਂ ਜ਼ਮੀਨੀ ਪਾਣੀ ਕੱਢਣ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ ਜਾ ਰਹੀ ਹੈ। ਇਸ ਹਰ ਕਿਸਾਨ ਕੋਲ 25 ਏਕੜ ਤੋਂ ਜ਼ਿਆਦਾ ਜ਼ਮੀਨ ਦੀ ਮਾਲਕੀ ਹੋਵੇਗੀ। ਫ਼ਸਲੀ ਖ਼ਰੀਦ ਦੇ ਵੇਰਵਿਆਂ ਅਨੁਸਾਰ ਪੰਜਾਬ ਵਿਚ 25 ਏਕੜ ਤੋਂ ਵੱਧ ਮਾਲਕੀ ਵਾਲੇ 30,959 ਕਿਸਾਨ ਆਪਣੀ ਫ਼ਸਲ ਦੀ ਵੇਚ ਵੱਟਤ ਕਰਦੇ ਹਨ। ਪੰਜਾਬ ਵਿਚ 10 ਏਕੜ ਤੋਂ 25 ਏਕੜ ਦੀ ਮਾਲਕੀ ਵਾਲੇ ਕਿਸਾਨਾਂ ਦਾ ਅੰਕੜਾ 1.84 ਲੱਖ ਬਣਦਾ ਹੈ ਜਿਨ੍ਹਾਂ ਵੱਲੋਂ ਸਰਕਾਰੀ ਭਾਅ ’ਤੇ ਫ਼ਸਲ ਵੇਚੀ ਜਾਂਦੀ ਹੈ।

        ਸੂਬੇ ਦੇ ਇਹ ਸਾਰੇ ਧਨਾਢ ਕਿਸਾਨ ਹਨ ਜਿਨ੍ਹਾਂ ਵੱਲੋਂ ਝੋਨੇ ਦੀ ਕਾਸ਼ਤ ਕੀਤੀ ਜਾਂਦੀ ਹੈ। ਹਾਲਾਂਕਿ ਝੋਨੇ ਦੀ ਕਾਸ਼ਤ ਕਰਨ ਵਾਲੇ ਕਿਸਾਨ ਜ਼ਮੀਨੀ ਪਾਣੀ ਦੇ ਨਿਕਾਸ ਲਈ ਬਰਾਬਰ ਦੇ ਜ਼ਿੰਮੇਵਾਰ ਹਨ, ਪਰ ਵੱਡੇ ਕਿਸਾਨਾਂ ਕੋਲ ਕਈ ਕਈ ਮੋਟਰਾਂ ਹੋਣ ਕਰਕੇ ਉਨ੍ਹਾਂ ਦੀ ਪਾਣੀ ਨਿਕਾਸੀ ਮਾਮਲੇ ’ਚ ਵੱਧ ਭੂਮਿਕਾ ਜਾਪਦੀ ਹੈ। ਸੂਬੇ ਵਿਚ 1.42 ਲੱਖ ਕਿਸਾਨ ਉਹ ਹਨ ਜਿਨ੍ਹਾਂ ਕੋਲ ਦੋ ਦੋ ਖੇਤੀ ਮੋਟਰਾਂ ਹਨ ਅਤੇ ਇਨ੍ਹਾਂ ਕਿਸਾਨਾਂ ਨੂੰ 1500 ਕਰੋੜ ਤੋਂ ਜ਼ਿਆਦਾ ਬਿਜਲੀ ਸਬਸਿਡੀ ਮਿਲ ਰਹੀ ਹੈ। ਇਸੇ ਤਰ੍ਹਾਂ ਹੀ 29,322 ਕਿਸਾਨਾਂ ਕੋਲ ਤਿੰਨ ਤਿੰਨ ਮੋਟਰ ਕੁਨੈਕਸ਼ਨ ਹਨ। ਬਿਜਲੀ ਸਬਸਿਡੀ ਦਾ ਵੱਡਾ ਹਿੱਸਾ ਵੱਡੀ ਕਿਸਾਨੀ ਦੀ ਝੋਲੀ ਪੈ ਜਾਂਦਾ ਹੈ। ਕਈ ਕਿਸਾਨ ਧਿਰਾਂ ਵਿਰੋਧ ਕਰਦੀਆਂ ਹਨ ਕਿ ਵੱਡੇ ਕਿਸਾਨਾਂ ਦੀ ਬਿਜਲੀ ਸਬਸਿਡੀ ਬੰਦ ਹੋਣੀ ਚਾਹੀਦੀ ਹੈ। ਵੱਡੇ ਕਿਸਾਨੀ ’ਚ ਵੱਡੇ ਸਿਆਸਤਦਾਨਾਂ ਦਾ ਨਾਮ ਬੋਲਦਾ ਹੈ। ਫ਼ਿਰੋਜ਼ਪੁਰ ਜ਼ਿਲ੍ਹੇ ਵਿਚ ਸਭ ਤੋਂ ਵੱਧ 1504 ਵੱਡੇ ਕਿਸਾਨ ਹਨ ਜਿਨ੍ਹਾਂ ਕੋਲ ਚਾਰ ਚਾਰ ਮੋਟਰ ਕੁਨੈਕਸ਼ਨ ਹਨ। 

         ਕਾਂਗਰਸ ਸਰਕਾਰ ਸਮੇਂ ਜੋ ਖੇਤੀ ਨੀਤੀ ਡਰਾਫ਼ਟ ਕੀਤੀ ਗਈ ਸੀ, ਉਸ ਵਿਚ 10 ਏਕੜ ਤੋਂ ਵੱਧ ਜ਼ਮੀਨਾਂ ਦੀ ਮਾਲਕੀ ਵਾਲੇ ਕਿਸਾਨਾਂ ਨੂੰ ਬਿਜਲੀ ਸਬਸਿਡੀ ਬੰਦ ਕਰਨ ਦੀ ਸਿਫ਼ਾਰਸ਼ ਕੀਤੀ ਗਈ ਸੀ। ਕਿਸੇ ਵੀ ਸੱਤਾਧਾਰੀ ਧਿਰ ਕੋਲ ਏਨੀ ਇੱਛਾ ਸ਼ਕਤੀ ਨਹੀਂ ਰਹੀ ਕਿ ਵੱਡੇ ਕਿਸਾਨਾਂ ਦੀ ਬਿਜਲੀ ਸਬਸਿਡੀ ਨੂੰ ਬੰਦ ਕਰ ਦਿੱਤਾ ਜਾਵੇ। ਹੁਣ ਖੇਤੀ ਅਤੇ ਘਰੇਲੂ ਬਿਜਲੀ ਮੁਫ਼ਤ ਹੈ। ਮਾਹਿਰ ਆਖਦੇ ਹਨ ਕਿ ਖੇਤੀ ਸੈਕਟਰ ਨੂੰ ਮੁਫ਼ਤ ਬਿਜਲੀ ਨੇ ਜਿੱਥੇ ਜ਼ਮੀਨੀ ਪਾਣੀ ਦੀ ਦੁਰਵਰਤੋਂ ਵਧਾਈ ਹੈ, ਉੱਥੇ ਬਿਜਲੀ ਦੀ ਖਪਤ ਵੀ ਵਧੀ ਹੈ। ਦੂਜੇ ਬੰਨੇ ਨਜ਼ਰ ਮਾਰੀਏ ਤਾਂ ਉਹ ਛੋਟੇ ਕਿਸਾਨ ਹਨ ਜਿਨ੍ਹਾਂ ਕੋਲ ਪਾਣੀ ਦਾ ਕੋਈ ਸਾਧਨ ਹੀ ਨਹੀਂ ਹੈ। ਇਨ੍ਹਾਂ ਕਿਸਾਨਾਂ ਦੀ ਗਿਣਤੀ 1.50 ਲੱਖ ਤੋਂ ਜ਼ਿਆਦਾ ਹੈ ਅਤੇ ਇਹ ਕਿਸਾਨ ਡੀਜ਼ਲ ਫ਼ੂਕ ਕੇ ਫ਼ਸਲ ਪਾਲਦੇ ਹਨ। 

         ਇਹ ਕਿਸਾਨ ਆਪਣਾ ਕਸੂਰ ਪੁੱਛਦੇ ਹਨ ਕਿ ਮੋਟਰਾਂ ਵਾਲਿਆਂ ਨੂੰ ਤਾਂ ਸਰਕਾਰ ਸਬਸਿਡੀ ਦੇ ਰਹੀ ਹੈ ਜਦੋਂ ਕਿ ਉਨ੍ਹਾਂ ਨੂੰ ਕੋਈ ਸਬਸਿਡੀ ਤਾਂ ਕੀ ਮਿਲਣੀ ਸੀ, ਬਲਕਿ ਪੱਲਿਓਂ ਡੀਜ਼ਲ ਖਰਚਾ ਕਰਕੇ ਫ਼ਸਲ ਪਾਲਣ ਲਈ ਮਜਬੂਰ ਹੋਣਾ ਪੈਂਦਾ ਹੈ। ਦੇਸ਼ ਵਿਚ ਅਜਿਹੇ ਪੰਜ ਹੋਰ ਸੂਬੇ ਹਨ ਜਿੱਥੇ ਖੇਤੀ ਸੈਕਟਰ ਨੂੰ ਮੁਫ਼ਤ ਬਿਜਲੀ ਦਿੱਤੀ ਜਾ ਰਹੀ ਹੈ ਪਰ ਇਨ੍ਹਾਂ ਸੂਬਿਆਂ ਵਿਚ ਕੋਈ ਨਾ ਕੋਈ ਸ਼ਰਤ ਲਗਾਈ ਹੈ ਅਤੇ ਸਾਰੇ ਕਿਸਾਨਾਂ ਨੂੰ ਮੁਫ਼ਤ ਬਿਜਲੀ ਦੀ ਸਹੂਲਤ ਨਹੀਂ ਹੈ। ਇਨ੍ਹਾਂ ਸੂਬਿਆਂ ਵਿਚ ਕਰਨਾਟਕ, ਤਿਲੰਗਾਨਾ, ਤਾਮਿਲਨਾਡੂ, ਮੱਧ ਪ੍ਰਦੇਸ਼ ਅਤੇ ਆਂਧਰਾ ਪ੍ਰਦੇਸ਼ ਸ਼ਾਮਲ ਹਨ। ਪੰਜਾਬ ਸਰਕਾਰ ਵੱਲੋਂ ਸਭ ਕਿਸਾਨਾਂ ਨੂੰ ਮੁਫ਼ਤ ਬਿਜਲੀ ਦਿੱਤੀ ਜਾ ਰਹੀ ਹੈ।

                                         36 ਗੁਣਾ ਵਧੀ ਬਿਜਲੀ ਸਬਸਿਡੀ

ਇਸ ਵੇਲੇ ਸਰਕਾਰੀ ਖ਼ਜ਼ਾਨੇ ’ਤੇ ਬਿਜਲੀ ਸਬਸਿਡੀ ਦਾ ਸਭ ਤੋਂ ਵੱਡਾ ਭਾਰ ਹੈ। ਪੰਜਾਬ ਸਰਕਾਰ 1997-98 ਤੋਂ ਹੁਣ ਤੱਕ 1.25 ਲੱਖ ਕਰੋੜ ਤੋਂ ਜ਼ਿਆਦਾ ਬਿਜਲੀ ਸਬਸਿਡੀ ਦੇ ਚੁੱਕੀ ਹੈ। ਜਦੋਂ ਖੇਤੀ ਸੈਕਟਰ ਨੂੰ ਮੁਫ਼ਤ ਬਿਜਲੀ 1997 ਵਿਚ ਸ਼ੁਰੂ ਹੋਈ ਸੀ ਤਾਂ ਪਹਿਲੇ ਵਿੱਤੀ ਵਰ੍ਹੇ ਵਿਚ ਬਿਜਲੀ ਸਬਸਿਡੀ ਦਾ ਬਿੱਲ 604 ਕਰੋੜ ਰੁਪਏ ਬਣਿਆ ਸੀ ਜੋ ਕਿ ਮੌਜੂਦਾ ਵਿੱਤੀ ਵਰ੍ਹੇ ਵਿਚ 21,909 ਕਰੋੜ ਦਾ ਬਣਨ ਦਾ ਅਨੁਮਾਨ ਹੈ। ਇਸ ਸਮੇਂ ਦੌਰਾਨ ਬਿਜਲੀ ਸਬਸਿਡੀ ਦਾ ਬਿੱਲ 36 ਗੁਣਾ ਵਧ ਗਿਆ ਹੈ।

Tuesday, June 11, 2024

                                                         ‘ ਬੱਲ੍ਹੋ ਮਾਡਲ ’
                              ਜ਼ਮੀਨੀ ਪਾਣੀ ਬਚਾਓ, ਨਗਦ ਇਨਾਮ ਪਾਓ !
                                                         ਚਰਨਜੀਤ ਭੁੱਲਰ 

ਚੰਡੀਗੜ੍ਹ : ਜ਼ਿਲ੍ਹਾ ਬਠਿੰਡਾ ਦੇ ਪਿੰਡ ਬੱਲ੍ਹੋ ਨੇ ਹੁਣ ਜ਼ਮੀਨੀ ਪਾਣੀ ਬਚਾਉਣ ਲਈ ‘ਬੱਲ੍ਹੋ ਮਾਡਲ’ ਤਿਆਰ ਕੀਤਾ ਹੈ। ਭਲਕੇ ਪੰਜਾਬ ਵਿਚ ਝੋਨੇ ਦੀ ਲੁਆਈ ਸ਼ੁਰੂ ਹੋ ਰਹੀ ਹੈ ਅਤੇ ਜੂਨ ਦੇ ਆਖ਼ਰੀ ਹਫ਼ਤੇ ਮੌਨਸੂਨ ਆਉਣ ਦੀ ਸੰਭਾਵਨਾ ਹੈ। ਪਿੰਡ ਬੱਲ੍ਹੋ ਦੀ ਗੁਰਬਚਨ ਸਿੰਘ ਸੇਵਾ ਸੰਮਤੀ ਸੁਸਾਇਟੀ ਨੇ ਐਲਾਨ ਕੀਤਾ ਹੈ ਕਿ ਪਿੰਡ ਬੱਲ੍ਹੋ ਦਾ ਜੋ ਵੀ ਕਿਸਾਨ 25 ਜੂਨ ਤੋਂ ਬਾਅਦ ਝੋਨੇ ਦੀ ਲੁਆਈ ਕਰੇਗਾ, ਉਸ ਨੂੰ ਸੰਸਥਾ ਵੱਲੋਂ ਪ੍ਰਤੀ ਏਕੜ 500 ਰੁਪਏ ਦਾ ਵਿੱਤੀ ਇਨਾਮ ਦਿੱਤਾ ਜਾਵੇਗਾ। ਪੰਜਾਬ ਵਿਚ ਕਰੀਬ 14.50 ਲੱਖ ਟਿਊਬਵੈੱਲ ਹਨ ਅਤੇ ਜ਼ਮੀਨੀ ਪਾਣੀ ਦਾ ਨਿਕਾਸ ਇਨ੍ਹਾਂ ਦਿਨਾਂ ਵਿਚ ਹੱਦੋਂ ਵੱਧ ਹੁੰਦਾ ਹੈ। ਗੁਰਬਚਨ ਸਿੰਘ ਸੇਵਾ ਸਮਿਤੀ ਸੁਸਾਇਟੀ ਵੱਲੋਂ ਉਨ੍ਹਾਂ ਕਿਸਾਨਾਂ ਨੂੰ ਵੀ ਵਿੱਤੀ ਮਦਦ ਦਿੱਤੀ ਜਾਂਦੀ ਹੈ ਜਿਨ੍ਹਾਂ ਵੱਲੋਂ ਪਰਾਲੀ ਨੂੰ ਸਾੜਿਆ ਨਹੀਂ ਜਾਂਦਾ। ਸੰਸਥਾ ਦੇ ਸਰਪ੍ਰਸਤ ਗੁਰਮੀਤ ਸਿੰਘ ਮਾਨ ਅਤੇ ਦਵਿੰਦਰ ਸਿੰਘ ਫਰਾਂਸ ਨੇ ਕਿਹਾ ਕਿ ਪੰਜਾਬ ਦੀ ਆਬੋ-ਹਵਾ ਵਿਚ ਪਹਿਲਾਂ ਹੀ ਵਿਗਾੜ ਪੈਦਾ ਹੋ ਗਏ ਹਨ ਅਤੇ ਜ਼ਮੀਨੀ ਪਾਣੀ ਬਚਾਉਣਾ ਹੁਣ ਸਮੇਂ ਦੀ ਲੋੜ ਹੈ। 

        ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਪ੍ਰੇਰਿਤ ਕਰਨ ਵਾਸਤੇ ਉਨ੍ਹਾਂ ਨੇ 25 ਜੂਨ ਤੋਂ ਬਾਅਦ ਝੋਨਾ ਲਾਉਣ ਵਾਲੇ ਕਿਸਾਨਾਂ ਨੂੰ ਨਗਦ ਇਨਾਮ ਦੇਣ ਦਾ ਫ਼ੈਸਲਾ ਕੀਤਾ ਹੈ। ਪਿੰਡ ਬੱਲ੍ਹੋ ਵਿਚ ਕਰੀਬ 2800 ਏਕੜ ਰਕਬੇ ਵਿਚ ਝੋਨੇ ਦੀ ਲੁਆਈ ਹੁੰਦੀ ਹੈ। ਇਸ ਦੌਰਾਨ ਮਾਨਸਾ ਜ਼ਿਲ੍ਹੇ ਦਾ ਪਿੰਡ ਭੈਣੀਬਾਘਾ ਵੀ ਸਮੇਂ ਤੋਂ ਪਹਿਲਾਂ ਹੀ ਝੋਨਾ ਲਾਉਣ ਕਾਰਨ ਚਰਚਾ ਵਿਚ ਆਇਆ ਹੈ। ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਆਗੂ ਅਤੇ ਸਮਾਜਿਕ ਕਾਰਕੁਨ ਲੱਖਾ ਸਿਧਾਣਾ ਨੇ ਅੱਜ ਪਿੰਡ ਭੈਣੀਬਾਘਾ ਦਾ ਦੌਰਾ ਕੀਤਾ ਅਤੇ ਕਿਸਾਨਾਂ ਨੂੰ ਜ਼ਮੀਨੀ ਪਾਣੀ ਬਚਾਉਣ ਦੀ ਅਪੀਲ ਕਰਦਿਆਂ ਕਿਹਾ ਹੈ ਕਿ ਉਹ 20 ਦਿਨ ਪਛੜ ਕੇ ਝੋਨਾ ਲਾਉਣ ਤਾਂ ਕਿ ਜ਼ਮੀਨੀ ਪਾਣੀ ਬਚਾਇਆ ਜਾ ਸਕੇ। ਉਨ੍ਹਾਂ ਪੰਜਾਬ ਦੇ ਕਿਸਾਨਾਂ ਨੂੰ ਕਿਹਾ ਹੈ ਕਿ ਜੇ ਝੋਨਾ 20 ਦਿਨ ਪਛੜ ਕੇ ਲਾਇਆ ਜਾਂਦਾ ਹੈ ਤਾਂ ਜ਼ਮੀਨੀ ਪਾਣੀ ਵੱਡੇ ਪੱਧਰ ’ਤੇ ਬਚ ਸਕਦਾ ਹੈ। ਲੱਖਾ ਸਿਧਾਣਾ ਨੇ ਨਹਿਰੀ ਬੰਦੀ ’ਤੇ ਸੁਆਲ ਉਠਾਏ ਹਨ ਕਿ ਪਾਣੀ ਦੀ ਲੋੜ ਸਮੇਂ ਨਹਿਰਾਂ ਬੰਦ ਕਰ ਦਿੱਤੀਆਂ ਗਈਆਂ ਹਨ। 

        ਫ਼ਿਰੋਜ਼ਪੁਰ ਜ਼ਿਲ੍ਹੇ ਦੇ ਪਿੰਡ ਲਾਲੂਆਣਾ ਦੇ ਕਿਸਾਨ ਦਿਲਬਾਗ ਸਿੰਘ ਨੇ ਮੁੱਖ ਮੰਤਰੀ ਨੂੰ ਅਪੀਲ ਕੀਤੀ ਹੈ ਕਿ ਜੇ ਪੰਜਾਬ ਨੂੰ ਬੰਜਰ ਹੋਣ ਤੋਂ ਬਚਾਉਣਾ ਹੈ ਤਾਂ ਝੋਨੇ ਦੀ ਲੁਆਈ ਲੇਟ ਕਰਾਈ ਜਾਵੇ। ਉਨ੍ਹਾਂ ਨੇ ਖ਼ੁਦ ਪਿਛਲੇ ਵਰ੍ਹੇ ਜੁਲਾਈ ਦੇ ਪਹਿਲੇ ਹਫ਼ਤੇ ਝੋਨਾ ਲਾਇਆ ਸੀ ਜਿਸ ਦਾ ਚੰਗਾ ਝਾੜ ਨਿਕਲਿਆ ਸੀ। ਲੋਕ ਅਧਿਕਾਰ ਲਹਿਰ ਦੇ ਆਗੂ ਰੁਪਿੰਦਰਪਾਲ ਸਿੰਘ ਤਲਵੰਡੀ ਸਾਬੋ ਦਾ ਕਹਿਣਾ ਸੀ ਕਿ ਪੰਜਾਬ ਵਿਚ ਤਾਂ ਪਹਿਲਾਂ ਹੀ 17 ਬਿਲੀਅਨ ਕਿਊਬਿਕ ਮੀਟਰ ਦੀ ਥਾਂ ਸਾਲਾਨਾ 27 ਬਿਲੀਅਨ ਕਿਊਬਿਕ ਮੀਟਰ ਪਾਣੀ ਧਰਤੀ ਵਿਚੋਂ ਕੱਢਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕਿਸਾਨ ਝੋਨੇ ਦੀ ਲੁਆਈ ਲਈ ਤੇਜ਼ੀ ਨਾ ਦਿਖਾਉਣ।

                       ਜਥੇਬੰਦੀ ਦੀਆਂ ਮੀਟਿੰਗਾਂ ’ਚ ਮਾਮਲਾ ਚੁੱਕਿਆ ਹੈ: ਕਾਦੀਆਂ

ਭਾਰਤੀ ਕਿਸਾਨ ਯੂਨੀਅਨ (ਕਾਦੀਆਂ) ਦੇ ਹਰਮੀਤ ਸਿੰਘ ਕਾਦੀਆ ਦਾ ਕਹਿਣਾ ਸੀ ਕਿ ਉਨ੍ਹਾਂ ਨੇ ਜਥੇਬੰਦੀ ਦੀਆਂ ਮੀਟਿੰਗਾਂ ਵਿਚ ਜ਼ਮੀਨੀ ਪਾਣੀ ਬਚਾਉਣ ਦਾ ਮਾਮਲਾ ਚੁੱਕਿਆ ਹੈ। ਉਨ੍ਹਾਂ ਕਿਹਾ ਕਿ ਕੰਡਿਆਲੀ ਤਾਰ ਤੋਂ ਪਾਰ ਅਤੇ ਸੇਮ ਵਾਲੇ ਕਿਸਾਨਾਂ ਦੀ ਅਗੇਤਾ ਝੋਨਾ ਲਾਉਣ ਦੀ ਮੰਗ ਜਾਇਜ਼ ਹੈ ਪ੍ਰੰਤੂ ਬਾਕੀ ਜ਼ਿਲ੍ਹਿਆਂ ਵਿਚ ਕਿਸਾਨਾਂ ਨੂੰ 15 ਜੂਨ ਤੋਂ ਪਹਿਲਾਂ ਝੋਨਾ ਨਹੀਂ ਲਾਉਣਾ ਚਾਹੀਦਾ ਕਿਉਂਕਿ ਹੁਣ ਤਾਂ ਪੂਰਾ ਝਾੜ ਦੇਣ ਵਾਲੀਆਂ ਝੋਨੇ ਦੀਆਂ ਕਿਸਮਾਂ ਆ ਗਈਆਂ ਹਨ।

Wednesday, May 29, 2024

                                                           ਵੱਡਾ ਲਾਣਾ
                         ਨਗਰੀ ਸੰਤਾਂ ਦੀ, ਵੋਟਾਂ ਲਾਡਲੀਆਂ..!
                                              ਚਰਨਜੀਤ ਭੁੱਲਰ   

ਤਲਵੰਡੀ ਸਾਬੋ : ਬਠਿੰਡਾ ਸੰਸਦੀ ਹਲਕੇ ਚ ਤਲਵੰਡੀ ਸਾਬੋ ਚ ਇੱਕ ਅਜਿਹਾ ਘਰ ਹੈ ਜਿੱਥੇ ਇੱਕੋ ਘਰ ਵਿਚ 427 ਵੋਟਰ ਰਹਿੰਦੇ ਹਨ। ਸ਼ਾਇਦ ਪੰਜਾਬ ਦਾ ਇਹ ਪਹਿਲਾ ਏਡਾ ਘਰ ਹੋਵੇਗਾ ਜਿੱਥੇ ਇੱਕੋ ਛੱਤ ਹੇਠ ਸੈਂਕੜੇ ਵੋਟਰ ਰਹਿ ਰਹੇ ਹਨ। ਹਰ ਸਿਆਸੀ ਪਾਰਟੀ ਦੀ ਅੱਖ ਇਸ ਘਰ ਤੇ ਰਹਿੰਦੀ ਹੈ ਅਤੇ ਇਸ ਘਰ ਦੀ ਹਮਾਇਤ ਲੈਣ ਲਈ ਉਮੀਦਵਾਰ ਗੇੜੇ ਕੱਢਦੇ ਰਹਿੰਦੇ ਹਨ। ਤਲਵੰਡੀ ਸਾਬੋ ਦੇ ਵਾਰਡ ਨੰਬਰ-ਦੋ ਅਤੇ ਭਾਗ ਨੰਬਰ 118 ਵਿਚ ਕੁੱਲ 869 ਵੋਟਰ ਹਨ ਜਿਨ੍ਹਾਂ ਵੱਲੋਂ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਦੇ ਪ੍ਰਾਇਮਰੀ ਵਿੰਗ ਵਿਚਲੇ ਪੋਲਿੰਗ ਸਟੇਸ਼ਨ ਤੇ ਵੋਟ ਪਾਈ ਜਾਵੇਗੀ।ਵਾਰਡ ਨੰਬਰ-ਦੋ ਦੇ ਇਨ੍ਹਾਂ ਕੁੱਲ 869 ਵੋਟਰਾਂ ਚੋਂ ਇਕੱਲੇ ਮਕਾਨ ਨੰਬਰ-29 ਵਿਚ 427 ਵੋਟਰ ਰਹਿੰਦੇ ਹਨ ਜੋ ਕੁੱਲ ਵੋਟਰਾਂ ਦਾ 49.13 ਫ਼ੀਸਦੀ ਬਣਦੇ ਹਨ। ਇਸ ਘਰ ਦੀ ਸਿਆਸੀ ਪੁੱਛਗਿੱਛ ਹੋਣੀ ਸੁਭਾਵਿਕ ਹੈ।

            ਤਾਜ਼ਾ ਵੋਟਰ ਸੂਚੀ ਅਨੁਸਾਰ ਇਨ੍ਹਾਂ ਸਾਰੇ ਵੋਟਰਾਂ ਦੇ ਪਿਤਾ ਦਾ ਨਾਮ ਸੰਤਾ ਸਿੰਘ ਹੈ ਜੋ ਹੁਣ ਇਸ ਦੁਨੀਆ ਵਿਚ ਨਹੀਂ ਰਹੇ। ਉਨ੍ਹਾਂ ਦਾ 8 ਮਈ 2008 ਨੂੰ ਦੇਹਾਂਤ ਹੋ ਗਿਆ ਸੀ। ਇਹ ਘਰ ਬੁੱਢਾ ਦਲ ਦੇ 13ਵੇਂ ਜਥੇਦਾਰ ਬਾਬਾ ਸੰਤ ਸਿੰਘ ਜੀ ਨਿਹੰਗ ਸਿੰਘ 96ਵੇਂ ਕਰੋੜੀ ਦਾ ਹੈ। ਤਲਵੰਡੀ ਸਾਬੋ ਵਿੱਚ ਬੁੱਢਾ ਦਲ ਦੀ ਛਾਉਣੀ ਹੈ ਜਿੱਥੇ ਗੁਰੂ ਦੀਆਂ ਲਾਡਲੀਆਂ ਫ਼ੌਜਾਂ ਰਹਿੰਦੀਆਂ ਹਨ। ਇਸ ਘਰ ਵਿਚਲੇ ਸਾਰੇ ਵੋਟਰਾਂ ਨੇ ਆਪਣੇ ਪਿਤਾ ਦਾ ਨਾਮ ਸੰਤਾ ਸਿੰਘ ਲਿਖਵਾਇਆ ਹੈ। ਨਿਹੰਗ ਸਿੰਘਾਂ ਦੀਆਂ ਰਵਾਇਤਾਂ ਅਨੁਸਾਰ ਅਜਿਹਾ ਕੀਤਾ ਗਿਆ ਹੈ। ਇਸ ਘਰ ਚ ਸਭ ਤੋਂ ਵਡੇਰੀ ਉਮਰ ਦਾ ਵੋਟਰ ਸ਼ੇਰ ਸਿੰਘ ਹੈ ਜਿਸ ਦੀ ਉਮਰ 95 ਸਾਲ ਹੈ ਅਤੇ ਸਭ ਤੋਂ ਛੋਟੀ ਉਮਰ ਦਾ ਵੋਟਰ ਨਿਰੰਜਨ ਸਿੰਘ ਹੈ ਜੋ 34 ਵਰ੍ਹਿਆਂ ਦਾ ਹੈ। ਇਸ ਘਰ ਚ ਸਰਦਾਰਾ ਸਿੰਘ, ਮੁਕੰਦ ਸਿੰਘ, ਪੂਰਨ ਸਿੰਘ ਅਤੇ ਤੇਜਾ ਸਿੰਘ ਵੀ ਸੀਨੀਅਰ ਵੋਟਰ ਹਨ ਜਿਨ੍ਹਾਂ ਦੀ ਉਮਰ 90-90 ਸਾਲ ਹੈ।

          ਇਸ ਘਰ ਦੇ 40 ਵੋਟਰਾਂ ਦੀ ਉਮਰ 80 ਤੋਂ 95 ਸਾਲ ਤੱਕ ਹੈ। 64 ਵੋਟਰਾਂ ਦੀ ਉਮਰ 30 ਤੋਂ 40 ਸਾਲ ਤੱਕ ਹੈ। ਇਸੇ ਤਰ੍ਹਾਂ 70 ਸਾਲ ਤੋਂ 80 ਸਾਲ ਤੱਕ ਦੀ ਉਮਰ ਦੇ ਵੋਟਰਾਂ ਦੀ ਗਿਣਤੀ 6 ਹੈ ਜਦੋਂ ਕਿ 86 ਵੋਟਰਾਂ ਦੀ ਉਮਰ 60 ਸਾਲ ਤੋਂ 70 ਸਾਲ ਤੱਕ ਦੀ ਹੈ। ਇਸ ਤੋਂ ਇਲਾਵਾ 50 ਸਾਲ ਤੋਂ 60 ਸਾਲ ਤੱਕ ਦੀ ਉਮਰ ਦੇ 97 ਵੋਟਰ ਹਨ। ਔਰਤ ਵੋਟਰਾਂ ਵਿਚ ਮਨਦੀਪ ਕੌਰ 34 ਸਾਲ ਦੀ ਵੋਟਰ ਹੈ ਜਦੋਂ ਕਿ ਜਸਵੀਰ ਕੌਰ 36 ਸਾਲ ਦੀ ਵੋਟਰ ਹੈ। ਜਾਣਕਾਰੀ ਅਨੁਸਾਰ ਇਸ ਘਰ ਦੀਆਂ ਕਦੇ ਵੀ ਸਾਰੀਆਂ ਵੋਟਾਂ ਪੋਲ ਨਹੀਂ ਹੋਈਆਂ। ਪਿਛਲੇ ਦਿਨਾਂ ਵਿਚ ਸਾਰੀਆਂ ਸਿਆਸੀ ਪਾਰਟੀਆਂ ਵੱਲੋਂ ਇਸ ਘਰ ਤੱਕ ਪਹੁੰਚ ਕੀਤੀ ਗਈ ਹੈ। ਇਤਿਹਾਸ ਦੇਖੀਏ ਤਾਂ ਬਾਬਾ ਸੰਤਾ ਸਿੰਘ ਦਾ ਰਾਜਸੀ ਝੁਕਾਅ ਕਾਂਗਰਸ ਵੱਲ ਰਿਹਾ ਹੈ। ਇਸ ਘਰ ਵਿਚ ਅਲੱਗ-ਅਲੱਗ ਨਾਵਾਂ ਵਾਲੇ ਵੋਟਰ ਹਨ ਜਿਨ੍ਹਾਂ ਦਾ ਪਿਛੋਕੜ ਅਲੱਗ ਅਲੱਗ ਇਲਾਕਿਆਂ ਦਾ ਹੈ।

           ਵੋਟਰ ਸੂਚੀ ਵਿਚ ਇਸ ਘਰ ਦੇ ਵੋਟਰਾਂ ਦੇ ਨਾਮ ਰੱਖਾ ਸਿੰਘ, ਸੁੱਖਾ ਸਿੰਘ, ਨਿੱਕਾ ਸਿੰਘ, ਕੜਾਕਾ ਸਿੰਘ, ਜੈਮਲ ਸਿੰਘ, ਬੰਤ ਸਿੰਘ, ਗੱਜਣ ਸਿੰਘ, ਰਣ ਸਿੰਘ, ਖਿਆਲਾ ਸਿੰਘ, ਊਧਮ ਸਿੰਘ, ਜੇਠੂ ਸਿੰਘ, ਭਗਤ ਸਿੰਘ, ਬਾਘੜ ਸਿੰਘ, ਨਰੈਣ ਸਿੰਘ ਤੇ ਸਾਦੀ ਸਿੰਘ ਆਦਿ ਹਨ।ਵੋਟਰ ਸੂਚੀ ਦੀ ਸੁਧਾਈ ਮਗਰੋਂ ਇਸ ਘਰ ਦੇ ਵੋਟਰਾਂ ਦੀ ਗਿਣਤੀ ਵਿਚ ਘਾਟਾ-ਵਾਧਾ ਵੀ ਹੁੰਦਾ ਰਹਿੰਦਾ ਹੈ। ਸਥਾਨਕ ਆਗੂਆਂ ਅਨੁਸਾਰ ਸਥਾਨਕ ਚੋਣਾਂ ਵੇਲੇ ਤਾਂ ਇਸ ਘਰ ਦੀਆਂ ਵੋਟਾਂ ਜਿੱਤ-ਹਾਰ ਤੈਅ ਕਰਦੀਆਂ ਹਨ।

Tuesday, May 28, 2024

                                                      ਵੱਕਾਰੀ ਹਲਕਾ
                      ਬਹੁਕੋਣੇ ਮੁਕਾਬਲੇ ਵਿੱਚ ਫਸ ਗਈ ਬਠਿੰਡਾ ਸੀਟ
                                                      ਚਰਨਜੀਤ ਭੁੱਲਰ  

ਚੰਡੀਗੜ੍ਹ : ਬਠਿੰਡਾ ਸੰਸਦੀ ਸੀਟ ਬਹੁਕੋਣੇ ਮੁਕਾਬਲੇ ਵਿੱਚ ਫਸ ਗਈ ਹੈ। ਚੋਣ ਪ੍ਰਚਾਰ ਬੰਦ ਹੋਣ ’ਚ ਤਿੰਨ ਦਿਨ ਬਚੇ ਹਨ ਅਤੇ ਵੋਟਰਾਂ ਨੇ ਹਾਲੇ ਤੱਕ ਦਿਲ ਦੀ ਘੁੰਢੀ ਨਹੀਂ ਖੋਲ੍ਹੀ। ਬਾਦਲ ਪਰਿਵਾਰ ਲਈ ਬਠਿੰਡਾ ਸੀਟ ਵੱਕਾਰੀ ਹੈ ਜਿਥੋਂ ਹਰਸਿਮਰਤ ਕੌਰ ਬਾਦਲ ਚੌਥੀ ਵਾਰ ਮੈਦਾਨ ਵਿੱਚ ਉੱਤਰੇ ਹਨ। ਮੁੱਖ ਮੰਤਰੀ ਭਗਵੰਤ ਮਾਨ ਲਈ ਬਠਿੰਡਾ ਸੀਟ ਇੱਜ਼ਤ ਦਾ ਸੁਆਲ ਹੈ। ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਦੀ ਨੂੰਹ ਪਰਮਪਾਲ ਕੌਰ ਸਿੱਧੂ ਪਹਿਲੀ ਵਾਰ ਚੋਣ ਲੜ ਰਹੀ ਹੈ ਜਿਸ ਨੂੰ ਸ਼ਹਿਰੀ ਵੋਟ ਬੈਂਕ ਤੋਂ ਉਮੀਦਾਂ ਹਨ। ਹਲਕੇ ਦੇ ਵੋਟਰਾਂ ਦੀ ਦਿਲਚਸਪੀ ਹੁਣ ਬਣਨ ਲੱਗੀ ਹੈ। ਸਿਆਸੀ ਪਾਰਟੀਆਂ ਨੇ ਆਖ਼ਰੀ ਹੰਭਲਾ ਮਾਰਨਾ ਸ਼ੁਰੂ ਕਰ ਦਿੱਤਾ ਹੈ। ਸੰਸਦੀ ਹਲਕੇ ਵਿੱਚ ‘ਆਪ’ ਦੇ ਉਮੀਦਵਾਰ ਗੁਰਮੀਤ ਸਿੰਘ ਖੁੱਡੀਆਂ ਦਾ ਰਾਜਸੀ ਅਕਸ ਸਾਫ਼ ਸੁਥਰਾ ਹੈ ਜਿਸ ਦਾ ‘ਆਪ’ ਨੂੰ ਲਾਹਾ ਮਿਲਣ ਦੀ ਸੰਭਾਵਨਾ ਹੈ। ਇੱਕ ਪਾਸੇ ਖੁੱਡੀਆਂ ਦੀ ਸ਼ਰਾਫ਼ਤ ਅਤੇ ਦੂਜੇ ਪਾਸੇ ‘ਆਪ’ ਦੇ ਕਈ ਵਿਧਾਇਕਾਂ ਦੀ ਲੋਕਾਂ ਵਿਚ ਵਿਰੋਧਤਾ ਵੀ ਹੈ। ਇਸ ਸੰਸਦੀ ਹਲਕੇ ਵਿੱਚ ਨੌਂ ਅਸੈਂਬਲੀ ਹਲਕੇ ਪੈਂਦੇ ਹਨ।

           ਆਖ਼ਰੀ ਪੜਾਅ ’ਤੇ ਪਹੁੰਚੀ ਚੋਣ ਮੁਹਿੰਮ ਹੁਣ ਤੱਕ ਜਿੰਨੀ ਕੁ ਨਿੱਖਰੀ ਹੈ, ਉਸ ਤੋਂ ਲੱਗਦਾ ਹੈ ਕਿ 9 ਹਲਕਿਆਂ ਵਿੱਚੋਂ ਹਰ ਪਾਰਟੀ ਦਾ ਗਰਾਫ਼ ਵੱਖੋ ਵੱਖਰਾ ਹੈ। ‘ਆਪ’ ਨੂੰ ਐਤਕੀਂ ਸਰਦੂਲਗੜ੍ਹ ਹਲਕੇ ਤੋਂ ਵੱਡੀਆਂ ਆਸਾਂ ਹਨ ਜਦੋਂਕਿ ਅਕਾਲੀ ਦਲ ਦੀ ਟੇਕ ਬੁਢਲਾਡਾ ’ਤੇ ਹੈ। ਮਾਨਸਾ ਹਲਕੇ ਵਿੱਚੋਂ ਹਮੇਸ਼ਾ ਕਾਂਗਰਸ ਅੱਗੇ ਰਹੀ ਹੈ। ਐਤਕੀਂ ਅਕਾਲੀ ਦਲ ਨੂੰ ਇੱਥੋਂ ਜੱਦੋਜਹਿਦ ਕਰਨੀ ਪੈ ਰਹੀ ਹੈ। ਜ਼ਿਲ੍ਹਾ ਮਾਨਸਾ ’ਚ ਪੈਂਦੀਆਂ ਤਿੰਨ ਸੀਟਾਂ ਤੋਂ ਸਮੁੱਚੇ ਰੂਪ ਵਿਚ ‘ਆਪ’ ਆਸਵੰਦ ਜਾਪਦੀ ਹੈ ਪਰ ਵੋਟਾਂ ਦਾ ਫ਼ਰਕ ਬਹੁਤਾ ਰਹਿਣ ਦੀ ਸੰਭਾਵਨਾ ਨਹੀਂ। ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦਾ ਪਿਤਾ ਬਲਕੌਰ ਸਿੰਘ ਕਾਂਗਰਸ ਦੀ ਹਮਾਇਤ ਵਿੱਚ ਕੁੱਦਿਆ ਹੋਇਆ ਹੈ। ਅਕਾਲੀ ਦਲ ਨੂੰ ਵੱਡੇ ਬਾਦਲ ਦੀ ਘਾਟ ਇਸ ਹਲਕੇ ਵਿੱਚ ਰੜਕ ਰਹੀ ਹੈ। ਬਠਿੰਡਾ ਜ਼ਿਲ੍ਹੇ ਵਿਚ ਪੈਂਦੇ ਪੰਜ ਅਸੈਂਬਲੀ ਹਲਕਿਆਂ ਦੀ ਗੱਲ ਕਰੀਏ ਤਾਂ ਕਾਂਗਰਸੀ ਉਮੀਦਵਾਰ ਜੀਤਮਹਿੰਦਰ ਸਿੰਘ ਸਿੱਧੂ ਦਾ ਨਿੱਜੀ ਰਸੂਖ਼ ਹੋਣ ਕਰਕੇ ਮੌੜ ਅਤੇ ਤਲਵੰਡੀ ਸਾਬੋ ਹਲਕਿਆਂ ਵਿੱਚ ਕਾਂਗਰਸ ਨੂੰ ਲਾਹਾ ਮਿਲ ਸਕਦਾ ਹੈ। ਜੀਤਮਹਿੰਦਰ ਸਿੱਧੂ ਵੱਲੋਂ ਕੀਤੇ ਦਲ ਬਦਲ ਲੋਕਾਂ ਨੂੰ ਚੁਭ ਰਹੇ ਹਨ।

          ਤਲਵੰਡੀ ਸਾਬੋ ਹਲਕੇ ਵਿੱਚ ਅਕਾਲੀ ਦਲ ਨੂੰ ਵਾਹ ਲਾਉਣੀ ਪੈ ਰਹੀ ਹੈ। ਲੰਬੀ ਹਲਕੇ ਤੋਂ ਅਕਾਲੀ ਉਮੀਦਵਾਰ ਨੂੰ ਕਿੰਨਾ ਕੁ ਵੱਡਾ ਸਾਥ ਮਿਲਦਾ ਹੈ, ਉਸ ਦਾ ਵੀ ਸਮੁੱਚੀ ਹਾਰ ਜਿੱਤ ’ਤੇ ਅਸਰ ਪਵੇਗਾ। ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦਾ ਉਮੀਦਵਾਰ ਲੱਖਾ ਸਿਧਾਣਾ ਵੀ ਸੱਤਾਧਾਰੀ ਧਿਰ ਦੇ ਵੋਟ ਬੈਂਕ ਨੂੰ ਪ੍ਰਭਾਵਿਤ ਕਰ ਰਿਹਾ ਹੈ ਜਦੋਂਕਿ ਭਾਜਪਾ ਉਮੀਦਵਾਰ ਪਰਮਪਾਲ ਕੌਰ ਸਿੱਧੂ ਕਾਂਗਰਸੀ ਉਮੀਦਵਾਰ ਨੂੰ ਸੱਟ ਮਾਰ ਰਹੀ ਹੈ। ਅਕਾਲੀ ਦਲ ਨੂੰ ਸਿਕੰਦਰ ਸਿੰਘ ਮਲੂਕਾ ਦੀ ਖ਼ਾਮੋਸ਼ੀ ਵੀ ਸੰਨ੍ਹ ਲਾ ਰਹੀ ਹੈ। ਸਾਬਕਾ ਅਕਾਲੀ ਵਿਧਾਇਕ ਦਰਸ਼ਨ ਸਿੰਘ ਕੋਟਫੱਤਾ ਨੇ ‘ਆਪ’ ਦਾ ਪੱਲਾ ਫੜ ਲਿਆ ਹੈ। ਅਕਾਲੀ ਦਲ ਨੂੰ ਰਾਜਸੀ ਮੈਨੇਜਮੈਂਟ ਵਿਚ ਮੁਹਾਰਤ ਹਾਸਲ ਹੈ ਐਤਕੀਂ ਹਲਕੇ ਵਿੱਚ ਪੈਸਾ ਚੱਲਣ ਦੀਆਂ ਚਰਚਾਵਾਂ ਨੇ। ਪੇਂਡੂ ਖੇਤਰ ਵਿੱਚ ਮਲੂਕਾ ਦੇ ਪ੍ਰਭਾਵ ਵਾਲਾ ਵੋਟ ਬੈਂਕ ਅਕਾਲੀ ਉਮੀਦਵਾਰ ਨੂੰ ਪ੍ਰਭਾਵਿਤ ਕਰੇਗਾ। ਮੁੱਖ ਮੰਤਰੀ ਭਗਵੰਤ ਮਾਨ ਇਸ ਸੰਸਦੀ ਹਲਕੇ ਵਿਚ ਰੋਡ ਸ਼ੋਅ ਕਰ ਚੁੱਕੇ ਹਨ ਅਤੇ ਅਰਵਿੰਦ ਕੇਜਰੀਵਾਲ ਨੇ ਵੀ ਰੋਡ ਸ਼ੋਅ ਕੀਤਾ ਹੈ। ਉਧਰ, ਮੌੜ ਹਲਕੇ ਤੋਂ ‘ਆਪ’ ਵਿਧਾਇਕ ਸੁਖਬੀਰ ਸਿੰਘ ਮਾਈਸਰਖਾਨਾ ਦੇ ਖ਼ਿਲਾਫ਼ ਵਪਾਰੀਆਂ ਨੇ ਮੌੜ ਮੰਡੀ ਵੀ ਬੰਦ ਕਰ ਦਿੱਤੀ ਸੀ ਜਿਸ ਦੀ ਸਿੱਧੀ ਸੱਟ ‘ਆਪ’ ਨੂੰ ਲੱਗੇਗੀ।

         ਪ੍ਰਸਥਿਤੀਆਂ ਤੋਂ ਜਾਪਦਾ ਹੈ ਕਿ ਮੁੱਖ ਮੁਕਾਬਲੇ ਵਿੱਚ ‘ਆਪ’ ਦੇ ਗੁਰਮੀਤ ਸਿੰਘ ਖੁੱਡੀਆਂ, ਕਾਂਗਰਸ ਦੇ ਜੀਤਮਹਿੰਦਰ ਸਿੰਘ ਸਿੱਧੂ ਅਤੇ ਅਕਾਲੀ ਦਲ ਦੀ ਹਰਸਿਮਰਤ ਕੌਰ ਬਾਦਲ ਹੈ ਜਦੋਂਕਿ ਭਾਜਪਾ ਦੀ ਪਰਮਪਾਲ ਕੌਰ ਸਿੱਧੂ ਬਹੁਕੋਣਾ ਮੁਕਾਬਲਾ ਬਣਾਉਣ ਲਈ ਅੱਡੀ ਚੋਟੀ ਦਾ ਜ਼ੋਰ ਲਗਾ ਰਹੀ ਹੈ। ਬੀਬੀ ਬਾਦਲ ਨੂੰ ਇਸ ਵਾਰ ਕਾਫ਼ੀ ਜੱਦੋ ਜਹਿਦ ਕਰਨੀ ਪੈ ਰਹੀ ਹੈ। ਅੱਜ ਦੀ ਸਥਿਤੀ ਇਹ ਹੈ ਕਿ ਕੋਈ ਵੀ ਉਮੀਦਵਾਰ ਦਾਅਵੇ ਨਾਲ ਆਪਣੀ ਜਿੱਤ ਬਾਰੇ ਨਹੀਂ ਕਹਿ ਸਕਦਾ ਹੈ। ਹਰ ਅਸੈਂਬਲੀ ਹਲਕੇ ਵਿਚ ਸਥਿਤੀ ਵੱਖੋ ਵੱਖਰੀ ਹੈ। ਬਠਿੰਡਾ ਹਲਕੇ ਵਿੱਚ ਆਏ ਕੇਂਦਰੀ ਪ੍ਰਾਜੈਕਟਾਂ ’ਤੇ ਹਰਸਿਮਰਤ ਕੌਰ ਬਾਦਲ ਵੀ ਦਾਅਵਾ ਜਤਾ ਰਹੀ ਹੈ ਜਦੋਂਕਿ ਭਾਜਪਾ ਉਮੀਦਵਾਰ ਪਰਮਪਾਲ ਕੌਰ ਵੀ ਇਸ ਨੂੰ ਭਾਜਪਾ ਦੇ ਖਾਤੇ ਵਿੱਚ ਪਾ ਰਹੀ ਹੈ। ਪਰਮਪਾਲ ਕੌਰ ਸਿੱਧੂ ਨੂੰ ਚੋਣ ਪ੍ਰਚਾਰ ਦੌਰਾਨ ਕਿਸਾਨਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ ਹੈ ਅਤੇ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੀ ਆਪਣੀ ਸਿਹਤ ਦਾ ਹਵਾਲਾ ਦੇ ਕੇ ਚੋਣ ਮੁਹਿੰਮ ਤੋਂ ਦੂਰ ਹੀ ਹਨ। ‘ਆਪ’ ਉਮੀਦਵਾਰ ਖੁੱਡੀਆਂ ਨੂੰ ਵੀ ਪਿੰਡਾਂ ਵਿਚ ਸੁਆਲਾਂ ਦਾ ਸਾਹਮਣਾ ਕਰਨਾ ਪਿਆ ਹੈ।

                                            ਹਲਕੇ ਦਾ ਰਾਜਸੀ ਸੁਭਾਅ

ਬਠਿੰਡਾ ਹਲਕੇ ਦੀਆਂ ਲੰਘੀਆਂ ਤਿੰਨ ਲੋਕ ਸਭਾ ਚੋਣਾਂ (2009, 2014 ਤੇ 2019) ਵਿੱਚ ਲੰਬੀ ਤੇ ਬੁਢਲਾਡਾ ਹਲਕਿਆਂ ’ਚੋਂ ਅਕਾਲੀ ਦਲ ਨੂੰ ਲੀਡ ਮਿਲੀ ਜਦੋਂਕਿ ਮਾਨਸਾ ਹਮੇਸ਼ਾ ਕਾਂਗਰਸ ਦੀ ਝੋਲੀ ਪਿਆ। ਬਠਿੰਡਾ ਸ਼ਹਿਰੀ ਹਲਕੇ ਤੋਂ 2009 ਅਤੇ 2014 ਵੇਲੇ ਕਾਂਗਰਸ ਨੇ ਲੀਡ ਲਈ ਤੇ 2019 ਵਿੱਚ ਅਕਾਲੀ ਦਲ ਅੱਗੇ ਰਿਹਾ। 2014 ਦੀਆਂ ਚੋਣਾਂ ਵਿੱਚ ਕਾਂਗਰਸ ਦਾ ਤਿੰਨ ਹਲਕਿਆਂ: ਬਠਿੰਡਾ (ਸ਼ਹਿਰੀ), ਬਠਿੰਡਾ (ਦਿਹਾਤੀ) ਅਤੇ ਮਾਨਸਾ ਨੇ ਸਾਥ ਦਿੱਤਾ। 2019 ਵੇਲੇ ਕਾਂਗਰਸ ਦੀ ਬੜ੍ਹਤ ਚਾਰ ਹਲਕਿਆਂ ਤਲਵੰਡੀ ਸਾਬੋ, ਮੌੜ, ਮਾਨਸਾ ਤੇ ਸਰਦੂਲਗੜ੍ਹ ਤਕ ਵਧ ਗਈ। ਅਕਾਲੀ ਦਲ ਨੇ 2009 ’ਚ ਸੱਤ ਅਸੈਂਬਲੀ ਹਲਕਿਆਂ ਤੋਂ ਲੀਡ ਲਈ ਜੋ 2014 ਘੱਟ ਕੇ ਛੇ ਹਲਕਿਆਂ ਤਕ ਰਹਿ ਗਈ। 2019 ਵਿੱਚ ਅਕਾਲੀ ਦਲ ਦੀ ਚੜ੍ਹਤ ਪੰਜ ਹਲਕਿਆਂ ਤਕ ਸਿਮਟ ਗਈ।

Monday, May 27, 2024

                                                ਚੋਣ ਮਸ਼ਕਰੀ
                            ਜਥੇਦਾਰ ਜੀ ! ਇੰਜ ਨਹੀਂ ਕਰੀਂਦੇ
                                               ਚਰਨਜੀਤ ਭੁੱਲਰ 

ਚੰਡੀਗੜ੍ਹ : ਜਥੇਦਾਰ ਸੁਖਬੀਰ ਸਿੰਘ ਬਾਦਲ ਨੇ ਆਪਣੇ ਜਵਾਈ-ਭਾਈ ਤੇ ਸਾਬਕਾ ਮੰਤਰੀ ਆਦੇਸ਼ ਪ੍ਰਤਾਪ ਸਿੰਘ ਕੈਰੋਂ ਦੀ ਅੱਧੀ ਨਹੀਂ, ਸਾਰੀ ਹੀ ਛੁੱਟੀ ਕਰ ਦਿੱਤੀ ਹੈ। ਪਤਾ ਨਹੀਓਂ ਕਿਸ ਨੇ ਜਥੇਦਾਰ ਸੁਖਬੀਰ ਨੂੰ ਪੱਟੀ ਪੜ੍ਹਾਈ, ਹੱਥੋਂ ਹੱਥ ਆਦੇਸ਼ ਕਰ ਦਿੱਤੇ, ਪਲਾਂ ਚ ਕੈਰੋਂ ਸਾਬ੍ਹ ਦਾ ਪ੍ਰਤਾਪਹਵਾ-ਹਵਾਈ ਹੋ ਗਿਆ। ਜਿਵੇਂ ਕਿਸੇ ਵੇਲੇ ਪੱਟੀ ਆਲੇ ਵੈਦ ਮਸ਼ਹੂਰ ਸਨ, ਉਵੇਂ ਹੀ ਪੱਟੀ ਆਲੇ ਕੈਰੋਂ ਦੀ ਵੀ ਸਿਆਸਤ ਚ ਤੂਤੀ ਬੋਲਦੀ ਰਹੀ ਹੈ। ਇਸ ਘਟਨਾ ਤੋਂ ਓਹ ਭਲੇ ਵੇਲੇ ਯਾਦ ਆ ਗਏ ਜਦੋਂ ਇੱਕ ਘਰ ਦੀ ਧੀ ਨੂੰ ਸਮੁੱਚੇ ਪਿੰਡ ਦੀ ਧੀ ਅਤੇ ਜੁਆਈ ਨੂੰ ਪੂਰਾ ਪਿੰਡ ਆਪਣਾ ਜੁਆਈ ਸਮਝਦਾ ਹੁੰਦਾ ਸੀ।

       ਅਸਾਂ ਦਾ ਪਿੰਡ ਮੰਡੀ ਕਲਾਂ, ਡਾਕਖ਼ਾਨਾ ਖ਼ਾਸ ਜ਼ਿਲਾ ਬਠਿੰਡਾ ਹੈ। ਪਿੰਡ ਦਾ ਨਾਮਕਰਨ ਹੋਇਆ ਪ੍ਰਸਿੱਧ ਸੇਠ ਗੁਲਾਬੂ ਮੱਲ ਤੋਂ। ਪਹਿਲਾਂ ਗੁਲਾਬੂ ਕੀ ਮੰਡੀਆਖਿਆ ਜਾਂਦਾ ਸੀ ਤੇ ਹੁਣ ਮੰਡੀ ਕਲਾਂ। ਸੇਠ ਗੁਲਾਬੂ ਮੱਲ ਦੀ ਪੂਰੇ ਖਿੱਤੇ ਚ ਧੱਕ ਪੈਂਦੀ ਸੀ। ਆਵਾਜਾਈ ਦੇ ਬਹੁਤੇ ਸਾਧਨ ਨਹੀਂ ਸੀ। ਸੇਠ ਗੁਲਾਬੂ ਮੱਲ ਆਪਣੀ ਘੋੜੀ ਤੇ ਸਵਾਰ ਹੋ ਸ਼ਹਿਰੋਂ ਪਿੰਡ ਆ ਰਿਹਾ ਸੀ। ਸੇਠ ਨੇ ਪਿੰਡ ਵੱਲ ਜਾਂਦੇ ਇੱਕ ਜੁਆਨ ਨੂੰ ਦੇਖ ਪੁੱਛਿਆ, ਜਵਾਨਾਂ ਕਿਧਰ ਦੀ ਤਿਆਰੀ ਖਿੱਚੀ! ਅੱਗਿਓਂ ਜਵਾਨ ਨੇ ਕਿਹਾ ਕਿ ਮੈਂ ਤਾਂ ਆਪਣੇ ਸਹੁਰੇ ਪਿੰਡ ਚੱਲਿਆ।

          ਗੁਲਾਬੂ ਮੱਲ ਘੋੜੀ ਤੋਂ ਉਤਰਿਆ, ਜਵਾਨ ਦੇ ਹਵਾਲੇ ਘੋੜੀ ਕਰ ਕੇ ਆਖਣ ਲੱਗਾ, ‘ਤੂੰ ਅਸਾਡੇ ਪਿੰਡ ਦਾ ਜੁਆਈ-ਭਾਈ ਐ, ਤੂੰ ਪੈਦਲ ਜਾਵੇ ਤੇ ਮੈਂ ਘੋੜੀ ਤੇ ,ਇਹ ਨਹੀਂ ਹੋ ਸਕਦਾ।ਜੁਆਈ ਅੱਗੇ ਅੱਗੇ ਘੋੜੀ ਤੇ ਬੈਠਾ ਜਾ ਰਿਹਾ ਸੀ ਅਤੇ ਦਾਨਾ ਸੇਠ ਪਿੱਛੇ ਪਿੱਛੇ ਪੈਦਲ ਜਾ ਰਿਹਾ ਸੀ। ਕੈਰੋਂ ਸਾਬ੍ਹ! ਤੁਸੀਂ ਦਿਲ ਹੌਲਾ ਨਹੀਂ ਕਰਨਾ। ਪਿੰਡ ਬਾਦਲ ਨੇ ਕਿਤੇ ਸੋਚਿਆ ਹੋਵੇਗਾ ਕਿ ਉਨ੍ਹਾਂ ਦੇ ਜੁਆਈ-ਭਾਈ ਨੂੰ ਆਹ ਦਿਨ ਵੀ ਦੇਖਣੇ ਪੈਣਗੇ। ਪੇਂਡੂ ਵਿਰਸਾ ਕਿੰਨਾ ਹੋ ਗਿਆ ਹੈ, ਇਸ ਦਾ ਕੈਰੋਂ ਦੀ ਰੁਖ਼ਸਤ ਤੋਂ ਪਤਾ ਲੱਗਿਆ ਹੈ। ਜ਼ਰੂਰੀ ਨਹੀਂ ਹਰ ਲੜਾਈ ਪਾਣੀਪਤ ਚ ਹੀ ਹੋਵੇ, ਪਿੰਡ ਬਾਦਲ ਵਿਚ ਵੀ ਤਾਂ ਹੋ ਸਕਦੀ ਹੈ।

         ਸੁਖਬੀਰ ਬਾਦਲ ਦੀ ਪਾਰਟੀ ਦਾ ਅਨੁਸ਼ਾਸਨ ਸਿੰਘ ਕੁਝ ਵੀ ਪਿਆ ਆਖੇ ਪਰ ਜਥੇਦਾਰ ਜੀ ਪੰਜਾਬੀਅਤ ਦੇ ਨੇਮਾਂ ਅਨੁਸਾਰ ਆਪਣੇ ਭਣੋਈਏ ਨੂੰ ਪਾਰਟੀ ਚੋਂ ਕੱਢ ਨਹੀਂ ਸਕਦੇ ਹੋ। ਪੰਜਾਬ ਦੀ ਅਮੀਰ ਪਰੰਪਰਾ ਚ ਕਿਤੇ ਕੋਈ ਅਜਿਹੀ ਗ਼ਰੀਬੀ ਦਾ ਪੰਨਾ ਨਹੀਂ ਦਿੱਖਿਆ ਕਿ ਕਿਸੇ ਨੇ ਭਣੋਈਏ ਤੇ ਕੋਈ ਵਾਧਾ ਕੀਤਾ ਹੋਵੇ। ਪੇਂਡੂ ਪ੍ਰਾਹੁਣਚਾਰੀ ਚ ਤਾਂ ਪ੍ਰਾਹੁਣੇ ਆਏ ਤੋਂ ਮੰਜੇ ਤੇ ਨਵੀਂ ਦਰੀ ਤੇ ਚਾਦਰ ਵਿਛਾਈ ਜਾਂਦੀ ਹੈ, ਕਿਤੇ ਕਿਸੇ ਨੂੰ ਪ੍ਰਾਹੁਣੇ ਆਲੇ ਮੰਜੇ ਤੇ ਬੈਠਣਾ ਵੀ ਪੈ ਜਾਵੇ ਤਾਂ ਪੈਂਦ ਆਲੇ ਪਾਸਿਓਂ ਦਰੀ-ਚਾਦਰ ਚੁੱਕ ਕੇ ਬੈਠਦਾ ਸੀ।

        ਜਥੇਦਾਰ ਬਾਦਲ ਨੇ ਤਾਂ ਦਰੀ-ਚਾਦਰ ਨੂੰ ਸੰਦੂਕ ਚ ਹੀ ਸੰਭਾਲ ਦਿੱਤਾ। ਪੁਰਾਣੇ ਸਮਿਆਂ ਚ ਜਦੋਂ ਕਿਤੇ ਅਜਿਹਾ ਮਾਮਲਾ ਆਉਂਦਾ ਤਾਂ ਜਵਾਈ ਕੁੜੀ ਨੂੰ ਵਾਪਸ ਪੇਕੇ ਭੇਜ ਕੇ ਆਖ ਦਿੰਦਾ ਸੀ ਕਿ ਸਾਂਭੋ ਆਪਣੀ ਕੁੜੀ। ਸੁਰਜੀਤ ਬਿੰਦਰੱਖੀਏ ਦਾ ਇੱਕ ਗਾਣਾ ਹੈ, ‘ਪੇਕੇ ਹੁੰਦੇ ਮਾਵਾਂ ਨਾਲ…’ ਵੱਡੇ ਬਾਦਲ ਵੀ ਜਹਾਨੋਂ ਤੁਰ ਗਏ, ਹੁਣ ਕੈਰੋਂ ਦੀ ਧਰਮ ਪਤਨੀ ਜ਼ਰੂਰ ਸੋਚਦੀ ਹੋਵੇਗੀ ਕਿ ਜੱਗ ਵਿਚੋਂ ਸੀਰ ਮੁੱਕਿਆ। ਪੱਟੀ ਆਲੇ ਕੈਰੋਂ ਇਹ ਭੁੱਲ ਬੈਠੇ ਨੇ ਕਿ ਜਥੇਦਾਰ ਬਾਦਲ ਨੂੰ ਅਸੂਲ ਪਿਆਰੇ ਨੇ, ਚਾਹੇ ਕੋਈ ਟਾਹਣਾ ਕੱਟਣਾ ਪਵੇ।

        ਕਿਸੇ ਭੇਤੀ ਨੇ ਦੱਸਿਆ ਹੈ ਕਿ ਜਥੇਦਾਰ ਬਾਦਲ ਨੇ ਆਪਣੇ ਆਪ ਨੂੰ ਹੁਣ ਪਰਿਵਾਰਵਾਦਦੇ ਇਲਜ਼ਾਮਾਂ ਤੋਂ ਮੁਕਤ ਕਰਨ ਵਾਸਤੇ ਝਾੜੂ ਚੁੱਕਿਆ ਹੋਇਆ ਹੈ। ਜਦੋਂ ਸੁਖਬੀਰ ਇਸ ਮੋਰਚੇ ਲਈ ਘਰੋਂ ਨਿਕਲੇ ਤਾਂ ਅੱਗੇ ਮਜੀਠੀਆ ਸਾਬ੍ਹ ਅੱਖਾਂ ਸਾਹਮਣੇ ਘੁੰਮੇ, ਫਿਰ ਬੀਬੀ ਹਰਸਿਮਰਤ ਕੌਰ ਬਾਦਲ, ਇਹ ਸੋਚ ਕੇ ਪੱਟੀ ਵੱਲ ਮੋੜਾ ਕੱਟ ਲਿਆ ਕਿ ਕਿਤੇ ਘਰੋਂ ਪਰਸ਼ਾਦਾ ਪਾਣੀ ਹੀ ਬੰਦ ਨਾ ਹੋ ਜਾਵੇ। ਸੁਖਬੀਰ ਨੂੰ ਪਰਿਵਾਰਵਾਦਦੇ ਚੈਪਟਰ ਚ ਸਭ ਤੋਂ ਕਮਜ਼ੋਰ ਕੜੀ ਆਦੇਸ਼ ਪ੍ਰਤਾਪ ਸਿੰਘ ਕੈਰੋਂ ਨਜ਼ਰ ਪਏ ਹੋਣਗੇ, ਸੋ ਉਨ੍ਹਾਂ ਲੈ ਕੇ ਰੱਬ ਦਾ ਨਾਮ, ਕੈਰੋਂ ਨੂੰ ਚੁਕਾ ਕੇ ਗਠੜੀ ਪੱਟੀ ਦੇ ਰਾਹ ਪਾਤਾ।

       ਵਿਰਸਾ ਸਿੰਘ ਵਲਟੋਹਾ ਨੇ ਜੈਕਾਰਾ ਛੱਡ ਦਿੱਤਾ ਹੈ। ਪਰਿਵਾਰਵਾਦਨੂੰ ਐਨ ਜੜ੍ਹੋਂ ਪੁੱਟਣ ਦੀ ਮਹੂਰਤ ਕੀਤੇ ਜਾਣ ਤੇ ਵਲਟੋਹਾ ਨੇ ਜ਼ਰੂਰ ਸੁਖਬੀਰ ਦੀ ਦਾਦ ਦਿੱਤੀ ਹੋਊ। ਕੋਈ ਪੜਤਾਲ ਚੰਦ ਸਾਹਮਣੇ ਨਹੀਂ ਆਇਆ, ਬੱਸ ਬਲਵਿੰਦਰ ਭੂੰਦੜ ਨੇ ਫ਼ੈਸਲਾ ਸੁਣਾਇਆ ਕਿ ਅਖੇ ! ਕੈਰੋਂ ਨੇ ਅਨੁਸ਼ਾਸਨ ਭੰਗ ਕਰਤਾ, ਪਾਰਟੀ ਚੋਂ ਆਊਟ ਕਰਦੇ ਹਾਂ। ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਪਾਰਟੀ ਦੀ ਅਨੁਸ਼ਾਸਨੀ ਕਮੇਟੀ ਦੇ ਮੁਖੀ ਹਨ, ਉਹ ਵੀ ਕੈਰੋਂ ਵਾਂਗੂ ਚੋਣਾਂ ਚ ਅਕਾਲੀ ਦਲ ਵਾਰੇ ਚੁੱਪ ਹਨ।

        ਕੈਰੋਂ ਖ਼ਿਲਾਫ ਕਾਰਵਾਈ ਅਲੋਕਾਰੀ ਹੈ ਕਿਉਂਕਿ ਪ੍ਰਾਹੁਣੇ ਰੁੱਸਦੇ ਤਾਂ ਬਹੁਤ ਸੁਣੇ ਨੇ ਪਰ ਸਾਲਿਆਂ ਤੋਂ ਕਸੂਰ ਪੁੱਛਦੇ ਬਹੁਤ ਘੱਟ ਦੇਖੇ ਨੇ। ਪਾਬਲੋ ਨਰੂਦਾ ਆਖਦਾ ਹੈ ਕਿ ਤੁਸੀਂ ਸਾਰੇ ਫੁੱਲਾਂ ਨੂੰ ਤਾਂ ਕੱਟ ਸਕਦੇ ਹੋ ਪਰ ਬਹਾਰ ਨੂੰ ਆਉਣ ਤੋਂ ਨਹੀਂ ਰੋਕ ਸਕਦੇ। ਬਾਦਲ ਸਾਹਿਬ! ਲੱਗੇ ਰਹੋ, ਪੂਰਾ ਦਰਖ਼ਤ ਚੰਗੀ ਤਰ੍ਹਾਂ ਛਾਂਗ ਦਿਓ ਤਾਂ ਜੋ ਛੋਟੇ ਮੋਟੇ ਕੰਢੇ ਕਦੇ ਮੁੜ ਕੇ ਨਾ ਰੜਕਣ। ਜਦੋਂ ਵੱਡੇ ਬਾਦਲ ਮੁੱਖ ਮੰਤਰੀ ਸਨ ਤਾਂ ਉਨ੍ਹਾਂ ਨੇ ਆਪਣੇ ਜਵਾਈ ਕੈਰੋਂ ਦੇ ਹਵਾਲੇ ਪੂਰਾ ਆਬਕਾਰੀ ਮਹਿਕਮਾ ਕੀਤਾ ਅਤੇ ਫਿਰ ਖ਼ੁਰਾਕ ਸਪਲਾਈ ਦਾ ਮੰਤਰੀ ਬਣਾਇਆ।

         ਵੱਡੇ ਬਾਦਲ ਪੇਂਡੂ ਕਲਚਰ ਚ ਪੀਐਚ.ਡੀ. ਸਨ। ਆਮ ਦੇਖਿਆ ਜਾਂਦਾ ਹੈ ਕਿ ਪੇਂਡੂ ਕਲਚਰ ਚ ਪ੍ਰਾਹੁਣਚਾਰੀ ਸ਼ਰਾਬ ਨਾਲ ਅਤੇ ਪ੍ਰਸ਼ਾਦੇ ਪਾਣੀ ਚ ਕੜਾਹ ਤੇ ਖੀਰ ਵੀ ਛਕਾਈ ਜਾਂਦੀ ਹੈ। ਸੋ ਵੱਡੇ ਬਾਦਲ ਸਾਹਿਬ ਨੇ ਤਾਹੀਂ ਪਹਿਲਾਂ ਕੈਰੋਂ ਨੂੰ ਆਬਕਾਰੀ ਮੰਤਰੀ ਬਣਾਇਆ ਅਤੇ ਫਿਰ ਖ਼ੁਰਾਕ ਮੰਤਰੀ। ਸਾਰਾ ਬਾਗ਼ ਹਵਾਲੇ ਤੇਰੇ।  ਖ਼ੈਰ ਘਰ ਦੀ ਲੜਾਈ ਇੱਕ ਐਸੀ ਲੜਾਈ ਹੈ ਜਿਸ ਦਾ ਹੱਲ ਸੰਯੁਕਤ ਰਾਸ਼ਟਰਵੀ ਨਹੀਂ ਕਰ ਸਕਦਾ। ਇੱਕ ਕਹਾਵਤ ਵੀ ਮਸ਼ਹੂਰ ਹੈ, ‘ਸਾਰੀ ਦੁਨੀਆ ਏਕ ਤਰਫ਼, ਜੋਰੂ ਕਾ ਭਾਈ ਏਕ ਤਰਫ਼।

 

 

 


Friday, May 24, 2024

                                                       ਬੇਅਦਬੀ ਦੀ ਚੀਸ
                           ਉਡੀਕ ’ਚ ਬਿਰਖ ਹੋ ਗਿਆ ਬਰਗਾੜੀ..!
                                                        ਚਰਨਜੀਤ ਭੁੱਲਰ 

ਬਰਗਾੜੀ (ਫ਼ਰੀਦਕੋਟ): ਫ਼ਰੀਦਕੋਟ ਸੰਸਦੀ ਹਲਕੇ ਦਾ ਕਸਬਾ ਬਰਗਾੜੀ ਅੱਜ ਵੀ ਬੇਅਦਬੀ ਦੀ ਚੀਸ ਝੱਲ ਰਿਹਾ ਹੈ। ਜਦੋਂ ਕੋਈ ਛੋਟੀ ਵੱਡੀ ਚੋਣ ਆਉਂਦੀ ਹੈ ਤਾਂ ਬਰਗਾੜੀ ਦੇ ਜ਼ਖ਼ਮ ਮੁੜ ਅੱਲੇ ਹੋ ਜਾਂਦੇ ਹਨ।ਦੁਨੀਆ ਭਰ ’ਚ ਬਰਗਾੜੀ ਉਸ ਵੇਲੇ ਚਰਚਾ ’ਚ ਆਇਆ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਪਹਿਲਾ ਕੇਸ ਸਾਹਮਣੇ ਆਇਆ ਸੀ।ਬਰਗਾੜੀ ਦੇ ਗੁਰੂ ਘਰ ਨੇੜੇ 12 ਅਕਤੂਬਰ, 2015 ਨੂੰ ਗੁਰੂ ਗ੍ਰੰਥ ਸਾਹਿਬ ਦੇ 110 ਅੰਗ ਖਿੱਲਰੇ ਹੋਏ ਮਿਲੇ ਸਨ। ਇਸ ਤੋਂ ਪਹਿਲਾਂ ਨੇੜਲੇ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਦੇ ਗੁਰੂ ਘਰ ਵਿੱਚੋਂ ਪਹਿਲੀ ਜੂਨ, 2015 ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਚੋਰੀ ਹੋ ਗਏ ਸਨ।ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਗੱਠਜੋੜ ਸਰਕਾਰ ਸਮੇਂ ਬੇਅਦਬੀ ਦੀਆਂ ਘਟਨਾਵਾਂ ਵਾਪਰੀਆਂ, ਜਿਸ ਕਰ ਕੇ ਉਨ੍ਹਾਂ ਦੇ ਹੱਥੋਂ ਸਰਕਾਰ ਹੀ ਨਿਕਲ ਗਈ। ਬੇਅਦਬੀ ਮਾਮਲਿਆਂ ਵਿੱਚ ਇਨਸਾਫ਼ ਦਿਵਾਉਣ ਦੇ ਭਰੋਸੇ ਨਾਲ ਲੋਕਾਂ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਹਕੂਮਤ ਦਿੱਤੀ ਸੀ ਪਰ ਕਾਂਗਰਸ ਸਰਕਾਰ ਨੇ ਵੀ ਲੋਕਾਂ ਦਾ ਵਿਸ਼ਵਾਸ ਤੋੜ ਦਿੱਤਾ। 

         ਹਾਲੇ ਵੀ ਬੇਅਦਬੀ ਮਾਮਲਿਆਂ ਦਾ ਨਿਆਂ ਕਿਸੇ ਤਣ-ਪੱਤਣ ਨਹੀਂ ਲੱਗਿਆ ਹੈ। ਬਰਗਾੜੀ ਦੇ ਲੋਕ ਜਿਹੜੇ ਪਹਿਲਾਂ ਅਕਾਲੀ ਦਲ ਨੂੰ ਹੀ ਕਟਹਿਰੇ ਵਿੱਚ ਖੜ੍ਹਾ ਕਰਦੇ ਸਨ, ਉਨ੍ਹਾਂ ਦੀ ਨਜ਼ਰਾਂ ’ਚ ਹੁਣ ਸਭ ਇੱਕ ਹਨ। ਉਨ੍ਹਾਂ ਦੀ ਮੌਜੂਦਾ ਹਕੂਮਤ ਤੋਂ ਵੀ ਤਸੱਲੀ ਨਹੀਂ ਹੈ। ਜਿਸ ਜਗ੍ਹਾ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ ਖਿੱਲਰੇ ਮਿਲੇ ਸਨ, ਉਸ ਦੇ ਨੇੜੇ ਹੀ ਸੱਥ ਵਿੱਚ ਬੈਠੇ ਲੋਕਾਂ ਨੇ ਹਰ ਸਿਆਸੀ ਪਾਰਟੀ ’ਤੇ ਨਿਸ਼ਾਨਾ ਸੇਧਿਆ। ਬਰਗਾੜੀ ਦਾ ਜਗਸੀਰ ਸਿੰਘ ਕਹਿੰਦਾ ਹੈ ਕਿ ਅਕਾਲੀਆਂ ਨੇ ਸਿਰਸੇ ਵਾਲੇ ਨੂੰ ਮੁਆਫ਼ੀ ਦਿੱਤੀ ਅਤੇ ਅਮਰਿੰਦਰ ਸਰਕਾਰ ਨੇ ਨਿਆਂ ਦਾ ਵਾਅਦਾ ਕਰ ਕੇ ਧੋਖਾ ਕੀਤਾ। ਉਹ ਆਖਦਾ ਹੈ ਕਿ ਹਾਲੇ ਵੀ ਕੋਈ ਪਤਾ ਨਹੀਂ ਕਿ ਇਨਸਾਫ਼ ਮਿਲੇਗਾ ਜਾਂ ਨਹੀਂ। ਲੋਕ ਸਭਾ ਚੋਣਾਂ 2019 ’ਚ ਬਰਗਾੜੀ ’ਚੋਂ ਕਾਂਗਰਸ ਨੂੰ ਸਭ ਤੋਂ ਵੱਧ ਵੋਟਾਂ ਮਿਲੀਆਂ, ਜੋ 2437 ਸਨ। ਉਦੋਂ ਅਕਾਲੀ ਦਲ ਨੂੰ 1597 ਅਤੇ ਆਮ ਆਦਮੀ ਪਾਰਟੀ ਨੂੰ 435 ਵੋਟਾਂ ਹੀ ਮਿਲੀਆਂ ਸਨ। ਮੌਜੂਦਾ ਚੋਣਾਂ ਵਿੱਚ ਬਰਗਾੜੀ ਦੇ ਲੋਕਾਂ ਦਾ ਕਿਸੇ ਸਿਆਸੀ ਪਾਰਟੀ ਵੱਲ ਬਹੁਤਾ ਝੁਕਾਅ ਨਹੀਂ ਹੈ। 

         ਬੇਸ਼ੱਕ ਪੰਜਾਬ ਦੇ ਦੂਜੇ ਹਿੱਸਿਆਂ ਵਿੱਚ ਬੇਅਦਬੀ ਦਾ ਮੁੱਦਾ ਉੱਭਰ ਨਹੀਂ ਰਿਹਾ ਹੈ ਪਰ ਬਰਗਾੜੀ ਦੇ ਲੋਕਾਂ ਦੇ ਮਨਾਂ ’ਤੇ ਲੱਗੀ ਸੱਟ ਅੱਜ ਵੀ ਰੜਕਦੀ ਹੈ। ਬਰਗਾੜੀ ਦਾ ਅਮਰਜੀਤ ਸਿੰਘ ਆਖਦਾ ਹੈ ਕਿ ਬੇਅਦਬੀ ਦਾ ਮੁੱਦਾ ਉਦੋਂ ਤੱਕ ਜੀਵਿਤ ਰਹੇਗਾ ਜਦੋਂ ਤੱਕ ਸਿੱਖ ਭਾਈਚਾਰੇ ਨੂੰ ਇਨਸਾਫ਼ ਨਹੀਂ ਮਿਲ ਜਾਂਦਾ। ਇਸੇ ਤਰ੍ਹਾਂ ਦਰਸ਼ਨ ਸਿੰਘ ਨੇ ਕਿਹਾ ਕਿ ਨਿਆਂ ਤਾਂ ਕੀ ਮਿਲਣਾ ਸੀ, ਉਲਟਾ ਬਰਗਾੜੀ ਦੇ ਕਿਸਾਨਾਂ ਤੋਂ ਸਰਕਾਰ ਨੇ ਅਨਾਜ ਮੰਡੀ ਖੋਹ ਲਈ ਹੈ। ਚੇਤੇ ਰਹੇ ਕਿ ਬਰਗਾੜੀ ਦੀ ਦਾਣਾ ਮੰਡੀ ਵਿੱਚ ਪੰਥਕ ਧਿਰਾਂ ਵੱਲੋਂ ਮੋਰਚਾ ਲਗਾਇਆ ਹੋਇਆ ਸੀ।ਕਿਸਾਨ ਗੁਰਦਿੱਤ ਸਿੰਘ ਨੇ ਦੱਸਿਆ ਕਿ ਦਾਣਾ ਮੰਡੀ ਪੱਕੀ ਸੀ ਅਤੇ ਪੰਜ ਹਜ਼ਾਰ ਏਕੜ ਰਕਬੇ ਦੀ ਫ਼ਸਲ ਮੰਡੀ ਵਿੱਚ ਜਾਂਦੀ ਸੀ। ਉਨ੍ਹਾਂ ਦੱਸਿਆ ਕਿ ਧਰਨਾ ਚੁਕਾਉਣ ਮਗਰੋਂ ਸਰਕਾਰ ਨੇ ਮੰਡੀ ਖ਼ਾਲੀ ਕਰਾ ਕੇ ਤਾਰ ਲਾ ਦਿੱਤੀ ਅਤੇ ਫਿਰ ਇੱਥੇ ਕਮਿਊਨਿਟੀ ਸੈਂਟਰ ਵਗੈਰਾ ਬਣਾ ਦਿੱਤਾ।

          ਕਿਸਾਨ ਤੇਜਾ ਸਿੰਘ ਨੇ ਦੱਸਿਆ ਕਿ ਸਰਕਾਰ ਨੇ ਵਾਅਦਾ ਕੀਤਾ ਸੀ ਕਿ ਨਵੀਂ ਅਨਾਜ ਮੰਡੀ ਬਣਾ ਕੇ ਦਿੱਤੀ ਜਾਵੇਗੀ ਪਰ ਕੌਮੀ ਸੜਕ ਮਾਰਗ ਦੇ ਇੱਕ ਪਾਸੇ ਆਰਜ਼ੀ ਖ਼ਰੀਦ ਕੇਂਦਰ ਬਣਾ ਕੇ ਬੁੱਤਾ ਸਾਰ ਦਿੱਤਾ ਗਿਆ ਜਿੱਥੇ ਫ਼ਸਲ ਰੁਲਦੀ ਰਹਿੰਦੀ ਹੈ। ਪਿੰਡ ਵਾਸੀ ਹਰਦੇਵ ਸਿੰਘ ਨੇ ਮੁੱਕਦੀ ਗੱਲ ਕੀਤੀ ਕਿ ਬੇਅਦਬੀ ਮਾਮਲੇ ’ਚ ਨਿਆਂ ਤਾਂ ਕੀ ਦੇਣਾ ਸੀ, ਸਰਕਾਰਾਂ ਨੇ ਕਿਸਾਨਾਂ ਤੋਂ ਪੱਕਾ ਖ਼ਰੀਦ ਕੇਂਦਰ ਵੀ ਖੋਹ ਲਿਆ। ਕਿਸਾਨਾਂ ਨੇ ਇਸ ਮੌਕੇ ਫ਼ਸਲੀ ਮੁਆਵਜ਼ੇ ਦਾ ਮੁੱਦਾ ਵੀ ਉਠਾਇਆ ਅਤੇ ਮਾੜੀ ਰਜਵਾਹੇ ਤੋਂ ਨਹਿਰੀ ਪਾਣੀ ਦੀ ਕਿੱਲਤ ਦੀ ਗੱਲ ਵੀ ਆਖੀ। ਪਿੰਡ ਦੇ ਲੋਕ ਚਾਰੇ ਪਾਸਿਓਂ ਉਕਤਾਏ ਨਜ਼ਰ ਆਏ। ਹਲਕਾ ਜੈਤੋ ਦੇ ਵਿਧਾਇਕ ਬਾਰੇ ਉਨ੍ਹਾਂ ਦੀ ਨਾਰਾਜ਼ਗੀ ਸਾਫ਼ ਝਲਕ ਰਹੀ ਸੀ। ਸਾਰਿਆਂ ਨੇ ਇੱਕ ਸੁਰ ਆਖਿਆ ਕਿ ਬਰਗਾੜੀ ’ਚ ਜਦੋਂ ਵੀ ਵਿਧਾਇਕ ਆਇਆ, ਉਹ ਸਹਿਕਾਰੀ ਸਭਾ ਦੀ ਚੋਣ ਰੱਦ ਕਰਾਉਣ ਬਾਰੇ ਹੀ ਆਇਆ।

                                 ਆਏ ਦਿਨ ਨਰੈਣ ਦੇ..!         
                                                        ਚਰਨਜੀਤ ਭੁੱਲਰ 

ਚੰਡੀਗੜ੍ਹ : ਬੱਸ ਆਹ ਚੰਦ ਦਿਨਾਂ ਦੀ ਖੇਡ ਹੈ, ਤੁਸਾਂ ਕੋਲ ਆਉਣਗੇ। ਪੈਰ ਜੁੱਤੀ ਨਹੀਂ ਪਾਉਣਗੇ। ਸੁਪਨਿਆਂ ਦੀ ਚਾਦਰ ਵਿਛਾਉਣਗੇ। ਬਣ ਫ਼ਰਿਆਦੀ, ਤੁਹਾਡੇ ਚਰਨਾਂ ਦੀ ਧੂੜ ਨੂੰ ਮੱਥੇ ਨਾਲ ਲਾਉਣਗੇ। ਕੋਈ ਪੰਥ ਬਚਾਏਗਾ, ਕੋਈ ਰੰਗਲਾ ਬਣਾਏਗਾ, ਕੋਈ ਆਸਮਾਨੋਂ ਤਾਰੇ ਲਾਹੇਗਾ। ਇੰਜ ਵੋਟਰ ਮਹਾਨ ਬਣ ਜਾਏਗਾ ਪਰ ਉਸ ਨੂੰ ਸਮਝ ਨਹੀਂ ਆਏਗਾ ਜਦੋਂ ਕੀੜੀ ਦੇ ਘਰ ਨਰੈਣ ਪੈਰ ਪਾਏਗਾ। ਧੰਨਭਾਗ ਅਸਾਡੇ! ਆਖ ਇੱਕ ਦਿਨ ਦਾ ਵੋਟਰ ਬਾਦਸ਼ਾਹ ਮੰਜਾ ਡਾਹੇਗਾ। ਉਪਰੋਂ ਯਮਲਾ ਜੱਟ ਫ਼ਰਮਾਏਗਾ, ‘ਜਗਤੇ ਨੂੰ ਛੱਡ ਕੇ ਤੂੰ ਭਗਤੇ ਨੂੰ ਕਰ ਲੈ, ਜਿਨ੍ਹ ਤੇਰਾ ਹੋਣਾ ਏ ਸਹਾਈ।’

       ‘ਜੇ ਦਿਨ ਹੋਵਣ ਪੱਧਰੇ, ਭੁੱਜੇ ਉੱਗਣ ਮੋਠ’। ਨਾ ਜਗਤਾ ਕੰਮ ਆਇਆ ਤੇ ਨਾ ਭਗਤਾ। ਹੱਥ, ਰੱਬ ਨੇ ਚੋਣਾਂ ਮੌਕੇ ਜੋੜਨ ਲਈ ਦਿੱਤੇ ਨੇ। ਫੈਵੀਕੋਲ ਵਾਲੇ ਹੈਰਾਨ ਹੋਣਗੇ ਕਿ ਹੱਥ ਜੋੜਨ ਦਾ ਠੇਕਾ ਸਿਆਸੀ ਲਾਟਾਂ ਨੇ ਹੀ ਲਿਐ। ਨਾਲੇ ਨੇਤਾ ਜੀ ਨੇ ਗੋਡੇ ਐਵੇਂ ਨਹੀਂ ਬਦਲਾਏ, ਚੋਣਾਂ ਵਿਚ ਖੜ੍ਹਾ ਹੋਣਾ ਸੀ ਤਾਂ ਬਦਲਾਏ ਨੇ। ਇਨ੍ਹਾਂ ਨੂੰ ਕੁਰਸੀ ਦੀ ਲਤ ਲੱਗੀ ਐ, ਤਾਹੀਂ ਰਾਈ ਦੇ ਪਹਾੜ ਬਣਾਉਣਗੇ, ਗੰਜਿਆਂ ਨੂੰ ਕੰਘੀਆਂ ਵੰਡ, ਹੀਰੇ ਪਤਾਲ ਵਿੱਚੋਂ ਕੱਢ ਲਿਆਉਣਗੇ। ਸਿੱਧੀ ਉਂਗਲ ਘਿਓ ਨਾ ਨਿਕਲਿਆ ਤਾਂ ਫਿਰ ਡਰਾਉਣਗੇ। ਸਿਆਸੀ ਨਰੈਣ ਵਾਅਦਿਆਂ ਦੀ ਤਿਲ ਚੌਲੀ ਪਾ, ਕੀੜੀਆਂ ਨੂੰ ਭਰਮਾਉਣਗੇ।

       ਕਾਮਰੇਡ ਕਾਰਲ ਮਾਰਕਸ ਕਿਤੇ ਅੱਜ ਜਿਊਂਦਾ ਹੁੰਦਾ ਤਾਂ ਉਸ ਨੇ ਨਵਾਂ ਨਾਅਰਾ ਦੇਣਾ ਸੀ, ‘ਦੁਨੀਆ ਭਰ ਦਿਓ ਕੀੜਿਓ, ਇੱਕ ਹੋ ਜਾਓ।’ ਸਫ਼ਰ ਵੇਲੇ ਮੋਟਰ ਤੇ ਚੋਣ ਵੇਲੇ ਵੋਟਰ ਹੀ ਕੰਮ ਆਉਂਦੇ ਨੇ। ਤਪੇ ਤੰਦੂਰ ’ਤੇ ਦੋ ਚਾਰ ਸਿਆਸੀ ਫੁਲਕੇ ਲਾਹੁਣੇ ਹੋਣ ਤਾਂ ਨਰੈਣ ਕੀੜੀਆਂ ਦੇ ਵਿਹੜੇ ਹੇਕਾਂ ਲਾਉਂਦੇ ਨੇ ‘ਤੁਝਮੇਂ ਰੱਬ ਦਿਖਤਾ ਹੈ...।’ ਉੱਲੂ ਅਜਿਹਾ ਸਾਊ ਜਾਨਵਰ ਐ, ਜਿਸ ਨੂੰ ਦਿਨੇ ਨਹੀਂ ਦਿੱਖਦਾ, ਸ਼ਾਇਦ ਇਸੇ ਕਰਕੇ ਜਨਤਾ ਨੂੰ ਉੱਲੂ ਬਣਾਇਆ ਜਾਂਦਾ ਹੈ। ਅਸਲ ’ਚ ਸਿਆਸਤ ਹੁਣ ਧੰਦਾ ਬਣ ਗਈ ਹੈ ਅਤੇ ਇਹ ਨੇਤਾਵਾਂ ਦੀ ਰਖੇਲ ਤੋਂ ਵੱਧ ਕੁਝ ਵੀ ਨਹੀਂ। ਰੰਗ ਬਰੰਗੇ ਨੇਤਾ ਆਪੋ ਆਪਣੇ ਜੌਂਗਾ ਲੈ ਆਉਣਗੇ, ਭੋਂਪੂ ਵਜਾਉਣਗੇ, ਗੁਮਾਸ਼ਤੇ ਗਾਉਣਗੇ, ‘ਆਜਾ ਮੇਰੀ ਗਾੜੀ ਮੇਂ ਬੈਠ ਜਾ।’ ਇੰਜ ਹੀ ਤਿਕੜਮ ਦਾਸ  ਦਾਅ ਲਾ ਕੇ ਔਹ ਜਾਣਗੇ।

         ਨਵੀਂ ਸਰਕਾਰ ਸਜਦੀ ਹੈ। ਆਵੇ ਦਾ ਖੋਤਾ, ਆਵੇ ਕੋਲ ਮੁੜ ਆ ਖਲੋਂਦਾ ਹੈ। ਪੰਜ ਸਾਲ ਫਿਰ ਤੰਗੀਆਂ ਨਾਲ ਘੁਲਦੈ। ਅਮਰਿੰਦਰ ਗਿੱਲ ਸੱਚ ਬਿਆਨ ਰਿਹਾ ਹੈ,‘ ਜੇ ਸਰਕਾਰਾਂ ਚੰਗੀਆਂ ਹੁੰਦੀਆਂ, ਕਿਸੇ ਦੇ ਘਰ ਨਾ ਤੰਗੀਆਂ ਹੁੰਦੀਆਂ।’ ਚੋਣਾਂ ’ਚ ਇੱਕ ਬੰਨੇ ਸ਼ਰੀਫ਼ਗੜ੍ਹ ਹੁੰਦਾ ਹੈ ਜਿਸ ਨੇ ਚੁਣਨਾ ਹੁੰਦਾ ਹੈ ਲੁਟੇਰਗੜ੍ਹ ਦੇ ਬਾਸ਼ਿੰਦਿਆਂ ’ਚੋਂ ਕਿਸੇ ਇੱਕ ਨੂੰ। ਇੱਕ ਚੋਣ ਜਲਸੇ ਚੋਂ ਆਵਾਜ਼ ਆਈ, ਔਰਤਾਂ ਨੂੰ ਹਜ਼ਾਰ ਰੁਪਿਆ ਕਦੋਂ ਮਿਲੂ! ਸਟੇਜ ਤੋਂ ਮਹਿਲਾ ਨੇਤਾ ਨੇ ਜੁਆਬ ਦਿੱਤਾ, ਸਬਰ ਰੱਖੋ! ਸਹਿਜ ਪੱਕੇ ਸੋ ਮੀਠਾ ਹੋਏ। ਪੰਡਾਲ ’ਚੋਂ ਕੋਈ ਬੋਲਿਆ, ਬੀਬੀ ਜੀ! ਖੰਡ ਤਾਂ ਚਾਲੀ ਰੁਪਏ ਕਿਲੋ ਹੋ ਗਈ, ਮਿੱਠਾ ਕਾਹਦੇ ਨਾਲ ਹੋਜੂ।

        ਨੇਤਾਗਿਰੀ ਸੌਖਾ ਧੰਦਾ ਨਹੀਂ, ਪਾਪੜ ਵੇਲਣੇ ਪੈਂਦੇ ਨੇ, ਬਾਂਹਾਂ ਦੁਖਣ ਲੱਗ ਜਾਂਦੀਆਂ ਨੇ। ਪੰਜਾਬ ਦੇ ਚੋਣ ਅਖਾੜੇ ’ਚ ਦੇਖੋ, ਕੀੜੀਆਂ ਸੁਆਦ ਲੈ ਰਹੀਆਂ ਨੇ, ਨਰੈਣ ਉਂਗਲੀ ’ਤੇ ਨੱਚ ਰਹੇ ਹਨ। ਔਹ ਦੇਖੋ ਮੰਤਰੀ ਕੁਲਦੀਪ ਧਾਲੀਵਾਲ ਕਿਵੇਂ ਅੰਮ੍ਰਿਤਸਰ ’ਚ ਸਮੋਸੇ ਤਲ ਰਿਹਾ ਹੈ। ਗੁਰਜੀਤ ਔਜਲਾ ਭਲਵਾਨਾਂ ਦੇ ਅਖਾੜੇ ’ਚ ਮਨ ਪਰਚਾ ਰਿਹਾ ਹੈ। ਤੁਸੀਂ ਹੁਕਮ ਤਾਂ ਛੱਡੋ, ਔਹ ਦੇਖੇ, ਆਪਣਾ ਭੰਗੜਚੀ ਚਰਨਜੀਤ ਚੰਨੀ ਕਿਵੇਂ ਭੰਗੜਾ ਪਾ ਰਿਹਾ ਹੈ। ਬਠਿੰਡਾ-ਮਾਨਸਾ ’ਚ ਬੀਬੀ ਬਾਦਲ ਪੇਂਡੂ ਬੀਬੀਆਂ ਨੂੰ ਜੱਫੀ ’ਤੇ ਜੱਫੀ ਪਾ ਰਹੀ ਹੈ। ਦੱਸਦੇ ਨੇ, ਚੁੰਨੀਆਂ ਵੀ ਵਟਾ ਰਹੀ ਹੈ। ਵਿਹੜੇ ਵਾਲੀਆਂ ਬੀਬੀਆਂ ਦਾ ਬੀਬੀ ਬਾਦਲ ਨੂੰ ਅੰਤਾਂ ਦਾ ਮੋਹ ਆ ਰਿਹਾ ਹੈ।ਸਿੱਧੂਆਂ ਦਾ ਮੁੰਡਾ ਜੀਤ ਮਹਿੰਦਰ, ਬਠਿੰਡਾ ਦੇ ਰੋਜ਼ ਗਾਰਡਨ ’ਚ ਦੇਖੋ ਕਿਵੇਂ ਗਿੱਧਾ ਪਾ ਰਿਹਾ ਹੈ। 

        ਮੌਜ ਫਰੀਦਕੋਟੀਆਂ ਨੂੰ ਲੱਗੀ ਹੈ, ਦਿਲ ਕਰਦੈ ਤਾਂ ਹੰਸ ਰਾਜ ਹੰਸ ਤੋਂ ਗਾਣਾ ਸੁਣ ਲੈਂਦੇ ਨੇ, ਅਕੇਵਾਂ ਮਹਿਸੂਸ ਕਰਨ ਤਾਂ ਕਰਮਜੀਤ ਅਨਮੋਲ ਨੂੰ ਆਖਦੇ ਨੇ, ਕਾਕਾ! ਗਾਣਾ ਸੁਣਾ। ਰਾਜਾ ਵੜਿੰਗ ਕਿਤੇ ਗਊਆਂ ਨੂੰ ਚਾਰਾ ਪਾ ਰਿਹੈ ਕਿ ਕਿਤੇ ਵਾਲੀਬਾਲ ਦਾ ਮੈਚ ਲਾ ਰਿਹੈ।  ਚੋਣਾਂ ਵੇਲੇ ਨੇਤਾ ਦਾਸਾਂ ਨੂੰ ਕੁਝ ਵੀ ਹੁਕਮ ਕਰੋ, ਝੱਟ ਵਿਛ ਜਾਣਗੇ। ਜੋ ਕਹੋਗੇ, ਉਹੀ ਕਰਨਗੇ, ਠੀਕ ਜਿਵੇਂ ਫ਼ਿਰੋਜ਼ ਖ਼ਾਨ ਆਖ ਰਿਹਾ ਹੈ, ‘ਜੋ ਤੁਮਕੋ ਹੋ ਪਸੰਦ, ਵੋਹੀ ਬਾਤ ਕਰੇਂਗੇ।

        ਅਜਨਾਲੇ ’ਚ ਸੰਧੂ ਸਮੁੰਦਰੀ ਕਿਸੇ ਦਲਿਤ ਦੇ ਘਰ ਗਿਆ, ਖਾਣਾ ਖਾ ਕੇ ਆਖਣ ਲੱਗਾ, ਬੀਬੀ ਟੀਂਡੇ ਬੜੇ ਸੁਆਦ ਨੇ। ‘ਹੋਵੇ ਮਨਜ਼ੂਰ ਇਨ੍ਹਾਂ ਸੇਵਕਾਂ ਦੀ ਸੇਵਾ।’ ਕੋਈ ਨੇਤਾ ਗ਼ਰੀਬ ਕਿਸਾਨ ਦੇ ਘਰ ਗਿਆ। ਕਿਸਾਨ ਨੇ ਅੱਗਿਓਂ ਸੁਲ੍ਹਾ ਮਾਰੀ, ‘ਚਾਹ ਪਾਣੀ, ਪਰਸ਼ਾਦਾ ਪਾਣੀ ਛਕੋਗੇ’, ਨੇਤਾ ਬੇਸ਼ਰਮ ਮੱਲ ਫ਼ਰਮਾਏ, ‘ਤੁਹਾਡੀਆਂ ਦੋਨਾਂ ਮੰਗਾਂ ਪ੍ਰਵਾਨ।’ ਦੱਸਦੇ ਹਨ ਕਿ ਸ਼ਰਮ ਦਾ ਸਬੰਧ ਮੰਨਣ ਨਾਲ ਹੈ। ਪੰਜਾਬ ਦੇ ਲੋਕਾਂ ਲਈ ਸਭ ਨੇਤਾ ਉਸ ਫੰਡਰ ਮੱਝ ਵਰਗੇ ਨੇ, ਜਿਹੜੀ ਕਦੇ ਸੂਈ ਹੀ ਨਹੀਂ। ਚੋਣਾਂ ਦੇ ਦਿਨਾਂ ’ਚ ਨੇਤਾਵਾਂ ਨੂੰ ਦੇਖ ਮੰਗਤੇ ਵੀ ਕੰਮ ਛੱਡ ਜਾਂਦੇ ਹਨ ਕਿ ਚਲੋ ਭਾਈ! ਹੁਣ ਸਾਡੇ ਉਸਤਾਦ ਆਗੇ।

         ਨੇਤਾ ਧੂੜਪੱਟ ਬਠਿੰਡਵੀਂ ਵੋਟਾਂ ਆਲੇ ਵਸਤਰ ਚੋਣਾਂ ਮੌਕੇ ਕੱਢਦੇ ਨੇ।  ਕੱਲੀ ਕੱਲੀ ਕੀੜੀ ਨੂੰ ਰਡਾਰ ’ਤੇ ਰੱਖਦੇ ਨੇ। ਅੱਜ ਕੱਲ੍ਹ ਨੇਤਾਵਾਂ ਨੇ ਲੋਕਾਂ ਵਾਸਤੇ ਜੱਫੀਆਂ ਦੀ ਧਮਾਕੇਦਾਰ ਸੇਲ ਲਾਈ ਹੋਈ ਹੈ। ਜਗਜੀਤ ਸਿੰਘ ਸੁਰ ਲਾ ਰਹੇ ਨੇ, ‘ਤੁਮਕੋ ਦੇਖਾ ਤੋ ਯੇ ਖ਼ਿਆਲ ਆਇਆ..।’ ਕੇਰਾਂ ਨੇਤਾ ਤੁਲਸੀ ਬਹੁਰੂਪੀਆ ਪੇਂਡੂ ਬੀਬੀਆਂ ਨੂੰ ਹੱਥ ਜੋੜ ਆਖਣ ਲੱਗਾ, ਭੈਣੋ! ਖ਼ਿਆਲ ਰੱਖਣਾ, ਮੇਰੇ ਹੱਥ ਮਜ਼ਬੂਤ ਕਰਨਾ। ਅੱਗਿਓਂ ਇੱਕ ਅੱਖੜ ਬੀਬੀ ਤੋਂ ਰਿਹਾ ਨਾ ਗਿਆ, ‘ਕਿਉਂ ਕਰੀਏ ਹੱਥ ਮਜ਼ਬੂਤ, ਅਸੀਂ ਕਿਹੜਾ ਬਨੇਰੇ ਲਪਾਉਣੇ ਨੇ ਤੈਥੋਂ।’ ਚੋਣਾਂ ਦਾ ਮੇਲਾ ਜਿਉਂ ਹੀ ਖ਼ਤਮ ਹੁੰਦਾ ਹੈ ਤਾਂ ਫਿਰ ਲੋਕਾਂ ਪੱਲੇ ਇਹ ਗਾਣਾ ਹੀ ਬੱਚਦੈ, ‘ਕਿਹੜੀ ਗੱਲੋਂ ਸਾਡੇ ਕੋਲੋਂ ਦੂਰ ਦੂਰ ਰਹਿੰਦੇ ਹੋ..।’  ਇਵੇਂ ਹੋਣੀ ਸੀ, ਕੀ ਦੋਸ਼ ਨਣਦ ਨੂੰ ਦੇਵਾਂ।

         ਐਮਰਜੈਂਸੀ ਮਗਰੋਂ ਚੋਣਾਂ ਮੌਕੇ ਸਮੁੱਚੇ ਦੇਸ਼ ’ਚ ਤਿੰਨ ਨਰੈਣਾਂ ਦੀ ਗੂੰਜ ਪਈ। ਕਰਨੈਲ ਪਾਰਸ ਨੇ ਉਦੋਂ ਇੰਜ ਕਲਮ ਵਾਹੀ, ‘ਤਿੰਨ ਤਿੰਨ ਲੱਗੇ ਨਰੈਣ, ਮਗਰ ਇੰਦਰਾ ਦੇ, ਦੇਖੋ ਬੀਬੀ ਕਿੱਦਾਂ ਜਾਨ ਛਡਾਉਂਦੀ ਏ।’ ਉਨ੍ਹਾਂ ਸਮਿਆਂ ’ਚ ਜਨਤਾ ਪਾਰਟੀ ਦੇ ਚੋਣ ਜਲਸੇ ਹੁੰਦੇ, ਜਿਨ੍ਹਾਂ ’ਚ ਨੇਤਾ ਮਾਣ ਨਾਲ ਆਖਦੇ ਕਿ ਸਾਡੇ ਕੋਲ ਤਿੰਨ ਨਰੈਣ ਨੇ, ਜੈ ਪ੍ਰਕਾਸ਼ ਨਰੈਣ, ਜਗਤ ਨਰੈਣ ਤੇ ਰਾਜ ਨਰੈਣ। ਜਨਤਾ ਦਲੀਏ ਮੌਜੂ ਉਡਾਉਂਦੇ ਆਖਦੇ ਕਿ ਆਹ ਕਾਂਗਰਸ ਕੋਲ ਸਿਰਫ਼ ਇੱਕ ਨਰੈਣ ਐ, ਉਹ ਹੈ ‘ਨਗਦ ਨਰੈਣ।’ ਚੇਤੇ ਆਇਆ, ਆਹ ਚੋਣਾਂ ਮੌਕੇ ਨਗਦ ਨਰੈਣ ਵੀ ਆਪਣੀ ਕਲਾ ਦਿਖਾਏਗਾ।

        ਮਿਹਰ ਮਿੱਤਲ ਵਰਿ੍ਹਆਂ ਪੁਰਾਣੀ ਫ਼ਿਲਮ ’ਚ  ਹੋਕਾ ਦੇ ਗਿਆ ਸੀ,‘ ਭਰਾਵੋ! ਤੁਸੀਂ ਕੀਮਤੀ ਵੋਟ ਦੇ ਮਾਲਕ ਹੋ, ਲੁੱਚਿਆ ਲਫ਼ੰਗਿਆਂ ਤੋਂ ਬਚ ਕੇ ਵੋਟ ਪਾਇਓ, ਵੋਟਾਂ ਵੇਲੇ ਇਹ ਗਧੇ ਨੂੰ ਵੀ ਬਾਪ ਬਣਾ ਲੈਂਦੇ ਨੇ, ਤੁਸੀਂ ਤਾਂ ਫਿਰ ਵੀ ਬੰਦੇ ਹੋ, ਲੱਗਦੇ ਬੜੇ ਚੰਗੇ ਹੋ।’ ਜੋ ਜਾਗਿਆ, ਉਹੀ ਸਿਆਣਾ। ਜੋ ਪੈਸੇ ਤੇ ਸ਼ਰਾਬ ਦੇ ਲਾਲਚ ’ਚ ਆ ਜਾਂਦੇ ਹਨ, ਉਨ੍ਹਾਂ ਨੂੰ ਮਗਰੋਂ ਹੇਕ ਲਾਉਣੀ ਪੈਂਦੀ ਹੈ, ‘ਲੁੱਟੀ ਹੀਰ ਵੇ ਫ਼ਕੀਰ ਦੀ..। ਚੋਣਾਂ ਮੌਕੇ ਕਈ ਡੱਬੂ ਪ੍ਰਕਾਸ਼ ਵੀ ਆਉਣਗੇ, ਫ਼ਿਰਕੂ ਛਿੱਟਾ ਦੇ ਕੇ ਫੇਰ ਕੰਧ ’ਤੇ ਜਾ ਬਹਿਣਗੇ। ਚੋਰ ਦੋ ਤਰ੍ਹਾਂ ਦੇ ਹੁੰਦੇ ਹਨ, ਇੱਕ ਸੁੱਤਿਆਂ ਨੂੰ ਲੁੱਟਣ ਵਾਲੇ, ਦੂਜੇ ਜਾਗਦਿਆਂ ਨੂੰ ਲੁੱਟਣ ਵਾਲੇ। ਦੂਜੀ ਵੰਨਗੀ ਤੋਂ ਬਚਣ ਲਈ ਹੈਲਮਟ ਪਾ ਕੇ ਰੱਖਿਆ ਕਰੋ।

        ਕ੍ਰਾਂਤੀਵੀਰ ਫ਼ਿਲਮ ’ਚ ਨਾਨਾ ਪਾਟੇਕਰ ਸੱਚ ਫ਼ਰਮਾ ਰਿਹਾ ਹੈ, ‘ਆਪਕੋ ਗ਼ੁਲਾਮੀ ਕਰਨੇ ਕੀ ਆਦਤ ਪੜ੍ਹ ਗਈ ਹੈ, ਪਹਿਲੇ ਅੰਗਰੇਜ਼ੋਂ ਕੀ ਗ਼ੁਲਾਮੀ ਕਰਤੇ ਰਹੇ, ਅਬ ਨੇਤਾਓਂ ਕੀ।’ ਖ਼ੈਰ ਪੰਜਾਬੀਆਂ ਦੀ ਮਸੀਤ ਵੱਖਰੀ ਹੈ ਜਿੱਥੇ ਅੰਮ੍ਰਿਤਾ ਪ੍ਰੀਤਮ ਹੂਕ ਲਾ ਰਹੀ ਹੈ, ‘ਕਿੱਕਰਾਂ ਵੇ ਕੰਡਿਆਲਿਆ! ਉੱਤੋਂ ਚੜ੍ਹਿਆ ਪੋਹ। ਹੱਕ ਜਿਨ੍ਹਾਂ ਦੇ ਆਪਣੇ, ਆਪੇ ਲੈਣਗੇ ਖੋਹ।’

(24 ਮਈ 2024)