Friday, May 24, 2024

                                 ਆਏ ਦਿਨ ਨਰੈਣ ਦੇ..!         
                                                        ਚਰਨਜੀਤ ਭੁੱਲਰ 

ਚੰਡੀਗੜ੍ਹ : ਬੱਸ ਆਹ ਚੰਦ ਦਿਨਾਂ ਦੀ ਖੇਡ ਹੈ, ਤੁਸਾਂ ਕੋਲ ਆਉਣਗੇ। ਪੈਰ ਜੁੱਤੀ ਨਹੀਂ ਪਾਉਣਗੇ। ਸੁਪਨਿਆਂ ਦੀ ਚਾਦਰ ਵਿਛਾਉਣਗੇ। ਬਣ ਫ਼ਰਿਆਦੀ, ਤੁਹਾਡੇ ਚਰਨਾਂ ਦੀ ਧੂੜ ਨੂੰ ਮੱਥੇ ਨਾਲ ਲਾਉਣਗੇ। ਕੋਈ ਪੰਥ ਬਚਾਏਗਾ, ਕੋਈ ਰੰਗਲਾ ਬਣਾਏਗਾ, ਕੋਈ ਆਸਮਾਨੋਂ ਤਾਰੇ ਲਾਹੇਗਾ। ਇੰਜ ਵੋਟਰ ਮਹਾਨ ਬਣ ਜਾਏਗਾ ਪਰ ਉਸ ਨੂੰ ਸਮਝ ਨਹੀਂ ਆਏਗਾ ਜਦੋਂ ਕੀੜੀ ਦੇ ਘਰ ਨਰੈਣ ਪੈਰ ਪਾਏਗਾ। ਧੰਨਭਾਗ ਅਸਾਡੇ! ਆਖ ਇੱਕ ਦਿਨ ਦਾ ਵੋਟਰ ਬਾਦਸ਼ਾਹ ਮੰਜਾ ਡਾਹੇਗਾ। ਉਪਰੋਂ ਯਮਲਾ ਜੱਟ ਫ਼ਰਮਾਏਗਾ, ‘ਜਗਤੇ ਨੂੰ ਛੱਡ ਕੇ ਤੂੰ ਭਗਤੇ ਨੂੰ ਕਰ ਲੈ, ਜਿਨ੍ਹ ਤੇਰਾ ਹੋਣਾ ਏ ਸਹਾਈ।’

       ‘ਜੇ ਦਿਨ ਹੋਵਣ ਪੱਧਰੇ, ਭੁੱਜੇ ਉੱਗਣ ਮੋਠ’। ਨਾ ਜਗਤਾ ਕੰਮ ਆਇਆ ਤੇ ਨਾ ਭਗਤਾ। ਹੱਥ, ਰੱਬ ਨੇ ਚੋਣਾਂ ਮੌਕੇ ਜੋੜਨ ਲਈ ਦਿੱਤੇ ਨੇ। ਫੈਵੀਕੋਲ ਵਾਲੇ ਹੈਰਾਨ ਹੋਣਗੇ ਕਿ ਹੱਥ ਜੋੜਨ ਦਾ ਠੇਕਾ ਸਿਆਸੀ ਲਾਟਾਂ ਨੇ ਹੀ ਲਿਐ। ਨਾਲੇ ਨੇਤਾ ਜੀ ਨੇ ਗੋਡੇ ਐਵੇਂ ਨਹੀਂ ਬਦਲਾਏ, ਚੋਣਾਂ ਵਿਚ ਖੜ੍ਹਾ ਹੋਣਾ ਸੀ ਤਾਂ ਬਦਲਾਏ ਨੇ। ਇਨ੍ਹਾਂ ਨੂੰ ਕੁਰਸੀ ਦੀ ਲਤ ਲੱਗੀ ਐ, ਤਾਹੀਂ ਰਾਈ ਦੇ ਪਹਾੜ ਬਣਾਉਣਗੇ, ਗੰਜਿਆਂ ਨੂੰ ਕੰਘੀਆਂ ਵੰਡ, ਹੀਰੇ ਪਤਾਲ ਵਿੱਚੋਂ ਕੱਢ ਲਿਆਉਣਗੇ। ਸਿੱਧੀ ਉਂਗਲ ਘਿਓ ਨਾ ਨਿਕਲਿਆ ਤਾਂ ਫਿਰ ਡਰਾਉਣਗੇ। ਸਿਆਸੀ ਨਰੈਣ ਵਾਅਦਿਆਂ ਦੀ ਤਿਲ ਚੌਲੀ ਪਾ, ਕੀੜੀਆਂ ਨੂੰ ਭਰਮਾਉਣਗੇ।

       ਕਾਮਰੇਡ ਕਾਰਲ ਮਾਰਕਸ ਕਿਤੇ ਅੱਜ ਜਿਊਂਦਾ ਹੁੰਦਾ ਤਾਂ ਉਸ ਨੇ ਨਵਾਂ ਨਾਅਰਾ ਦੇਣਾ ਸੀ, ‘ਦੁਨੀਆ ਭਰ ਦਿਓ ਕੀੜਿਓ, ਇੱਕ ਹੋ ਜਾਓ।’ ਸਫ਼ਰ ਵੇਲੇ ਮੋਟਰ ਤੇ ਚੋਣ ਵੇਲੇ ਵੋਟਰ ਹੀ ਕੰਮ ਆਉਂਦੇ ਨੇ। ਤਪੇ ਤੰਦੂਰ ’ਤੇ ਦੋ ਚਾਰ ਸਿਆਸੀ ਫੁਲਕੇ ਲਾਹੁਣੇ ਹੋਣ ਤਾਂ ਨਰੈਣ ਕੀੜੀਆਂ ਦੇ ਵਿਹੜੇ ਹੇਕਾਂ ਲਾਉਂਦੇ ਨੇ ‘ਤੁਝਮੇਂ ਰੱਬ ਦਿਖਤਾ ਹੈ...।’ ਉੱਲੂ ਅਜਿਹਾ ਸਾਊ ਜਾਨਵਰ ਐ, ਜਿਸ ਨੂੰ ਦਿਨੇ ਨਹੀਂ ਦਿੱਖਦਾ, ਸ਼ਾਇਦ ਇਸੇ ਕਰਕੇ ਜਨਤਾ ਨੂੰ ਉੱਲੂ ਬਣਾਇਆ ਜਾਂਦਾ ਹੈ। ਅਸਲ ’ਚ ਸਿਆਸਤ ਹੁਣ ਧੰਦਾ ਬਣ ਗਈ ਹੈ ਅਤੇ ਇਹ ਨੇਤਾਵਾਂ ਦੀ ਰਖੇਲ ਤੋਂ ਵੱਧ ਕੁਝ ਵੀ ਨਹੀਂ। ਰੰਗ ਬਰੰਗੇ ਨੇਤਾ ਆਪੋ ਆਪਣੇ ਜੌਂਗਾ ਲੈ ਆਉਣਗੇ, ਭੋਂਪੂ ਵਜਾਉਣਗੇ, ਗੁਮਾਸ਼ਤੇ ਗਾਉਣਗੇ, ‘ਆਜਾ ਮੇਰੀ ਗਾੜੀ ਮੇਂ ਬੈਠ ਜਾ।’ ਇੰਜ ਹੀ ਤਿਕੜਮ ਦਾਸ  ਦਾਅ ਲਾ ਕੇ ਔਹ ਜਾਣਗੇ।

         ਨਵੀਂ ਸਰਕਾਰ ਸਜਦੀ ਹੈ। ਆਵੇ ਦਾ ਖੋਤਾ, ਆਵੇ ਕੋਲ ਮੁੜ ਆ ਖਲੋਂਦਾ ਹੈ। ਪੰਜ ਸਾਲ ਫਿਰ ਤੰਗੀਆਂ ਨਾਲ ਘੁਲਦੈ। ਅਮਰਿੰਦਰ ਗਿੱਲ ਸੱਚ ਬਿਆਨ ਰਿਹਾ ਹੈ,‘ ਜੇ ਸਰਕਾਰਾਂ ਚੰਗੀਆਂ ਹੁੰਦੀਆਂ, ਕਿਸੇ ਦੇ ਘਰ ਨਾ ਤੰਗੀਆਂ ਹੁੰਦੀਆਂ।’ ਚੋਣਾਂ ’ਚ ਇੱਕ ਬੰਨੇ ਸ਼ਰੀਫ਼ਗੜ੍ਹ ਹੁੰਦਾ ਹੈ ਜਿਸ ਨੇ ਚੁਣਨਾ ਹੁੰਦਾ ਹੈ ਲੁਟੇਰਗੜ੍ਹ ਦੇ ਬਾਸ਼ਿੰਦਿਆਂ ’ਚੋਂ ਕਿਸੇ ਇੱਕ ਨੂੰ। ਇੱਕ ਚੋਣ ਜਲਸੇ ਚੋਂ ਆਵਾਜ਼ ਆਈ, ਔਰਤਾਂ ਨੂੰ ਹਜ਼ਾਰ ਰੁਪਿਆ ਕਦੋਂ ਮਿਲੂ! ਸਟੇਜ ਤੋਂ ਮਹਿਲਾ ਨੇਤਾ ਨੇ ਜੁਆਬ ਦਿੱਤਾ, ਸਬਰ ਰੱਖੋ! ਸਹਿਜ ਪੱਕੇ ਸੋ ਮੀਠਾ ਹੋਏ। ਪੰਡਾਲ ’ਚੋਂ ਕੋਈ ਬੋਲਿਆ, ਬੀਬੀ ਜੀ! ਖੰਡ ਤਾਂ ਚਾਲੀ ਰੁਪਏ ਕਿਲੋ ਹੋ ਗਈ, ਮਿੱਠਾ ਕਾਹਦੇ ਨਾਲ ਹੋਜੂ।

        ਨੇਤਾਗਿਰੀ ਸੌਖਾ ਧੰਦਾ ਨਹੀਂ, ਪਾਪੜ ਵੇਲਣੇ ਪੈਂਦੇ ਨੇ, ਬਾਂਹਾਂ ਦੁਖਣ ਲੱਗ ਜਾਂਦੀਆਂ ਨੇ। ਪੰਜਾਬ ਦੇ ਚੋਣ ਅਖਾੜੇ ’ਚ ਦੇਖੋ, ਕੀੜੀਆਂ ਸੁਆਦ ਲੈ ਰਹੀਆਂ ਨੇ, ਨਰੈਣ ਉਂਗਲੀ ’ਤੇ ਨੱਚ ਰਹੇ ਹਨ। ਔਹ ਦੇਖੋ ਮੰਤਰੀ ਕੁਲਦੀਪ ਧਾਲੀਵਾਲ ਕਿਵੇਂ ਅੰਮ੍ਰਿਤਸਰ ’ਚ ਸਮੋਸੇ ਤਲ ਰਿਹਾ ਹੈ। ਗੁਰਜੀਤ ਔਜਲਾ ਭਲਵਾਨਾਂ ਦੇ ਅਖਾੜੇ ’ਚ ਮਨ ਪਰਚਾ ਰਿਹਾ ਹੈ। ਤੁਸੀਂ ਹੁਕਮ ਤਾਂ ਛੱਡੋ, ਔਹ ਦੇਖੇ, ਆਪਣਾ ਭੰਗੜਚੀ ਚਰਨਜੀਤ ਚੰਨੀ ਕਿਵੇਂ ਭੰਗੜਾ ਪਾ ਰਿਹਾ ਹੈ। ਬਠਿੰਡਾ-ਮਾਨਸਾ ’ਚ ਬੀਬੀ ਬਾਦਲ ਪੇਂਡੂ ਬੀਬੀਆਂ ਨੂੰ ਜੱਫੀ ’ਤੇ ਜੱਫੀ ਪਾ ਰਹੀ ਹੈ। ਦੱਸਦੇ ਨੇ, ਚੁੰਨੀਆਂ ਵੀ ਵਟਾ ਰਹੀ ਹੈ। ਵਿਹੜੇ ਵਾਲੀਆਂ ਬੀਬੀਆਂ ਦਾ ਬੀਬੀ ਬਾਦਲ ਨੂੰ ਅੰਤਾਂ ਦਾ ਮੋਹ ਆ ਰਿਹਾ ਹੈ।ਸਿੱਧੂਆਂ ਦਾ ਮੁੰਡਾ ਜੀਤ ਮਹਿੰਦਰ, ਬਠਿੰਡਾ ਦੇ ਰੋਜ਼ ਗਾਰਡਨ ’ਚ ਦੇਖੋ ਕਿਵੇਂ ਗਿੱਧਾ ਪਾ ਰਿਹਾ ਹੈ। 

        ਮੌਜ ਫਰੀਦਕੋਟੀਆਂ ਨੂੰ ਲੱਗੀ ਹੈ, ਦਿਲ ਕਰਦੈ ਤਾਂ ਹੰਸ ਰਾਜ ਹੰਸ ਤੋਂ ਗਾਣਾ ਸੁਣ ਲੈਂਦੇ ਨੇ, ਅਕੇਵਾਂ ਮਹਿਸੂਸ ਕਰਨ ਤਾਂ ਕਰਮਜੀਤ ਅਨਮੋਲ ਨੂੰ ਆਖਦੇ ਨੇ, ਕਾਕਾ! ਗਾਣਾ ਸੁਣਾ। ਰਾਜਾ ਵੜਿੰਗ ਕਿਤੇ ਗਊਆਂ ਨੂੰ ਚਾਰਾ ਪਾ ਰਿਹੈ ਕਿ ਕਿਤੇ ਵਾਲੀਬਾਲ ਦਾ ਮੈਚ ਲਾ ਰਿਹੈ।  ਚੋਣਾਂ ਵੇਲੇ ਨੇਤਾ ਦਾਸਾਂ ਨੂੰ ਕੁਝ ਵੀ ਹੁਕਮ ਕਰੋ, ਝੱਟ ਵਿਛ ਜਾਣਗੇ। ਜੋ ਕਹੋਗੇ, ਉਹੀ ਕਰਨਗੇ, ਠੀਕ ਜਿਵੇਂ ਫ਼ਿਰੋਜ਼ ਖ਼ਾਨ ਆਖ ਰਿਹਾ ਹੈ, ‘ਜੋ ਤੁਮਕੋ ਹੋ ਪਸੰਦ, ਵੋਹੀ ਬਾਤ ਕਰੇਂਗੇ।

        ਅਜਨਾਲੇ ’ਚ ਸੰਧੂ ਸਮੁੰਦਰੀ ਕਿਸੇ ਦਲਿਤ ਦੇ ਘਰ ਗਿਆ, ਖਾਣਾ ਖਾ ਕੇ ਆਖਣ ਲੱਗਾ, ਬੀਬੀ ਟੀਂਡੇ ਬੜੇ ਸੁਆਦ ਨੇ। ‘ਹੋਵੇ ਮਨਜ਼ੂਰ ਇਨ੍ਹਾਂ ਸੇਵਕਾਂ ਦੀ ਸੇਵਾ।’ ਕੋਈ ਨੇਤਾ ਗ਼ਰੀਬ ਕਿਸਾਨ ਦੇ ਘਰ ਗਿਆ। ਕਿਸਾਨ ਨੇ ਅੱਗਿਓਂ ਸੁਲ੍ਹਾ ਮਾਰੀ, ‘ਚਾਹ ਪਾਣੀ, ਪਰਸ਼ਾਦਾ ਪਾਣੀ ਛਕੋਗੇ’, ਨੇਤਾ ਬੇਸ਼ਰਮ ਮੱਲ ਫ਼ਰਮਾਏ, ‘ਤੁਹਾਡੀਆਂ ਦੋਨਾਂ ਮੰਗਾਂ ਪ੍ਰਵਾਨ।’ ਦੱਸਦੇ ਹਨ ਕਿ ਸ਼ਰਮ ਦਾ ਸਬੰਧ ਮੰਨਣ ਨਾਲ ਹੈ। ਪੰਜਾਬ ਦੇ ਲੋਕਾਂ ਲਈ ਸਭ ਨੇਤਾ ਉਸ ਫੰਡਰ ਮੱਝ ਵਰਗੇ ਨੇ, ਜਿਹੜੀ ਕਦੇ ਸੂਈ ਹੀ ਨਹੀਂ। ਚੋਣਾਂ ਦੇ ਦਿਨਾਂ ’ਚ ਨੇਤਾਵਾਂ ਨੂੰ ਦੇਖ ਮੰਗਤੇ ਵੀ ਕੰਮ ਛੱਡ ਜਾਂਦੇ ਹਨ ਕਿ ਚਲੋ ਭਾਈ! ਹੁਣ ਸਾਡੇ ਉਸਤਾਦ ਆਗੇ।

         ਨੇਤਾ ਧੂੜਪੱਟ ਬਠਿੰਡਵੀਂ ਵੋਟਾਂ ਆਲੇ ਵਸਤਰ ਚੋਣਾਂ ਮੌਕੇ ਕੱਢਦੇ ਨੇ।  ਕੱਲੀ ਕੱਲੀ ਕੀੜੀ ਨੂੰ ਰਡਾਰ ’ਤੇ ਰੱਖਦੇ ਨੇ। ਅੱਜ ਕੱਲ੍ਹ ਨੇਤਾਵਾਂ ਨੇ ਲੋਕਾਂ ਵਾਸਤੇ ਜੱਫੀਆਂ ਦੀ ਧਮਾਕੇਦਾਰ ਸੇਲ ਲਾਈ ਹੋਈ ਹੈ। ਜਗਜੀਤ ਸਿੰਘ ਸੁਰ ਲਾ ਰਹੇ ਨੇ, ‘ਤੁਮਕੋ ਦੇਖਾ ਤੋ ਯੇ ਖ਼ਿਆਲ ਆਇਆ..।’ ਕੇਰਾਂ ਨੇਤਾ ਤੁਲਸੀ ਬਹੁਰੂਪੀਆ ਪੇਂਡੂ ਬੀਬੀਆਂ ਨੂੰ ਹੱਥ ਜੋੜ ਆਖਣ ਲੱਗਾ, ਭੈਣੋ! ਖ਼ਿਆਲ ਰੱਖਣਾ, ਮੇਰੇ ਹੱਥ ਮਜ਼ਬੂਤ ਕਰਨਾ। ਅੱਗਿਓਂ ਇੱਕ ਅੱਖੜ ਬੀਬੀ ਤੋਂ ਰਿਹਾ ਨਾ ਗਿਆ, ‘ਕਿਉਂ ਕਰੀਏ ਹੱਥ ਮਜ਼ਬੂਤ, ਅਸੀਂ ਕਿਹੜਾ ਬਨੇਰੇ ਲਪਾਉਣੇ ਨੇ ਤੈਥੋਂ।’ ਚੋਣਾਂ ਦਾ ਮੇਲਾ ਜਿਉਂ ਹੀ ਖ਼ਤਮ ਹੁੰਦਾ ਹੈ ਤਾਂ ਫਿਰ ਲੋਕਾਂ ਪੱਲੇ ਇਹ ਗਾਣਾ ਹੀ ਬੱਚਦੈ, ‘ਕਿਹੜੀ ਗੱਲੋਂ ਸਾਡੇ ਕੋਲੋਂ ਦੂਰ ਦੂਰ ਰਹਿੰਦੇ ਹੋ..।’  ਇਵੇਂ ਹੋਣੀ ਸੀ, ਕੀ ਦੋਸ਼ ਨਣਦ ਨੂੰ ਦੇਵਾਂ।

         ਐਮਰਜੈਂਸੀ ਮਗਰੋਂ ਚੋਣਾਂ ਮੌਕੇ ਸਮੁੱਚੇ ਦੇਸ਼ ’ਚ ਤਿੰਨ ਨਰੈਣਾਂ ਦੀ ਗੂੰਜ ਪਈ। ਕਰਨੈਲ ਪਾਰਸ ਨੇ ਉਦੋਂ ਇੰਜ ਕਲਮ ਵਾਹੀ, ‘ਤਿੰਨ ਤਿੰਨ ਲੱਗੇ ਨਰੈਣ, ਮਗਰ ਇੰਦਰਾ ਦੇ, ਦੇਖੋ ਬੀਬੀ ਕਿੱਦਾਂ ਜਾਨ ਛਡਾਉਂਦੀ ਏ।’ ਉਨ੍ਹਾਂ ਸਮਿਆਂ ’ਚ ਜਨਤਾ ਪਾਰਟੀ ਦੇ ਚੋਣ ਜਲਸੇ ਹੁੰਦੇ, ਜਿਨ੍ਹਾਂ ’ਚ ਨੇਤਾ ਮਾਣ ਨਾਲ ਆਖਦੇ ਕਿ ਸਾਡੇ ਕੋਲ ਤਿੰਨ ਨਰੈਣ ਨੇ, ਜੈ ਪ੍ਰਕਾਸ਼ ਨਰੈਣ, ਜਗਤ ਨਰੈਣ ਤੇ ਰਾਜ ਨਰੈਣ। ਜਨਤਾ ਦਲੀਏ ਮੌਜੂ ਉਡਾਉਂਦੇ ਆਖਦੇ ਕਿ ਆਹ ਕਾਂਗਰਸ ਕੋਲ ਸਿਰਫ਼ ਇੱਕ ਨਰੈਣ ਐ, ਉਹ ਹੈ ‘ਨਗਦ ਨਰੈਣ।’ ਚੇਤੇ ਆਇਆ, ਆਹ ਚੋਣਾਂ ਮੌਕੇ ਨਗਦ ਨਰੈਣ ਵੀ ਆਪਣੀ ਕਲਾ ਦਿਖਾਏਗਾ।

        ਮਿਹਰ ਮਿੱਤਲ ਵਰਿ੍ਹਆਂ ਪੁਰਾਣੀ ਫ਼ਿਲਮ ’ਚ  ਹੋਕਾ ਦੇ ਗਿਆ ਸੀ,‘ ਭਰਾਵੋ! ਤੁਸੀਂ ਕੀਮਤੀ ਵੋਟ ਦੇ ਮਾਲਕ ਹੋ, ਲੁੱਚਿਆ ਲਫ਼ੰਗਿਆਂ ਤੋਂ ਬਚ ਕੇ ਵੋਟ ਪਾਇਓ, ਵੋਟਾਂ ਵੇਲੇ ਇਹ ਗਧੇ ਨੂੰ ਵੀ ਬਾਪ ਬਣਾ ਲੈਂਦੇ ਨੇ, ਤੁਸੀਂ ਤਾਂ ਫਿਰ ਵੀ ਬੰਦੇ ਹੋ, ਲੱਗਦੇ ਬੜੇ ਚੰਗੇ ਹੋ।’ ਜੋ ਜਾਗਿਆ, ਉਹੀ ਸਿਆਣਾ। ਜੋ ਪੈਸੇ ਤੇ ਸ਼ਰਾਬ ਦੇ ਲਾਲਚ ’ਚ ਆ ਜਾਂਦੇ ਹਨ, ਉਨ੍ਹਾਂ ਨੂੰ ਮਗਰੋਂ ਹੇਕ ਲਾਉਣੀ ਪੈਂਦੀ ਹੈ, ‘ਲੁੱਟੀ ਹੀਰ ਵੇ ਫ਼ਕੀਰ ਦੀ..। ਚੋਣਾਂ ਮੌਕੇ ਕਈ ਡੱਬੂ ਪ੍ਰਕਾਸ਼ ਵੀ ਆਉਣਗੇ, ਫ਼ਿਰਕੂ ਛਿੱਟਾ ਦੇ ਕੇ ਫੇਰ ਕੰਧ ’ਤੇ ਜਾ ਬਹਿਣਗੇ। ਚੋਰ ਦੋ ਤਰ੍ਹਾਂ ਦੇ ਹੁੰਦੇ ਹਨ, ਇੱਕ ਸੁੱਤਿਆਂ ਨੂੰ ਲੁੱਟਣ ਵਾਲੇ, ਦੂਜੇ ਜਾਗਦਿਆਂ ਨੂੰ ਲੁੱਟਣ ਵਾਲੇ। ਦੂਜੀ ਵੰਨਗੀ ਤੋਂ ਬਚਣ ਲਈ ਹੈਲਮਟ ਪਾ ਕੇ ਰੱਖਿਆ ਕਰੋ।

        ਕ੍ਰਾਂਤੀਵੀਰ ਫ਼ਿਲਮ ’ਚ ਨਾਨਾ ਪਾਟੇਕਰ ਸੱਚ ਫ਼ਰਮਾ ਰਿਹਾ ਹੈ, ‘ਆਪਕੋ ਗ਼ੁਲਾਮੀ ਕਰਨੇ ਕੀ ਆਦਤ ਪੜ੍ਹ ਗਈ ਹੈ, ਪਹਿਲੇ ਅੰਗਰੇਜ਼ੋਂ ਕੀ ਗ਼ੁਲਾਮੀ ਕਰਤੇ ਰਹੇ, ਅਬ ਨੇਤਾਓਂ ਕੀ।’ ਖ਼ੈਰ ਪੰਜਾਬੀਆਂ ਦੀ ਮਸੀਤ ਵੱਖਰੀ ਹੈ ਜਿੱਥੇ ਅੰਮ੍ਰਿਤਾ ਪ੍ਰੀਤਮ ਹੂਕ ਲਾ ਰਹੀ ਹੈ, ‘ਕਿੱਕਰਾਂ ਵੇ ਕੰਡਿਆਲਿਆ! ਉੱਤੋਂ ਚੜ੍ਹਿਆ ਪੋਹ। ਹੱਕ ਜਿਨ੍ਹਾਂ ਦੇ ਆਪਣੇ, ਆਪੇ ਲੈਣਗੇ ਖੋਹ।’

(24 ਮਈ 2024)


No comments:

Post a Comment