Tuesday, May 14, 2024

                                                       ਚੋਣ ਮਸ਼ਕਰੀ
                                         ਸਾਹਬ ਦਾ ਤੇਲ, ਬਿੱਟੂ ਦੀ ਝੋਲੀ !
                                                       ਚਰਨਜੀਤ ਭੁੱਲਰ 

ਚੰਡੀਗੜ੍ਹ : ਲਓ ਜੀ ! ਸਰਕਾਰ ਦੇ ਘਰੋਂ ਮੁਫ਼ਤ ਤੇਲ ਮਿਲਦਾ ਹੋਵੇ, ਭਾਂਡਾ ਕੋਲ ਨਾ ਵੀ ਹੋਵੇ ਤਾਂ ਝੋਲੀ ’ਚ ਪੁਆ ਲੈਣਾ ਚਾਹੀਦਾ ਹੈ। ਇਹੋ ਲੱਖਣ ਭਾਜਪਾ ਆਲੇ ਰਵਨੀਤ ਬਿੱਟੂ ਨੇ ਲਾਇਆ। ਕਈ ਵਰ੍ਹੇ ਪੁਰਾਣੀ ਗੱਲ ਹੈ ਕਿ ਸਰਕਾਰ ਨੇ ‘ਕੋਠੀ ਲੈ ਲਓ’ ਦਾ ਹੋਕਾ ਲਾਇਆ, ਇੱਧਰੋਂ ਬਿੱਟੂ ਨੇ ਟਿੰਡ ਫਾਹੁੜੀ ਚੁੱਕ ਕੋਠੀ ’ਚ ਡੇਰਾ ਲਾਇਆ। ਹੁਣ ਭਗਵੰਤ ਮਾਨ ਜ਼ਰੂਰ ਭੁਗਤੇਗਾ ਜਿਸ ਨੇ ਇਸ ਭੱਦਰ ਪੁਰਸ਼ ਨੂੰ ਬੇਘਰ ਕੀਤਾ, ਉੱਪਰੋਂ ਕਰੋੜਾਂ ਦੇ ਜੁਰਮਾਨੇ ਦਾ ਨੋਟਿਸ ਫੜਾਇਆ। ਜਿਊਂਦੇ ਰਹਿਣ ਭਾਜਪਾਈ, ਜਿਨ੍ਹਾਂ ਨੇ ਟੱਪਰੀਵਾਸ ਹੋਏ ਬਿੱਟੂ ਦਾ ਬਿਸਤਰਾ ਆਪਣੇ ਦਫ਼ਤਰ ਵਿੱਚ ਲੁਆਇਆ।ਲੁਧਿਆਣਿਓਂ ਖ਼ਬਰ ਆਈ ਸੀ ਕਿ ਬਿੱਟੂ ਭਾਈ ਸਾਹਬ ਵਰ੍ਹਿਆਂ ਤੋਂ ਸਰਕਾਰੀ ਕੋਠੀ ਵਿੱਚ ਦਿਨ ਕਟੀ ਕਰ ਰਹੇ ਸਨ। ਐਸੀ ਰੱਬ ਦੀ ‘ਮਾਇਆ’ ਕਿ ਉਹ ਕੋਠੀ ਦਾ ਕਿਰਾਇਆ ਤਾਰਨਾ ਭੁੱਲ ਗਏ। ਅਗਲੇ ਕੋਲ ਪੂਰੀ 5.87 ਕਰੋੜ ਦੀ ਜਾਇਦਾਦ ਹੈ। 

          ਸਰਕਾਰ ਨੇ ਚੋਣਾਂ ਮੌਕੇ ਬਿੱਟੂ ਨੂੰ ਘੇਰ ਲਿਆ। ਅਖੇ, ਪਹਿਲਾਂ 1.84 ਕਰੋੜ ਦਾ ਕਿਰਾਇਆ ਤਾਰੋ, ਫਿਰ ਕਰਨਾ ਕਾਗ਼ਜ਼ ਦਾਖ਼ਲ। ‘ਜੇ ਮੈਂ ਜਾਣਦੀ ਤਿਲਾਂ ਨੇ ਡੁੱਲ੍ਹ ਜਾਣਾ, ਸੰਭਲ ਕੇ ਬੁੱਕ ਭਰਦੀ’। ਬਿੱਟੂ ਨੇ ਸਰਕਾਰ ਦਾ ਭਾਣਾ ਮੰਨ ਰਾਤੋ-ਰਾਤ ਜ਼ਮੀਨ ਗਹਿਣੇ ਕੀਤੀ, ਸਰਕਾਰ ਦਾ ਜੁਰਮਾਨਾ ਤਾਰ ਦਿੱਤਾ। ਰਾਜਾ ਵੜਿੰਗ ਪੁੱਛਦਾ ਪਿਐ ਕਿ ਬਿੱਟੂ ਕੋਲ ਦੋ ਕਰੋੜ ਰਾਤੋ-ਰਾਤ ਕਿੱਥੋਂ ਆਏ। ਕਿਸੇ ਉੱਡਦੇ ਪੰਛੀ ਨੇ ਦੱਸਿਆ ਹੈ ਕਿ ਸ਼ਾਇਦ ਵੜਿੰਗ ਸਾਹਬ ਭੁੱਲ ਗਏ ਹੋਣਗੇ। ਜਦੋਂ ਉਨ੍ਹਾਂ ਬਿੱਟੂ ਨੂੰ ਪਿਛਲੇ ਦਿਨੀਂ ਜੱਫੀ ਪਾਈ ਸੀ, ਉਦੋਂ ਵੜਿੰਗ ਨੇ ਚੁੱਪ ਚੁਪੀਤੇ ਜ਼ਰੂਰ ਬਿੱਟੂ ਦੀ ਜੇਬ ਵਿੱਚ ਮਾਇਆ ਪਾਈ ਹੋਊ। ਆਖਦੇ ਹਨ ਕਿ ਦੋਸਤ ਉਹ ਜੋ ਮੌਕੇ ’ਤੇ ਕੰਮ ਆਵੇ। ਸੱਚ ਬਿਲਕੁਲ ਕੌੜਤੁੰਮੇ ਵਰਗਾ ਹੁੰਦਾ ਹੈ। ਬਿੱਟੂ ਦਾ ਕੀ ਕਸੂਰ, ਆਪਣੀ ਸਰਕਾਰ ਦੇ ਸਮੇਂ ਤੰਦੂਰ ਤਪਿਆ ਪਿਆ ਸੀ। ਬਿੱਟੂ ਨੇ ਦੋ ਫੁਲਕੇ ਲਾਹ ਲਏ ਤਾਂ ਕੀ ਲੋਹੜਾ ਆ ਗਿਆ।

        ਪਿਆਰੇ ਬਿੱਟੂ ! ਪੈਸਾ ਤਾਂ ਹੱਥਾਂ ਦੀ ਮੈਲ ਹੈ, ਦੋ-ਚਾਰ ਕਰੋੜ ਜੁਰਮਾਨੇ ’ਚ ਚਲੇ ਵੀ ਗਏ, ਚਿੰਤਾ ਨਾ ਕਰਿਓ। ਪੈਸਿਆਂ ਵਾਲਾ ਟੈਂਪੂ ਦਿੱਲੀਓਂ ਚੱਲਿਆ ਹੋਇਐ, ਲੁਧਿਆਣਾ ਬਾਈਪਾਸ ’ਤੇ ਦੋ ਚਾਰ ਗੁੱਟੀਆਂ ਤੁਸੀਂ ਵੀ ਉਤਾਰ ਲੈਣਾ। ਵੜਿੰਗ ਵੀ ਆਪਣੇ-ਆਪ ਨੂੰ ਰਾਜਾ ਸਮਝਦੇ ਨੇ, ਬਿੱਟੂ ਨੂੰ ਰੰਕ। ਭਲਿਆ ਲੋਕਾ, ਇੱਕ ਗੱਲ ਪੱਲੇ ਬੰਨ੍ਹ, ‘ਕਦੇ ਦਾਦੇ ਦੀਆਂ ਕਦੇ ਪੋਤੇ ਦੀਆਂ।’ ਦਾਦੇ ਤੋਂ ਯਾਦ ਆਇਆ ਕਿ ਆਪਣੇ ਬਿੱਟੂ ਦੇ ਅਸੂਲ ਵੀ ਸ਼ੁੱਧ ਸਟੀਲ ਦੇ ਨੇ, ਜਿਹੜਾ ਕਾਗ਼ਜ਼ ਦਾਖ਼ਲ ਕਰਨ ਵੇਲੇ ਆਪਣੇ ਦਾਦੇ ਦੀ ਅੰਬੈਸਡਰ ਗੱਡੀ ਲਿਜਾਣਾ ਨਹੀਂ ਭੁੱਲਿਆ। ਕਦਰਦਾਨੋ! ਦੇਖਿਆ ਤੁਸਾਂ ਦੇ ਸਕੇ ਪੁੱਤ ਬਿੱਟੂ ਨੇ ਲੋਕ ਸੇਵਾ ਖ਼ਾਤਰ ਜ਼ਮੀਨ ਤੱਕ ਗਹਿਣੇ ਕਰ ਦਿੱਤੀ ਹੈ।

       ਅਮੀਰ ਦੀ ਜੇਬ ’ਚੋਂ ਪੈਸਾ, ਗ਼ਰੀਬ ਦੀ ਜੇਬ ’ਚੋਂ ਵੋਟ ਕਿਵੇਂ ਖਿੱਚਣੀ ਹੈ, ਇਹ ਗੁਰ ਕੋਈ ਸਿਆਸਤਦਾਨਾਂ ਤੋਂ ਸਿੱਖੇ। ਹੁਣ ਭਾਜਪਾ ਦਫ਼ਤਰ ਵਿੱਚ ਬਿੱਟੂ ਨੂੰ ਰਾਤਾਂ ਕੱਟਣੀਆਂ ਪੈ ਰਹੀਆਂ ਨੇ। ਬਿੱਟੂ ਤਾਂ ਘਰ ਫੂਕ ਕੇ ਤਮਾਸ਼ਾ ਦੇਖ ਰਿਹਾ ਹੈ, ਲੋਕ ਸੇਵਾ ਦੇ ਜਨੂੰਨ ’ਚ ਭਾਜਪਾ ਦੇ ਘਰ ਤੱਕ ਚਲਾ ਗਿਆ ਹੈ। ਜੇ ਜਿੱਤ ਗਿਆ, ਲੋਕ ਬਿੱਟੂ ਨੂੰ ਉਵੇਂ ਯਾਦ ਕਰਨਗੇ ਜਿਵੇਂ ਸਾਹਿਰ ਲੁਧਿਆਣਵੀਂ ਨੂੰ ਕਰਦੇ ਨੇ।

No comments:

Post a Comment