Wednesday, May 22, 2024

                                                       ਸਿਆਸੀ ਕਰਵਟ
                                     ਜਿੱਧਰ ਗਈਆਂ ਬੇੜੀਆਂ..!
                                                        ਚਰਨਜੀਤ ਭੁੱਲਰ  

ਚੱਕ ਫ਼ਤਿਹ ਸਿੰਘ ਵਾਲਾ (ਬਠਿੰਡਾ) : ਬਠਿੰਡਾ ਸੰਸਦੀ ਹਲਕੇ ਦਾ ਪਿੰਡ ਚੱਕ ਫ਼ਤਿਹ ਸਿੰਘ ਵਾਲਾ ਮਰਹੂਮ ਪ੍ਰਕਾਸ਼ ਸਿੰਘ ਬਾਦਲ ਦਾ ਸਹੁਰਾ ਪਿੰਡ ਹੈ। ਉਹ ਵੀ ਦਿਨ ਸਨ ਜਦੋਂ ਪੂਰਾ ਪਿੰਡ ਸ਼੍ਰੋਮਣੀ ਅਕਾਲੀ ਦਲ ਦੀ ਤੱਕੜੀ ਵਿੱਚ ਤੁਲਦਾ ਸੀ। ਬੀਬੀ ਸੁਰਿੰਦਰ ਕੌਰ ਬਾਦਲ ਦਾ ਪੇਕਾ ਪਿੰਡ ਹੋਣ ਕਰਕੇ ਸਿਆਸਤ ’ਚ ਇਸ ਪਿੰਡ ਦਾ ਨਾਮ ਬੋਲਦਾ ਸੀ। ਹੁਣ ਪ੍ਰਕਾਸ਼ ਸਿੰਘ ਬਾਦਲ ਅਤੇ ਬੀਬੀ ਸੁਰਿੰਦਰ ਕੌਰ ਬਾਦਲ ਇਸ ਜਹਾਨ ਵਿੱਚ ਨਹੀਂ ਰਹੇ। ਬੀਬੀ ਬਾਦਲ ਦੇ ਦੋ ਭਰਾ ਇੰਦਰਜੀਤ ਸਿੰਘ ਅਤੇ ਗੁਰਪ੍ਰੀਤ ਸਿੰਘ ਵੀ ਫ਼ੌਤ ਹੋ ਚੁੱਕੇ ਹਨ। ਪਿੰਡ ਚੱਕ ਫ਼ਤਿਹ ਸਿੰਘ ਵਾਲਾ ਨੇ ਹੁਣ ਸਿਆਸੀ ਕਰਵਟ ਲਈ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਹੁਣ ਆਪਣੇ ਨਾਨਕੇ ਪਿੰਡ ਪ੍ਰਤੀ ਬਹੁਤਾ ਹੇਜ ਨਹੀਂ ਦਿਖਾਉਂਦੇ। ਜਿਹੜਾ ਪਿੰਡ ਕਦੇ ਅਕਾਲੀ ਦਲ ਤੋਂ ਇੱਕ ਇੰਚ ਪਾਸੇ ਨਹੀਂ ਹੁੰਦਾ ਸੀ, ਅੱਜ ਦੂਸਰੀਆਂ ਧਿਰਾਂ ਦੇ ਲੜ ਲੱਗ ਗਿਆ ਹੈ। 

        ਹਰਸਿਮਰਤ ਕੌਰ ਬਾਦਲ ਨੇ ਬਤੌਰ ਸੰਸਦ ਮੈਂਬਰ ਇਸ ਪਿੰਡ ਨੂੰ ਗੋਦ ਲਿਆ ਸੀ ਜਿਸ ਤਹਿਤ ਇੱਕ ਪਾਰਕ ਤੋਂ ਸਿਵਾਏ ਕੁਝ ਨਹੀਂ ਬਣਾਇਆ। ਪਿੰਡ ਵਿਚ ਕਿਧਰੇ ਵੀ ਕਿਸੇ ਸਿਆਸੀ ਧਿਰ ਦਾ ਕੋਈ ਪੋਸਟਰ ਨਹੀਂ ਲੱਗਿਆ ਹੋਇਆ ਅਤੇ ਨਾ ਹੀ ਕਿਸੇ ਪਾਰਟੀ ਦਾ ਕੋਈ ਝੰਡਾ ਨਜ਼ਰ ਆਇਆ। ਪਿੰਡ ਵਾਸੀ ਅਤੇ ਖੇਤ ਮਜ਼ਦੂਰ ਯੂਨੀਅਨ ਦਾ ਆਗੂ ਬਲਦੇਵ ਸਿੰਘ ਆਖਦਾ ਹੈ ਕਿ ਜਦੋਂ ਤੋਂ ਬਾਦਲ ਸਾਬ੍ਹ ਤੇ ਬੀਬੀ ਬਾਦਲ ਤੁਰ ਗਏ, ਉਸ ਮਗਰੋਂ ਪਿੰਡ ਦੀ ਅਕਾਲੀ ਸਫ਼ਾਂ ’ਤੇ ਸਰਕਾਰੀ ਦਰਬਾਰੇ ਕੋਈ ਬਹੁਤੀ ਪੁੱਛ-ਗਿੱਛ ਨਹੀਂ ਰਹੀ। ਉਹ ਆਖਦੇ ਹਨ ਕਿ ਬੀਬੀ ਬਾਦਲ ਨੇ ਕਦੇ ਪਿੰਡ ਦਾ ਕੋਈ ਕੰਮ ਰੁਕਣ ਨਹੀਂ ਦਿੱਤਾ ਸੀ। ਵੱਡੇ ਬਾਦਲ ਪਿੰਡ ਵਿੱਚ ਸੰਗਤ ਦਰਸ਼ਨ ਵੀ ਕਰਦੇ ਰਹੇ ਹਨ। ਮਾਲੀ ਮੇਜਰ ਸਿੰਘ ਆਖਦਾ ਹੈ ਕਿ ਪਿੰਡ ਦਾ ਰੁਖ਼ ਪਿਛਲੀਆਂ ਚੋਣਾਂ ਵਿਚ ਆਮ ਆਦਮੀ ਪਾਰਟੀ ਵੱਲ ਰਿਹਾ ਹੈ। 

       ‘ਆਪ’ ਦਾ ਵਿਧਾਇਕ ਜਗਸੀਰ ਸਿੰਘ ਵੀ ਇਸੇ ਪਿੰਡ ਦਾ ਵਸਨੀਕ ਹੈ। 2022 ਦੀਆਂ ਚੋਣਾਂ ਵਿਚ ਇਸ ਪਿੰਡ ’ਚੋਂ ‘ਆਪ’ ਦੀ ਵੋਟ ਵਧੀ ਸੀ। ਪਿੰਡ ਦੀ ਸੱਥ ਵਿਚ ਬੈਠੇ ਬਜ਼ੁਰਗਾਂ ਨੇ ਦੱਸਿਆ ਕਿ ਪਹਿਲਾਂ ਇਹ ਪਿੰਡ ਪੰਥਕ ਰਿਹਾ ਹੈ। ਬਜ਼ੁਰਗਾਂ ਨੇ ਬੀਬੀ ਬਾਦਲ ਤੇ ਵੱਡੇ ਬਾਦਲ ਨੂੰ ਯਾਦ ਕਰਦਿਆਂ ਕਿਹਾ ਕਿ ਜਿੱਧਰ ਗਈਆਂ ਬੇੜੀਆਂ, ਉੱਧਰ ਗਏ ਮਲਾਹ। ਬਜ਼ੁਰਗਾਂ ਦਾ ਗਿਲਾ ਸੀ ਕਿ ਸੁਖਬੀਰ ਸਿੰਘ ਬਾਦਲ ਨੇ ਕਦੇ ਮੁੜ ਪਿੰਡ ਨਾਲ ਮੋਹ ਨਹੀਂ ਦਿਖਾਇਆ। ਪ੍ਰਕਾਸ਼ ਸਿੰਘ ਬਾਦਲ ਜਦੋਂ 1977 ਵਿੱਚ ਮੁੱਖ ਮੰਤਰੀ ਬਣੇ ਸਨ ਤਾਂ ਉਨ੍ਹਾਂ ਆਪਣੇ ਸਹੁਰੇ ਪਿੰਡ ਵਿਚ ਫੋਕਲ ਪੁਆਇੰਟ ਬਣਾਇਆ ਸੀ। ਜਦੋਂ ਉਹ ਮੁੜ ਮੁੱਖ ਮੰਤਰੀ ਬਣੇ ਤਾਂ ਪਿੰਡ ਦੇ ਪ੍ਰਾਇਮਰੀ ਸਕੂਲ ਨੂੰ ਥੋੜ੍ਹੇ ਦਿਨਾਂ ਦੇ ਅੰਦਰ ਅੰਦਰ ਸੀਨੀਅਰ ਸੈਕੰਡਰੀ ਸਕੂਲ ਬਣਾ ਦਿੱਤਾ ਸੀ। 

         ਦਿਲਚਸਪ ਗੱਲ ਇਹ ਹੈ ਕਿ ਜਦੋਂ 1998 ਵਿਚ ਪੰਚਾਇਤ ਚੋਣਾਂ ਹੋਈਆਂ ਤਾਂ ਵੱਡੇ ਬਾਦਲ ਨੇ ਆਪਣੇ ਦੋਵੇਂ ਰਿਸ਼ਤੇਦਾਰਾਂ ਨੂੰ ਸਰਪੰਚ ਬਣਾਉਣ ਲਈ ਪਿੰਡ ਚੱਕ ਫ਼ਤਿਹ ਸਿੰਘ ਦੇ ਦੋ ਟੋਟੇ ਕਰ ਦਿੱਤੇ ਸਨ ਅਤੇ ਨਵਾਂ ਪਿੰਡ ਭਾਈ ਹਰਜੋਗਿੰਦਰ ਨਗਰ ਬਣਾ ਦਿੱਤਾ ਸੀ। ਪਿੰਡ ਦੇ ਲੋਕਾਂ ਨੇ ਦੱਸਿਆ ਕਿ ਸੁਖਬੀਰ ਬਾਦਲ ਨੇ ਆਪਣੇ ਰਿਸ਼ਤੇਦਾਰ ਨੂੰ ਮੰਤਰੀ ਬਣਾ ਦਿੱਤਾ ਸੀ ਪਰ ਵੱਡੇ ਬਾਦਲ ਨੇ ਤਾਂ ਆਪਣੇ ਰਿਸ਼ਤੇਦਾਰਾਂ ਨੂੰ ਸਿਆਸਤ ਵਿਚ ਬਹੁਤੇ ਅੱਗੇ ਆਉਣ ਨਹੀਂ ਦਿੱਤਾ ਸੀ। ਇਸ ਪਿੰਡ ਦੀ ਕਰੀਬ ਚਾਰ ਹਜ਼ਾਰ ਵੋਟ ਹੈ। ਪਿੰਡ ਵਾਸੀ ਪੋਹਲਾ ਸਿੰਘ ਆਖਦਾ ਹੈ ਕਿ ਹੁਣ ਤਾਂ ਪਿੰਡ ਦੇ ਲੋਕ ਸਿਆਸੀ ਲੀਡਰਾਂ ਤੋਂ ਅੱਕੇ ਪਏ ਹਨ ਅਤੇ ਹਰ ਲੀਡਰ ਵੋਟਾਂ ਵਾਲੀ ਉੱਨ ਲਾਹੁਣ ਦੀ ਤਾਕ ਵਿਚ ਰਹਿੰਦਾ ਹੈ। ਲੋਕਾਂ ਨੇ ਦੱਸਿਆ ਕਿ ਇਸ ਪਿੰਡ ਵਿਚ ‘ਜ਼ੀਰੋ’ ਬਿੱਲਾਂ ਦਾ ਜ਼ਰੂਰ ਫ਼ਾਇਦਾ ਹੋਇਆ ਹੈ।


No comments:

Post a Comment