Sunday, May 29, 2011

                                                      ਸਾਨੂੰ ਕੀ ਪਤਾ ਪਹਾੜਾਂ ਦਾ
                                                                 ਚਰਨਜੀਤ ਭੁੱਲਰ
ਬਠਿੰਡਾ : ਉਨ੍ਹਾਂ ਲਈ ਛੁੱਟੀਆਂ ਦਾ ਮਤਲਬ ਮਿੱਟੀ ਨਾਲ ਮਿੱਟੀ ਹੋਣਾ ਹੈ। ਜਦੋਂ ਕਦੇ ਛੁੱਟੀ ਆਉਂਦੀ ਹੈ ਤਾਂ ਉਹ ਖੇਤਾਂ ਵੱਲ ਤੁਰਦੇ ਹਨ। ਗਰਮੀਆਂ ਦੀਆਂ ਛੁੱਟੀਆਂ ਚ ਤਾਂ ਉਹ ਇਸੇ ਮਿੱਟੀ ਚੋ ਆਪਣਾ ਭਵਿੱਖ ਤਲਾਸ਼ ਦੇ ਹਨ। ਉਨ੍ਹਾਂ ਦੇ ਭਾਗਾਂ ਵਿਚ ਪਹਾੜਾਂ ਦੀ ਸੈਰ ਕਿਥੇ। ਉਹ ਖੇਤਾਂ ਵਿੱਚ ਕਿਰਤ ਕਰਦੇ ਹਨ ਜਦੋਂ ਕਿ ਸਰਦੇ ਪੁੱਜਦੇ ਘਰਾਂ ਦੇ ਬੱਚੇ ਛੁੱਟੀਆਂ ਚ ਪਹਾੜਾਂ ਦਾ ਲੁਤਫ਼ ਲੈਂਦੇ ਹਨ। ਗਰੀਬ ਘਰਾਂ ਦੇ ਬੱਚੇ ਤਾਂ ਖੇਤਾਂ ਵਿੱਚ ਮਿਹਨਤ ਮਜ਼ਦੂਰੀ ਕਰਕੇ ਆਪਣੇ ਮਾਪਿਆਂ ਦਾ ਸਹਾਰਾ ਬਣਦੇ ਹਨ। ਸਰਕਾਰੀ। ਸਕੂਲਾਂ ਵਿੱਚ ਗਰਮੀ ਦੀਆਂ ਛੁੱਟੀਆਂ ਹੋ ਗਈਆਂ ਹਨ ਅਤੇ ਪੇਂਡੂ ਸਕੂਲੀ ਬੱਚੇ ਆਪਣੇ ਮਾਪਿਆਂ ਦੀ ਮਦਦ ਵਿੱਚ ਜੁਟ ਗਏ ਹਨ। ਉਨ੍ਹਾਂ ਲਈ ਪਹਾੜਾਂ ਦੀ ਸੈਰ ਕੋਈ ਮਾਹਣੇ ਨਹੀਂ ਰੱਖਦੀ। ਘੁੰਮਣਾ ਫਿਰਨਾ ਤਾਂ ਕੇਵਲ ਸਰਦੇ ਪੁੱਜਦੇ ਲੋਕਾਂ ਦੇ ਬੱਚਿਆਂ ਦੇ ਹਿੱਸੇ ਆਇਆ ਹੈ। ਗਰਮੀ ਦੀਆਂ ਛੁੱਟੀਆਂ ਵਿੱਚ ਹੁਣ ਸ਼ਹਿਰੀ ਬੱਚੇ ਪਹਾੜਾਂ 'ਚ ਘੁੰਮਣ ਫਿਰਨ ਜਾ ਰਹੇ ਹਨ ਜਦਕਿ ਦੂਜੇ ਪਾਸੇ ਪੇਂਡੂ ਬੱਚੇ ਖੇਤਾਂ ਵਿੱਚ ਮਿੱਟੀ ਨਾਲ ਮਿੱਟੀ ਹੋ ਰਹੇ ਹਨ। ਮਾਪਿਆਂ ਨੂੰ ਵੀ ਇਹੋ ਲਾਲਚ ਹੈ ਕਿ ਛੁੱਟੀਆਂ ਵਿੱਚ ਬੱਚਿਆਂ ਦਾ ਸਹਾਰਾ ਲੈ ਲਿਆ ਜਾਵੇ। ਪਿੰਡ ਮੁਲਤਾਨੀਆ ਦੇ ਸਰਕਾਰੀ ਸਕੂਲ ਵਿੱਚ ਅੱਠਵੀਂ ਜਮਾਤ  ਵਿੱਚ ਪੜ੍ਹਦਾ ਜਸਵਿੰਦਰ ਸਿੰਘ ਹੁਣ ਬਠਿੰਡਾ-ਬਾਦਲ ਸੜਕ 'ਤੇ ਪਿੰਡ ਨਰੂਆਣਾ ਲਾਗੇ ਸਬਜ਼ੀ ਵੇਚ ਰਿਹਾ ਹੈ। ਉਸ ਦੇ ਮਾਪਿਆਂ ਨੇ ਪਿੰਡ ਨਰੂਆਣਾ ਵਿੱਚ ਸ਼ਬਜੀ ਬੀਜੀ ਹੋਈ ਹੈ। ਉਸ ਨੇ ਦੱਸਿਆ ਕਿ ਉਹ ਛੁੱਟੀਆਂ 'ਚ ਮਾਪਿਆਂ ਦਾ ਹੱਥ ਵਟਾਉਂਦਾ ਹੈ। ਘੁੰਮਣ ਫਿਰਨ ਬਾਰੇ ਪੁੱਛਣ 'ਤੇ ਉਸ ਦਾ ਕਹਿਣਾ ਸੀ ਕਿ 'ਪਹਾੜ' ਕੀ ਦੇਣਗੇ, ਉਹ ਏਥੇ ਹੀ ਠੀਕ ਹਨ।
           ਸ਼ਹਿਰ ਦੀ ਧੋਬੀਆਣਾ ਬਸਤੀ ਦਾ ਗੋਬਿੰਦ ਆਪਣੇ ਮਾਪਿਆਂ ਨਾਲ ਬਾਲਣ ਇਕੱਠਾ ਕਰਾਉਂਦਾ ਹੈ। ਉਸ ਨੇ ਦੱਸਿਆ ਕਿ ਛੁੱਟੀਆਂ ਦੌਰਾਨ ਉਹ ਨਿੱਤ ਸਵੇਰ ਉਠ ਕੇ ਬਾਲਣ ਇਕੱਠਾ ਕਰਨ ਵਾਸਤੇ ਨਿਕਲਦਾ ਹੈ। ਉਸ ਨੇ ਦੱਸਿਆ ਕਿ ਉਹ ਪੂਰਾ ਪੂਰਾ ਦਿਨ ਸੜਕਾਂ 'ਤੇ ਗੁਜ਼ਾਰਦਾ ਹੈ। ਉਸ ਨੂੰ ਜਦੋਂ ਪੁੱਛਿਆ ਕਿ ਛੁੱਟੀਆਂ ਵਿੱਚ ਕਿਤੇ ਘੁੰਮਣ ਨਹੀਂ ਜਾਂਦਾ ਤਾਂ ਭੋਲੇ ਭਾਲੇ ਬੱਚੇ ਨੇ ਏਨਾ ਹੀ ਆਖਿਆ 'ਸਾਰਾ ਦਿਨ ਹੀ ਘੁੰਮਦਾ ਹਾਂ।' ਇਸ ਬਸਤੀ ਦੀ ਪਾਲਾ ਕੌਰ ਆਪਣੇ ਮਾਪਿਆਂ ਦੇ ਇੱਜੜ ਚਾਰਨ ਵਿੱਚ ਮੱਦਦ ਕਰਦੀ ਹੈ। ਉਸ ਦਾ ਕਹਿਣਾ ਸੀ ਕਿ ਛੁੱਟੀਆਂ ਦੌਰਾਨ ਉਸ ਦਾ ਬਾਪ ਦਿਹਾੜੀ ਚਲਾ ਜਾਂਦਾ ਹੈ ਤੇ ਉਹ ਇੱਜੜ ਸਾਂਭਦੀ ਹੈ। ਉਸ ਨੇ ਦੱਸਿਆ ਕਿ ਉਸ ਦੀ ਮਾਂ ਬਿਮਾਰ ਰਹਿੰਦੀ ਹੈ। ਪਿੰਡ ਕੋਟਸ਼ਮੀਰ ਦੇ ਖੇਤਾਂ ਵਿੱਚ ਕੰਮ ਕਰ ਰਹੇ ਦੀਪੇ ਦੇ ਪਿਤਾ ਦਾ ਕਹਿਣਾ ਸੀ ਕਿ ਨਰਮਾ ਮੀਂਹ ਨਾਲ ਕਰੰਡ ਹੋ ਗਿਆ ਹੈ ਅਤੇ ਉਪਰੋਂ ਮੌਸਮ ਦਾ ਕੀ ਪਤਾ ਹੈ। ਉਨ੍ਹਾਂ ਕਿਹਾ ਕਿ ਛੁੱਟੀਆਂ ਤਾਂ ਵੱਡੇ ਲੋਕਾਂ ਦੀਆਂ ਹੁੰਦੀਆਂ ਹਨ। ਪਿੰਡ ਗਹਿਰੀ ਭਾਗੀ ਦੇ ਖੇਤਾਂ ਵਿੱਚ ਦੋ ਭਰਾ ਆਪਣੇ ਪਿਤਾ ਨਾਲ ਕੰਮ ਵਿੱਚ ਜੁਟੇ ਹੋਏ ਸਨ। ਇਨ੍ਹਾਂ ਬੱਚਿਆਂ ਨੇ ਦੱਸਿਆ ਕਿ ਪਹਾੜ ਤਾਂ ਦੂਰ, ਉਹ ਤਾਂ ਬਠਿੰਡਾ ਵੀ ਇੱਕ ਦੋ ਵਾਰ ਹੀ ਗਏ ਹਨ।
ਪਿੰਡ ਜੈ ਸਿੰਘ ਵਾਲਾ ਦੇ ਕਿਸਾਨ ਜੈਬ ਸਿੰਘ ਦਾ ਕਹਿਣਾ ਸੀ ਕਿ ਉਸ ਦਾ ਲੜਕਾ ਛੁੱਟੀਆਂ 'ਚ ਉਸ ਨਾਲ ਹੱਥ ਵਟਾਉਂਦਾ ਹੈ। ਉਸ ਨੇ ਦੱਸਿਆ ਕਿ ਉਨ੍ਹਾਂ ਵਿੱਚ ਏਨਾ ਵਿਤ ਨਹੀਂ ਕਿ ਬੱਚਿਆਂ ਨੂੰ ਘੁੰਮਣ ਫਿਰਨ ਭੇਜ ਦੇਣ। ਉਨ੍ਹਾਂ ਆਖਿਆ ਕਿ ਬੱਚਿਆਂ ਦਾ ਜੀਅ ਤਾਂ ਕਰਦਾ ਹੈ ਪਰ ਘਰਾਂ ਦੀ ਮਜਬੂਰੀ ਇਜਾਜ਼ਤ ਨਹੀਂ ਦਿੰਦੀ ਹੈ।
        'ਪੜ੍ਹੋ ਪੰਜਾਬ' ਦੇ ਜ਼ਿਲ੍ਹਾ ਕੋਆਰਡੀਨੇਟਰ ਹਰਪਾਲ ਸਿੰਘ ਬਾਜਕ ਦਾ ਕਹਿਣਾ ਸੀ ਕਿ ਸਰਕਾਰੀ ਸਕੂਲਾਂ ਵਿੱਚ 70 ਫੀਸਦੀ ਬੱਚੇ ਗਰੀਬ ਪ੍ਰਵਾਰਾਂ ਦੇ ਪੜ੍ਹਦੇ ਹਨ ਜਿਨ੍ਹਾਂ ਵੱਲੋਂ ਛੁੱਟੀਆਂ ਤੋਂ ਬਿਨਾਂ ਵੀ ਸੀਜ਼ਨ ਦੌਰਾਨ ਮਾਪਿਆਂ ਨਾਲ ਖੇਤਾਂ ਵਿੱਚ ਕੰਮ ਕਰਵਾਇਆ ਜਾਂਦਾ ਹੈ ਜਿਸ ਕਾਰਨ ਸਕੂਲਾਂ ਵਿੱਚ ਉਨ੍ਹਾਂ ਦਿਨਾਂ ਵਿੱਚ ਹਾਜ਼ਰੀ ਵੀ ਘੱਟ ਜਾਂਦੀ ਹੈ। ਉਨ੍ਹਾਂ ਆਖਿਆ ਕਿ ਪਿੰਡਾਂ 'ਚੋਂ ਤਾਂ ਟਾਵੇਂ ਬੱਚੇ ਹੀ ਹੋਣਗੇ ਜੋ ਛੁੱਟੀਆਂ ਮਨਾਉਣ ਜਾਂਦੇ ਹੋਣਗੇ। ਦੂਸਰੀ ਪਾਸੇ ਸ਼ਹਿਰਾਂ ਵਿੱਚ ਇਨ੍ਹਾਂ ਦਿਨਾਂ 'ਚ ਬੱਚਿਆਂ ਲਈ 'ਸਮਰ ਕੈਂਪ' ਲੱਗੇ ਹੋਏ ਹਨ। ਸ਼ਹਿਰੀ ਬੱਚੇ ਦੂਰ ਦੁਰਾਡੇ ਘੁੰਮਣ ਫਿਰਨ ਜਾਂਦੇ ਹਨ। ਸਰਬ ਸਿੱਖਿਆ ਅਭਿਆਨ ਤਹਿਤ ਹੁਣ ਵਿੱਦਿਅਕ ਟੂਰ ਜ਼ਰੂਰ ਲਵਾਏ ਜਾਣ ਲੱਗੇ ਹਨ। ਇਹੀ ਕਾਰਨ ਹੈ ਕਿ ਬਹੁਤੇ ਸਰਕਾਰੀ ਸਕੂਲਾਂ ਦੇ ਬੱਚੇ ਇਨ੍ਹਾਂ ਵਿਦਿਅਕ ਟੂਰਾਂ ਦਾ ਹੀ ਹਿੱਸਾ ਬਣਦੇ ਹਨ। ਛੁੱਟੀਆਂ ਦੌਰਾਨ ਤਾਂ ਇਹ ਵਿਦਿਅਕ ਟੂਰ ਵੀ ਬੰਦ ਹੀ ਹੁੰਦੇ ਹਨ।

No comments:

Post a Comment