Saturday, May 28, 2011

                       ਇੱਕ ਉਦਾਸ ਘਰ ਦੀ ਹੋਣੀ
                                    ਚਰਨਜੀਤ ਭੁੱਲਰ
ਬਠਿੰਡਾ  ਵਰ੍ਹਿਆਂ ਤੋਂ ਦੁੱਖ ਝੱਲ ਰਹੇ ਇਸ ਪਿੰਡ ਦਾ ਇੱਕ ਘਰ ਹੁਣ ਉਦਾਸ ਹੈ। ਇਸ ਘਰ ਨੂੰ ਆਪਣੇ ਮਾਲਕ ਦੇ ਮੁੜਨ ਦੀ ਉਡੀਕ ਮੁੱਕਣ ਲੱਗੀ ਹੈ। ਕਿਉਂਕਿ ਘਰ ਦੇ ਮਾਲਕ ਨੂੰ ਰਾਸ਼ਟਰਪਤੀ ਦੇ ਬੂਹੇ ਤੋਂ ਵੀ ਰਹਿਮ ਨਹੀਂ ਮਿਲਿਆ ਹੈ। ਏਦਾ ਦੇ ਫੈਸਲੇ ਦੀ ਉਮੀਦ ਤਾਂ ਪੂਰਾ ਪਿੰਡ ਹੀ ਨਹੀਂ ਰੱਖ ਰਿਹਾ ਸੀ। ਘਰ ਤਾਂ ਦੂਰ ਦੀ ਗੱਲ। ਰਾਸ਼ਟਰਪਤੀ ਨੇ ਤਾਂ ਇਸ ਘਰ ਦੀਆਂ ਆਸਾਂ ਉਮੀਦਾਂ 'ਤੇ ਹੀ ਪਾਣੀ ਫੇਰ ਦਿੱਤਾ ਹੈ। ਇਸ ਘਰ ਦੇ ਮਾਲਕ ਪ੍ਰੋ.ਦਵਿੰਦਰਪਾਲ ਸਿੰਘ ਭੁੱਲਰ ਦੀ ਰਹਿਮ ਦੀ ਅਪੀਲ ਰਾਸ਼ਟਰਪਤੀ ਨੇ ਬੀਤੇ ਕੱਲ ਖ਼ਾਰਜ ਕਰ ਦਿੱਤੀ ਹੈ। ਰਾਸ਼ਟਰਪਤੀ ਦਾ ਇਹ ਫੈਸਲਾ ਇਸ ਪਿੰਡ ਦੇ ਲੋਕਾਂ ਨੂੰ ਹਜ਼ਮ ਨਹੀਂ ਹੋ ਰਿਹਾ ਹੈ। ਪੂਰੇ ਪਿੰਡ ਦੀ ਨਜ਼ਰ ਰਾਸ਼ਟਰਪਤੀ ਦੇ ਫੈਸਲੇ 'ਤੇ ਟਿੱਕੀ ਹੋਈ ਸੀ। ਪਿੰਡ ਦੇ ਲੋਕ ਤਾਂ ਇਸ ਉਦਾਸ ਘਰ 'ਚ ਮੁੜ ਜ਼ਿੰਦਗੀ ਦੀ ਠਹਿਰ ਦੇਖਣਾ ਚਾਹੁੰਦੇ ਸਨ। 21 ਵਰ੍ਹਿਆਂ ਤੋਂ ਇਸ ਘਰ 'ਚ ਉਦਾਸੀ ਤੇ ਗਮਾਂ ਦਾ ਹੀ ਵਾਸਾ ਹੈ। ਏਨੇ ਉਤਰਾਅ ਚੜ੍ਹਾਅ ਦੇਖੇ ਕਿ ਇਸ ਘਰ ਨੂੰ ਕਦੇ ਕੁਝ ਓਪਰਾ ਨਹੀਂ ਲੱਗਿਆ ਸੀ। ਇਕੱਲਾ ਬੀਤੇ ਕੱਲ ਰਾਸ਼ਟਰਪਤੀ ਭਵਨ ਚੋਂ ਹੋਇਆ ਫੈਸਲਾ ਜ਼ਰੂਰ ਓਪਰਾ ਲੱਗਿਆ ਹੈ। ਦੋ ਦਹਾਕੇ ਤੋਂ ਪ੍ਰੋ.ਦੇਵਿੰਦਰਪਾਲ ਸਿੰਘ ਭੁੱਲਰ ਦੇ ਇਸ ਘਰ ਨੂੰ ਜਿੰਦਰਾ ਹੀ ਵੱਜਾ ਹੋਇਆ ਹੈ। ਕਦੇ ਕਦੇ ਇਹ ਤਾਲਾ ਖੁੱਲ੍ਹਾ ਹੈ। ਇਸ ਘਰ ਦੇ ਅੰਦਰ ਖੇਡ ਕੇ ਜਵਾਨ ਹੋਣ ਵਾਲਾ ਹੁਣ ਤਿਹਾੜ ਜੇਲ੍ਹ 'ਚ ਆਪਣੀ ਮੌਤ ਉਡੀਕ ਰਿਹਾ ਹੈ। ਘਰ ਦੀ ਹੋਣੀ ਦਾ ਫੈਸਲਾ ਮੁਲਕ ਦੀ ਰਾਸ਼ਟਰਪਤੀ ਨੇ ਕਰ ਦਿੱਤਾ ਹੈ। ਦੇਸ਼ ਵਿਦੇਸ਼ ਵਸਦੇ ਪੰਥਕ ਸੋਚ ਵਾਲੇ ਲੋਕ ਚਾਹੁੰਦੇ ਹਨ ਕਿ ਇਸ ਘਰ ਦੇ ਮੁੜ ਬੂਹੇ ਖੁੱਲ੍ਹਣ। ਘਰ 'ਚ ਗੁਆਚੀ ਸ਼ਾਨ ਮੁੜ ਫੇਰਾ ਪਾਵੇ।
            ਪਿੰਡ ਦਿਆਲਪੁਰਾ ਦੇ ਐਨ ਬਾਹਰ ਢਾਣੀਆਂ 'ਚ ਵਸੇ ਇਸ ਘਰ 'ਚ ਕਰੀਬ ਦੋ ਦਹਾਕਿਆਂ ਤੋਂ ਕਦੇ ਬੱਤੀ ਨਹੀਂ ਜਗੀ ਹੈ। ਘਰ ਨੂੰ ਵੱਜੇ ਜਿੰਦਰਿਆਂ ਨੂੰ ਜੰਗਾਲ ਪੈ ਗਈ ਹੈ। ਸੱਚ ਕੀ ਹੈ, ਇਹ ਵੱਖਰੀ ਗੱਲ ਹੈ ਪ੍ਰੰਤੂ ਇਸ ਘਰ ਨੂੰ ਵਰ੍ਹਿਆਂ ਤੋਂ ਕਦੇ ਹਾਸੇ ਨਸੀਬ ਨਹੀਂ ਹੋਏ ਹਨ। ਦਵਿੰਦਰਪਾਲ ਸਿੰਘ ਭੁੱਲਰ ਤਿਹਾੜ ਜੇਲ੍ਹ ਵਿੱਚ ਫਾਂਸੀ ਦੀ ਸਜ਼ਾ ਤਹਿਤ ਬੰਦ ਹੈ। ਉਸਨੂੰ ਮਨਿੰਦਰਜੀਤ ਸਿੰਘ ਬਿੱਟਾ 'ਤੇ ਹਮਲੇ ਦੇ ਦੋਸ਼ਾਂ ਤਹਿਤ ਸਾਲ 2001 'ਚ ਸਜ਼ਾ ਹੋਈ ਸੀ। ਉਸ ਵਲੋਂ ਰਾਸ਼ਟਰਪਤੀ ਕੋਲ ਰਹਿਮ ਦੀ ਅਪੀਲ ਪਾਈ ਹੋਈ ਸੀ ਜਿਸ ਦਾ ਅੱਠ ਵਰ੍ਹਿਆਂ ਤੋਂ ਨਿਪਟਾਰਾ ਨਹੀਂ ਹੋ ਰਿਹਾ ਸੀ। ਸੁਪਰੀਮ ਕੋਰਟ ਵਲੋਂ 23 ਮਈ ਨੂੰ ਅਪੀਲ ਦੇ ਨਿਪਟਾਰਾ ਲਈ ਨੋਟਿਸ ਜਾਰੀ ਕੀਤਾ ਸੀ। ਬੀਤੇ ਕੱਲ ਰਾਸ਼ਟਰਪਤੀ ਨੇ ਪ੍ਰੋ. ਭੁੱਲਰ ਦੀ ਰਹਿਮ ਦੀ ਅਪੀਲ ਨੂੰ ਖ਼ਾਰਜ ਕਰ ਦਿੱਤਾ ਹੈ। ਜਿਸ ਤੋਂ ਸਾਫ  ਹੈ ਕਿ ਪ੍ਰੋ.ਭੁੱਲਰ ਨੂੰ ਫਾਂਸੀ ਮਿਲੇਗੀ। ਪਤਾ ਲੱਗਾ ਹੈ ਕਿ ਹੁਣ ਪ੍ਰੋ.ਭੁੱਲਰ ਦੇ ਇਸ ਪਿੰਡ ਦੇ ਲੋਕ ਅਤੇ ਇਲਾਕੇ ਦੀਆਂ ਪੰਚਾਇਤਾਂ ਮਤੇ ਪਾਸ ਕਰਕੇ ਰਾਸ਼ਟਰਪਤੀ ਨੂੰ ਭੇਜਣਗੀਆਂ। ਪੰਥਕ ਧਿਰਾਂ ਵਲੋਂ ਮੁੜ ਗੌਰ ਕਰਨ ਵਾਸਤੇ ਮੁਹਿੰਮ ਵਿੱਢੀ ਜਾਣੀ ਹੈ। ਦਿਆਲਪੁਰਾ ਦੇ ਲੋਕ ਦੱਸਦੇ ਹਨ ਕਿ ਕਰੀਬ 42 ਸਾਲ ਪਹਿਲਾਂ ਬਲਵੰਤ ਸਿੰਘ ਨੇ ਪੱਟੀ ਤੋਂ ਆ ਕੇ ਇੱਥੇ ਆਪਣਾ ਮਕਾਨ ਬਣਾਇਆ ਸੀ। ਬਲਵੰਤ ਸਿੰਘ ਖੁਦ ਸਰਕਾਰੀ ਮੁਲਾਜ਼ਮ ਸੀ ਤੇ ਉਸਦੀ ਪਤਨੀ ਉਪਕਾਰ ਕੌਰ ਵੀ। ਘਰ ਉਸਰ ਗਿਆ। ਨਾਲੋਂ ਨਾਲ ਰੌਣਕਾਂ ਆ ਗਈਆਂ।  ਪੁੱਤਰਾਂ ਦੇ ਹਾਸਿਆਂ ਨੇ ਤਾਂ ਘਰ 'ਚ ਰੂਹ ਭਰ ਦਿੱਤੀ। ਜਦੋਂ ਘਰ ਵਿੱਚ ਸਾਥੀ ਮੁਲਾਜ਼ਮ ਜੁੜ ਜਾਂਦੇ ਤਾਂ ਦੇਰ ਰਾਤ ਤੱਕ ਮਹਿਫਲ ਨਾ ਟੁੱਟਦੀ। ਗੁਰਸਿੱਖ ਬਲਵੰਤ ਸਿੰਘ ਦਾ ਰਸਦਾ ਵਸਦਾ ਘਰ ਇਸ ਤਰ੍ਹਾਂ ਖੇਰੂੰ ਖੇਰੂੰ ਹੋ ਜਾਏਗਾ ,ਇਸ ਦਾ ਉਸ ਨੂੰ ਖੁਦ ਵੀ ਕਦੇ ਇਲਮ ਨਹੀਂ ਸੀ। ਬਲਵੰਤ ਸਿੰਘ ਦੇ ਲੜਕੇ ਪ੍ਰੋ.ਦਵਿੰਦਰਪਾਲ ਸਿੰਘ ਭੁੱਲਰ ਦੇ ਵਿਆਹ ਮਗਰੋਂ ਨੂੰਹ ਰਾਣੀ ਨਵਨੀਤ ਕੌਰ ਨੂੰ ਇਸ ਘਰ ਦੀਆਂ ਬਰੂੰਹਾਂ ਅੰਦਰ ਇੱਕ ਦਫ਼ਾ ਹੀ ਪੈਰ ਪਾਉਣ ਦਾ ਮੌਕਾ ਮਿਲ ਸਕਿਆ।
         ਜਦੋਂ ਇਸ ਘਰ ਦਾ ਦੌਰਾ ਕੀਤਾ ਗਿਆ ਤਾਂ ਚਾਰੇ ਪਾਸੇ ਬੇਰੌਣਕ ਬਣੀ ਹੋਈ ਸੀ। ਗੁਆਂਢ 'ਚ ਵਸਦੇ ਬਲਵਿੰਦਰ ਸਿੰਘ ਨੇ ਆਖਿਆ ਕਿ  'ਜੁਗੜੇ ਹੋ ਗਏ ਨੇ ਇਸ ਘਰ 'ਚ ਦੀਵਾ ਜਗੇ ਨੂੰ'। ਉਸਨੇ ਸਭ ਕੁੱਝ ਦੱਸਿਆ ਕਿ ਕਿਵੇਂ ਇੱਕ ਰਸਦੇ ਵਸਦੇ ਘਰ ਨੂੰ ਜਿੰਦਰਾ ਵੱਜ ਗਿਆ। ਇਹ ਵੀ ਦੱਸਿਆ ਕਿ ਕੁਝ ਕੁ ਮਹੀਨਿਆਂ ਮਗਰੋਂ ਦਿੱਲੀ ਤੋਂ ਕੋਈ ਨਾ ਕੋਈ ਸਰਕਾਰੀ ਵਿਅਕਤੀ ਆਉਂਦਾ ਹੈ, ਆਸ ਪਾਸ ਦੇ ਲੋਕਾਂ ਦੇ ਬਿਆਨ ਲਿਖ ਕੇ ਵਾਪਸ ਮੁੜ ਜਾਂਦਾ ਹੈ। ਗੁਆਂਢੀਆਂ ਨੇ ਦੱਸਿਆ ਕਿ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੀ ਮਾਤਾ ਉਪਕਾਰ ਕੌਰ ਜੋ ਕਿ 77 ਸਾਲ ਦੀ ਹੈ ਅਤੇ ਭਰਾ ਜਤਿੰਦਰਪਾਲ ਸਿੰਘ ਹੁਣ ਅਮਰੀਕਾ ਰਹਿੰਦੇ ਹਨ। ਉਨ੍ਹਾਂ ਦੱਸਿਆ ਕਿ ਮਾਂ ਉਪਕਾਰ ਕੌਰ ਕਰੀਬ 12 ਸਾਲਾਂ ਮਗਰੋਂ ਪਿੰਡ ਆਈ ਸੀ ਤੇ ਉਹ ਆਪਣੇ ਮਕਾਨ ਦੀ ਥੋੜੀ ਬਹੁਤੀ ਮੁਰੰਮਤ ਕਰਾਈ ਤੇ ਵਾਪਸ ਚਲੀ ਗਈ। ਜਦੋਂ ਮਾਂ ਨੇ ਆਪਣਾ ਘਰ ਦੇਖਿਆ ਤਾਂ ਉਸ ਦੇ ਮੂੰਹੋਂ ਇਹੋ ਨਿਕਲਿਆ, 'ਕੁਦਰਤ ਨੂੰ ਇਹੋ ਮਨਜ਼ੂਰ ਸੀ।' ਭੁੱਲਰ ਪ੍ਰਵਾਰ ਦੀ ਕਰੀਬ 15 ਏਕੜ ਜ਼ਮੀਨ ਵੀ ਨਾਲ ਹੀ ਹੈ। ਇਸ ਨੂੰ ਠੇਕੇ 'ਤੇ ਦਿੱਤਾ ਜਾਂਦਾ ਹੈ। ਆਂਢ ਗੁਆਂਢ ਵਾਲਿਆਂ ਨੇ ਭੁੱਲਰ ਦੇ ਘਰ ਨੂੰ ਵੱਜੇ ਤਾਲੇ ਨੂੰ ਦਿਖਾਉਂਦਿਆਂ ਆਖਿਆ ਕਿ ,'ਅਸੀਂ ਤੋਂ ਵਰ੍ਹਿਆਂ ਤੋਂ ਤਾਲਾ ਹੀ ਦੇਖਿਆ ਹੈ।' 18 ਕੁ ਸਾਲ ਦੇ ਇੱਕ ਮੁੰਡੇ ਨੇ ਆਖਿਆ , 'ਮੈਂ ਤਾਂ ਇਸ ਘਰ ਨੂੰ ਕਦੇ ਖੁੱਲ੍ਹਾ ਨਹੀਂ ਦੇਖਿਆ।' ਦੱਸਦੇ ਹਨ ਕਿ ਜਦੋਂ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੇ ਪਿਛੇ ਪੁਲੀਸ ਲੱਗੀ ਹੋਈ ਸੀ ,ਉਦੋਂ ਹੀ ਭੁੱਲਰ ਦੇ ਬਾਪ ਬਲਵੰਤ ਸਿੰਘ ਨੂੰ ਪੁਲੀਸ ਚੁੱਕ ਕੇ ਲੈ ਗਈ। ਅੱਜ ਤੱਕ ਬਲਵੰਤ ੰਿਸੰਘ ਦਾ ਕੋਈ ਥਹੁ ਪਤਾ ਨਹੀਂ ਲੱਗਾ।
          ਗੁਆਂਢਣ ਔਰਤ ਕਸ਼ਮੀਰ ਕੌਰ ਨੇ ਦੱਸਿਆ ਕਿ ਜਦੋਂ ਕੋਈ ਤਿਥ ਤਿਉਹਾਰ ਆਉਂਦਾ ਹੈ, ਤਾਂ ਪੂਰੇ ਪਿੰਡ 'ਚ ਰੌਸ਼ਨੀ ਹੁੰਦੀ ਹੈ। ਦੀਵੇ ਜਗਦੇ ਹਨ,ਆਤਿਸ਼ਬਾਜ਼ੀ ਚੱਲਦੀ ਹੈ। ਇਕੱਲਾ ਇਹ ਘਰ ਹੈ ਜਿਸ ਦੀ ਦੀਵਾਰ 'ਤੇ ਕਦੇ ਦੀਵਾਲ਼ੀ ਵਾਲੇ ਦਿਨ ਵੀ ਦੀਵਾ ਨਹੀਂ ਜਗਿਆ। ਦੇਖਿਆ ਗਿਆ ਕਿ ਘਰ ਦੇ ਇੱਕ ਕੋਨੇ ਵਿੱਚ ਕਾਫੀ ਘਾਹ ਉੱਗਿਆ ਹੋਇਆ ਸੀ ਤੇ ਘਰ ਵਿੱਚ ਕਾਫੀ ਕੂੜਾ ਖਿੱਲਰਿਆ ਪਿਆ ਸੀ। ਧੂੜ ਦਰਵਾਜ਼ਿਆਂ ਤੇ ਜੰਮੀ ਹੋਈ ਸੀ।  ਕਦੇ ਇਸ ਘਰ ਨੂੰ ਸਫ਼ੈਦੀ ਨਹੀਂ ਹੋਈ। ਚਚੇਰੇ ਭਰਾ ਮੁਖਤਿਆਰ ਸਿੰਘ ਨੇ ਦੱਸਿਆ ਕਿ ਪ੍ਰੋ. ਭੁੱਲਰ ਨਾਲ ਜਦੋਂ ਵੀ ਉਨ੍ਹਾਂ ਨੇ ਤਿਹਾੜ ਜੇਲ੍ਹ 'ਚ ਮੁਲਾਕਾਤ ਕੀਤੀ ਤਾਂ ਸਭ ਤੋਂ ਪਹਿਲਾਂ ਉਸ ਨੇ ਆਪਣੇ ਘਰ ਦਾ ਹਾਲ ਚਾਲ ਪੁੱਛਿਆ। ਬੱਸ ਅੱਡੇ 'ਤੇ ਬੈਠੇ ਬਜ਼ੁਰਗਾਂ ਨੇ ਵੀ ਪੁੱਛਣ 'ਤੇ ਇਹੋ ਆਖਿਆ ਕਿ ਪਤਾ ਹੀ ਨਹੀਂ ਲੱਗਾ , ਕੀ ਹੋ ਗਿਆ ਇਸ ਘਰ ਨੂੰ। ਰਾਸ਼ਟਰਪਤੀ ਨੇ ਪਤਾ ਨਹੀਂ ਕਿਉਂ ਅਪੀਲ ਖ਼ਾਰਜ ਕਰ ਦਿੱਤੀ। ਜਦੋਂ ਤੋਂ ਪਿੰਡ ਨੂੰ ਇਹ ਖ਼ਬਰ ਮਿਲੀ ਹੈ, ਪਿੰਡ 'ਚ ਉਦਾਸੀ ਦਾ ਮਾਹੌਲ ਹੈ। ਪਿੰਡ ਦੇ ਲੋਕ ਇਸ ਗੱਲ ਦਾ ਬੁਰਾ ਮਨਾ ਰਹੇ ਹਨ।
                                                     ਪ੍ਰੋ.ਭੁੱਲਰ ਦੀ ਮਾਂ ਦਿੱਲੀ ਰਵਾਨਾ
ਜਦੋਂ ਪ੍ਰੋ.ਦਵਿੰਦਰਪਾਲ ਸਿੰਘ ਭੁੱਲਰ ਦੀ ਰਹਿਮ ਦੀ ਅਪੀਲ ਰਾਸ਼ਟਰਪਤੀ ਕੋਲੋਂ ਖ਼ਾਰਜ ਹੋਣ ਦੀ ਖ਼ਬਰ ਆਈ ਤਾਂ ਉਦੋਂ ਪ੍ਰੋ.ਭੁੱਲਰ ਦੀ ਮਾਂ ਉਪਕਾਰ ਕੌਰ ਆਪਣੇ ਇਸ ਪਿੰਡ ਆਈ ਹੋਈ ਸੀ। ਰਿਸ਼ਤੇਦਾਰ ਬਲਵਿੰਦਰ ਸਿੰਘ ਨੇ ਦੱਸਿਆ ਕਿ ਉਹ ਦੋ ਕੁ ਦਿਨ ਪਹਿਲਾਂ ਹੀ ਆਏ ਸਨ। ਉਨ੍ਹਾਂ ਦੱਸਿਆ ਕਿ ਖ਼ਬਰ ਮਿਲਣ ਮਗਰੋਂ ਉਹ ਦਿੱਲੀ ਚਲੇ ਗਏ ਹਨ ਤਾਂ ਜੋ ਅਗਲੀ ਪੈਰਵੀ ਕੀਤੀ ਜਾ ਸਕੇ। ਉਨ੍ਹਾਂ ਦੱਸਿਆ ਕਿ ਜਦੋਂ ਦਿੱਲੀ ਤੋਂ ਬੀਤੇ ਕੱਲ ਸੁਨੇਹਾ ਮਿਲਿਆ ਤਾਂ ਉਨ੍ਹਾਂ ਚਿਹਰਾ ਉਦਾਸ ਹੋ ਗਿਆ ਅਤੇ ਉਹ ਫੌਰੀ ਨਵੀਂ ਦਿੱਲੀ ਲਈ ਰਵਾਨਾ ਹੋ ਗਏ। ਉਨ੍ਹਾਂ ਦੱਸਿਆ ਕਿ ਉਹ ਕਾਨੂੰਨੀ ਚਾਰਾਜੋਈ ਕਰਨ ਦੀ ਗੱਲ ਆਖ ਰਹੇ ਸਨ।
    

No comments:

Post a Comment