Friday, May 13, 2011

       ਪਾਣੀ ਨੂੰ ਛੱਡੋ, 'ਠੰਢੀ ਬੀਅਰ' ਪੀਓ
                              ਚਰਨਜੀਤ ਭੁੱਲਰ
ਬਠਿੰਡਾ : ਬਠਿੰਡਾ ਪੱਟੀ ਦੇ ਹਰ ਪਿੰਡ ਵਿੱਚ ਹੁਣ ਠੰਢੀ ਬੀਅਰ ਮਿਲਦੀ ਹੈ। ਇਨ੍ਹਾਂ ਪਿੰਡਾਂ ਵਿੱਚ ਸਾਫ ਪਾਣੀ ਦਾ ਪ੍ਰਬੰਧ ਨਹੀਂ ਹੋ ਸਕਿਆ। ਪੰਜਾਬ ਸਰਕਾਰ ਵੱਲੋਂ ਦੋ ਵਰ੍ਹਿਆਂ ਵਿੱਚ ਪਿੰਡ ਪਿੰਡ 'ਠੰਢੀ ਬੀਅਰ' ਪਹੁੰਚਾ ਦਿੱਤੀ ਗਈ ਹੈ ਪਰ ਪਿੰਡਾਂ ਵਿੱਚ ਪੀਣ ਵਾਲੇ ਪਾਣੀ ਦਾ ਤਰਸੇਵਾਂ ਬਰਕਰਾਰ ਹੈ। ਪੇਂਡੂ ਠੇਕਿਆਂ 'ਤੇ ਹੁਣ ਫਰੀਜਰ ਰੱਖੇ ਹੋਏ ਹਨ ਜਾਂ ਫਿਰ ਬਹੁਤੇ ਠੇਕੇਦਾਰਾਂ ਨੇ ਬਰਫ ਦਾ ਪ੍ਰਬੰਧ ਕੀਤਾ ਹੋਇਆ ਹੈ। ਸਰਕਾਰ ਵੱਲੋਂ ਏਨੀ ਸਹੂਲਤ ਦਿੱਤੀ ਗਈ ਹੈ ਕਿ ਪੇਂਡੂ ਲੋਕਾਂ ਨੂੰ ਬੀਅਰ ਪੀਣ ਵਾਸਤੇ ਸ਼ਹਿਰ ਨਹੀਂ ਜਾਣਾ ਪਵੇਗਾ। ਇਹ ਵੱਖਰੀ ਗੱਲ ਹੈ ਕਿ ਪੇਂਡੂ ਔਰਤਾਂ ਨੂੰ ਅੱਜ ਵੀ ਪੀਣ ਵਾਲਾ ਪਾਣੀ ਲੈਣ ਵਾਸਤੇ ਦੋ-ਦੋ ਕਿਲੋਮੀਟਰ ਦੂਰ ਤੋਂ ਪਾਣੀ ਢੋਣਾ ਪੈਂਦਾ ਹੈ। ਜ਼ਿਲ੍ਹਾ ਬਠਿੰਡਾ ਵਿੱਚ ਐਤਕੀਂ 58 ਨਵੇਂ ਸ਼ਰਾਬ ਦੇ ਠੇਕਿਆਂ ਦੀ ਵੀ ਸਰਕਾਰ ਵੱਲੋਂ 'ਸੌਗਾਤ' ਦਿੱਤੀ ਗਈ ਹੈ। ਹੁਣ ਠੇਕਿਆਂ ਦੀ ਗਿਣਤੀ 438 ਹੋ ਗਈ ਹੈ, ਜਿਨ੍ਹਾਂ ਵਿੱਚੋਂ 256 ਠੇਕੇ ਪੇਂਡੂ ਖੇਤਰ ਵਿੱਚ ਹਨ। ਆਬਕਾਰੀ ਵਿਭਾਗ ਬਠਿੰਡਾ ਦੇ ਵੇਰਵੇ ਹਨ ਕਿ ਪਿਛਲੇ ਸਾਲ ਗਰਮੀ ਦੇ ਸੀਜ਼ਨ ਵਿੱਚ 33.72 ਲੱਖ ਬੀਅਰ ਦੀਆਂ ਬੋਤਲਾਂ ਦੀ ਵਿਕਰੀ ਹੋਈ ਸੀ, ਜਿਸ ਦਾ ਮਤਲਬ ਹੈ ਕਿ ਗਰਮੀ ਦੇ ਪੰਜ ਮਹੀਨਿਆਂ ਦੌਰਾਨ ਜ਼ਿਲ੍ਹੇ ਵਿੱਚ ਹਰ ਮਹੀਨੇ 6.71 ਲੱਖ ਬੀਅਰ ਦੀਆਂ ਬੋਤਲਾਂ ਵਿਕੀਆਂ ਹਨ। ਸਾਲ 2009-10 ਦੌਰਾਨ ਜ਼ਿਲ੍ਹੇ ਵਿੱਚ 33.56 ਲੱਖ ਬੀਅਰ ਦੀਆਂ ਬੋਤਲਾਂ ਦੀ ਵਿਕਰੀ ਹੋਈ। ਇੱਥੋਂ ਤੱਕ ਕਿ ਜੋ ਪਿੰਡ, ਸ਼ਹਿਰਾਂ ਤੋਂ ਕਾਫੀ ਦੂਰ ਹਨ, ਉਨ੍ਹਾਂ ਵਿੱਚ ਵੀ ਹਰ ਕਿਸਮ ਦੀ ਠੰਢੀ ਬੀਅਰ ਮਿਲਣ ਲੱਗੀ ਹੈ।
            ਬਠਿੰਡਾ ਜ਼ਿਲ੍ਹੇ ਦੇ ਦਰਜਨਾਂ ਪਿੰਡ ਉਹ ਹਨ ਜਿਨ੍ਹਾਂ ਦੀਆਂ ਟੇਲਾਂ 'ਤੇ ਵਰ੍ਹਿਆਂ ਤੋਂ ਪਾਣੀ ਨਹੀਂ ਪੁੱਜ ਸਕਿਆ ਹੈ ਪਰ ਇਨ੍ਹਾਂ ਪਿੰਡ ਵਿੱਚ ਸਰਕਾਰ ਵੱਲੋਂ ਰਾਤੋਂ ਰਾਤ ਠੰਢੀ ਬੀਅਰ ਜ਼ਰੂਰ ਪਹੁੰਚਾ ਦਿੱਤੀ ਗਈ ਹੈ। ਪਿੰਡ ਜੱਜਲ ਵਿੱਚ ਕਾਫੀ ਸਮੇਂ ਤੋਂ ਕੈਂਸਰ ਦਾ ਕਹਿਰ ਭੁਗਤ ਰਿਹਾ ਹੈ। ਲੋਕਾਂ ਦੀ ਇਕੋ ਮੰਗ ਸੀ ਕਿ ਪੀਣ ਵਾਲਾ ਸਾਫ ਪਾਣੀ ਦੇ ਦਿੱਤਾ ਜਾਵੇ। ਇਸ ਪਿੰਡ ਦੇ ਯੂਨਿਟ ਨੂੰ ਅਪਰੈਲ ਮਹੀਨੇ ਵਿੱਚ 200 ਪੇਟੀ ਬੀਅਰ ਸਪਲਾਈ ਹੋਈ ਹੈ। ਪਿੰਡ ਕੋਟਸ਼ਮੀਰ ਦੇ ਪ੍ਰਾਇਮਰੀ ਸਕੂਲ ਦੇ ਬੱਚਿਆਂ ਨੂੰ ਨਲਕੇ ਦਾ ਧਰਤੀ ਹੇਠਲਾ ਪਾਣੀ ਪੀਣਾ ਪੈਂਦਾ ਹੈ। ਬਹੁਤੇ ਬੱਚੇ ਘਰਾਂ ਵਿੱਚੋਂ ਬੋਤਲਾਂ ਵਿੱਚ ਪਾਣੀ ਲਿਆਉਂਦੇ ਹਨ। ਇਸ ਪਿੰਡ ਵਿੱਚ ਸਰਕਾਰ ਨੇ ਐਤਕੀਂ ਸ਼ਰਾਬ ਦਾ ਇਕ ਹੋਰ ਠੇਕਾ ਖੋਲ੍ਹ ਦਿੱਤਾ ਹੈ, ਜਦੋਂ ਕਿ ਦੋ ਠੇਕੇ ਪਹਿਲਾਂ ਹੀ ਪਿੰਡ ਵਿੱਚ ਸਨ। ਪਿੰਡ ਘੁੱਦਾ ਵਿੱਚ ਨਵਾਂ ਸ਼ਰਾਬ ਦਾ ਠੇਕਾ ਖੋਲ੍ਹ ਦਿੱਤਾ ਗਿਆ ਹੈ, ਜਦੋਂ ਕਿ ਪਿੰਡ ਦੇ ਪ੍ਰਾਇਮਰੀ ਸਕੂਲ ਦੇ ਬੱਚਿਆਂ ਨੂੰ ਆਪਣੇ ਘਰਾਂ ਤੋਂ ਪਾਣੀ ਲਿਜਾਣਾ ਪੈਂਦਾ ਹੈ। ਇਨ੍ਹਾਂ ਪਿੰਡਾਂ ਦੇ ਹਰ ਠੇਕੇ ਤੋਂ ਠੰਢੀ ਬੀਅਰ ਮਿਲਦੀ ਹੈ। ਪਿੰਡ ਪੱਕਾ ਕਲਾਂ ਦੇ ਯੂਨਿਟ ਨੂੰ ਇਕੱਲੇ ਅਪਰੈਲ ਮਹੀਨੇ ਵਿੱਚ 100 ਪੇਟੀ ਬੀਅਰ ਦੀ ਸਪਲਾਈ ਹੋਈ ਹੈ। ਇਸ ਪਿੰਡ ਦੇ ਸਰਕਾਰੀ ਸਕੂਲ ਵਿੱਚ 500 ਦੇ ਕਰੀਬ ਬੱਚੇ ਹਨ। ਸਕੂਲ ਵਿੱਚ ਨਾ ਆਰ.ਓ ਸਿਸਟਮ ਲੱਗਿਆ ਹੈ ਅਤੇ ਨਾ ਹੀ ਜਲ ਘਰ ਦਾ ਪਾਣੀ ਪੁੱਜਦਾ ਹੈ। ਅਧਿਆਪਕਾਂ ਨੇ ਦੱਸਿਆ ਕਿ ਸਕੂਲ ਦੇ 40 ਫੀਸਦੀ ਬੱਚੇ ਤਾਂ ਆਪੋ ਆਪਣੇ ਘਰਾਂ ਵਿੱਚੋਂ ਪਾਣੀ ਲਿਆਉਂਦੇ ਹਨ।
           ਪਿੰਡ ਬੀਬੀ ਵਾਲਾ ਦਾ ਸਰਕਾਰੀ ਪ੍ਰਾਇਮਰੀ ਸਕੂਲ ਉਸ ਛੱਪੜ ਦੇ ਐਨ ਨਾਲ ਹੈ, ਜਿਸ ਵਿੱਚ ਸੀਵਰੇਜ ਦਾ ਪਾਣੀ ਪੈਂਦਾ ਹੈ। ਸਕੂਲ ਦੇ ਨਲਕੇ ਦੇ ਪਾਣੀ ਵਿੱਚੋਂ ਵੀ ਬਦਬੂ ਮਾਰਦੀ ਹੈ ਪਰ ਬੱਚੇ ਇਹੋ ਪਾਣੀ ਪੀਣ ਲਈ ਮਜਬੂਰ ਹੈ। ਇਸ ਪਿੰਡ ਦੇ ਠੇਕੇ ਤੋਂ ਵੀ ਠੰਢੀ ਬੀਅਰ ਮਿਲਦੀ ਹੈ। ਪਿੰਡ ਪਿੰਡ ਠੇਕੇਦਾਰਾਂ ਵੱਲੋਂ ਵਿਸ਼ੇਸ਼ ਤੌਰ 'ਤੇ 'ਠੰਢੀ ਬੀਅਰ' ਦੇ ਬੋਰਡ ਲਾਏ ਹੋਏ ਹਨ। ਪੰਜਾਬ ਸਰਕਾਰ ਵੱਲੋਂ ਜ਼ਿਲ੍ਹੇ ਦੇ 124 ਪਿੰਡਾਂ ਵਿੱਚ ਹੀ ਆਰ.ਓ. ਸਿਸਟਮ ਲਾਏ ਹੋਏ ਹਨ, ਜਿਨ੍ਹਾਂ ਦਾ ਪਾਣੀ ਗਰੀਬ ਲੋਕਾਂ ਦੀ ਪਹੁੰਚ ਤੋਂ ਬਾਹਰ ਹੈ। ਸਰਕਾਰੀ ਸੂਤਰਾਂ ਦਾ ਕਹਿਣਾ ਹੈ ਕਿ ਜਲਦੀ 142 ਹੋਰ ਪਿੰਡਾਂ ਵਿੱਚ ਆਰ.ਓ. ਸਿਸਟਮ ਲਾਏ ਜਾਣੇ ਹਨ। ਸਰਕਾਰੀ ਸੂਤਰਾਂ ਦਾ ਕਹਿਣਾ ਕਿ ਹੁਣ ਪਿੰਡਾਂ ਵਿੱਚ ਰਹਿਣ ਸਹਿਣ ਦਾ ਪੱਧਰ ਉੱਚਾ ਹੋ ਗਿਆ ਹੈ, ਜਿਸ ਨੂੰ ਦੇਖਦੇ ਹੋਏ ਪਿੰਡਾਂ ਵਿੱਚ ਠੰਢੀ ਬੀਅਰ ਦੀ ਸੁਵਿਧਾ ਦਿੱਤੀ ਗਈ ਹੈ। ਜਾਣਕਾਰੀ ਅਨੁਸਾਰ ਇਸ ਜ਼ਿਲ੍ਹੇ ਦੇ ਪਿੰਡ ਜਿਉਂਦ, ਬਹਿਮਣ ਦੀਵਾਨਾ, ਬਾਹੋ ਯਾਤਰੀ, ਕੋਟਸ਼ਮੀਰ, ਹਰਰੰਗਪੁਰਾ, ਮੁਲਤਾਨੀਆਂ, ਮਾਨਸਾ ਖੁਰਦ, ਝੰਡੂਕੇ, ਨਰੂਆਣਾ ਅਤੇ ਨੰਦਗੜ੍ਹ ਕੋਟੜਾ ਆਦਿ ਪਿੰਡਾਂ ਦੇ ਸਰਕਾਰੀ ਸਕੂਲਾਂ ਵਿਤੱਚ ਪੀਣ ਵਾਲੇ ਪਾਣੀ ਦਾ ਪ੍ਰਬੰਧ ਨਹੀਂ ਹੈ, ਜਿਸ ਕਰਕੇ ਬੱਚਿਆਂ ਨੂੰ ਧਰਤੀ ਹੇਠਲਾ ਪਾਣੀ ਪੀਣਾ ਪੈਂਦਾ ਹੈ।
ਜਮਹੂਰੀ ਅਧਿਕਾਰ ਸਭਾ ਦੇ ਆਗੂ ਪ੍ਰਿੰਸੀਪਲ ਬੱਗਾ ਸਿੰਘ ਦਾ ਕਹਿਣਾ ਸੀ ਕਿ ਇਸ ਤੋਂ ਲੱਗਦਾ ਹੈ ਕਿ ਸਰਕਾਰਾਂ ਦੀ ਤਰਜੀਹ ਸ਼ਰਾਬ ਹੈ, ਜਦੋਂ ਕਿ ਇਸ ਨਾਲ ਆਮ ਲੋਕਾਂ ਦੇ ਮਸਲੇ ਹੱਲ ਨਹੀਂ ਹੁੰਦੇ। ਉਨ੍ਹਾਂ ਆਖਿਆ ਕਿ ਚਾਹੀਦਾ ਤਾਂ ਇਹ ਸੀ ਕਿ ਸਰਕਾਰ ਪਹਿਲਾਂ ਪਿੰਡਾਂ ਵਿੱਚ ਸਾਫ ਪਾਣੀ ਪਹੁੰਚਾਉਂਦੀ।

No comments:

Post a Comment