Monday, July 16, 2012

                                   ਉਲਟੀ ਗੰਗਾ
     ਜਾਨਵਰਾਂ ਵਲੋਂ ਮਨੁੱਖਾਂ ਲਈ 'ਬਲੀਦਾਨ'
                                ਚਰਨਜੀਤ ਭੁੱਲਰ
ਬਠਿੰਡਾ : ਪੰਜਾਬ ਵਿੱਚ ਹਜ਼ਾਰਾਂ ਡੱਡੂ ਅਤੇ ਖਰਗੋਸ਼ ਮਨੁੱਖਾਂ ਨੂੰ ਬਚਾਉਣ ਵਾਸਤੇ ਬਲੀਦਾਨ ਦਿੰਦੇ ਹਨ। ਪੰਜਾਬ ਦੇ ਸਰਕਾਰੀ ਮੈਡੀਕਲ ਕਾਲਜਾਂ ਵਿੱਚ ਇਨ੍ਹਾਂ ਜਾਨਵਰਾਂ 'ਤੇ ਸਿਖਾਂਦਰੂ ਡਾਕਟਰ ਮੈਡੀਕਲ ਦੇ ਪ੍ਰਯੋਗ ਕਰਦੇ ਹਨ। ਪੰਜਾਬ ਦੇ ਇਕੱਲੇ ਸਰਕਾਰੀ ਮੈਡੀਕਲ ਕਾਲਜਾਂ ਵਿੱਚ ਪਿਛਲੇ 11 ਵਰ੍ਹਿਆਂ ਵਿੱਚ 6656 ਜਾਨਵਰਾਂ ਨੇ ਮੈਡੀਕਲ ਖੋਜਾਂ ਵਾਸਤੇ ਆਪਣੀ ਜਾਨ ਦਿੱਤੀ, ਜਿਨ੍ਹਾਂ ਵਿੱਚ ਭੇਡਾਂ, ਚੂਹੇ, ਡੱਡੂ ਅਤੇ ਖਰਗੋਸ਼ ਸ਼ਾਮਲ ਹਨ। ਸਰਕਾਰੀ ਮੈਡੀਕਲ ਕਾਲਜਾਂ ਤੋਂ ਇਲਾਵਾ ਪ੍ਰਾਈਵੇਟ ਕਾਲਜਾਂ ਵਿੱਚ ਪ੍ਰਯੋਗ ਵਾਸਤੇ ਵਰਤੇ ਜਾਂਦੇ ਜਾਨਵਰਾਂ ਦੀ ਗਿਣਤੀ ਤਾਂ ਹੋਰ ਵੀ ਜ਼ਿਆਦਾ ਹੈ। ਸੂਚਨਾ ਦੇ ਅਧਿਕਾਰ ਤਹਿਤ ਮੈਡੀਕਲ ਕਾਲਜਾਂ ਤੋਂ ਪ੍ਰਾਪਤ ਵੇਰਵਿਆਂ ਅਨੁਸਾਰ ਮੈਡੀਕਲ ਕਾਲਜਾਂ ਵੱਲੋਂ ਇਹ ਜਾਨਵਰ ਪ੍ਰਾਈਵੇਟ ਪਾਰਟੀਆਂ ਤੋਂ ਹਰ ਵਰ੍ਹੇ ਖਰੀਦੇ ਜਾਂਦੇ ਹਨ। ਸਰਕਾਰੀ ਮੈਡੀਕਲ ਕਾਲਜ ਪਟਿਆਲਾ ਵੱਲੋਂ ਅਪਰੈਲ 2001 ਤੋਂ ਹੁਣ ਤੱਕ 3543 ਜਾਨਵਰ ਮੈਡੀਕਲ ਖੋਜਾਂ ਅਤੇ ਨਵੇਂ ਡਾਕਟਰਾਂ ਦੇ ਪ੍ਰਯੋਗਾਂ ਵਾਸਤੇ ਖਰੀਦੇ ਗਏ। ਇਨ੍ਹਾਂ ਵਿੱਚ 3100 ਤਾਂ ਇਕੱਲੇ ਡੱਡੂ ਹੀ ਹਨ। ਇਨ੍ਹਾਂ ਵਰ੍ਹਿਆਂ ਵਿੱਚ 144 ਖਰਗੋਸ਼ ਖਰੀਦੇ ਗਏ। ਪੌਣੇ ਤਿੰਨ ਸੌ ਦੇ ਕਰੀਬ ਚੂਹਿਆਂ 'ਤੇ ਪ੍ਰਯੋਗ ਕੀਤੇ ਗਏ। ਇਸ ਕਾਲਜ ਵਿੱਚ ਹਰ ਵਰ੍ਹੇ ਔਸਤਨ 150 ਡੱਡੂਆਂ ਦੀ ਲੋੜ ਪੈਂਦੀ ਹੈ।
             ਇਸ ਸਰਕਾਰੀ ਕਾਲਜ ਵਿੱਚ 10 ਸਾਲ ਪਹਿਲਾਂ ਦੋ ਦਰਜਨ ਛੋਟੇ ਸੂਰ ਵੀ ਖਰੀਦੇ ਗਏ ਸਨ ਤਾਂ ਜੋ ਉਨ੍ਹਾਂ 'ਤੇ ਡਾਕਟਰੀ ਪ੍ਰਯੋਗ ਕੀਤੇ ਜਾ ਸਕਣ। ਸਰਕਾਰੀ ਕਾਲਜਾਂ ਵੱਲੋਂ ਇਹ ਜਾਨਵਰ ਵੱਖ ਵੱਖ ਫਰਮਾਂ ਤੋਂ ਸਮੇਂ ਸਮੇਂ 'ਤੇ ਖਰੀਦੇ ਗਏ। ਇਨ੍ਹਾਂ ਜਾਨਵਰਾਂ ਦਾ ਹਿਸਾਬ-ਕਿਤਾਬ ਫਰਮਾਕੋਲੋਜੀ ਵਿਭਾਗ ਵੱਲੋਂ ਰੱਖਿਆ ਜਾਂਦਾ ਹੈ। ਏਦਾਂ ਹੀ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫ਼ਰੀਦਕੋਟ ਵਿੱਚ ਪਿਛਲੇ 11 ਵਰ੍ਹਿਆਂ ਵਿੱਚ 2750 ਦੇ ਕਰੀਬ ਜਾਨਵਰਾਂ ਨੂੰ ਪ੍ਰਯੋਗਾਂ ਵਾਸਤੇ ਵਰਤਿਆ ਗਿਆ। ਕਾਲਜਾਂ ਵੱਲੋਂ ਇਹ ਤਾਂ ਦੱਸਿਆ ਗਿਆ ਹੈ ਕਿ ਏਨੇ ਜਾਨਵਰ ਖਰੀਦੇ ਗਏ ਹਨ ਪਰ ਉਨ੍ਹਾਂ ਦੀ ਮੌਤ ਬਾਰੇ ਕੁੱਝ ਨਹੀਂ ਦੱਸਿਆ ਗਿਆ। ਇਸ ਕਾਲਜ ਦੇ ਐਨੀਮਲ ਹਾਊਸ ਵਿੱਚ ਦੋ        ਭੇਡਾਂ ਹਨ, ਜਿਨ੍ਹਾਂ 'ਤੇ ਪ੍ਰਤੀ ਦਿਨ 10 ਰੁਪਏ ਦਾ ਪੱਠਿਆਂ ਦਾ ਖਰਚਾ ਕੀਤਾ ਜਾਂਦਾ ਹੈ। ਸੂਚਨਾ ਅਨੁਸਾਰ ਇਸ ਕਾਲਜ ਦੇ ਫਿਜ਼ਿਆਲੋਜੀ ਵਿਭਾਗ ਵਿੱਚ ਵਿਦਿਆਰਥੀਆਂ ਦੀ ਪ੍ਰਯੋਗ ਕਲਾਸ ਲਈ ਇਕ ਸਾਲ ਵਿੱਚ 250 ਦੇ ਕਰੀਬ ਡੱਡੂ ਵਰਤੇ ਜਾਂਦੇ ਹਨ, ਜੋ ਕਾਲਜ ਵੱਲੋਂ ਅੰਮ੍ਰਿਤਸਰ ਦੀ ਫਰਮ ਕੇ.ਐਲ. ਮਲਿਕ ਤੋਂ ਖਰੀਦੇ ਜਾਂਦੇ ਹਨ। ਕਾਲਜ ਵੱਲੋਂ ਇਕ ਡੱਡੂ ਦੀ ਕੀਮਤ 25 ਰੁਪਏ ਤਾਰੀ ਜਾਂਦੀ ਹੈ ਅਤੇ ਹਰ ਸਾਲ 6250 ਰੁਪਏ ਇਕੱਲੇ ਡੱਡੂਆਂ 'ਤੇ ਖਰਚਿਆ ਜਾਂਦਾ ਹੈ।                                                                ਇਸ ਤੋਂ ਇਲਾਵਾ ਸਰਕਾਰੀ ਮੈਡੀਕਲ ਕਾਲਜ ਅੰਮ੍ਰਿਤਸਰ ਵੱਲੋਂ ਦੱਸਿਆ ਗਿਆ ਹੈ ਕਿ ਵਿਦਿਆਰਥੀਆਂ ਦੇ ਪ੍ਰਯੋਗ ਕਲਾਸ ਵਾਸਤੇ ਹਰ ਸਾਲ 25 ਡੱਡੂ ਅਤੇ 8 ਖ਼ਰਗੋਸ਼ਾਂ ਦੀ ਲੋੜ ਪੈਂਦੀ ਹੈ। ਇਨ੍ਹਾਂ ਦੀ ਖਰੀਦ ਕਾਲਜ ਵੱਲੋਂ ਲੋਕਲ ਸਪਲਾਇਰ ਤੋਂ ਕੀਤੀ ਜਾਂਦੀ ਹੈ। ਕਾਲਜ ਦੇ ਮਾਇਕਰੋਬਾਇਓਲੋਜੀ ਵਿਭਾਗ ਨੇ ਦੱਸਿਆ ਕਿ ਜੋ ਖਰਗੋਸ਼ ਪ੍ਰਯੋਗ ਵਾਸਤੇ ਵਰਤੇ ਜਾਂਦੇ ਹਨ, ਉਨ੍ਹਾਂ ਨੂੰ ਮਾਰਿਆ ਨਹੀਂ ਜਾਂਦਾ। ਵਿਭਾਗ ਨੇ ਦੱਸਿਆ ਕਿ ਵਿਭਾਗ ਵਿੱਚ ਇਕ ਭੇਡ ਦੀ ਵਰਤੋਂ ਕੀਤੀ ਜਾਂਦੀ ਹੈ ਅਤੇ ਖ਼ਰਗੋਸ਼ਾਂ ਤੇ ਗੁਲੂਕੋਜ਼ ਬਣਾਉਣ ਸਬੰਧੀ ਟੈਸਟ ਵਗੈਰਾ ਕੀਤੇ ਜਾਂਦੇ ਹਨ। ਪੰਜਾਬ ਵਿੱਚ ਪ੍ਰਾਈਵੇਟ ਮੈਡੀਕਲ ਕਾਲਜਾਂ ਵਿੱਚ ਵੀ ਜਾਨਵਰਾਂ ਦੀ ਵਰਤੋਂ ਹੁੰਦੀ ਹੈ। ਕਾਲਜ ਅਧਿਆਪਕਾਂ ਦਾ ਕਹਿਣਾ ਹੈ ਕਿ ਕਿਸੇ ਜਾਨਵਰ ਨੂੰ ਮਾਰਿਆ ਨਹੀਂ ਜਾਂਦਾ। ਸੂਤਰ ਦੱਸਦੇ ਹਨ ਕਿ ਬਹੁਤੇ ਜਾਨਵਰ ਤਾਂ ਆਪਣੀ ਜਾਨ ਗੁਆ ਬੈਠਦੇ ਹਨ। ਜਾਨਵਰਾਂ 'ਤੇ ਜਦੋਂ ਮੈਡੀਕਲ ਤਜਰਬੇ ਹੁੰਦੇ ਹਨ ਤਾਂ ਤਕਰੀਬਨ ਸਾਰੇ ਜਾਨਵਰ ਆਪਣੀ ਜਾਨ ਤੋਂ ਹੱਥ ਧੋ ਬੈਠਦੇ ਹਨ। ਇਹ ਵੱਖਰੀ ਗੱਲ ਹੈ ਕਿ ਬਹੁਤੇ ਜਾਨਵਰ ਮੌਕੇ 'ਤੇ ਨਹੀਂ ਮਰਦੇ ਹਨ।
                                               ਹਰ ਸਾਲ 1145 ਨਵੇਂ ਡਾਕਟਰ ਬਣਦੇ ਹਨ
ਪੰਜਾਬ ਵਿੱਚ ਇਸ ਵੇਲੇ 10 ਮੈਡੀਕਲ ਕਾਲਜ ਹਨ, ਜਿਨ੍ਹਾਂ ਵਿੱਚੋਂ ਤਿੰਨ ਸਰਕਾਰੀ ਕਾਲਜ ਹਨ, ਜਦੋਂ ਕਿ 7 ਪ੍ਰਾਈਵੇਟ ਕਾਲਜ ਹਨ। ਇਨ੍ਹਾਂ ਮੈਡੀਕਲ ਕਾਲਜਾਂ ਵਿੱਚੋਂ ਹਰ ਸਾਲ 1145 ਨਵੇਂ ਡਾਕਟਰ ਬਣਦੇ ਹਨ। ਬਾਬਾ ਫ਼ਰੀਦ ਯੂਨੀਵਰਸਿਟੀ ਅਧੀਨ ਆਉਂਦੇ ਮੈਡੀਕਲ ਕਾਲਜਾਂ ਵਿੱਚ 1070 ਸੀਟਾਂ ਹਨ। ਸਰਕਾਰੀ ਮੈਡੀਕਲ ਕਾਲਜਾਂ ਦੀ ਗੱਲ ਕਰੀਏ ਤਾਂ ਇਨ੍ਹਾਂ ਕਾਲਜਾਂ ਵਿੱਚ ਹਰ ਸਾਲ 350 ਨਵੇਂ ਡਾਕਟਰ ਬਣਦੇ ਹਨ। ਫ਼ਰੀਦਕੋਟ ਕਾਲਜ ਵਿੱਚ 50 ਸੀਟਾਂ ਅਤੇ ਅੰਮ੍ਰਿਤਸਰ ਤੇ ਪਟਿਆਲਾ ਦੇ ਮੈਡੀਕਲ ਕਾਲਜ ਵਿੱਚ ਡੇਢ-ਡੇਢ ਸੌ ਸੀਟਾਂ ਹਨ। ਸੀ.ਐਮ.ਸੀ. ਦੀਆਂ 75 ਸੀਟਾਂ ਵੱਖਰੀਆਂ ਹਨ। ਇਨ੍ਹਾਂ 1145 ਡਾਕਟਰਾਂ ਨੂੰ ਡਾਕਟਰੀ ਸਿਖਾਉਣ ਵਿੱਚ ਇਨ੍ਹਾਂ ਜਾਨਵਰਾਂ ਦੀ ਵੀ ਵੱਡੀ ਭੂਮਿਕਾ ਹੈ।

No comments:

Post a Comment