Sunday, July 8, 2012

                               ਸਰਕਾਰੀ 'ਮਿਹਰ'
      ਹਸਪਤਾਲਾਂ ਵਿੱਚ ਕੈਦੀਆਂ ਦੀਆਂ ਮੌਜਾਂ
                                ਚਰਨਜੀਤ ਭੁੱਲਰ
ਬਠਿੰਡਾ : ਵੀ.ਆਈ.ਪੀ. ਕੈਦੀ ਜੇਲ੍ਹਾਂ ਦੀ ਥਾਂ ਹੁਣ ਹਸਪਤਾਲਾਂ 'ਚ ਜਾਂਦੇ ਹਨ। ਜੇਲ੍ਹਾਂ 'ਚ ਇਨ੍ਹਾਂ ਦੀ ਦਿਲ ਦੀ ਧੜਕਣ ਵਧਦੀ ਹੈ। ਨਤੀਜੇ ਵਜੋਂ ਇਨ੍ਹਾਂ ਨੂੰ ਫੌਰੀ ਹਸਪਤਾਲ ਭੇਜ ਦਿੱਤਾ ਜਾਂਦਾ ਹੈ। ਇਸ ਤਰ੍ਹਾਂ ਦੇ ਸੈਂਕੜੇ ਹਵਾਲਾਤੀ ਹਨ ਜੋ 48 ਘੰਟਿਆਂ 'ਚ ਜੇਲ੍ਹ 'ਚੋਂ ਹਸਪਤਾਲ ਪਹੁੰਚ ਜਾਂਦੇ ਹਨ। ਜਦੋਂ ਜੇਲ੍ਹਾਂ ਤੋਂ ਇਸ ਬਾਰੇ ਜਾਣਕਾਰੀ ਮੰਗੀ ਤਾਂ ਉਨ੍ਹਾਂ ਨੇ ਜਾਣਕਾਰੀ ਦੇਣ ਤੋਂ ਪਾਸਾ ਵੱਟ ਲਿਆ। ਆਖਰ ਤਿੰਨ ਚਾਰ ਜੇਲ੍ਹਾਂ ਨੇ ਜੋ ਵੇਰਵੇ ਭੇਜੇ ਹਨ, ਉਸ ਤੋਂ ਇਹ ਖੁਲਾਸਾ ਹੋਇਆ ਹੈ। ਕੇਂਦਰੀ ਜੇਲ੍ਹ ਬਠਿੰਡਾ ਨੇ ਇਹ ਮਾਮਲਾ ਨੰਗਾ ਹੋਣ ਦੇ ਡਰੋਂ ਸੂਚਨਾ ਦੇਣ ਤੋਂ ਟਾਲਾ ਵੱਟ ਲਿਆ ਕਿਉਂਕਿ ਕਈ ਵਰ੍ਹਿਆਂ ਤੋਂ ਵੀ. ਆਈ. ਪੀ. ਕੈਦੀਆਂ ਨੇ ਹਸਪਤਾਲਾਂ ਵਿੱਜ ਮੌਜਾਂ ਲੁੱਟੀਆਂ ਹਨ। ਕੇਂਦਰੀ ਜੇਲ੍ਹ ਕਪੂਰਥਲਾ ਵਿੱਚ ਬੰਦ ਵਿਧਾਇਕ ਬੀਬੀ ਜਗੀਰ ਕੌਰ ਨੂੰ ਵੀ ਫੌਰੀ ਜੇਲ੍ਹ ਅੰਦਰਲੇ ਹਸਪਤਾਲ ਵਿੱਚ ਦਾਖਲ ਕਰਨਾ ਪਿਆ। ਜੇਲ੍ਹ ਪ੍ਰਸ਼ਾਸਨ ਵੱਲੋਂ ਜੋ ਸੂਚਨਾ ਦਿੱਤੀ ਗਈ ਹੈ,ਉਸ ਅਨੁਸਾਰ ਬੀਬੀ ਜਗੀਰ ਕੌਰ ਨੇ ਘਬਰਾਹਟ ਅਤੇ ਸਾਹ ਰੁਕਣ ਦੀ ਤਕਲੀਫ ਦੱਸੀ ਸੀ ਜਿਸ ਕਾਰਨ ਉਨ੍ਹਾਂ ਨੂੰ ਹਸਪਤਾਲ ਵਿੱਚ ਭਰਤੀ ਕਰਨ ਦੀ ਸਿਫਾਰਸ਼ ਕੀਤੀ ਗਈ ਸੀ। 31 ਮਾਰਚ ਨੂੰ ਜਦੋਂ ਉਨ੍ਹਾਂ ਦਾ ਬਲੱਡ ਪ੍ਰੈਸ਼ਰ ਚੈੱਕ ਕੀਤਾ  ਗਿਆ ਤਾਂ ਉਹ 160/110 ਸੀ।
           ਜ਼ਿਲ੍ਹਾ ਜੇਲ੍ਹ ਸੰਗਰੂਰ ਵੱਲੋਂ 7 ਵਰ੍ਹਿਆਂ ਦੀ ਸੂਚਨਾ ਦਿੱਤੀ ਗਈ ਹੈ। ਉਸ ਅਨੁਸਾਰ ਇਸ ਜੇਲ੍ਹ 'ਚ ਨਵੇਂ ਆਏ 98 ਹਵਾਲਾਤੀਆਂ ਅਤੇ ਕੈਦੀਆਂ ਨੂੰ 48 ਘੰਟੇ ਦੇ ਅੰਦਰ ਅੰਦਰ ਜੇਲ੍ਹ ਤੋਂ ਬਾਹਰ ਹਸਪਤਾਲ ਭੇਜ ਦਿੱਤਾ ਗਿਆ। ਭਾਵੇਂ ਇਨ੍ਹਾਂ 'ਚ ਬਹੁਤੇ ਆਮ ਹਵਾਲਾਤੀ ਵੀ ਸੀ ਜਿਨ੍ਹਾਂ ਦਾ ਬਲੱਡ ਪ੍ਰੈਸ਼ਰ ਜੇਲ੍ਹ ਵਿੱਚ ਦਾਖਲ ਹੁੰਦੇ ਹੀ ਵੱਧ ਗਿਆ ਪਰ ਫਿਰ ਵੀ ਵੀ.ਆਈ.ਪੀ. ਬੰਦੀ ਜ਼ਿਆਦਾ ਸਨ। ਜੇਲ੍ਹ ਦੇ ਡਾਕਟਰਾਂ ਵੱਲੋਂ ਇਨ੍ਹਾਂ ਬੰਦੀਆਂ ਨੂੰ ਜੇਲ੍ਹ ਦੇ ਬਾਹਰ ਹਸਪਤਾਲ ਲਈ ਰੈਫਰ ਕਰ ਦਿੱਤਾ ਗਿਆ ਅਤੇ ਫਿਰ ਬਹੁਤੇ ਹਵਾਲਾਤੀ ਉਦੋਂ ਹੀ ਹਸਪਤਾਲ 'ਚੋਂ ਆਏ ਜਦੋਂ ਉਨ੍ਹਾਂ ਨੂੰ ਅਦਾਲਤਾਂ ਨੇ ਜ਼ਮਾਨਤ ਦੇ ਦਿੱਤੀ। ਸਾਲ 2011 ਵਿੱਚ ਇਸ ਜੇਲ੍ਹ ਵਿੱਚ ਅੱਠ ਬੰਦੀ ਅਜਿਹੇ ਆਏ ਜਿਨ੍ਹਾਂ ਨੂੰ 48 ਘੰਟਿਆਂ ਵਿੱਚ ਜੇਲ੍ਹ ਪ੍ਰਸ਼ਾਸਨ ਨੇ ਇਲਾਜ ਖਾਤਰ ਜੇਲੋਂ ਬਾਹਰ ਹਸਪਤਾਲ ਵਿੱਚ ਭੇਜ ਦਿੱਤਾ। ਸਾਲ 2010 ਵਿੱਚ 13 ਬੰਦੀਆਂ ਨੂੰ 48 ਘੰਟਿਆਂ ਵਿੱਚ ਹਸਪਤਾਲ ਭੇਜ ਦਿੱਤਾ ਗਿਆ। ਬੰਦੀ ਮਹਿੰਦਰ ਸਿੰਘ ਸੰਗਰੂਰ ਜੇਲ੍ਹ ਵਿੱਚ 17 ਸਤੰਬਰ,2011 ਨੂੰ ਆਇਆ ਅਤੇ ਉਸ ਦਿਨ ਹੀ ਉਸ ਨੂੰ ਹਸਪਤਾਲ ਭੇਜ ਦਿੱਤਾ ਗਿਆ। ਉਹ ਕਰੀਬ ਦੋ ਮਹੀਨੇ ਹਸਪਤਾਲ ਵਿੱਚ ਹੀ ਰਿਹਾ। ਬੰਦੀ ਰਛਪਾਲ ਸਿੰਘ ਵੀ ਕਰੀਬ ਇੱਕ ਮਹੀਨਾ ਹਸਪਤਾਲ ਵਿੱਚ ਹੀ ਰਿਹਾ।
           ਫਰੀਦਕੋਟ ਦੀ ਜੇਲ੍ਹ ਦੇ ਦੋ ਡਾਕਟਰਾਂ ਨੂੰ ਤਾਂ ਇਸ ਮਾਮਲੇ ਵਿੱਚ ਪੁਲੀਸ ਕੇਸ ਦਾ ਸਾਹਮਣਾ ਵੀ ਕਰਨਾ ਪਿਆ ਹੈ। ਜ਼ਿਲ੍ਹਾ ਅਦਾਲਤ ਦੇ ਹੁਕਮਾਂ 'ਤੇ ਪੁਲੀਸ ਨੇ ਜਦੋਂ ਪੜਤਾਲ ਕੀਤੀ ਤਾਂ ਦੋ ਡਾਕਟਰਾਂ ਦੀ ਮਿਲੀਭੁਗਤ ਨਾਲ ਇੱਕ ਕੈਦੀ ਨੂੰ ਹਸਪਤਾਲ ਰੱਖਣ ਦਾ ਮਾਮਲਾ ਸਾਹਮਣੇ ਆਇਆ। ਕਈ ਜੇਲ੍ਹਾਂ ਵਿੱਚ ਜੇਲ੍ਹ ਅੰਦਰਲੇ ਡਾਕਟਰ ਬੰਦੀਆਂ ਨਾਲ ਮਿਲੀਭੁਗਤ ਕਰਕੇ ਉਨ੍ਹਾਂ ਨੂੰ ਮਾੜੀ ਮੋਟੀ ਬਿਮਾਰੀ ਦਾ ਬਹਾਨਾ ਬਣਾ ਕੇ ਜੇਲ੍ਹ 'ਚੋਂ ਬਾਹਰ ਹਸਪਤਾਲ ਵਿੱਚ ਭੇਜ ਦਿੰਦੇ ਹਨ। ਜ਼ਿਲ੍ਹਾ ਜੇਲ੍ਹ ਹੁਸ਼ਿਆਰਪੁਰ ਵਿੱਚ 7 ਵਰ੍ਹਿਆਂ ਦੌਰਾਨ 45 ਅਜਿਹੇ ਵੀ.ਆਈ.ਪੀ. ਬੰਦੀ ਆਏ ਜੋ ਜੇਲ੍ਹ ਅੰਦਰ ਪੈਰ ਰੱਖਣ ਤੋਂ ਪਹਿਲਾਂ ਹੀ ਹਸਪਤਾਲ ਪਹੁੰਚ ਗਏ। ਬੰਦੀ ਰਣਧੀਰ ਸਿੰਘ ਜੇਲ੍ਹ ਵਿੱਚ 5 ਅਗਸਤ ਨੂੰ ਆਇਆ ਸੀ ਅਤੇ ਉਸ ਦਿਨ ਹੀ ਉਸ ਨੂੰ ਹਸਪਤਾਲ ਭੇਜ ਦਿੱਤਾ ਗਿਆ।ਗਤਾਰ ਸਿੰਘ ਨੂੰ ਜੇਲ੍ਹ ਪੁੱਜਣ ਮਗਰੋਂ ਉਸੇ ਦਿਨ ਹੀ ਹਸਪਤਾਲ ਲਈ ਰੈਫਰ ਕਰ ਦਿੱਤਾ। ਹੁਸ਼ਿਆਰਪੁਰ ਜੇਲ੍ਹ ਦੇ ਪ੍ਰਸ਼ਾਸਨ ਵੱਲੋਂ ਬੰਦੀ ਵਿਨੋਦ ਕੁਮਾਰ ਨੂੰ ਵੀ ਜੇਲ੍ਹ ਪੁੱਜਣ ਮਗਰੋਂ ਉਸੇ ਦਿਨ ਹਸਪਤਾਲ ਲਈ ਰੈਫਰ ਕਰ ਦਿੱਤਾ ਗਿਆ। ਸਾਲ 2010 ਵਿੱਚ ਇਸ ਜੇਲ੍ਹ ਵਿੱਚ 11 ਕੈਦੀ/ਹਵਾਲਾਤੀ 48 ਘੰਟਿਆਂ ਦੇ ਅੰਦਰ ਅੰਦਰ ਹਸਪਤਾਲ ਲਈ ਰੈਫਰ ਹੋਏ ਹਨ। ਸੂਤਰਾਂ ਮੁਤਾਬਕ ਬਹੁਤੇ ਬੰਦੀ ਸੱਚਮੁਚ ਹੀ ਜੇਲ੍ਹ ਦੇ ਡਰੋਂ ਘਬਰਾਹਟ ਵਿੱਚ ਆ ਜਾਂਦੇ ਹਨ ਪਰ ਬਹੁਤੇ ਪਹੁੰਚ ਵਾਲੇ ਕੈਦੀ ਹੀ ਹਸਪਤਾਲ ਪੁੱਜਦੇ ਹਨ।
           ਪੰਜਾਬ ਵਿੱਚ ਭ੍ਰਿਸ਼ਟਾਚਾਰ ਦੇ ਕੇਸਾਂ ਵਿੱਚ ਫੜੇ ਗਏ ਬਹੁਤੇ ਅਫ਼ਸਰ ਅਤੇ ਸਿਆਸੀ ਆਗੂ ਵੀ ਜੇਲ੍ਹਾਂ ਦੀ ਥਾਂ ਹਸਪਤਾਲ ਹੀ ਰਹੇ ਹਨ। ਕੈਪਟਨ ਹਕੂਮਤ ਸਮੇਂ ਏਦਾ ਕਾਫੀ ਚੱਲਦਾ ਰਿਹਾ ਹੈ। ਬੋਰਸਟਲ ਜੇਲ੍ਹ ਲੁਧਿਆਣਾ ਨੇ ਸੂਚਨਾ ਦਿੱਤੀ ਹੈ ਕਿ ਉਨ੍ਹਾਂ ਵੱਲੋਂ 48 ਘੰਟਿਆਂ ਦੇ ਅੰਦਰ ਅੰਦਰ ਕੋਈ ਬੰਦੀ ਹਸਪਤਾਲ ਨਹੀਂ ਭੇਜਿਆ ਗਿਆ। ਕੇਂਦਰੀ ਜੇਲ੍ਹ ਗੁਰਦਾਸਪਰ ਨੇ ਵੀ ਇਸ ਮਾਮਲੇ ਵਿੱਚ ਸੂਚਨਾ ਨਿਲ ਹੀ ਦਿੱਤੀ ਹੈ। ਹੋਰ ਕੇਂਦਰੀ ਜੇਲ੍ਹਾਂ ਜਿਨ੍ਹਾਂ ਵਿੱਚ ਇਹ ਵਰਤਾਰਾ ਚੱਲਦਾ ਰਿਹਾ ਹੈ, ਉਨ੍ਹਾਂ ਨੇ ਸੂਚਨਾ ਦੇਣ ਤੋਂ ਪਾਸਾ ਵੱਟ ਲਿਆ ਹੈ। ਸੂਤਰਾਂ ਮੁਤਾਬਕ ਜੇਲ੍ਹਾਂ ਵਿੱਚ ਜਾਂਦੇ ਆਮ ਮੁਲਜ਼ਮਾਂ ਨੂੰ ਤਾਂ ਜੇਲ੍ਹ ਹਸਪਤਾਲ ਵਿੱਚ ਵੀ ਦਾਖਲ ਨਹੀਂ ਕੀਤਾ ਜਾਂਦਾ ਅਤੇ ਕਈ ਕੈਦੀ ਇਲਾਜ ਖੁਣੋਂ ਹੀ ਦਮ ਤੋੜ ਜਾਂਦੇ ਹਨ। ਜੇਲ੍ਹ ਡਾਕਟਰਾਂ ਦਾ ਪੱਖ ਹੈ ਕਿ ਸਿਰਫ ਉਨ੍ਹਾਂ ਬੰਦੀਆਂ ਨੂੰ ਹੀ ਹਸਪਤਾਲ ਲਈ ਰੈਫਰ ਕੀਤਾ ਜਾਂਦਾ ਹੈ ਜਿਨ੍ਹਾਂ ਦੀ ਹਾਲਤ ਗੰਭੀਰ ਹੁੰਦੀ ਹੈ।

No comments:

Post a Comment