Wednesday, July 25, 2012

                               ਮਸੂਮੀਅਤ
               ਬੱਚਾ ਛੋਟਾ, ਦਿਲ ਵੱਡਾ
                           ਚਰਨਜੀਤ ਭੁੱਲਰ
ਬਠਿੰਡਾ : ਬਠਿੰਡਾ ਜੇਲ੍ਹ ਦੀ ਡਿਊਢੀ 'ਚ ਛੋਟੇ ਬੱਚੇ ਨੇ ਵੱਡਾ ਦਿਲ ਦਿਖਾਇਆ ਹੈ। ਮਾਂ ਨੇ ਤਾਂ ਉਸ ਨੂੰ ਤਸਕਰੀ ਲਈ ਵਰਤਿਆ। ਇਸੇ ਕਰਕੇ ਉਸ ਨੂੰ ਜੇਲ੍ਹ ਵੀ ਭੁਗਤਣੀ ਪਈ। ਹੁਣ ਜਦੋਂ ਜੇਲ੍ਹ ਚੋਂ ਮਾਸੂਮ ਬਾਹਰ ਆਇਆ ਤਾਂ ਉਸ ਨੇ ਆਖਿਆ, 'ਮਾਂ ਮੈਂ ਤੈਨੂੰ ਮਿਲਣ ਆਇਆ ਕਰੇਗਾ।' ਆਖਰ ਪੰਜ ਵਰ੍ਹਿਆਂ ਦੇ ਬੱਚੇ ਨੂੰ ਅੱਜ ਜੇਲ੍ਹ ਤੋਂ ਮੁਕਤੀ ਮਿਲ ਗਈ ਹੈ। ਬਿਨਾਂ ਕਸੂਰ ਤੋਂ ਇਸ ਬੱਚੇ ਨੇ ਜੇਲ੍ਹ ਵੇਖ ਲਈ ਹੈ। ਬਠਿੰਡਾ ਜੇਲ੍ਹ ਚੋਂ ਅੱਜ ਸ਼ਾਮ ਵਕਤ ਜਦੋਂ ਇਹ ਬੱਚਾ ਬਾਹਰ ਆਇਆ ਤਾਂ ਉਸ ਦੇ ਚਿਹਰੇ 'ਤੇ ਖੁਸ਼ੀ ਸੀ। ਬਚਪਨ 'ਚ ਹੀ ਉਸ ਨੂੰ 'ਬੰਦ ਪਿੰਜਰੇ' ਦਾ ਅਹਿਸਾਸ ਹੋ ਗਿਆ ਹੈ। ਉਸ ਨੂੰ ਮਾਪਿਆਂ ਦੇ ਜੁਰਮ ਦੀ ਸਜ਼ਾ ਕੱਟਣੀ ਪਈ ਹੈ। ਉਹ ਅਣਜਾਣ ਸੀ ਕਿ ਉਸ ਦੇ ਬਚਪਨ ਨੂੰ ਵੀ ਤਸਕਰੀ ਲਈ ਵਰਤਿਆ ਜਾਂਦਾ ਸੀ। ਉਹ ਤਾਂ ਮਾਪਿਆਂ ਦੇ ਮੋਹ ਵਿੱਚ ਬੱਝਾ ਹੋਇਆ ਸੀ। ਦੱਸਣਯੋਗ ਹੈ ਕਿ ਬਠਿੰਡਾ ਪੁਲੀਸ ਨੇ ਸ਼ਹਿਰ ਦੀ ਸੰਤਪੁਰਾ ਸੜਕ ਤੋਂ ਇੱਕ ਕਾਰ ਨੂੰ ਪੌਣੇ ਦੋ ਵਰ੍ਹੇ ਪਹਿਲਾਂ ਜਦੋਂ ਰੋਕਿਆ ਸੀ ਤਾਂ ਉਸ ਕਾਰ ਵਿੱਚ ਸਵਾਰ ਇਸ ਬੱਚੇ ਹਰਸ਼ਦੀਪ ਨਾਲ ਉਸ ਦੀ ਮਾਂ ਸੁਰਿੰਦਰ ਕੌਰ ਅਤੇ ਪਿਤਾ ਅਵਤਾਰ ਸਿੰਘ ਵਾਸੀ ਮਲਕਾਣਾ ਸਨ। ਉਸ ਦੇ ਮਾਪਿਆਂ ਵੱਲੋਂ ਅਫੀਮ ਦੀ ਤਸਕਰੀ ਕੀਤੀ ਜਾ ਰਹੀ ਸੀ। ਪੁਲੀਸ ਨੇ ਉਸ ਦੇ ਮਾਂ ਤੇ ਬਾਪ 'ਤੇ ਥਾਣਾ ਕੋਤਵਾਲੀ ਵਿੱਚ 10 ਨਵੰਬਰ 2010 ਨੂੰ ਕੇਸ ਦਰਜ ਕੀਤਾ ਸੀ। ਜਦੋਂ ਅਦਾਲਤ ਵੱਲੋਂ ਉਨ੍ਹਾਂ ਨੂੰ ਜੇਲ੍ਹ ਭੇਜਿਆ ਗਿਆ ਤਾਂ ਪਿੱਛੇ ਇਸ ਬੱਚੇ ਨੂੰ ਸੰਭਾਲਣ ਵਾਲਾ ਕੋਈ ਨਹੀਂ ਸੀ। ਨਤੀਜੇ ਵਜੋਂ ਇਹ ਬੱਚਾ ਵੀ ਮਾਪਿਆਂ ਦੇ ਨਾਲ ਜੇਲ੍ਹ ਚਲਾ ਗਿਆ। ਇਹ ਬੱਚਾ ਪਿਛਲੇ ਪੌਣੇ ਦੋ ਵਰ੍ਹਿਆਂ ਤੋਂ ਜੇਲ੍ਹ ਵਿੱਚ ਹੀ ਮਾਪਿਆਂ ਨਾਲ ਬੰਦ ਸੀ।
           ਪੁਲੀਸ ਨੇ ਦੱਸਿਆ ਸੀ ਕਿ ਇਸ ਤਸਕਰ ਜੋੜੇ ਵਲੋਂ ਤਸਕਰੀ ਦੇ ਕੰਮ ਵਿੱਚ ਇਸ ਬੱਚੇ ਨੂੰ ਵਰਤਿਆ ਜਾਂਦਾ ਸੀ। ਤਸਕਰੀ ਸਮੇਂ ਬੱਚਾ ਨਾਲ ਹੋਣ ਕਰਕੇ ਕਿਸੇ ਨੂੰ ਬਹੁਤਾ ਸ਼ੱਕ ਨਹੀਂ ਪੈਂਦਾ ਸੀ। ਜਦੋਂ ਇਸ ਬੱਚੇ ਨੂੰ ਸੋਝੀ ਆਈ ਤਾਂ ਉਹ ਜੇਲ੍ਹ ਦੀਆਂ ਕੰਧਾਂ ਦੇ ਅੰਦਰ ਕੈਦ ਸੀ। ਉਹ ਅੰਦਰਲੀ ਦੁਨੀਆਂ ਤੋਂ ਅਣਜਾਣ ਸੀ। ਮਾਪਿਆਂ ਨੂੰ ਕੁਝ ਸਮੇਂ ਮਗਰੋਂ ਆਪਣੇ ਬੱਚੇ ਦੇ ਭਵਿੱਖ ਦਾ ਫਿਕਰ ਹੋਣ ਲੱਗਾ। ਕਰੀਬ ਛੇ ਕੁ ਮਹੀਨੇ ਪਹਿਲਾਂ ਜਦੋਂ ਜਸਟਿਸ ਕੇ.ਸੀ.ਪੁਰੀ ਬਠਿੰਡਾ ਜੇਲ੍ਹ ਦੇ ਦੌਰੇ 'ਤੇ ਆਏ ਤਾਂ ਉਨ੍ਹਾਂ ਨੇ ਇਸ ਬੱਚੇ ਸਬੰਧੀ ਮਸ਼ਵਰਾ ਦਿੱਤਾ ਸੀ ਕਿ ਜੇ ਕੋਈ ਇਸ ਬੱਚੇ ਨੂੰ ਬਾਹਰ ਦੇਖਭਾਲ ਕਰਨ ਵਾਲਾ ਮਿਲ ਜਾਵੇ ਤਾਂ ਕਾਨੂੰਨ ਮੁਤਾਬਕ ਬੱਚਾ ਬਾਹਰ ਜਾ ਸਕਦਾ ਹੈ। ਬਠਿੰਡਾ ਦੇ ਇੱਕ ਸਰਕਾਰੀ ਮੁਲਾਜ਼ਮ ਆਰ.ਐਸ.ਬਾਂਸਲ ਨੇ ਜ਼ਿਲ੍ਹਾ ਅਦਾਲਤ ਵਿੱਚ ਦਰਖਾਸਤ ਦਾਇਰ ਕਰ ਦਿੱਤੀ ਸੀ ਕਿ ਉਹ ਜੇਲ੍ਹ ਵਿੱਚ ਬੰਦ ਹਰਸ਼ਦੀਪ ਦੀ ਦੇਖਭਾਲ ਕਰਨ ਵਾਸਤੇ ਤਿਆਰ ਹੈ। ਉਸ ਨੇ ਇੱਛਾ ਜ਼ਾਹਰ ਕੀਤੀ ਸੀ ਕਿ ਉਹ ਬੱਚੇ ਨੂੰ ਸਕੂਲ ਵਿੱਚ ਪੜਾਉਣਾ ਚਾਹੁੰਦਾ ਹੈ। ਜ਼ਿਲ੍ਹਾ ਤੇ ਸੈਸ਼ਨ ਜੱਜ ਨੇ ਸਿਵਲ ਜੱਜ ਹਰਜਿੰਦਰ ਕੌਰ ਨੂੰ ਦਰਖਾਸਤ ਭੇਜ ਦਿੱਤੀ ਸੀ। ਜ਼ਿਲ੍ਹਾ ਅਦਾਲਤ ਨੇ ਗਾਰਡੀਅਨ ਤੇ ਕੇਅਰ ਟੇਕਰ ਦੇ ਤੌਰ 'ਤੇ ਇਸ ਸਰਕਾਰੀ ਮੁਲਾਜ਼ਮ ਨੂੰ ਜੇਲ੍ਹ ਵਿੱਚ ਬੰਦ ਬੱਚਾ ਲੈਣ ਦੀ ਇਜਾਜ਼ਤ ਦੇ ਦਿੱਤੀ ਸੀ। ਉਧਰ ਬੱਚੇ ਦੇ ਜੇਲ੍ਹ ਵਿੱਚ ਬੰਦ ਮਾਪੇ ਵੀ ਇਸ ਗੱਲ ਲਈ ਰਜਾਮੰਦ ਸਨ।
            ਬਠਿੰਡਾ ਜੇਲ੍ਹ ਦੇ ਪ੍ਰਸ਼ਾਸਨ ਨੇ ਅੱਜ ਹਰਸ਼ਦੀਪ ਨੂੰ ਇਸ ਸਰਕਾਰੀ ਮੁਲਾਜ਼ਮ ਦੇ ਹਵਾਲੇ ਕਰ ਦਿੱਤਾ ਹੈ। ਜੇਲ੍ਹ ਪ੍ਰਸ਼ਾਸਨ ਨੇ ਬੱਚੇ ਦੇ ਮਾਪਿਆਂ ਤੇ ਕੇਅਰ ਟੇਕਰ ਤੋਂ ਹਲਫੀਆ ਬਿਆਨ ਲੈ ਲਏ ਹਨ। ਬੱਚੇ ਨੂੰ ਹੁਣ ਇਸ ਸਰਕਾਰੀ ਮੁਲਾਜ਼ਮ ਦੇ ਹਵਾਲੇ ਕੀਤਾ ਗਿਆ ਹੈ ਤੇ ਬੱਚੇ ਪ੍ਰਤੀ ਹੁਣ ਸਾਰੀ ਜ਼ਿੰਮੇਵਾਰੀ ਉਸ ਦੀ ਬਣ ਗਈ ਹੈ। ਇਸ ਬੱਚੇ ਨੇ ਸਕੂਲ ਜਾਣ ਦੀ ਇੱਛਾ ਜ਼ਾਹਰ ਕੀਤੀ। ਸਰਕਾਰੀ ਮੁਲਾਜ਼ਮ ਬਾਂਸਲ ਦਾ ਕਹਿਣਾ ਸੀ ਕਿ ਉਹ ਬੱਚੇ ਨੂੰ ਆਪਣੇ ਬੱਚਿਆਂ ਵਾਂਗ ਪਾਲਣਗੇ ਤੇ ਬੱਚੇ ਨੂੰ ਸਕੂਲ ਪਾਇਆ ਜਾਵੇਗਾ। ਉਧਰ ਮਾਪਿਆਂ ਨੂੰ ਅੱਜ ਬੱਚੇ ਨੂੰ ਜੇਲ੍ਹ ਤੋਂ ਬਾਹਰ ਭੇਜ ਕੇ ਤਸੱਲੀ ਮਹਿਸੂਸ ਹੋਈ। ਬੱਚੇ ਦਾ ਕਹਿਣਾ ਸੀ ਕਿ ਉਹ ਆਪਣੇ ਮਾਂ ਬਾਪ ਨੂੰ ਜੇਲ੍ਹ ਵਿੱਚ ਮਿਲਣ ਆਇਆ ਕਰੇਗਾ। ਭਾਵੇਂ ਮਾਪਿਆਂ ਨੇ ਤਾਂ ਬੱਚੇ ਨੂੰ ਤਸਕਰੀ ਲਈ ਵਰਤਿਆ ਪਰ ਬੱਚੇ ਨੇ ਫਿਰ ਵੀ ਆਪਣੀ ਮਸੂਮੀਅਤ ਦਿਖਾ ਦਿੱਤੀ ਹੈ।

No comments:

Post a Comment