
ਮੁਖ਼ਬਰਾਂ ਦੀ ਕਮਾਈ,ਅਫ਼ਸਰਾਂ ਨੇ ਪਚਾਈ
ਚਰਨਜੀਤ ਭੁੱਲਰ
ਬਠਿੰਡਾ : ਪੰਜਾਬ ਸਰਕਾਰ ਦੇ ਵੱਡੇ ਅਫ਼ਸਰ ਹੁਣ ਮੁਖਬਰਾਂ ਨੂੰ ਠੱਗਣ ਲੱਗੇ ਹਨ। ਹਾਲਾਂਕਿ ਇਹ ਮੁਖਬਰ ਸਰਕਾਰੀ ਖਜ਼ਾਨੇ ਦੀ ਮਦਦ ਕਰਦੇ ਹਨ। ਏਦਾ ਦੀ ਸਥਿਤੀ ਵਿੱਚ ਬਹੁਤੇ ਮੁਖਬਰਾਂ ਨੇ ਸਰਕਾਰ ਤੋਂ ਮੂੰਹ ਫੇਰ ਲਿਆ ਹੈ। ਕਰ ਅਤੇ ਆਬਾਕਾਰੀ ਵਿਭਾਗ ਪੰਜਾਬ ਵੱਲੋਂ ਟੈਕਸ ਚੋਰੀ ਰੋਕਣ ਵਾਸਤੇ ਇਨਾਮੀ ਯੋਜਨਾ ਸ਼ੁਰੂ ਕੀਤੀ ਹੋਈ ਹੈ, ਜਿਸ ਤਹਿਤ ਟੈਕਸ ਚੋਰੀ ਰੋਕਣ ਵਿੱਚ ਮਦਦ ਕਰਨ ਵਾਲੇ ਸਰਕਾਰੀ ਅਧਿਕਾਰੀਆਂ ਅਤੇ ਮੁਲਾਜ਼ਮਾਂ ਤੋਂ ਇਲਾਵਾ ਟੈਕਸ ਚੋਰੀ ਦੀ ਸੂਹ ਦੇਣ ਵਾਲਿਆਂ ਨੂੰ ਵੀ ਇਨਾਮੀ ਰਾਸ਼ੀ ਦਿੱਤੀ ਜਾਂਦੀ ਹੈ। ਮੁਖਬਰਾਂ ਨੂੰ ਗਿਲ੍ਹਾ ਹੈ ਕਿ ਟੈਕਸ ਚੋਰੀ ਦੀ ਸੂਹ ਉਹ ਦਿੰਦੇ ਹਨ ਅਤੇ ਇਨਾਮੀ ਰਾਸ਼ੀ ਅਫਸਰਾਂ ਅਤੇ ਮੁਲਾਜ਼ਮਾਂ ਨੂੰ ਮਿਲ ਜਾਂਦੀ ਹੈ। ਕਰ ਅਤੇ ਆਬਕਾਰੀ ਮਹਿਕਮੇ ਵੱਲੋਂ ਰਿਵਾਰਡ ਪਾਲਿਸੀ ਤਹਿਤ ਹੁਣ ਹਰ ਸਾਲ 25 ਲੱਖ ਦਾ ਬਜਟ ਰੱਖਿਆ ਜਾਂਦਾ ਹੈ। ਇਕੱਲਾ ਮੁਖਬਰ ਹੀ ਨਹੀਂ ਬਲਕਿ ਕਈ ਅਧਿਕਾਰੀ ਵੀ ਇਹ ਸ਼ਿਕਵਾ ਕਰਦੇ ਹਨ ਕਿ ਉਨ੍ਹਾਂ ਨੂੰ ਇਨਾਮੀ ਰਾਸ਼ੀ 'ਚੋਂ ਹਿੱਸਾ ਨਹੀਂ ਮਿਲਦਾ। ਪ੍ਰਾਪਤ ਜਾਣਕਾਰੀ ਅਨੁਸਾਰ ਕਰ ਅਤੇ ਆਬਕਾਰੀ ਮਹਿਕਮੇ ਵੱਲੋਂ ਇਨਾਮੀ ਰਾਸ਼ੀ ਤਹਿਤ ਬਜਟ ਤਾਂ ਹਰ ਸਾਲ ਰੱਖਿਆ ਜਾਂਦਾ ਹੈ ਪਰ ਇਸ ਬਜਟ ਨੂੰ ਕਈ ਵਾਰੀ ਖਰਚ ਹੀ ਨਹੀਂ ਕੀਤਾ ਜਾਂਦਾ। ਜਾਣਕਾਰੀ ਮੁਤਾਬਕ ਪਹਿਲੀ ਅਪਰੈਲ, 2005 ਤੋਂ 9 ਦਸੰਬਰ, 2008 ਤੱਕ ਕਿਸੇ ਵੀ ਮੁਖਬਰ ਨੂੰ ਕੋਈ ਇਨਾਮੀ ਰਾਸ਼ੀ ਨਹੀਂ ਦਿੱਤੀ ਗਈ।
ਸਾਲ 2009 ਤੋਂ 2012-13 ਦੌਰਾਨ ਇਨਾਮੀ ਯੋਜਨਾ ਤਹਿਤ 58.45 ਲੱਖ ਰੁਪਏ ਦੀ ਰਾਸ਼ੀ ਵੰਡੀ ਗਈ ਹੈ, ਜਿਸ 'ਚੋਂ ਮੁਖਬਰਾਂ ਨੂੰ ਸਿਰਫ 29 ਲੱਖ ਰੁਪਏ ਹੀ ਮਿਲੇ ਹਨ ਅਤੇ ਬਾਕੀ ਰਾਸ਼ੀ ਕਰ ਅਤੇ ਆਬਕਾਰੀ ਮਹਿਕਮੇ ਦੇ ਅਫਸਰਾਂ ਅਤੇ ਮੁਲਾਜ਼ਮਾਂ ਦੇ ਹਿੱਸੇ ਆਈ ਹੈ। ਕਰ ਅਤੇ ਆਬਕਾਰੀ ਮਹਿਕਮੇ ਦੇ ਨਿਯਮ ਬੜੇ ਸਖਤ ਹਨ ਜਿਸ ਕਾਰਨ ਮੁਖਬਰਾਂ ਨੂੰ ਕਾਫੀ ਮਾਰ ਝੱਲਣੀ ਪੈਂਦੀ ਹੈ। ਜੇਕਰ ਕਰ ਅਤੇ ਆਬਕਾਰੀ ਮਹਿਕਮੇ ਵੱਲੋਂ ਸੂਹ ਦਿੱਤੇ ਗਏ ਕੇਸ ਵਿੱਚ ਜੁਰਮਾਨਾ ਪਾਇਆ ਜਾਂਦਾ ਹੈ ਤਾਂ ਹੀ ਮੁਖਬਰ ਨੂੰ ਉਸ 'ਚੋਂ ਹਿੱਸਾ ਮਿਲਦਾ ਹੈ। ਆਬਕਾਰੀ ਅਤੇ ਕਰ ਕਮਿਸ਼ਨਰ ਪੰਜਾਬ ਵੱਲੋਂ ਸਾਲ 2012-13 ਅਤੇ ਸਾਲ 2013-14 ਲਈ ਇਨਾਮੀ ਰਾਸ਼ੀ ਵਾਸਤੇ ਸਾਲਾਨਾ 25 ਲੱਖ ਰੁਪਏ ਦਾ ਬਜਟ ਰੱਖਿਆ ਹੈ ਪਰ ਇਹ ਬਜਟ ਖਰਚ ਨਹੀਂ ਕੀਤਾ ਗਿਆ ਹੈ। ਸਾਲ 2005-06 ਵਿੱਚ ਮਹਿਕਮੇ ਨੇ 4.42 ਲੱਖ ਰੁਪਏ ਦਾ ਬਜਟ ਇਨਾਮੀ ਰਾਸ਼ੀ ਵਾਸਤੇ ਰੱਖਿਆ ਸੀ ਅਤੇ ਸਾਰਾ ਬਜਟ ਖਰਚ ਕੀਤਾ ਗਿਆ ਸੀ। ਸਾਲ 2006-07 ਵਿੱਚ 20 ਲੱਖ ਰੁਪਏ ਦਾ ਬਜਟ ਰੱਖਿਆ ਗਿਆ ਪਰ ਇਸ 'ਚੋਂ 8.92 ਲੱਖ ਰੁਪਏ ਹੀ ਖਰਚ ਕੀਤੇ ਗਏ। ਕਰ ਅਤੇ ਆਬਕਾਰੀ ਵਿਭਾਗ ਦੇ ਮੋਬਾਈਲ ਵਿੰਗ ਨਾਲ ਜੋ ਸੁਰੱਖਿਆ ਦਸਤਾ ਹੁੰਦਾ ਹੈ, ਉਨ੍ਹਾਂ ਦੇ ਅਧਿਕਾਰੀ ਵੀ ਮਹਿਕਮੇ ਨੂੰ ਪੱਤਰ ਲਿਖ ਕੇ ਆਪਣਾ ਹਿੱਸਾ ਮੰਗ ਰਹੇ ਹਨ। ਇਨ੍ਹਾਂ ਸੁਰੱਖਿਆ ਅਫਸਰਾਂ ਦਾ ਕਹਿਣਾ ਹੈ ਕਿ ਉਹ ਵੀ ਸਰਕਾਰੀ ਟੈਕਸ ਦੀ ਚੋਰੀ ਰੋਕਣ ਵਿੱਚ ਮਦਦ ਕਰਦੇ ਹਨ। ਸੂਤਰਾਂ ਮੁਤਾਬਕ ਮੁਖਬਰਾਂ ਨੂੰ ਪੂਰਾ ਮਾਣ ਸਨਮਾਨ ਨਾ ਮਿਲਣ ਕਰਕੇ ਮਹਿਕਮੇ ਨੂੰ ਮੁਖਬਰਾਂ ਦੀ ਕਮੀ ਵੀ ਰੜਕਣ ਲੱਗੀ ਹੈ।
ਇਸ ਬਾਰੇ ਕਰ ਅਤੇ ਆਬਕਾਰੀ ਵਿਭਾਗ ਪੰਜਾਬ ਦੇ ਡਿਪਟੀ ਕਰ ਅਤੇ ਆਬਕਾਰੀ ਅਫਸਰ ਜਸਪਾਲ ਗਰਗ ਨੇ ਕਿਹਾ ਕਿ ਮਹਿਕਮੇ ਦੀ ਇਨਾਮ ਯੋਜਨਾ ਤਹਿਤ ਨਿਯਮਾਂ ਅਨੁਸਾਰ ਇਨਾਮੀ ਰਾਸ਼ੀ ਵੰਡੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਜੋ ਮੁਖਬਰ ਹੁੰਦੇ ਹਨ, ਉਨ੍ਹਾਂ ਨੂੰ ਤਾਂ ਹੀ ਇਨਾਮੀ ਰਾਸ਼ੀ ਦਿੱਤੀ ਜਾਂਦੀ ਹੈ ਕਿ ਜੇਕਰ ਉਨ੍ਹਾਂ ਵੱਲੋਂ ਦਿੱਤੀ ਸੂਹ ਦੇ ਆਧਾਰ 'ਤੇ ਫੜੀ ਟੈਕਸ ਚੋਰੀ ਵਿੱਚ ਕੋਈ ਜੁਰਮਾਨਾ ਲਾਇਆ ਜਾਵੇ। ਉਨ੍ਹਾਂ ਕਿਹਾ ਕਿ ਇਨਾਮੀ ਰਾਸ਼ੀ ਦੇਣ ਲਈ ਸ਼ਰਤਾਂ ਵੀ ਸਖਤ ਹਨ। ਇਨ੍ਹਾਂ ਸ਼ਰਤਾਂ ਅਨੁਸਾਰ ਹੀ ਇਨਾਮੀ ਰਾਸ਼ੀ ਵੰਡੀ ਜਾਂਦੀ ਹੈ ਅਤੇ ਕੋਈ ਵਿਤਕਰਾ ਨਹੀਂ ਕੀਤਾ ਜਾਂਦਾ।
ਮੋਹਰੀ ਕਰਦਾਤਾਵਾਂ ਦਾ ਸਨਮਾਨ
ਪੰਜਾਬ ਦੇ ਜੋ ਵਪਾਰੀ ਟੈਕਸ ਭਰਨ ਵਿੱਚ ਅੱਵਲ ਹਨ,ਉਨ੍ਹਾਂ ਨੂੰ ਪੰਜਾਬ ਸਰਕਾਰ ਨੇ ਸਨਮਾਨ ਦੇਣ ਦਾ ਫੈਸਲਾ ਕੀਤਾ ਹੈ। ਕਰ ਅਤੇ ਆਬਕਾਰੀ ਮਹਿਕਮੇ ਵੱਲੋਂ ਵੱਖ ਵੱਖ ਸ਼੍ਰੇਣੀਆਂ ਬਣਾਈਆਂ ਗਈਆਂ ਹਨ ਅਤੇ ਹਰ ਸ਼੍ਰੇਣੀ ਤਹਿਤ ਜ਼ਿਲ੍ਹਾ ਪੱਧਰ ਅਤੇ ਸਟੇਟ ਪੱਧਰ 'ਤੇ ਸਨਮਾਨ ਦਿੱਤਾ ਜਾਵੇਗਾ। ਮਹਿਕਮੇ ਵੱਲੋਂ ਅਜਿਹੇ ਵਪਾਰੀਆਂ ਅਤੇ ਕਾਰੋਬਾਰੀਆਂ ਦੀਆਂ ਸੂਚੀਆਂ ਤਿਆਰ ਕੀਤੀਆਂ ਜਾ ਰਹੀਆਂ ਹਨ। ਸ਼ਰਤ ਇਹ ਹੈ ਕਿ ਵਪਾਰੀ ਦਾ ਆਪਣੀ ਸ਼੍ਰੇਣੀ ਵਿੱਚ ਸਭ ਤੋਂ ਵੱਧ ਟੈਕਸ ਭਰਿਆ ਹੋਵੇ ਅਤੇ ਉਸ ਨੂੰ ਕਦੇ ਮਹਿਕਮੇ ਨੇ ਜੁਰਮਾਨਾ ਨਾ ਲਾਇਆ ਹੋਵੇ। ਮੋਹਰੀ ਕਰਦਾਤਾਵਾਂ ਨੂੰ ਸਨਮਾਨਿਤ ਕਰਨ ਦਾ ਫੈਸਲਾ ਇਸੇ ਸਾਲ ਤੋਂ ਲਾਗੂ ਕੀਤਾ ਜਾ ਰਿਹਾ ਹੈ।
No comments:
Post a Comment