Friday, September 13, 2013

                            ਪੰਥਕ ਪ੍ਰਾਹੁਣਚਾਰੀ
     ਦੀਪ ਮਲਹੋਤਰਾ ਵਲੋਂ ਸ਼ਰਾਬ ਦੀ ਸੇਵਾ
                               ਚਰਨਜੀਤ ਭੁੱਲਰ
ਬਠਿੰਡਾ : ਐਤਕੀਂ ਅਕਾਲੀ ਵਿਧਾਇਕ ਦੀਪ ਮਲਹੋਤਰਾ ਕੋਲ ਪੰਜਾਬ ਦੇ ਕਰੀਬ ਇੱਕ-ਤਿਹਾਈ ਠੇਕੇ ਹਨ। ਚਾਲੂ ਮਾਲੀ ਵਰ੍ਹੇ ਦੌਰਾਨ ਸ਼ਰਾਬ ਦੇ ਠੇਕੇ ਲੈਣ ਪੱਖੋਂ ਸਭ ਤੋਂ ਵੱਧ ਕਿਸਮਤ ਇਸ ਵਿਧਾਇਕ ਦੀ ਚਮਕੀ ਹੈ। ਉਂਜ ਵੀ ਇਸ ਵਾਰ ਸ਼ਰਾਬ ਦੇ ਜ਼ਿਆਦਾ ਠੇਕੇ ਅਕਾਲੀ-ਭਾਜਪਾ ਸਰਕਾਰ ਦੇ ਨੇੜਲਿਆਂ ਨੇ ਹੀ ਮੱਲੇ ਹਨ। ਦੀਪ ਮਲਹੋਤਰਾ ਦੇ ਸੱਤ ਜ਼ਿਲ੍ਹਿਆਂ ਵਿੱਚ ਠੇਕੇ ਹਨ। ਚਾਲੂ ਮਾਲੀ ਸਾਲ ਦੌਰਾਨ ਸ਼ਰਾਬ ਦੇ ਠੇਕੇ ਲੈਣ ਖਾਤਰ 40949 ਲੋਕਾਂ ਨੇ ਅਪਲਾਈ ਕੀਤਾ ਸੀ, ਪ੍ਰੰਤੂ ਜਦੋਂ ਕਰ ਅਤੇ ਆਬਕਾਰੀ ਵਿਭਾਗ ਵੱਲੋਂ ਲਾਟਰੀ ਕੱਢੀ ਗਈ ਤਾਂ ਇਹ ਲਾਟਰੀ ਅਕਾਲੀ ਭਾਜਪਾ ਸਰਕਾਰ ਦੇ ਨੇੜਲਿਆਂ ਦੀ ਹੀ ਨਿਕਲੀ। ਆਮ ਠੇਕੇਦਾਰ ਤਾਂ ਇਸ ਕਾਰੋਬਾਰ ਵਿੱਚੋਂ ਬਾਹਰ ਹੋ ਗਏ ਹਨ। ਅਕਾਲੀ ਵਿਧਾਇਕ ਨੇ ਪਰਦਾ ਰੱਖਣ ਵਾਸਤੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਵੱਖ-ਵੱਖ ਪਤੇ ਟਿਕਾਣੇ ਦੇ ਕੇ ਅਪਲਾਈ ਕੀਤਾ ਸੀ। ਇਸ ਵਿਧਾਇਕ ਕੋਲ ਲੁਧਿਆਣਾ, ਫਰੀਦਕੋਟ, ਨਵਾਂ ਸ਼ਹਿਰ, ਤਰਨਤਾਰਨ, ਅੰਮ੍ਰਿਤਸਰ, ਜਲੰਧਰ, ਕਪੂਰਥਲਾ ਜ਼ਿਲ੍ਹਿਆਂ ਦੇ ਠੇਕੇ ਹਨ। ਵਿਧਾਇਕ ਦੇ ਲੜਕੇ ਗੌਰਵ ਮਲਹੋਤਰਾ ਵਾਸੀ ਫਰੀਦਕੋਟ ਦੇ ਨਾਮ 'ਤੇ ਫਰੀਦਕੋਟ, ਕੋਟਕਪੂਰਾ ਅਤੇ ਸਾਦਿਕ ਇਲਾਕੇ ਦੇ ਸ਼ਰਾਬ ਦੇ ਠੇਕੇ ਹਨ।
                  ਕਰ ਅਤੇ ਆਬਕਾਰੀ ਵਿਭਾਗ ਵੱਲੋਂ ਆਰ.ਟੀ.ਆਈ. ਤਹਿਤ ਜੋ ਸੂਚਨਾ ਦਿੱਤੀ ਗਈ ਹੈ, ਉਸ ਅਨੁਸਾਰ ਲੁਧਿਆਣਾ ਸ਼ਹਿਰ ਦੇ ਸੱਤ ਜ਼ੋਨਾਂ ਦੇ ਠੇਕੇ ਵੀ ਇਸੇ ਵਿਧਾਇਕ ਕੋਲ ਹਨ। ਇਸ ਸ਼ਹਿਰ ਵਿੱਚ ਗੌਰਵ ਮਲਹੋਤਰਾ ਵਾਸੀ ਜ਼ਿਲ੍ਹਾ ਫਿਰੋਜ਼ਪੁਰ ਦੇ ਨਾਮ 'ਤੇ ਤਿੰਨ ਜ਼ੋਨਾਂ ਦੇ ਠੇਕੇ ਹਨ ਜਦੋਂ ਕਿ ਬਠਿੰਡਾ ਜ਼ਿਲ੍ਹੇ ਦੀ ਸੰਗਤ ਮੰਡੀ ਦਾ ਐਡਰੈਸ ਦੇ ਕੇ ਇਸ ਜ਼ੋਨ ਦੇ ਠੇਕੇ ਦੀਪ ਮਲਹੋਤਰਾ ਨੇ ਲਏ ਹਨ। ਜ਼ੋਨ ਨੰਬਰ ਪੰਜ ਦੇ ਠੇਕੇ ਓਮ ਸੰਜ਼ ਵਾਸੀ ਸੰਗਤ ਮੰਡੀ ਦੇ ਨਾਮ ਹੇਠ ਲਏ ਗਏ ਹਨ। ਜ਼ੋਨ ਨੰਬਰ 3 ਦੇ ਠੇਕੇ ਮੈਲਬਰੌਸ ਦੇ ਨਾਮ ਹੇਠ ਲਏ ਹਨ। ਇਸ ਜ਼ਿਲ੍ਹੇ ਵਿੱਚ ਇਕ ਕਾਂਗਰਸੀ ਨੇਤਾ ਦੀ ਕੰਪਨੀ ਢਿੱਲੋਂ ਡਿਸਟਰੀਬਿਊਟਰਜ਼ ਦਾ ਹੱਥ ਵੀ ਉਪਰ ਹੈ। ਨਵਾਂ ਸ਼ਹਿਰ ਵਿੱਚ ਦੀਪ ਮਲਹੋਤਰਾ ਕੋਲ ਚਾਰ ਸਰਕਲਾਂ ਵਿੱਚੋਂ ਦੋ ਸਰਕਲਾਂ ਦੇ ਠੇਕੇ ਹਨ ਜੋ ਕਿ ਮੈਸਰਜ਼ ਵਿਜੇਤਾ ਵਾਸੀ ਜੈਪੁਰ ਅਤੇ ਮੈਲਬਰੌਸ ਕੰਪਨੀ ਫਿਰੋਜ਼ਪੁਰ ਦੇ ਨਾਮ ਹੇਠ ਹਨ। ਕਪੂਰਥਲਾ ਸ਼ਹਿਰ ਦੇ ਠੇਕੇ ਗੌਰਵ ਮਲਹੋਤਰਾ  ਦੇ ਨਾਮ 'ਤੇ ਹਨ। ਅੰਮ੍ਰਿਤਸਰ ਜ਼ਿਲ੍ਹੇ ਵਿੱਚ ਸੱਤ ਜ਼ੋਨਾਂ ਦੇ ਠੇਕੇ ਦੀਪ ਮਲਹੋਤਰਾ ਕੋਲ ਹਨ। ਛੇਹਰਟਾ ਜ਼ੋਨ ਦੇ ਠੇਕੇ ਗੌਰਵ ਵਾਸੀ ਜੈਪੁਰ ਦੇ ਨਾਮ 'ਤੇ ਹਨ ਜਦੋਂ ਕਿ ਬਟਾਲਾ ਰੋਡ ਜ਼ੋਨ ਦੇ ਠੇਕੇ ਗੌਤਮ ਵਾਸੀ ਪਿੰਡ ਸੰਗਤ ਮੰਡੀ ਜ਼ਿਲ੍ਹਾ ਬਠਿੰਡਾ ਦੇ ਨਾਮ 'ਤੇ ਹਨ। ਮਲਹੋਤਰਾ ਦੀ ਕੰਪਨੀ ਵਿਜੇਤਾ ਅਤੇ ਓਮ ਸੰਜ਼ ਦੇ ਨਾਮ 'ਤੇ ਵੀ ਇੱਥੇ ਠੇਕੇ ਹਨ।
                   ਜ਼ਿਲ੍ਹਾ ਜਲੰਧਰ ਵਿੱਚ ਵੀ ਦੀਪ ਮਲਹੋਤਰਾ ਦੇ ਵਿਜੇਤਾ, ਓਅਸਿਸ ਅਤੇ ਓਮ ਸੰਜ਼ ਦੇ ਨਾਮ ਹੇਠ ਸ਼ਰਾਬ ਦੇ ਠੇਕੇ ਹਨ। ਇਸੇ ਤਰ੍ਹਾਂ ਤਰਨ ਤਾਰਨ ਜ਼ਿਲ੍ਹੇ ਦੇ ਪੱਟੀ ਸਰਕਲ ਦੇ ਠੇਕੇ ਵੀ ਦੀਪ ਮਲਹੋਤਰਾ ਦੇ ਵਿਜੇਤਾ ਕੰਪਨੀ ਦੇ ਨਾਮ 'ਤੇ ਹਨ। ਦੀਪ ਮਲਹੋਤਰਾ ਦੀ ਇੱਕ ਸ਼ਰਾਬ ਫੈਕਟਰੀ ਜ਼ਿਲ੍ਹਾ ਫਿਰੋਜ਼ਪੁਰ ਵਿੱਚ ਹੈ ਅਤੇ ਦੂਸਰੀ ਸ਼ਰਾਬ ਫੈਕਟਰੀ ਬਠਿੰਡਾ ਦੇ ਪਿੰਡ ਸੰਗਤ ਮੰਡੀ ਵਿੱਚ ਲਗਾਈ ਜਾ ਰਹੀ ਹੈ। ਉਧਰ, ਜ਼ਿਲ੍ਹਾ ਮੋਗਾ ਵਿੱਚ ਨਿਹਾਲ ਸਿੰਘ ਵਾਲਾ ਸਰਕਲ ਦੇ ਠੇਕਿਆਂ ਵਿੱਚ ਅਕਾਲੀ ਨੇਤਾ ਨਵਦੀਪ ਸੰਘਾ ਹਿੱਸੇਦਾਰ ਹੈ ਜਿਸ ਨੂੰ ਉਪ ਮੁੱਖ ਮੰਤਰੀ ਨੇ ਅਕਾਲੀ ਦਲ ਵਿੱਚ ਸ਼ਾਮਲ ਕੀਤਾ ਸੀ। ਫਰੀਦਕੋਟ ਜ਼ਿਲ੍ਹੇ ਦੇ ਕਰੀਬ ਇੱਕ ਦਰਜਨ ਪਿੰਡਾਂ ਦੇ ਠੇਕੇ ਭਗਤਾ ਭਾਈ ਦੀ ਮਾਰਕੀਟ ਕਮੇਟੀ ਦੇ ਸਾਬਕਾ ਅਕਾਲੀ ਚੇਅਰਮੈਨ ਗੁਰਮੀਤ ਸਿੰਘ ਪੁੱਤਰ ਸੁਰਜੀਤ ਸਿੰਘ ਵਾਸੀ ਸਲਾਬਤਪੁਰਾ (ਬਠਿੰਡਾ) ਕੋਲ ਹਨ। ਬਠਿੰਡਾ ਜ਼ਿਲ੍ਹੇ ਦੇ ਸਾਰੇ ਠੇਕੇ ਸੁਪਰੀਮ ਕੰਪਨੀ ਕੋਲ ਹੈ ਜਿਸ ਵਿੱਚ ਹਿੱਸੇਦਾਰ ਜਸਵਿੰਦਰ ਸਿੰਘ ਅਤੇ ਰਾਹੁਲ ਕਾਂਸਲ ਹਨ। ਫਿਰੋਜ਼ਪੁਰ ਜ਼ਿਲ੍ਹੇ ਦੇ ਕਾਫੀ ਠੇਕੇ ਭਾਜਪਾ ਨੇਤਾਵਾਂ ਕੋਲ ਹਨ।                
                   ਫਤਹਿਗੜ੍ਹ ਸਾਹਿਬ ਦੇ ਸਰਹਿੰਦ ਜ਼ੋਨ ਦੇ ਠੇਕੇ ਵੀ ਇਕ ਭਾਜਪਾ ਨੇਤਾ ਕੋਲ ਹਨ। ਉਪ ਮੁੱਖ ਮੰਤਰੀ ਦੇ ਨੇੜਲੇ ਅਰਵਿੰਦ ਸਿੰਗਲਾ ਵਾਸੀ ਚੰਡੀਗੜ੍ਹ ਕੋਲ ਕਈ ਜ਼ਿਲ੍ਹਿਆਂ ਦਾ ਸ਼ਰਾਬ ਦਾ ਕਾਰੋਬਾਰ ਹੈ। ਇਸ ਵਪਾਰੀ ਵਲੋਂ ਮਾਨਸਾ ਦੀ ਸਪਿੰਨਿੰਗ ਮਿੱਲ ਵਾਲੀ ਜਗ੍ਹਾ ਤੇ ਅਰਵਿੰਦ ਨਗਰ ਨਾਮ ਦੀ ਕਲੋਨੀ ਵੀ ਕੱਟੀ ਗਈ ਹੈ। ਇਸ ਵਿਅਕਤੀ ਕੋਲ ਮਾਨਸਾ ਤੇ ਫਤਹਿਗੜ੍ਹ ਸਾਹਿਬ ਦੇ ਵੀ ਠੇਕੇ ਹਨ। ਗਗਨ ਵਾਈਨ ਨਾਮ ਦੀ ਕੰਪਨੀ ਦੇ ਹੱਥ ਵੀ ਕਾਫੀ ਕੁਝ ਠੇਕੇ ਲੱਗੇ ਹਨ। ਸਰਕਾਰੀ ਤਰਕ ਹੈ ਕਿ ਐਤਕੀਂ ਲੋਕਾਂ ਨੇ ਸ਼ਰਾਬ ਦੇ ਠੇਕੇ ਲੈਣ ਤੋਂ ਪਾਸਾ ਵੱਟਿਆ ਹੈ ਜਿਸ ਕਰਕੇ ਅਪਲਾਈ ਕਰਨ ਵਾਲਿਆਂ ਦੀ ਗਿਣਤੀ ਘਟੀ ਹੈ। ਠੇਕੇਦਾਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਸਰਕਾਰੀ ਦਬਾਓ ਹੇਠ ਅਪਲਾਈ ਕਰਨ ਹੀ ਨਹੀਂ ਦਿੱਤਾ ਗਿਆ ਹੈ।
                  ਠੇਕਿਆਂ ਦੇ ਚਾਹਵਾਨ ਅਤੇ ਠੇਕੇ ਲੈਣ ਦੇ ਚਾਹਵਾਨਾਂ ਦੀ ਗਿਣਤੀ ਵਿੱਚ ਐਤਕੀਂ ਕਮੀ ਹੋਣ ਦੇ ਲੁਕਵੇਂ ਕਾਰਨ ਹਨ। ਇੱਕ ਨਜ਼ਰ ਮਾਰੀਏ ਤਾਂ ਬਠਿੰਡਾ, ਫਰੀਦਕੋਟ ਅਤੇ ਮਾਨਸਾ ਜ਼ਿਲ੍ਹੇ ਵਿੱਚ ਪਿਛਲੇ ਸਾਲ 3297 ਵਿਅਕਤੀ ਠੇਕੇ ਲੈਣ ਦੇ ਚਾਹਵਾਨ ਸਨ ਜਦੋਂ ਕਿ ਐਤਕੀਂ ਇਹ ਗਿਣਤੀ ਸਿਰਫ 407 ਰਹਿ ਗਈ ਹੈ। ਫਰੀਦਕੋਟ ਵਿੱਚ ਪਿਛਲੇ ਸਾਲ 149 ਦੇ ਮੁਕਾਬਲੇ ਐਤਕੀਂ 55 ਵਿਅਕਤੀਆਂ ਨੇ ਹੀ ਅਪਲਾਈ ਕੀਤਾ। ਮਾਲਵੇ ਦੇ ਨੌਂ ਜ਼ਿਲ੍ਹਿਆਂ ਦੀ ਸਥਿਤੀ ਦੇਖੀਏ ਤਾਂ ਇਨ੍ਹਾਂ ਜ਼ਿਲ੍ਹਿਆਂ ਵਿੱਚ ਪਿਛਲੇ ਸਾਲ 14235 ਵਿਅਕਤੀ ਠੇਕੇ ਲੈਣ ਦੇ ਚਾਹਵਾਨ ਸਨ ਜਦੋਂ ਕਿ ਇਸ ਵਾਰ ਇਹ ਗਿਣਤੀ 6682 ਹੀ ਰਹਿ ਗਈ ਹੈ। ਬਠਿੰਡਾ ਜ਼ਿਲ੍ਹੇ ਵਿੱਚ ਪਿਛਲੇ ਸਾਲ 1112 ਲੋਕਾਂ ਨੇ ਅਪਲਾਈ ਕੀਤਾ ਅਤੇ ਐਤਕੀਂ ਮੈਦਾਨ ਵਿੱਚ ਸਿਰਫ਼ 54 ਵਿਅਕਤੀ ਹੀ ਸਨ। ਮਾਨਸਾ ਵਿੱਚ 5147 ਦੇ ਮੁਕਾਬਲੇ ਐਤਕੀਂ 2860 ਹੀ ਰਹਿ ਗਏ। ਅਜਿਹੇ ਰੁਝਾਨ ਤੋਂ ਸੰਕੇਤ ਮਿਲਦੇ ਹਨ ਕਿ ਕਿਤੇ ਨਾ ਕਿਤੇ ਕੋਈ ਗੜਬੜ ਜ਼ਰੂਰ ਹੋਈ ਜਿਸ ਦੇ ਨਤੀਜੇ ਵਜੋਂ ਹਾਕਮ ਧਿਰ ਦੇ ਨੇੜਲਿਆਂ ਦੀ ਹੀ ਠੇਕਿਆਂ ਦੀ ਲਾਟਰੀ ਨਿਕਲੀ।
                                           ਜ਼ਬਰਦਸਤ ਮੁਕਾਬਲੇ ਵਿੱਚ ਠੇਕੇ ਮਿਲੇ: ਦੀਪ ਮਲਹੋਤਰਾ   
ਅਕਾਲੀ ਵਿਧਾਇਕ ਦੀਪ ਮਲਹੋਤਰਾ ਦਾ ਕਹਿਣਾ ਸੀ ਕਿ ਐਤਕੀਂ ਠੇਕਿਆਂ ਦਾ ਜ਼ਬਰਦਸਤ ਮੁਕਾਬਲਾ ਸੀ ਪ੍ਰੰਤੂ ਉਨ੍ਹਾਂ ਵੱਲੋਂ ਜ਼ਿਆਦਾ ਗਿਣਤੀ ਵਿੱਚ ਅਪਲਾਈ ਕੀਤਾ ਗਿਆ ਸੀ ਜਿਸ ਕਰਕੇ ਉਨ੍ਹਾਂ ਨੂੰ ਲਾਟਰੀ ਵਿੱਚ ਜ਼ਿਆਦਾ ਠੇਕੇ ਮਿਲੇ ਹਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦਾ ਪੱਕਾ ਐਡਰੈਸ ਤਾਂ ਫਰੀਦਕੋਟ ਦਾ ਹੀ ਹੈ ਪ੍ਰੰਤੂ ਉਨ੍ਹਾਂ ਦੇ ਕਾਰੋਬਾਰ ਵੱਖ- ਵੱਖ ਥਾਵਾਂ 'ਤੇ ਹਨ ਜਿਸ ਕਰਕੇ ਵੱਖ- ਵੱਖ ਪਤਿਆਂ ਦੇ ਠੇਕੇ ਲੈਣ ਵੇਲੇ ਅਪਲਾਈ ਕੀਤਾ ਗਿਆ ਜੋ ਕਿ ਗ਼ਲਤ ਨਹੀਂ ਹੈ। ਉਨ੍ਹਾਂ ਦਾਅਵਾ ਕੀਤਾ ਕਿ ਪਿਛਲੇ ਸਾਲ ਸ਼ਰਾਬ ਦੇ ਠੇਕੇਦਾਰ ਘਾਟੇ ਵਿੱਚ ਰਹੇ ਹਨ ਜਿਸ ਕਰਕੇ ਐਤਕੀਂ ਅਪਲਾਈ ਕਰਨ ਵਾਲਿਆਂ ਦੀ ਗਿਣਤੀ ਘਟੀ ਹੈ। ਉਨ੍ਹਾਂ ਆਖਿਆ ਕਿ ਠੇਕਿਆਂ ਦੀ ਸਰਕਾਰੀ ਨੀਤੀ ਪੂਰੀ ਤਰ੍ਹਾਂ ਪਾਰਦਰਸ਼ਤਾ ਵਾਲੀ ਹੈ ਜਿਸ ਵਿੱਚ ਕੋਈ ਹੇਰ ਫੇਰ ਨਹੀਂ ਹੋਈ ਹੈ।

No comments:

Post a Comment