Tuesday, September 17, 2013

                                                                                  
                                                                   ਹੰਝੂਆਂ ਦੀ ਰਮਜ਼
                                                ਬੱਸ ਇੱਕ ਤਸਵੀਰ ਹੀ ਬਚੀ ਹੈ...
                                                                    ਚਰਨਜੀਤ ਭੁੱਲਰ
ਬਠਿੰਡਾ : ਬਿਰਧ ਔਰਤ ਗੁਰਮੇਲ ਕੌਰ ਕੋਲ ਹੁਣ ਕੁਝ ਨਹੀਂ ਬਚਿਆ।ਜਦੋਂ ਖੇਤ ਹੀ ਨਹੀਂ ਰਹੇ ਤਾਂ ਉਹ ਨਸੀਬ ਕਿਥੋਂ ਫਰੋਲੇ। ਘਰਾਂ ਦੀ ਬਰਕਤ ਹੀ ਰੁੱਸ ਗਈ, ਉਹ ਕਿਥੋਂ ਧਰਵਾਸ ਲਵੇ। ਪੈਲੀ ਦੇ ਵਾਰਸ ਹੁਣ ਖ਼ਾਲੀ ਹੱਥ ਹੋ ਗਏ ਹਨ। ਖੇਤੀ ਕਰਜ਼ੇ ਨੇ ਇਨ੍ਹਾਂ ਵਾਰਸਾਂ ਤੋਂ ਖੇਤ ਖੋਹ ਲਏ ਹਨ। ਇੱਥੋਂ ਤੱਕ ਕਿ ਕਰਜ਼ੇ ਨੇ ਇਸ ਵਿਧਵਾ ਨੂੰ ਘਰ ਦੀ ਦੇਹਲੀ ਤੋਂ ਵੀ ਬਾਹਰ ਕਰ ਦਿੱਤਾ। ਖੇਤੀ ਕਰਜ਼ੇ ਵਿੱਚ ਟਰੈਕਟਰ ਵਿਕ ਗਿਆ ਅਤੇ ਮਗਰੋਂ ਪਸ਼ੂ ਵੀ ਵੇਚਣੇ ਪੈ ਗਏ।ਨਾ ਘਰ ਬਚਿਆ ਤੇ ਨਾ ਹੀ ਜ਼ਮੀਨ। ਵਿਧਵਾ ਗੁਰਮੇਲ ਕੌਰ ਕੋਲ ਹੁਣ ਸਿਰਫ਼ ਸਿਰ ਦੇ ਸਾਈਂ ਦੀ ਇਕ ਤਸਵੀਰ ਬਚੀ ਹੈ, ਜੋ ਇਸ ਕਰਜ਼ੇ ਤੋਂ ਹਾਰ ਕੇ ਖ਼ੁਦਕੁਸ਼ੀ ਕਰ ਗਿਆ ਸੀ। ਜੇ ਹਕੂਮਤ ਸਭ ਕੁਝ ਗੁਆ ਬੈਠੀ ਇਸ ਵਿਧਵਾ ਦੇ ਹੰਝੂਆਂ ਦੀ ਰਮਜ਼ ਸਮਝਦੀ ਤਾਂ ਅੱਜ ਉਸ ਨੂੰ ਬਠਿੰਡਾ ਦੇ ਡਿਪਟੀ ਕਮਿਸ਼ਨਰ ਦੀ ਸਰਕਾਰੀ ਕੋਠੀ ਅੱਗੇ ਪਤੀ ਦੀ ਤਸਵੀਰ ਦੀ ਤਖ਼ਤੀ ਬਣਾ ਕੇ ਲਹਿਰਾਉਣਾ ਨਾ ਪੈਂਦਾ। ਪਿੰਡ ਅਕਲੀਆ ਦੀ 65 ਵਰ੍ਹਿਆਂ ਦੀ ਗੁਰਮੇਲ ਕੌਰ ਨੇ ਸਿਰਫ਼ ਏਨਾ ਆਖਿਆ ਕਿ ਬੱਸ ਏਹ ਤਸਵੀਰ ਹੀ ਬਚੀ ਹੈ, ਹੋਰ ਕੁਝ ਨਹੀਂ। ਉਸ ਨੇ ਭਰੇ ਮਨ ਨਾਲ ਆਖਿਆ ਕਿ ਸਰਕਾਰ ਨੇ ਉਨ੍ਹਾਂ ਦੀ ਕਦੇ ਬਾਂਹ ਨਹੀਂ ਫੜੀ, ਸ਼ਾਇਦ ਇਹ ਤਸਵੀਰ ਹੀ ਸਰਕਾਰ ਨੂੰ ਜਗਾ ਦੇਵੇ। ਉਸ ਦਾ ਪਤੀ ਗੁਰਮੇਲ ਸਿੰਘ ਵਿਤੋਂ ਬਾਹਰ ਹੋਏ ਕਰਜ਼ੇ ਤੋਂ ਤੰਗ ਆ ਕੇ ਖ਼ੁਦਕੁਸ਼ੀ ਕਰ ਗਿਆ ਸੀ। ਹੁਣ ਇਹ ਪਰਿਵਾਰ ਕਿਰਾਏ ਦੇ ਮਕਾਨ ਵਿੱਚ ਬੈਠਾ ਹੈ। ਗੁਰਮੇਲ ਕੌਰ ਦੇ ਦੋ ਲੜਕੇ ਹਨ, ਜੋ ਦਿਹਾੜੀ ਕਰਨ ਵਾਸਤੇ ਮਜਬੂਰ ਹਨ। ਇਕਲੌਤੀ ਲੜਕੀ ਨੂੰ ਇਸ ਵਿਧਵਾ ਦੇ ਪੇਕਿਆਂ ਨੇ ਬੂਹੇ ਤੋਂ ਉਠਾਇਆ ਹੈ।
                 ਪਿੰਡ ਕੇਸਰ ਸਿੰਘ ਵਾਲਾ ਦੀ ਵਿਧਵਾ ਹਰਪਾਲ ਕੌਰ ਦਾ ਖੇਤਾਂ ਦੇ ਕਰਜ਼ੇ ਨੇ ਮਾਨਸਿਕ ਤਵਾਜ਼ਨ ਵਿਗਾੜ ਦਿੱਤਾ ਹੈ। ਘਰ ਦੀ ਸਾਰੀ 9 ਏਕੜ ਜ਼ਮੀਨ ਖੇਤੀ ਕਰਜ਼ੇ ਨੇ ਖਾ ਲਈ। ਜਦੋਂ ਇਸ ਔਰਤ ਦਾ ਪਤੀ ਮੱਖਣ ਸਿੰਘ ਖ਼ੁਦਕੁਸ਼ੀ ਕਰ ਗਿਆ ਤਾਂ ਉਹ ਇਕੱਲੀ ਹੋ ਗਈ। ਉਹ ਦੱਸਦੀ ਹੈ ਕਿ ਉਹ ਹੁਣ ਮਾਨਸਿਕ ਤੌਰ ਤੇ ਠੀਕ ਨਹੀਂ ਤੇ ਜ਼ਿੰਦਗੀ ਦੀ ਗੱਡੀ ਦਵਾਈ ਸਹਾਰੇ ਚੱਲਦੀ ਹੈ। ਇਸ ਔਰਤ ਨੇ ਦੱਸਿਆ ਕਿ ਆਮਦਨ ਦਾ ਕੋਈ ਜ਼ਰੀਆ ਨਹੀਂ ਬਚਿਆ। ਉਸ ਨੇ ਆਪਣੀ ਪਤੀ ਦੀ ਤਸਵੀਰ ਦਿਖਾਈ ਤੇ ਆਖਿਆ ਸਿਰਫ਼ ਇਹ ਇਕ ਯਾਦ ਬਚੀ ਹੈ। ਉਸ ਦੇ ਬੱਚੇ ਵੀ ਹਾਲੇ ਸਕੂਲਾਂ ਵਿੱਚ ਪੜ੍ਹ ਰਹੇ ਹਨ। ਉਹ ਆਖਦੀ ਹੈ ਕਿ ਪੇਕਿਆਂ ਤੋਂ ਸਹਾਰਾ ਨਾ ਮਿਲਦਾ ਤਾਂ ਸ਼ਾਇਦ ਬੱਚਿਆਂ ਨੂੰ ਸਕੂਲ ਵੇਖਣਾ ਵੀ ਨਸੀਬ ਨਹੀਂ ਹੋਣਾ ਸੀ। ਉਹ ਖ਼ੁਦ ਆਂਗਨਵਾੜੀ ਕੇਂਦਰ ਵਿੱਚ ਕੰਮ ਕਰਦੀ ਹੈ। ਇਹ ਔਰਤ ਵੀ ਆਪਣੇ ਪਤੀ ਦੀ ਤਸਵੀਰ ਨੂੰ ਬਠਿੰਡਾ ਵਿੱਚ ਵਿਧਵਾ ਔਰਤਾਂ ਦੇ ਹੋਏ ਇਕੱਠ ਵਿੱਚ ਚੁੱਕ ਕੇ ਵਾਰ ਵਾਰ ਦਿਖਾ ਰਹੀ ਸੀ।ਪਿੰਡ ਸਿਰੀਏ ਵਾਲਾ ਦੀ ਵਿਧਵਾ ਸੁਰਜੀਤ ਕੌਰ ਕੋਲੋਂ ਪਤੀ ਵੀ ਖੁਸ ਗਿਆ ਅਤੇ ਜ਼ਮੀਨ ਵੀ। ਕਰਜ਼ੇ ਨੇ ਸਭ ਕੁਝ ਖੋਹ ਲਿਆ। ਕਿਸਾਨ ਬਲਦੇਵ ਸਿੰਘ ਦੇ ਸਿਰ 9 ਲੱਖ ਦਾ ਕਰਜ਼ਾ ਸੀ। ਉਸ ਦੀ ਵਿਧਵਾ ਸੁਰਜੀਤ ਕੌਰ ਦੇ ਤਿੰਨ ਧੀਆਂ ਹਨ। ਅੱਜ ਇਨ੍ਹਾਂ ਨੰਨ੍ਹੀਆਂ ਛਾਂਵਾਂ ਦੀ ਮਾਂ ਖ਼ੁਦ ਧੁੱਪ ਵਿੱਚ ਬੈਠ ਕੇ ਆਪਣੇ ਦੁੱਖਾਂ ਦੀ ਪੋਟਲੀ ਫਰੋਲ ਰਹੀ ਸੀ। ਇਸ ਉਮੀਦ ਨਾਲ ਕਿ ਸਰਕਾਰੀ ਦਰਬਾਰ ਵਿੱਚੋਂ ਸ਼ਾਇਦ ਕੋਈ ਠੰਢਾ ਬੁੱਲਾ ਆ ਜਾਵੇ।
                   ਪਿੰਡ ਕੋਠਾ ਗੁਰੂ ਦੇ ਕਿਸਾਨ ਸੁਖਦੇਵ ਸਿੰਘ ਦੀ ਜ਼ਿੰਦਗੀ ਨੂੰ ਵੀ ਵਕਤ ਨੇ ਹਲੂਣ ਦਿੱਤਾ। ਜਦੋਂ ਕਰਜ਼ੇ ਵਿੱਚ ਇਕ ਏਕੜ ਜ਼ਮੀਨ ਵਿਕ ਗਈ ਤਾਂ ਉਸ ਦੀ ਪਤਨੀ ਸੁਖਪ੍ਰੀਤ ਕੌਰ ਸਦਮੇ ਵਿੱਚ ਖ਼ੁਦਕੁਸ਼ੀ ਕਰ ਗਈ। ਸੁਖਪ੍ਰੀਤ ਕੌਰ ਦੀ ਸੱਸ ਕੋਲ ਹੁਣ ਸਿਰਫ਼ ਸੁਫਨੇ ਹੀ ਬਚੇ ਹਨ, ਜੋ ਦਿਨ ਰਾਤ ਡਰਾਉਂਦੇ ਹਨ।ਨੌਜਵਾਨ ਭਾਰਤ ਸਭਾ ਦੇ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਬਿਰਧ ਬੱਸ ਹੁਣ ਪਿੰਡ ਵਿੱਚ ਸਰਦਾਰਾਂ ਦੇ ਘਰਾਂ ਵਿੱਚ ਪੋਚੇ ਲਾਉਣ ਲਈ ਮਜਬੂਰ ਹਨ। ਪਿੰਡ ਕੇਸਰ ਸਿੰਘ ਵਾਲਾ ਦੇ ਮਜ਼ਦੂਰ ਪਰਿਵਾਰ ਦੀ ਵੀਰਪਾਲ ਕੌਰ ਦਾ ਪਤੀ ਵੀ ਇਸ ਦੁਨੀਆ ਵਿੱਚ ਨਹੀਂ ਰਿਹਾ। ਉਸ ਦੇ ਤਿੰਨ ਛੋਟੇ ਬੱਚੇ ਹਨ, ਜਿਨ੍ਹਾਂ ਨੂੰ ਪੜ੍ਹਾਉਣ ਲਈ ਉਹ ਪਾਪੜ ਵੇਲ ਰਹੀ ਹੈ। ਪਿੰਡ ਦੇ ਆਂਗਨਵਾੜੀ ਕੇਂਦਰ ਵਿੱਚ ਉਹ ਕੰਮ ਕਰਦੀ ਹੈ, ਜਿਸ ਕਰ ਕੇ ਸਰਕਾਰ ਨੇ ਉਸ ਦੀ ਵਿਧਵਾ ਪੈਨਸ਼ਨ ਕੱਟ ਦਿੱਤੀ ਹੈ ਅਤੇ ਨਾਲ ਹੀ ਬੱਚਿਆਂ ਨੂੰ ਮਿਲਦੀ ਮਾਲੀ ਇਮਦਾਦ ਵੀ ਬੰਦ ਹੋ ਗਈ ਹੈ। ਏਦਾਂ ਦੀ ਕਹਾਣੀ ਹਰ ਵਿਧਵਾ ਔਰਤ ਦੀ ਹੈ, ਜਿਨ੍ਹਾਂ ਦੇ ਪਤੀ ਖੇਤਾਂ ਦੇ ਸੰਕਟ ਨੇ ਖ਼ੁਦਕਸ਼ੀ ਦੇ ਰਾਹ ਪਾ ਦਿੱਤੇ ਸਨ। ਕਈ ਬਿਰਧ ਔਰਤਾਂ ਦੇ ਹੱਥਾਂ ਵਿੱਚ ਜਵਾਨ ਪੁੱਤਾਂ ਦੀ ਤਸਵੀਰ ਵੀ ਫੜੀ ਹੋਈ ਸੀ। ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਅਤੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਨੇ ਇਨ੍ਹਾਂ ਵਿਧਵਾ ਔਰਤਾਂ ਦੇ ਦੁੱਖ ਵੰਡਾਏ ਹਨ ਅਤੇ ਇਨ੍ਹਾਂ ਦੀ ਲਾਮਬੰਦੀ ਕਰ ਕੇ ਸਰਕਾਰ ਤੋਂ ਹੱਕ ਮੰਗਣ ਵਾਸਤੇ ਸੰਘਰਸ਼ੀ ਰਾਹ ਤਿਆਰ ਕੀਤੇ ਹਨ।
                                                            ਨੰਨ੍ਹੀ ਛਾਂ ਨੂੰ ਲੱਗੇ ਰਗੜੇ  
ਨੰਨ੍ਹੀ ਛਾਂ ਮੁਹਿੰਮ ਦੀ ਸੰਸਥਾਪਕ ਸੰਸਦ ਮੈਂਬਰ ਬੀਬੀ ਹਰਸਿਮਰਤ ਕੌਰ ਬਾਦਲ ਨੂੰ ਵਿਧਵਾ ਔਰਤਾਂ ਨੇ ਚੰਗੇ ਰਗੜੇ ਲਾਏ। ਮਹਿਲਾ ਬੁਲਾਰਿਆਂ ਨੇ ਤਾਂ ਗੱਲ ਗੱਲ 'ਤੇ ਨੰਨ੍ਹੀ ਛਾਂ ਆਖ ਕੇ ਸੰਬੋਧਨ ਕੀਤਾ। ਸੰਸਦ ਮੈਂਬਰ ਨੂੰ ਸੰਬੋਧਨ ਹੁੰਦੇ ਹਰਿੰਦਰ ਕੌਰ ਬਿੰਦੂ ਨੇ ਆਖਿਆ ਕਿ ਨੰਨ੍ਹੀ ਛਾਂ ਦਾ ਰੌਲਾ ਪਾਉਣ ਵਾਲੀ ਆਗੂ ਅੱਜ ਧੁੱਪ ਵਿੱਚ ਬੈਠੀਆਂ ਇਨ੍ਹਾਂ ਨੰਨ੍ਹੀਆਂ ਛਾਂਵਾਂ ਦੇ ਚਿਹਰੇ ਪੜ੍ਹੇ, ਜਿਨ੍ਹਾਂ ਦੇ ਬਾਬਲ ਉਨ੍ਹਾਂ ਦੇ ਹੋਸ਼ ਸੰਭਾਲਣ ਤੋਂ ਪਹਿਲਾਂ ਹੀ ਜ਼ਿੰਦਗੀ ਤੋਂ ਵਿਦਾ ਹੋ ਗਏ। ਅੱਜ ਬਠਿੰਡਾ ਦੇ ਡਿਪਟੀ ਕਮਿਸ਼ਨਰ ਦੇ ਘਰ ਅੱਗੇ ਕੀਤੇ ਮੁਜ਼ਾਹਰੇ ਵਿੱਚ ਵਿਧਵਾ ਔਰਤਾਂ ਦੇ ਨਾਲ ਉਨ੍ਹਾਂ ਦੇ ਛੋਟੇ ਬੱਚੇ ਵੀ ਸਨ, ਜਿਨ੍ਹਾਂ ਦੇ ਹੱਥਾਂ ਵਿੱਚ ਪਿਤਾ ਦੀ ਤਸਵੀਰ ਵਾਲੀਆਂ ਤਖਤੀਆਂ ਚੁੱਕੀਆਂ ਹੋਈਆਂ ਸਨ।
                                                       ਚੋਣਾਂ ਨੇ ਅਫ਼ਸਰਾਂ ਦੇ ਹੱਥ ਬੰਨ੍ਹੇ
ਲੋਕ ਸਭਾ ਚੋਣਾਂ ਨੇ ਬਠਿੰਡਾ ਦੇ ਅਫਸਰਾਂ ਦੇ ਹੱਥ ਬੰਨ੍ਹ ਦਿੱਤੇ ਹਨ। ਬਠਿੰਡਾ ਦੇ ਵੱਡੇ ਸਿਵਲ ਤੇ ਪੁਲੀਸ ਅਫਸਰ ਜੋ ਮਿੰਨੀ ਸਕੱਤਰੇਤ ਲਾਗੇ ਕਿਸੇ ਸੰਘਰਸ਼ੀ ਨੂੰ ਫਟਕਣ ਨਹੀਂ ਦਿੰਦੇ ਸਨ, ਅੱਜ ਉਨ੍ਹਾਂ ਖ਼ੁਦ ਕਿਸਾਨਾਂ ਦੀਆਂ ਵਿਧਵਾਵਾਂ ਨੂੰ ਮੁਜ਼ਾਹਰੇ ਕਰਨ ਵਾਸਤੇ ਮਿੰਨੀ ਸਕੱਤਰੇਤ ਦੇ ਨਾਲ ਜਗ੍ਹਾ ਦੀ ਚੋਣ ਕਰ ਕੇ ਦਿੱਤੀ। ਜ਼ਿਲ੍ਹਾ ਮੈਜਿਸਟਰੇਟ ਨੇ ਦਫ਼ਾ 144 ਲਾਈ ਹੋਈ ਹੈ ਅਤੇ ਪ੍ਰਸ਼ਾਸਨ ਨੇ ਧਰਨਿਆਂ-ਮੁਜ਼ਾਹਰਿਆਂ ਵਾਸਤੇ ਸ਼ਹਿਰ ਤੋਂ ਦੂਰ ਜਗ੍ਹਾ ਵੀ ਅਲਾਟ ਕੀਤੀ ਹੋਈ ਹੈ। ਪਹਿਲਾਂ ਤਾਂ ਸੰਘਰਸ਼ੀ ਲੋਕਾਂ ਨੂੰ ਇਥੇ ਤੰਗ ਪਰੇਸ਼ਾਨ ਕੀਤਾ ਜਾਂਦਾ ਸੀ। ਹੁਣ ਸਰਕਾਰ ਲੋਕ ਸਭਾ ਚੋਣਾਂ ਕਰ ਕੇ ਕਿਸੇ ਨਵੇਂ ਵਿਵਾਦ ਵਿੱਚ ਨਹੀਂ ਪੈਣਾ ਚਾਹੁੰਦੀ।

No comments:

Post a Comment