Sunday, April 27, 2014

                           ਪੋਸਤ ਦਾ ਟੋਟਾ
            ਖਾਕੀ ਵਰਦੀ ਵਿਚ ਅਮਲੀ
                            ਚਰਨਜੀਤ ਭੁੱਲਰ
ਬਠਿੰਡਾ : ਪੰਜਾਬ ਪੁਲੀਸ ਦੇ ਮੁਲਾਜ਼ਮ ਵੀ ਕਥਿਤ ਤੌਰ 'ਤੇ ਗੰਗਾਨਗਰ ਤੋਂ ਭੁੱਕੀ ਪੋਸਤ ਲਿਆਉਂਦੇ ਹਨ। ਪੰਜਾਬ ਪੁਲੀਸ ਦੇ ਚਾਰ ਮੁਲਾਜ਼ਮ ਗੰਗਾਨਗਰ ਪੁਲੀਸ ਤੋਂ ਮਸਾਂ ਬਚ ਕੇ ਨਿਕਲੇ ਹਨ। ਇਹ ਮੁਲਾਜ਼ਮ ਪਹਿਲਾਂ ਵੀ ਭੁੱਕੀ ਲੈਣ ਜਾਂਦੇ ਰਹੇ ਹਨ। ਇਨ੍ਹਾਂ ਵੱਲੋਂ ਇੱਕ ਨੇ ਪ੍ਰਾਈਵੇਟ ਦੁਕਾਨ ਵਿੱਚ ਵਰਦੀ ਉਤਾਰ ਕੇ ਸਿਵਲ ਕੱਪੜੇ ਪਹਿਨ ਲਏ ਸਨ। ਇਹ ਮੁਲਾਜ਼ਮ ਸਾਧਾਰਨ ਕੱਪੜਿਆਂ ਵਿੱਚ ਹੀ ਭੁੱਕੀ ਦੇ ਠੇਕੇ ਤੋਂ ਕਥਿਤ ਤੌਰ 'ਤੇ ਪੋਸਤ ਲੈਂਦੇ ਸਨ ਅਤੇ ਮੁੜ ਵਰਦੀ ਪਹਿਨ ਕੇ ਪੰਜਾਬ ਵਿੱਚ ਦਾਖ਼ਲ ਹੋ ਜਾਂਦੇ ਸਨ। ਹੁਣ ਜਦੋਂ ਭੁੱਕੀ ਦੀ ਗ਼ੈਰਕਾਨੂੰਨੀ ਵਿਕਰੀ ਬੰਦ ਹੋ ਗਈ ਤਾਂ ਇਹ ਮੁਲਾਜ਼ਮ ਗੰਗਾਨਗਰ ਪੁਲੀਸ ਦੇ ਅੜਿੱਕੇ ਆ ਜਾਣੇ ਸਨ। ਗੰਗਾਨਗਰ ਦੇ ਐਸ.ਪੀ. ਹਰੀ ਪ੍ਰਸ਼ਾਦ ਸ਼ਰਮਾ ਦਾ ਕਹਿਣਾ ਹੈ ਕਿ ਜਦੋਂ ਤੋਂ ਭੁੱਕੀ ਦੀ ਗੈਰਕਾਨੂੰਨੀ ਵਿਕਰੀ ਸਖ਼ਤੀ ਨਾਲ ਬੰਦ ਕੀਤੀ ਗਈ ਹੈ, ਉਸ ਮਗਰੋਂ ਇੱਕ ਦਿਨ ਪੰਜਾਬ ਪੁਲੀਸ ਦੇ ਮੁਲਾਜ਼ਮ ਆਏ ਸਨ ਪਰ ਉਹ ਅੱਖ ਬਚਾਅ ਕੇ ਬਚ ਨਿਕਲੇ। ਉਨ੍ਹਾਂ ਦੱਸਿਆ ਕਿ ਉਹ ਇਸ ਸਬੰਧੀ ਪੰਜਾਬ ਪੁਲੀਸ ਨੂੰ ਕੋਈ ਪੱਤਰ ਤਾਂ ਨਹੀਂ ਭੇਜ ਰਹੇ ਪਰ ਇਸ ਬਾਰੇ ਪੰਜਾਬ ਪੁਲੀਸ ਨੂੰ ਸੋਚਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਪੋਸਤ ਦੀ ਵਿਕਰੀ ਸਿਰਫ਼ ਪਰਮਿਟ ਹੋਲਡਰਾਂ ਨੂੰ ਕੀਤੀ ਜਾ ਰਹੀ ਹੈ। ਗੰਗਾਨਗਰ ਪੁਲੀਸ ਨੇ ਦੋ ਦਿਨਾਂ ਵਿੱਚ ਪੰਜਾਬ ਅਤੇ ਰਾਜਸਥਾਨ ਦੇ 27 ਨਸ਼ੇੜੀਆਂ ਖ਼ਿਲਾਫ਼ ਕੇਸ ਕੀਤੇ ਹਨ।
                 ਉਨ੍ਹਾਂ ਦੱਸਿਆ ਕਿ ਪੰਜਾਬ- ਰਾਜਸਥਾਨ ਸੀਮਾ 'ਤੇ ਅੱਧੀ ਦਰਜਨ ਪੁਲੀਸ ਨਾਕੇ ਲਾਏ ਗਏ ਹਨ। ਜਾਣਕਾਰੀ ਅਨੁਸਾਰ ਸਾਧੂਵਾਲਾ ਪੁਲੀਸ ਨਾਕੇ 'ਤੇ ਪੰਜਾਬ ਤਰਫ਼ੋਂ ਆਉਣ ਵਾਲੀ ਹਰ ਬੱਸ ਦੀ ਤਲਾਸ਼ੀ ਲਈ ਜਾਂਦੀ ਹੈ। ਸੂਤਰ ਦੱਸਦੇ ਹਨ ਕਿ ਅਮਲੀਆਂ ਦੀ ਬਕਾਇਦਾ ਰਜਿਸਟਰ ਵਿੱਚ ਐਂਟਰੀ ਕੀਤੀ ਜਾਂਦੀ ਹੈ। ਸੂਤਰ ਦੱਸਦੇ ਹਨ ਕਿ ਬੀਤੇ ਕੱਲ੍ਹ 100 ਤੋਂ ਜ਼ਿਆਦਾ ਪੰਜਾਬੀ ਅਮਲੀਆਂ ਦੀ ਰਜਿਸਟਰ ਵਿੱਚ ਐਂਟਰੀ ਕੀਤੀ ਗਈ ਹੈ। ਪੁਲੀਸ ਨੂੰ ਰਾਜਸਥਾਨ ਵਿੱਚ ਹੁਣ ਜੋ ਵੀ ਪੰਜਾਬੀ ਅਮਲੀ ਦਿਖਾਈ ਹੈ, ਉਸ ਨੂੰ ਫੌਰੀ ਵਾਪਸ ਪੰਜਾਬ ਭੇਜ ਦਿੱਤਾ ਜਾਂਦਾ ਹੈ। ਲੰਘੇ ਤਿੰਨ ਦਿਨਾਂ ਵਿੱਚ ਗੰਗਾਨਗਰ ਜ਼ਿਲ੍ਹੇ 'ਚੋਂ ਕਰੀਬ 150 ਅਮਲੀ ਪੰਜਾਬ ਵਾਪਸ ਭੇਜੇ ਗਏ ਹਨ। ਜ਼ਿਲ੍ਹਾ ਗੰਗਾਨਗਰ ਦੇ ਪਿੰਡ ਮਾਹਲਾ ਰਾਮਪੁਰਾ ਵਿੱਚ ਭੁੱਕੀ ਦਾ ਠੇਕਾ ਬੰਦ ਹੋ ਗਿਆ ਹੈ ਪਰ ਇਸ ਠੇਕੇ ਕੋਲ ਅਮਲੀਆਂ ਦਾ ਮੇਲਾ ਹਾਲੇ ਵੀ ਲੱਗਿਆ ਰਹਿੰਦਾ ਹੈ। ਨੌਜਵਾਨ ਸਿਮਰਜੀਤ ਸਿੰਘ ਨੇ ਦੱਸਿਆ ਕਿ ਅਮਲੀ ਹਾਲੇ ਵੀ ਪੋਸਤ ਦੇ ਠੇਕੇ 'ਤੇ ਆਉਣੋਂ ਹਟੇ ਨਹੀਂ ਹਨ। ਉਨ੍ਹਾਂ ਦੱਸਿਆ ਕਿ ਗੰਗਾਨਗਰ ਪੁਲੀਸ ਨੇ ਨਹਿਰ 'ਤੇ ਨਾਕਾ ਵੀ ਲਾਇਆ ਹੋਇਆ ਹੈ। ਦੱਸਣਯੋਗ ਹੈ ਕਿ ਰਾਜਸਥਾਨ ਨੇ ਬਿਨਾਂ ਪਰਮਿਟ ਤੋਂ ਪੋਸਤ ਦੇਣਾ ਸਖ਼ਤੀ ਨਾਲ ਬੰਦ ਕਰ ਦਿੱਤਾ ਹੈ, ਜਿਸ ਕਰਕੇ ਗੰਗਾਨਗਰ ਵਿੱਚ ਅਮਲੀਆਂ ਨੇ ਹੰਗਾਮਾ ਵੀ ਕਰ ਦਿੱਤਾ ਸੀ। ਵੇਰਵਿਆਂ ਅਨੁਸਾਰ ਰਾਜਸਥਾਨ ਵਿਧਾਨ ਸਭਾ ਵਿੱਚ ਅਗਸਤ 2013 ਵਿੱਚ ਪੇਸ਼ ਹੋਈ ਆਡਿਟ ਰਿਪੋਰਟ ਮੁਤਾਬਿਕ ਸੂਬੇ ਵਿੱਚ ਦੋ ਵਰ੍ਹਿਆਂ ਵਿੱਚ 166 ਕਰੋੜ ਰੁਪਏ ਦੀ ਭੁੱਕੀ ਦੀ ਗ਼ੈਰਕਨੂੰਨੀ ਤੌਰ 'ਤੇ ਵਿਕਰੀ ਹੋਈ ਹੈ।
               ਜ਼ਿਲ੍ਹਾ ਹਨੂੰਮਾਨਗੜ੍ਹ ਦੇ ਸੰਗਰੀਆ ਅਤੇ ਹਰੀਪੁਰਾ ਠੇਕੇ 'ਤੇ ਵੀ ਰੋਜ਼ਾਨਾ ਅਮਲੀ ਚੱਕਰ ਲਾਉਂਦੇ ਹਨ ਪਰ ਉਨ੍ਹਾਂ ਨੂੰ ਖਾਲੀ ਹੱਥ ਮੁੜਨਾ ਪੈਂਦਾ ਹੈ। ਹਨੂੰਮਾਨਗੜ੍ਹ ਪੁਲੀਸ ਦੇ ਐਸ.ਪੀ. ਸ਼ਰਤ ਕਵੀ ਰਾਜ ਦਾ ਕਹਿਣਾ ਸੀ ਕਿ ਪੰਜਾਬ ਰਾਜਸਥਾਨ ਦੀ ਬਾਰਡਰ ਰੇਂਜ ਦੀ ਮੀਟਿੰਗ ਵਿੱਚ ਪੰਜਾਬ ਪੁਲੀਸ ਨੇ ਭੁੱਕੀ ਦਾ ਮਸਲਾ ਉਠਾਇਆ ਸੀ ਅਤੇ ਉਸ ਮਗਰੋਂ ਹਨੂੰਮਾਨਗੜ੍ਹ ਪੁਲੀਸ ਨੇ ਸਖ਼ਤੀ ਨਾਲ ਗ਼ੈਰਕਾਨੂੰਨੀ ਵਿਕਰੀ ਬੰਦ ਕੀਤੀ ਸੀ। ਉਨ੍ਹਾਂ ਦੱਸਿਆ ਕਿ ਬੀਕਾਨੇਰ ਰੇਂਜ ਦੇ ਆਈ.ਜੀ. ਤਰਫ਼ੋਂ ਪਹਿਲਾਂ ਭੁੱਕੀ ਦੀ ਗ਼ੈਰਕਾਨੂੰਨੀ ਵਿਕਰੀ ਸਖ਼ਤੀ ਨਾਲ ਰੋਕਣ ਵਾਸਤੇ ਪੱਤਰ ਆਇਆ ਸੀ। ਉਨ੍ਹਾਂ ਦੱਸਿਆ ਕਿ ਹੁਣ ਹਨੂੰਮਾਨਗੜ੍ਹ ਜ਼ਿਲ੍ਹੇ ਵਿੱਚ ਪੰਜਾਬ ਤੋਂ ਅਮਲੀ ਆਉਣੋਂ ਬੰਦ ਹੋ ਗਏ ਹਨ ਅਤੇ ਹੁਣ ਇਹ ਅਮਲੀ ਗੰਗਾਨਗਰ ਜ਼ਿਲ੍ਹੇ ਵਿੱਚ ਸ਼ਿਫਟ ਹੋ ਗਏ ਹਨ। ਇਧਰ ਚੋਣ ਪ੍ਰਚਾਰ ਵਿਚ ਕੁੱਦੇ ਹਾਕਮ ਧਿਰ ਦੇ ਉਮੀਦਵਾਰਾਂ ਨੂੰ ਅਮਲੀਆਂ ਦੀ ਨਾਰਾਜ਼ਗੀ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ। ਮਾਲਵਾ ਖ਼ਿੱਤੇ ਦੇ ਨਸ਼ਾ ਛੁਡਾਊ ਕੇਂਦਰਾਂ ਵਿੱਚ ਅਮਲੀਆਂ ਦੀ ਭੀੜ ਵੱਧ ਗਈ ਹੈ। ਬਠਿੰਡਾ ਦੇ ਸਿਵਲ ਹਸਪਤਾਲ ਦਾ ਨਸ਼ਾ ਛੁਡਾਊ ਕੇਂਦਰ ਭਰਿਆ ਪਿਆ ਹੈ।

No comments:

Post a Comment