Saturday, May 10, 2014

                                              ਨਾਚੀ  ਸ਼ੌਕ 
                         ਮੁੱਖ ਮੰਤਰੀ ਦਾ ਗਲੋਬਲ ਵਾੜਾ
                                          ਚਰਨਜੀਤ ਭੁੱਲਰ
ਬਠਿੰਡਾ : ਮੁੱਖ ਮੰਤਰੀ ਦੇ ਪਿੰਡ ਬਾਦਲ ਵਿੱਚ 'ਗਲੋਬਲ ਵਾੜਾ ਬਣਨ ਲੱਗਾ ਹੈ, ਜਿਸ ਨੂੰ ਹੁਣ ਨਵੇਂ ਮਹਿਮਾਨਾਂ ਦੀ ਉਡੀਕ ਹੈ। ਮੁੱਖ ਮੰਤਰੀ ਦਾ ਜਾਨਵਰਾਂ ਪ੍ਰਤੀ ਮੋਹ ਇਸ ਗਲੋਬਲ ਵਾੜੇ ਨੂੰ ਖੜ੍ਹਾ ਕਰ ਰਿਹਾ ਹੈ। ਪੂਰੇ 45 ਦਿਨਾਂ ਮਗਰੋਂ ਇਸ ਗਲੋਬਲ ਵਾੜੇ ਵਿੱਚ ਪੰਜ ਨਵੇਂ ਮਹਿਮਾਨ ਸ਼ਾਮਲ ਹੋਣਗੇ। ਇਹ ਮਹਿਮਾਨ ਪੰਜ ਨਾਚੀ ਬੱਕਰੀਆਂ ਹਨ ਜੋ ਪਾਕਿਸਤਾਨ 'ਚੋਂ ਬਾਦਲ ਪਰਿਵਾਰ ਨੇ ਖਰੀਦੀਆਂ ਹਨ। ਪਾਕਿਸਤਾਨ ਦੇ ਮੁਜ਼ੱਫਰਨਗਰ ਤੇ ਰਾਜਨਪੁਰ ਇਲਾਕਿਆਂ ਦੀ ਇਹ ਨਾਚੀ ਨਸਲ ਮੁੱਖ ਮੰਤਰੀ ਨੂੰ ਪਸੰਦ ਆਈ ਸੀ। ਨੱਚਣ ਦੀ ਕਲਾ ਇਨ੍ਹਾਂ ਬੱਕਰੀਆਂ ਦੀ ਖੂਬੀ ਹੈ। ਪਾਕਿਸਤਾਨ ਤੋਂ ਭਾਰਤ ਪੁੱਜੀ 'ਖੇਪ' ਵਿੱਚ ਚਾਰ ਬੱਕਰੀਆਂ ਅਤੇ ਇੱਕ ਬੱਕਰਾ ਹੈ, ਜਿਨ੍ਹਾਂ ਨੂੰ ਹੁਣ ਨਵੀਂ ਦਿੱਲੀ ਦੇ ਪੱਤਣ ਰੋਕ ਕੇਂਦਰ ਵਿੱਚ ਰੱਖਿਆ ਜਾਵੇਗਾ। ਉੱਥੇ ਇਨ੍ਹਾਂ ਬੱਕਰੀਆਂ ਦੀ ਪੂਰੀ ਸਰੀਰਕ ਜਾਂਚ ਹੋਵੇਗੀ। ਕਰੀਬ ਡੇਢ ਮਹੀਨੇ ਮਗਰੋਂ ਇਨ੍ਹਾਂ ਬੱਕਰੀਆਂ ਦੇ ਪਿੰਡ ਬਾਦਲ ਦੇ ਗਲੋਬਲ ਵਾੜੇ ਵਿੱਚ ਪੁੱਜਣ ਦੀ ਸੰਭਾਵਨਾ ਹੈ। ਮੁੱਖ ਮੰਤਰੀ ਬਾਦਲ ਦਾ ਜਾਨਵਰਾਂ ਅਤੇ ਪੰਛੀਆਂ ਨਾਲ ਕਾਫ਼ੀ ਲਗਾਓ ਹੈ ਅਤੇ ਉਹ ਸਟੇਜਾਂ ਤੋਂ ਆਪਣੇ ਇਸ ਸ਼ੌਕ ਦਾ ਕਈ ਵਾਰ ਪ੍ਰਗਟਾਵਾ ਵੀ ਕਰ ਚੁੱਕੇ ਹਨ। ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦਾ ਜ਼ਿਆਦਾ ਘੋੜਿਆਂ ਪ੍ਰਤੀ ਝੁਕਾਅ ਹੈ, ਜਦੋਂਕਿ ਮੁੱਖ ਮੰਤਰੀ ਦੇਸੀ ਵਿਦੇਸ਼ੀ ਨਸਲਾਂ ਦੇ ਜਾਨਵਰਾਂ ਪ੍ਰਤੀ ਮੋਹ ਰੱਖਦੇ ਹਨ।
                ਬਾਦਲ ਪਰਿਵਾਰ ਦਾ ਪਿੰਡ ਬਾਦਲ ਵਿੱਚ ਵੀਆਈਪੀ ਵਾੜਾ ਹੈ, ਜਿਸ 'ਤੇ ਹੁਣ ਗਲੋਬਲ ਵਾੜੇ ਦਾ ਰੰਗ ਚੜ੍ਹਨ ਲੱਗਾ ਹੈ। ਕਰੀਬ ਇੱਕ ਦਰਜਨ ਪਸ਼ੂ ਇਸ ਵਾੜੇ ਵਿੱਚ ਹਨ। ਗਲੋਬਲ ਵਾੜੇ ਵਿੱਚ ਨੀਲੀ ਰਾਵੀ ਨਸਲ ਦੀਆਂ ਤਿੰਨ ਮੱਝਾਂ ਹਨ, ਜੋ ਪਾਕਿਸਤਾਨ ਤੋਂ ਲਿਆਂਦੀਆਂ ਗਈਆਂ। ਪਾਕਿਸਤਾਨ ਦੇ ਲਾਹੌਰ, ਸ਼ੇਖੂਪੁਰਾ, ਫੈਸਲਾਬਾਦ ਤੇ ਮੁਲਤਾਨ ਦੇ ਇਲਾਕੇ ਵਿੱਚ ਇਹ ਨਸਲ ਪਾਈ ਜਾਂਦੀ ਹੈ। ਇਸੇ ਵਾੜੇ ਵਿੱਚ ਸਾਹੀਵਾਲ ਨਸਲ ਦੀਆਂ ਤਿੰਨ ਗਊਆਂ ਹਨ, ਇਹ ਵੀ ਪਾਕਿਸਤਾਨ ਤੋਂ ਆਈਆਂ ਹਨ। ਬਾਦਲ ਪਰਿਵਾਰ ਨੇ 3 ਮਈ 2013 ਨੂੰ 16.71 ਲੱਖ ਰੁਪਏ ਦੀ ਲਾਗਤ ਨਾਲ ਪਾਕਿਸਤਾਨ 'ਚੋਂ ਇੱਕ ਦਰਜਨ ਜਾਨਵਰ ਲਿਆਂਦੇ ਸਨ, ਜਿਨ੍ਹਾਂ ਇੱਕ ਸਾਨ੍ਹ ਅਤੇ ਚਾਰ ਭੇਡਾਂ ਵੀ ਸ਼ਾਮਲ ਹਨ। ਗਲੋਬਲ ਵਾੜੇ ਵਿੱਚ ਤਿੰਨ ਜਾਫਰਾਬਾਦੀ ਮੱਝਾਂ ਹਨ, ਜੋ ਕਿ ਗੁਜਰਾਤ 'ਚੋਂ ਲਿਆਂਦੀਆਂ ਗਈਆਂ ਹਨ। ਜਾਫਰਾਬਾਦੀ ਨਸਲ ਗੁਜਰਾਤ ਦੇ ਕੱਛ, ਜੂਨਾਗੜ ਤੇ ਜਾਮਨਗਰ ਦੇ ਖ਼ਿੱਤੇ ਵਿੱਚ ਪਾਈ ਜਾਂਦੀ ਹੈ। ਮੁਰਹਾ ਨਸਲ ਦੀਆਂ ਤਿੰਨ ਚਾਰ ਮੱਝਾਂ ਵੀ ਹਨ। ਇਹ ਨਸਲ ਹਿਸਾਰ ਇਲਾਕੇ ਦੀ ਹੈ ਅਤੇ ਹਰਿਆਣੇ ਦੀ ਸ਼ਾਨ ਸਮਝੀ ਜਾਂਦੀ ਹੈ। ਕੁਝ ਅਰਸਾ ਪਹਿਲਾਂ ਬਾਦਲ ਪਰਿਵਾਰ ਨੂੰ ਪਾਕਿਸਤਾਨ 'ਚੋਂ ਤੋਹਫ਼ੇ ਵਿੱਚ ਚਾਰ ਭੇਡੂ ਮਿਲੇ ਸਨ, ਜੋ ਕਿ ਅਫ਼ਗਾਨਿਸਤਾਨ ਦੀ ਚੁਨਿੰਦਾ ਨਸਲ ਦੇ ਸਨ। ਇਹ ਭੇਡੂ ਹੁਣ ਮਰ ਚੁੱਕੇ ਹਨ। ਪਿੰਡ ਬਾਦਲ ਵਿੱਚ ਹੀ ਬਾਦਲ ਪਰਿਵਾਰ ਦਾ ਸਟੱਡ ਫਾਰਮ ਹੈ, ਜਿਸ ਵਿੱਚ   ਕਰੀਬ 30 ਘੋੜੇ ਹਨ। 
                ਦੱਸਦੇ ਹਨ ਕਿ ਇਸ ਸਟੱਡ ਫਾਰਮ ਵਿਚ ਅੱਧੀ ਦਰਜਨ ਟੱਟੂ (ਛੋਟੇ ਕੱਦ ਵਾਲੇ ਘੋੜੇ) ਵੀ ਹਨ, ਜਿਨ੍ਹਾਂ ਦੀ ਮੂਲ ਉਤਪਤੀ ਆਸਟਰੇਲੀਆਂ ਦੀ ਹੈ। ਦੋ ਵੱਡੇ ਘੋੜੇ ਹਨ, ਜਿਨ੍ਹਾਂ ਦਾ ਮੂਲ ਯੂਰਪ ਦਾ ਹੈ। ਬਾਕੀ ਘੋੜੇ ਮਾਰਵਾੜੀ ਨਸਲ ਦੇ ਹਨ। ਪਿੰਡ ਬਾਦਲ ਵਿੱਚ ਬਣੇ ਸਰਕਾਰੀ ਵੈਟਰਨਰੀ ਹਸਪਤਾਲ ਦੇ ਇੰਚਾਰਜ ਡਾ. ਦਵਿੰਦਰ ਸਿੰਘ ਸਿੱਧੂ ਦਾ ਕਹਿਣਾ ਸੀ ਕਿ ਜਾਫਰਾਬਾਦੀ ਨਸਲ ਦੀਆਂ ਮੱਝਾਂ ਦੀ ਦੁੱਧ ਦੇਣ ਦੀ ਚੰਗੀ ਸਮਰੱਥਾ ਹੁੰਦੀ ਹੈ। ਉਨ੍ਹਾਂ ਆਖਿਆ ਕਿ ਜਦੋਂ ਮੁੱਖ ਮੰਤਰੀ ਦੇ ਸਟੱਡ ਫਾਰਮ ਦਾ ਕੋਈ ਪਸ਼ੂ ਬਿਮਾਰ ਹੁੰਦਾ ਹੈ ਤਾਂ ਇੱਥੇ ਸਰਕਾਰੀ ਪੋਲੀਕਲੀਨਿਕ ਵਿੱਚ ਇਲਾਜ ਲਈ ਲਿਆਂਦਾ ਜਾਂਦਾ ਹੈ। ਸਰਕਾਰੀ ਸੂਚਨਾ ਅਨੁਸਾਰ ਪੰਜਾਬ ਸਰਕਾਰ ਵੱਲੋਂ ਪਿੰਡ ਬਾਦਲ ਵਿੱਚ ਘੋੜਿਆਂ ਦਾ ਇਲਾਜ ਕੇਂਦਰ ਬਣਾ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ ਜ਼ਿਲ੍ਹਾ ਪੱਧਰ ਦਾ ਸਰਕਾਰੀ ਹਸਪਤਾਲ ਵੀ ਪਿੰਡ ਬਾਦਲ ਵਿੱਚ ਹੀ ਬਣਿਆ ਹੋਇਆ ਹੈ। ਮੁੱਖ ਮੰਤਰੀ ਨੇ ਪਸ਼ੂ ਮੇਲਾ ਫੰਡਾਂ 'ਚੋਂ 16 ਜਨਵਰੀ 2009 ਨੂੰ ਘੋੜਿਆਂ ਦੇ ਇਲਾਜ ਕੇਂਦਰ ਵਾਸਤੇ 1.25 ਕਰੋੜ ਰੁਪਏ ਦਿੱਤੇ ਸਨ ਅਤੇ 25 ਜੂਨ 2009 ਨੂੰ ਇਲਾਜ ਕੇਂਦਰ ਵਿੱਚ ਸਾਜ਼ੋ-ਸਾਮਾਨ ਵਾਸਤੇ 50.19 ਲੱਖ ਰੁਪਏ ਦੀ ਗਰਾਂਟ ਦਿੱਤੀ ਗਈ ਸੀ। ਪਿੰਡ ਬਾਦਲ ਦੇ ਸਰਕਾਰੀ ਪਸ਼ੂ ਹਸਪਤਾਲ ਵਿੱਚ ਤਿੰਨ ਮਾਹਿਰ ਡਾਕਟਰ, ਦੋ ਵੈਟਰਨਰੀ ਇੰਸਪੈਕਟਰ,ਇੱਕ ਲੈਬਾਰਟਰੀ ਸਹਾਇਕ ਅਤੇ ਚਾਰ ਦਰਜਾ ਚਾਰ ਮੁਲਾਜ਼ਮ ਤਾਇਨਾਤ ਹਨ।
                 ਅਪਰੈਲ 2011 ਵਿੱਚ ਘੋੜਿਆਂ ਦਾ ਇਲਾਜ ਕੇਂਦਰ ਚੱਲ ਪਿਆ ਸੀ। ਪਹਿਲੇ ਦੋ ਵਰ੍ਹਿਆਂ ਵਿੱਚ ਇਸ ਇਲਾਜ ਕੇਂਦਰ ਵਿੱਚ 1008 ਘੋੜੇ ਇਲਾਜ ਵਾਸਤੇ ਆਏ ਸਨ। ਬਾਦਲ ਪਰਿਵਾਰ ਦੇ ਘੋੜੇ ਵੀ ਅਕਸਰ ਇਸ ਇਲਾਜ ਕੇਂਦਰ ਵਿੱਚ ਆਉਂਦੇ ਹਨ। 30 ਮਈ 2013 ਨੂੰ ਬਾਦਲ ਪਰਿਵਾਰ ਦੇ ਇੱਕ ਘੋੜੇ ਨੂੰ ਪੇਚਸ਼ ਹੋਣ ਕਰਕੇ ਲੁਧਿਆਣਾ ਯੂਨੀਵਰਸਿਟੀ ਵਿੱਚ ਇਲਾਜ ਲਈ ਲਿਜਾਇਆ ਗਿਆ ਸੀ।
                                              ਪੰਜਾਬ 'ਚੋਂ ਬੱਕਰੀਆਂ ਗ਼ਾਇਬ ਹੋਣ ਲੱਗੀਆਂ
ਪੰਜਾਬ ਵਿੱਚੋਂ ਹੁਣ ਬੱਕਰੀਆਂ ਗਾਇਬ ਹੋ ਰਹੀਆਂ ਹਨ ਅਤੇ ਬੱਕਰੀਆਂ ਪ੍ਰਤੀ ਸਰਕਾਰੀ ਨੀਤੀ ਵੀ ਬਹੁਤੀ ਉਤਸ਼ਾਹ ਵਾਲੀ ਨਹੀਂ ਹੈ। ਸਰਕਾਰੀ ਵੈਟਰਨਰੀ ਪੋਲੀਕਲੀਨਿਕ, ਬਠਿੰਡਾ ਡਾ. ਗੁਰਦਾਸ ਸਿੰਘ ਦਾ ਕਹਿਣਾ ਸੀ ਕਿ ਪੰਜਾਬ 'ਚੋਂ ਹੁਣ ਬੱਕਰੀਆਂ ਹੁਣ ਹੌਲੀ-ਹੌਲੀ ਲੋਪ ਹੋ ਰਹੀਆਂ ਹਨ। ਉਨ੍ਹਾਂ ਆਖਿਆ ਕਿ ਰਾਜ ਵਿੱਚ ਹੁਣ ਚਰਾਂਦਾਂ ਨਹੀਂ ਰਹੀਆਂ ਹਨ, ਜੋ ਕਿ ਇਸ ਦਾ ਮੁੱਖ ਕਾਰਨ ਹੈ। ਪੰਜਾਬ ਵਿੱਚ ਬੱਕਰੀਆਂ ਦੀ ਬੀਟਲ ਨਸਲ ਹੀ ਹੈ।

No comments:

Post a Comment