Monday, May 19, 2014

                            ਫਿਕਰਮੰਦੀ
            ਜਿੱਤ 'ਨੰਨੀ', ਚਿੰਤਾ ਵੱਡੀ
                         ਚਰਨਜੀਤ ਭੁੱਲਰ
ਬਠਿੰਡਾ :  ਲੋਕ ਸਭਾ ਹਲਕਾ ਬਠਿੰਡਾ ਵਿੱਚ ਲੋਕ ਰੋਹ ਦੇ ਝੁੱਲੇ ਝੱਖੜ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਸੋਚਾਂ ਵਿੱਚ ਪਾ ਦਿੱਤਾ ਹੈ। ਭਾਵੇਂ ਅਕਾਲੀ ਉਮੀਦਵਾਰ ਹਰਸਿਮਰਤ ਕੌਰ ਬਾਦਲ ਇਸ ਹਲਕੇ ਤੋਂ ਜਿੱਤ ਗਈ ਹੈ ਪਰ ਬਾਦਲ ਪਰਿਵਾਰ ਜਿੱਤ ਅਤੇ ਹਾਰ ਵਿਚਲੇ ਥੋੜ੍ਹੇ ਫਰਕ ਤੋਂ ਫਿਕਰਮੰਦ ਹੈ। ਨਤੀਜੇ ਦੇ ਐਲਾਨ ਮਗਰੋਂ ਕੱਲ੍ਹ ਜਦੋਂ ਮੀਡੀਆ ਪਿੰਡ ਬਾਦਲ ਪੁੱਜਾ ਤਾਂ ਬਾਦਲ ਪਰਿਵਾਰ ਦਾ ਕੋਈ ਮੈਂਬਰ ਮੀਡੀਆ ਸਾਹਮਣੇ ਨਹੀਂ ਆਇਆ। ਜ਼ਿਕਰਯੋਗ ਹੈ ਕਿ ਆਮ ਆਦਮੀ ਪਾਰਟੀ ਦੇ ਉਮੀਦਵਾਰ ਜੱਸੀ ਜਸਰਾਜ ਨੂੰ 87,901 ਵੋਟਾਂ ਮਿਲੀਆਂ ਹਨ ਅਤੇ 14 ਆਜ਼ਾਦ ਉਮੀਦਵਾਰਾਂ ਨੂੰ 32892 ਵੋਟਾਂ ਮਿਲੀਆਂ ਹਨ। ਬਾਦਲ ਪਰਿਵਾਰ ਇਨ੍ਹਾਂ ਤੱਥਾਂ 'ਤੇ ਧਿਆਨ ਕੇਂਦਰਿਤ ਕਰ ਰਿਹਾ ਹੈ ਕਿ ਜੇਕਰ ਇਹ ਫੈਕਟਰ ਨਾ ਹੁੰਦੇ ਤਾਂ ਸਿਆਸੀ ਨਤੀਜੇ ਕੀ ਹੋਣੇ ਸਨ। ਬਠਿੰਡਾ ਹਲਕੇ ਵਿੱਚ ਚੋਣ ਪ੍ਰਚਾਰ ਦੌਰਾਨ ਫ਼ਰੀਦਕੋਟ ਦੇ ਕਈ ਚਿਹਰੇ ਬਠਿੰਡਾ ਵਿੱਚ ਲਿਆ ਕੇ ਬਿਠਾਏ ਸਨ, ਉਸ ਤੋਂ ਸਥਾਨਕ ਅਕਾਲੀ ਔਖੇ ਸਨ, ਜਿਸ ਦਾ ਨਤੀਜਾ ਸਾਹਮਣੇ ਹੈ।
                   ਸੂਤਰਾਂ ਮੁਤਾਬਕ ਬਾਦਲ ਪਰਿਵਾਰ ਉਨ੍ਹਾਂ ਅਫ਼ਸਰਾਂ ਨੂੰ ਘੂਰੀਆਂ ਵੱਟ ਰਿਹਾ ਹੈ ਜੋ ਰੋਜ਼ਾਨਾ ਬੀਬੀ ਬਾਦਲ ਦੀ ਲੱਖਾਂ ਵੋਟਾਂ ਦੀ ਲੀਡ ਦਿਖਾ ਦਿੰਦੇ ਸਨ। ਚੋਣ ਪ੍ਰਚਾਰ ਦੌਰਾਨ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਬਠਿੰਡਾ ਹਲਕੇ ਤੋਂ ਲੰਮੀ ਗ਼ੈਰਹਾਜ਼ਰੀ ਨੇ ਵੀ ਆਪਣਾ ਰੰਗ ਦਿਖਾਇਆ ਹੈ। ਬਠਿੰਡਾ ਵਿੱਚ ਨਰਿੰਦਰ ਮੋਦੀ ਦੀ ਰੈਲੀ ਵੀ ਜਲਵਾ ਨਹੀਂ ਦਿਖਾ ਸਕੀ ਹੈ। ਅਕਾਲੀ ਦਲ ਬਠਿੰਡਾ ਹਲਕੇ ਵਿੱਚ 29316 ਵੋਟਾਂ ਨਾਲ ਪੱਛੜ ਗਿਆ ਹੈ। ਮਾਨਸਾ ਸ਼ਹਿਰ 'ਚੋਂ 23,911 ਵੋਟਾਂ ਘੱਟ ਪਈਆਂ ਹਨ। ਗੋਨਿਆਣਾ ਮੰਡੀ 'ਚੋਂ ਕਾਂਗਰਸ ਨੇ 575 ਵੋਟਾਂ ਅਤੇ ਭੁੱਚੋ ਮੰਡੀ 'ਚੋਂ ਕਾਂਗਰਸ ਨੇ 960 ਵੋਟਾਂ ਦੀ ਲੀਡ ਲਈ ਹੈ। ਮੌੜ ਮੰਡੀ ਵਿੱਚ ਅਕਾਲੀ ਦਲ ਨੂੰ ਘੱਟ ਵੋਟਾਂ ਪਈਆਂ ਹਨ। ਅਕਾਲੀ ਦਲ ਨੂੰ ਸ਼ਹਿਰੀ ਵੋਟਰਾਂ ਦੀ ਨਾਰਾਜ਼ਗੀ ਝੱਲਣੀ ਪਈ ਹੈ। ਵੱਡੀ ਸੱਟ ਪ੍ਰਾਪਰਟੀ ਟੈਕਸ ਨੇ ਮਾਰੀ ਹੈ। ਰੇਤਾ ਬਜਰੀ ਨੇ ਰਹਿੰਦੀ ਕਸਰ ਪੂਰੀ ਕਰ ਦਿੱਤੀ ਹੈ। ਸੱਤਾਧਾਰੀ ਧਿਰ ਨੂੰ ਸਰਕਾਰੀ ਮੁਲਾਜ਼ਮਾਂ ਦੇ ਰੋਹ ਦਾ ਵੀ ਸਾਹਮਣਾ ਕਰਨਾ ਪਿਆ ਹੈ। ਟਰਾਂਸਪੋਰਟਰ ਵੀ ਔਖੇ ਸਨ। ਬਠਿੰਡਾ ਸ਼ਹਿਰ ਵਿੱਚ ਸਾਬਕਾ ਅਕਾਲੀ ਕੌਂਸਲਰਾਂ ਪ੍ਰਤੀ ਨਾਰਾਜ਼ਗੀ ਵੀ ਰਹੀ ਹੈ।
                ਕਾਂਗਰਸੀ ਉਮੀਦਵਾਰ ਦੀ ਵੱਡੀ ਵੋਟ ਹਲਕਾ ਲੰਬੀ ਅਤੇ ਸਰਦੂਲਗੜ੍ਹ 'ਚੋਂ ਘਟੀ ਹੈ। ਅਕਾਲੀ ਦਲ ਨੂੰ ਸਭ ਤੋਂ ਘੱਟ ਲੀਡ ਸਿੰਜਾਈ ਮੰਤਰੀ ਦੇ ਹਲਕਾ ਮੌੜ 'ਚੋਂ ਸਿਰਫ਼ 1776 ਵੋਟਾਂ ਦੀ ਮਿਲੀ ਹੈ। ਹਲਕਾ ਭੁੱਚੋ ਵਿੱਚ ਫਰਵਰੀ, 2012 ਵਿੱਚ ਕਾਂਗਰਸੀ ਉਮੀਦਵਾਰ ਅਜੈਬ ਸਿੰਘ ਭੱਟੀ 1288 ਵੋਟਾਂ ਦੇ ਫਰਕ ਨਾਲ ਜਿੱਤੇ ਸਨ ਜਦੋਂ ਕਿ ਹੁਣ ਬੀਬਾ ਬਾਦਲ ਨੇ ਇਸ ਹਲਕੇ ਤੋਂ ਤਕਰੀਬਨ 5001 ਵੋਟਾਂ ਦੀ ਲੀਡ ਲਈ ਹੈ। ਕਈ ਕਾਂਗਰਸੀ ਆਗੂਆਂ ਨੇ ਅੰਮ੍ਰਿ੍ਰਤਸਰ ਹਲਕੇ ਵਿੱਚ ਜ਼ਿਆਦਾ ਡਿਊਟੀ ਦਿੱਤੀ ਹੈ। ਬਠਿੰਡਾ ਤੇ ਮਾਨਸਾ 'ਚੋਂ ਅਕਾਲੀ ਦਲ ਨੂੰ ਵੱਡੀ ਸੱਟ ਵੱਜਣ ਦਾ ਖਮਿਆਜ਼ਾ ਮੁੱਖ ਸੰਸਦੀ ਸਕੱਤਰ ਸਰੂਪ ਚੰਦ ਸਿੰਗਲਾ ਅਤੇ ਵਿਧਾਇਕ ਪ੍ਰੇਮ ਮਿੱਤਲ ਨੂੰ ਭੁਗਤਣਾ ਪੈ ਸਕਦਾ ਹੈ। ਹਲਕਾ ਲੰਬੀ 'ਚੋਂ ਅਕਾਲੀ ਦਲ ਨੂੰ ਸਭ ਤੋਂ ਵੱਡੀ ਲੀਡ 34,219 ਵੋਟਾਂ ਦੀ ਰਹੀ ਹੈ। ਹਲਕਾ ਬਠਿੰਡਾ ਦਿਹਾਤੀ 'ਚੋਂ ਅਕਾਲੀ ਉਮੀਦਵਾਰ ਦੀ 3573 ਵੋਟ ਘੱਟ ਗਈ ਹੈ, ਜਿਸ ਕਰਕੇ ਅਕਾਲੀ ਵਿਧਾਇਕ ਦਰਸ਼ਨ ਸਿੰਘ ਕੋਟਫੱਤਾ ਨੂੰ ਵੀ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ ਹੈ।
                    ਚੋਣਾਂ ਤੋਂ ਐਨ ਪਹਿਲਾਂ ਅਕਾਲੀ ਦਲ ਵੱਲੋਂ ਕਿਸਾਨਾਂ ਨੂੰ ਵੰਡੇ ਟਿਊਬਵੈਲ ਕੁਨੈਕਸ਼ਨਾਂ ਨੇ ਵੀ ਆਪਣਾ ਰੰਗ ਦਿਖਾਇਆ ਹੈ। ਹਲਕਾ ਬੁਢਲਾਡਾ ਤੋਂ ਅਕਾਲੀ ਦਲ ਨੂੰ 3300 ਵੋਟਾਂ ਦੀ ਲੀਡ ਮਿਲੀ ਹੈ। ਐਨ ਮੌਕੇ 'ਤੇ ਹਲਕਾ ਤਲਵੰਡੀ ਸਾਬੋ ਤੋਂ ਕਾਂਗਰਸੀ ਵਿਧਾਇਕ ਜੀਤਮਹਿੰਦਰ ਸਿੰਘ ਸਿੱਧੂ ਦੇ ਅਕਾਲੀ ਦਲ ਵਿੱਚ ਸ਼ਾਮਲ ਹੋਣ ਦਾ ਲਾਹਾ ਵੀ ਅਕਾਲੀ ਉਮੀਦਵਾਰ ਨੂੰ ਮਿਲਿਆ ਹੈ। ਕਾਂਗਰਸ ਕੋਲ ਮੌਕੇ 'ਤੇ ਇਸ ਹਲਕੇ ਵਿੱਚ ਮੂਹਰਲੀ ਕਤਾਰ ਦਾ ਕੋਈ ਨੇਤਾ ਨਹੀਂ ਸੀ। ਹਲਕਾ ਤਲਵੰਡੀ ਸਾਬੋ ਤੋਂ ਫਰਵਰੀ, 2012 ਵਿੱਚ ਜੀਤਮਹਿੰਦਰ ਸਿੰਘ ਸਿੱਧੂ 8524 ਵੋਟਾਂ ਦੇ ਫਰਕ ਨਾਲ ਜੇਤੂ ਰਿਹਾ ਸੀ ਅਤੇ ਹੁਣ ਹਰਸਿਮਰਤ ਦੀ ਲੀਡ 11,435 ਵੋਟਾਂ ਦੀ ਰਹੀ ਹੈ। ਚੋਣਾਂ ਮੌਕੇ ਬਠਿੰਡਾ ਸ਼ਹਿਰ ਦੇ ਕਾਂਗਰਸੀ ਆਗੂਆਂ ਨੂੰ ਅਕਾਲੀ ਦਲ ਵਿੱਚ ਸ਼ਾਮਲ ਕਰਨ ਦਾ ਅਕਾਲੀ ਉਮੀਦਵਾਰ ਨੂੰ ਕੋਈ ਲਾਭ ਨਹੀਂ ਹੋਇਆ ਹੈ। ਅਕਾਲੀ ਦਲ ਆਖਰੀ ਦੋ ਦਿਨਾਂ ਵਿੱਚ ਬੁਢਲਾਡਾ ਹਲਕੇ ਦੇ ਵੋਟਰਾਂ ਦਾ ਰੁਖ਼ ਮੋੜਨ ਵਿੱਚ ਕਾਮਯਾਬ ਰਿਹਾ

No comments:

Post a Comment