Sunday, May 11, 2014

                             ਸਲਾਮ ਜ਼ਿੰਦਗੀ
                     ਬੱਸ ਮੇਰੇ ਕੋਲ ਮਾਂ ਹੈ...
                             ਚਰਨਜੀਤ ਭੁੱਲਰ
ਬਠਿੰਡਾ : ਜਿਨ੍ਹਾਂ ਕੋਲ ਮਾਂ ਹੈ, ਉਨ੍ਹਾਂ ਕੋਲ ਜ਼ਿੰਦਗੀ ਹੈ। ਇਹ ਸੋਚ ਨੌਜਵਾਨ ਰਾਹੁਲ ਦੀ ਹੈ, ਜਿਸ ਨੂੰ ਨਵਾਂ ਜਨਮ ਮਿਲਿਆ ਹੈ। ਨਵਾਂ ਜਨਮ ਦੇਣ ਵਾਲੀ ਵੀ ਉਸ ਦੀ ਮਾਂ ਉਰਮਿਲਾ ਹੀ ਹੈ। ਅੱਠ ਸਾਲ ਦੀ ਉਮਰ ਵਿੱਚ ਹੀ ਰਾਹੁਲ ਲਈ ਜ਼ਿੰਦਗੀ ਪਹਾੜ ਬਣ ਗਈ ਸੀ। ਉਰਮਿਲਾ ਨੇ ਜਦੋਂ ਪੁੱਤ ਦੀ ਉਂਗਲ ਫੜੀ ਤਾਂ ਸਭ ਪਹਾੜ ਝੁਕ ਗਏ। ਤਕਰੀਬਨ ਛੇ ਮਹੀਨੇ ਪਹਿਲਾਂ ਜਦੋਂ ਜ਼ਿੰਦਗੀ ਨੇ ਪਰਖ ਲਈ ਤਾਂ ਮਾਂ ਉਰਮਿਲਾ ਨੇ ਆਪਣੇ ਪੁੱਤ ਲਈ ਆਪਣਾ ਗੁਰਦਾ ਦੇ ਦਿੱਤਾ। ਰਾਹੁਲ ਆਖਦਾ ਹੈ, ਮਾਂ ਨੇ ਗੁਰਦਾ ਨਹੀਂ,ਜ਼ਿੰਦਗੀ ਦਿੱਤੀ ਹੈ। ਭਲਕੇ ਮਾਂ ਦਿਵਸ ਹੈ। ਰਾਹੁਲ ਆਖਦਾ ਹੈ ਕਿ ਮਾਂ ਨੇ ਜੋ ਜ਼ਿੰਦਗੀ ਦਾ ਤੋਹਫ਼ਾ ਦਿੱਤਾ ਹੈ, ਉਸ ਤੋਹਫ਼ੇ ਅੱਗੇ ਸਭ ਕੁਝ ਬੌਣਾ ਹੈ। ਰਾਹੁਲ ਦੇ ਪਿਤਾ 18 ਸਾਲ ਪਹਿਲਾਂ ਇਸ ਦੁਨੀਆ ਤੋਂ ਚਲੇ ਗਏ ਸਨ। ਜਦੋਂ ਪੁੱਤ ਦੀ ਜ਼ਿੰਦਗੀ 'ਤੇ ਭੀੜ ਪਈ ਤਾਂ ਮਾਂ ਨੇ ਆਪਣਾ ਇੱਕ ਗੁਰਦਾ ਦੇ ਦਿੱਤਾ। ਰਾਹੁਲ ਦੱਸਦਾ ਹੈ ਕਿ ਉਸ ਨੇ ਮਾਂ ਦੀਆਂ ਅੱਖਾਂ ਵਿੱਚ ਹਮੇਸ਼ਾ ਖੁਸ਼ੀ ਦੇਖੀ ਹੈ। ਇਵੇਂ ਹੀ ਬਠਿੰਡਾ ਦੇ ਸ਼ਾਂਤ ਨਗਰ ਦੀ ਇੱਕ ਮਾਂ ਨੇ ਆਪਣੇ ਪੁੱਤ ਲਈ ਆਪਣੀ ਜ਼ਿੰਦਗੀ ਦੀ ਪ੍ਰਵਾਹ ਨਹੀਂ ਕੀਤੀ। ਉਸ ਨੂੰ ਪੁੱਤ ਨਾਲੋਂ ਆਪਣੀ ਜ਼ਿੰਦਗੀ ਛੋਟੀ ਲੱਗੀ। ਜਦੋਂ ਪੁੱਤ ਦੀ ਜਾਨ 'ਤੇ ਬਣੀ ਤਾਂ ਬਲਤੇਜ ਕੌਰ ਨੇ ਆਪਣਾ ਗੁਰਦਾ ਪੁੱਤ ਨੂੰ ਦੇ ਦਿੱਤਾ। ਨੌਜਵਾਨ ਪੁੱਤ ਸੁਖਵਿੰਦਰ ਸਿੰਘ ਨੂੰ ਹੁਣ ਹਰ ਦਿਨ ਹੀ ਮਾਂ ਦਿਵਸ ਲੱਗਦਾ ਹੈ।
                ਬਠਿੰਡਾ ਦੇ ਭਾਗੂ ਰੋਡ ਦੀ 62 ਸਾਲ ਦੀ ਮਾਂ ਸੁਰਜੀਤ ਕੌਰ ਨੇ ਆਪਣਾ ਗੁਰਦਾ ਦੇ ਕੇ ਆਪਣੇ ਨੌਜਵਾਨ ਲੜਕੇ ਕੰਵਲਜੀਤ ਸਿੰਘ ਨੂੰ ਜ਼ਿੰਦਗੀ ਦੇ ਹਾਣ ਦਾ ਤਾਂ ਬਣਾ ਦਿੱਤਾ ਸੀ ਪਰ ਸੜਕ ਹਾਦਸੇ ਮਗਰੋਂ ਵਕਤ ਨੇ ਮਾਂ ਨੂੰ ਝੰਜੋੜ ਦਿੱਤਾ। ਭਲਕੇ ਮਾਂ ਦਿਵਸ ਮੌਕੇ ਇਹ ਮਾਂ ਆਪਣੇ ਨੌਜਵਾਨ ਪੁੱਤ ਦਾ ਰਾਹ ਤੱਕੇਗੀ ਪਰ ਮਾਂ ਨੂੰ ਚੇਤਾ ਨਹੀਂ ਰਹੇਗਾ ਕਿ ਉਨ੍ਹਾਂ ਰਾਹਾਂ ਤੋਂ ਕਦੇ ਕੋਈ ਨਹੀਂ ਪਰਤਿਆ। ਜੈਤੋ ਨੇੜਲੇ ਪਿੰਡ ਬਿਸ਼ਨੰਦੀ ਦੀ ਬਜ਼ੁਰਗ ਮਾਂ ਗੁਰਦੀਪ ਕੌਰ ਨੂੰ ਹੁਣ ਕੋਈ ਵੀ ਦਿਨ ਆਪਣਾ ਨਹੀਂ ਲੱਗਦਾ ਹੈ। ਜ਼ਿੰਦਗੀ ਦੇ ਆਖਰੀ ਮੋੜ 'ਤੇ ਖੜ੍ਹੀ ਇਸ ਮਾਂ ਕੋਲ ਨਾ ਹੁਣ ਪੁੱਤ ਹੈ ਅਤੇ ਨਾ ਪਤੀ। ਮਾਂ ਗੁਰਦੀਪ ਕੌਰ ਨੇ ਆਪਣੇ ਪੁੱਤ ਨੂੰ ਗੁਰਦਾ ਦੇ ਕੇ ਇੱਕ ਵਾਰ ਤਾਂ ਬਚਾ ਲਿਆ ਸੀ ਪਰ ਜ਼ਿੰਦਗੀ ਨੂੰ ਇਹ ਮਨਜ਼ੂਰ ਨਹੀਂ ਸੀ। ਪਹਿਲਾਂ ਉਸ ਦਾ ਪੁੱਤ ਚਲਾ ਗਿਆ ਅਤੇ ਬਾਅਦ 'ਚ ਉਸ ਰਾਹ 'ਤੇ ਉਸ ਦਾ ਪਤੀ ਗੁਰਬਖਸ਼ ਸਿੰਘ ਵੀ ਚਲਾ ਗਿਆ। ਮਾਂ ਦਿਵਸ ਮੌਕੇ ਇਨ੍ਹਾਂ ਮਾਵਾਂ ਨੂੰ ਜ਼ਿੰਦਗੀ ਵੀ ਸਲਾਮ ਕਰੇਗੀ
ਲੁਧਿਆਣਾ ਦੇ ਡੀ.ਐਮ.ਸੀ. ਹਸਪਤਾਲ ਵਿੱਚ ਲੰਘੇ ਛੇ ਵਰ੍ਹਿਆਂ ਵਿੱਚ 80 ਮਾਵਾਂ ਨੇ ਆਪਣੇ ਪੁੱਤਾਂ ਦੀ ਜ਼ਿੰਦਗੀ ਖਾਤਰ ਆਪਣੇ ਗੁਰਦੇ ਦਾਨ ਕੀਤੇ ਹਨ। ਅੰਮ੍ਰਿਤਸਰ ਦੇ ਸ੍ਰੀ ਗੁਰੂ ਤੇਗ ਬਹਾਦਰ ਹਸਪਤਾਲ ਵਿੱਚ ਹਰ ਸਾਲ ਔਸਤਨ 10 ਮਾਵਾਂ ਵੱਲੋਂ ਆਪਣੇ ਪੁੱਤਾਂ ਖਾਤਰ ਗੁਰਦੇ ਦਾਨ ਕੀਤੇ ਜਾ ਰਹੇ ਹਨ।
                ਜਲੰਧਰ ਦੇ ਇੱਕ ਪ੍ਰਾਈਵੇਟ ਕਿਡਨੀ ਹਸਪਤਾਲ ਵਿੱਚ ਲੰਘੇ ਛੇ ਵਰ੍ਹਿਆਂ ਵਿੱਚ 240 ਮਰੀਜ਼ਾਂ ਦੇ ਗੁਰਦੇ ਬਦਲੇ ਗਏ ਹਨ, ਜਿਨ੍ਹਾਂ ਵਿੱਚ ਤਕਰੀਬਨ 15 ਫੀਸਦੀ ਗੁਰਦੇ ਮਾਵਾਂ ਨੇ ਆਪਣੇ ਪੁੱਤਾਂ ਲਈ ਦਾਨ ਕੀਤੇ ਹਨ। ਕਈ ਕੇਸਾਂ ਵਿੱਚ ਮਾਵਾਂ ਆਪਣੀ ਜ਼ਿੰਦਗੀ ਖ਼ਤਰੇ ਵਿੱਚ ਪਾ ਕੇ ਵੀ ਆਪਣੇ ਲਾਲਾਂ ਨੂੰ ਬਚਾ ਨਹੀਂ ਸਕੀਆਂ ਹਨ। ਮੁਕਤਸਰ ਦੇ ਪਿੰਡ ਭਲਾਈਆਣਾ ਦੀ ਬਿਰਧ ਬਲਵੰਤ ਕੌਰ ਆਪਣੇ ਪੁੱਤ ਲਾਭ ਸਿੰਘ ਨੂੰ ਗੁਰਦਾ ਦੇ ਕੇ ਵੀ ਨਹੀਂ ਬਚਾ ਸਕੀ ਹੈ। ਇਵੇਂ ਹੀ ਪਿੰਡ ਗਿਆਨਾ ਦੀ ਬਿਰਧ ਮਾਂ ਮੁਖਤਿਆਰ ਕੌਰ ਨੇ ਆਪਣਾ ਗੁਰਦਾ ਦੇ ਕੇ ਆਪਣੇ ਪੁੱਤ ਗੁਰਸੇਵਕ ਦੀ ਜ਼ਿੰਦਗੀ ਲਈ ਹੰਭਲਾ ਮਾਰਿਆ ਸੀ ਜੋ ਰਾਸ ਨਹੀਂ ਆਇਆ। ਮਹਿਰਾਜ ਦੀ ਬਿਰਧ ਮਾਂ ਹਰਬੰਸ ਕੌਰ ਆਪਣਾ ਗੁਰਦਾ ਦੇ ਕੇ ਵੀ ਆਪਣਾ ਪੁੱਤ ਨਹੀਂ ਬਚਾ ਸਕੀ। ਵੱਡਾ ਜਿਗਰਾ ਰੱਖਣ ਵਾਲੀਆਂ ਇਨ੍ਹਾਂ ਮਾਵਾਂ ਨੂੰ ਮਾਂ ਦਿਵਸ ਮੌਕੇ ਸਲਾਮ।

No comments:

Post a Comment