Saturday, May 17, 2014

                             ਅਕਾਲੀ ਵਿਹੜਾ
            ਕਾਸ਼ ! ਖੁਸ਼ੀ ਨੂੰ ਖੰਭ ਲੱਗ ਜਾਂਦੇ
                             ਚਰਨਜੀਤ ਭੁੱਲਰ
ਬਠਿੰਡਾ :  ਬਠਿੰਡਾ ਹਲਕੇ ਦੇ ਅਕਾਲੀ ਵਿਹੜੇ ਵਿੱਚ ਅੱਜ ਖਾਮੋਸ਼ੀ ਛਾਈ ਰਹੀ। ਸਿਆਸੀ ਵਿਹੜਾ ਵਾਲ ਵਾਲ ਬਚ ਜਾਣ ਤੋਂ ਤਾਂ ਤਸੱਲੀ ਵਿਚ ਹੈ।  ਜਿੱਤ ਦਾ ਸਕੂਨ ਤਾਂ ਹੈ ਪਰ ਖੁਸ਼ੀ ਨੂੰ ਖੰਭ ਨਹੀਂ ਲੱਗ ਸਕੇ। ਕਿਸੇ ਚਿਹਰੇ 'ਤੇ ਪਹਿਲਾਂ ਵਾਲਾ ਜਲੌਅ ਨਹੀਂ ਸੀ। ਖ਼ਾਸ ਕਰਕੇ ਬਠਿੰਡਾ ਤੇ ਮਾਨਸਾ ਸ਼ਹਿਰ ਵਿੱਚ।  ਬੀਬਾ ਹਰਸਿਮਰਤ ਕੌਰ ਬਾਦਲ ਨੂੰ ਸਭ ਦੱਬੀ ਆਵਾਜ਼ ਮੁਬਾਰਕਾਂ ਦੇ ਰਹੇ ਸਨ। ਪਿੰਡ ਬਾਦਲ ਵਿੱਚ ਬੀਬਾ ਬਾਦਲ ਦੀ ਜਿੱਤ ਦੀ ਖੁਸ਼ੀ ਦੇ ਜਸ਼ਨ ਤਾਂ ਮਨਾਏ ਗਏ ਪਰ ਸਾਲ 2009 ਲੋਕ ਸਭਾ ਚੋਣਾਂ ਦੀ ਜਿੱਤ ਵਾਲੇ ਜਸ਼ਨ ਵਾਲੀ ਐਤਕੀਂ ਪੈਲ ਨਹੀਂ ਪੈ ਸਕੀ। ਜਦੋਂ ਚੋਣ ਨਤੀਜੇ ਆਏ ਤਾਂ ਪਹਿਲਾਂ ਗਿਣਤੀ ਕੇਂਦਰ ਦੇ ਬਾਹਰ ਖੜ੍ਹੇ ਢੋਲੀ ਇਕੱਲੇ ਹੀ ਨੱਚੇ। ਢੋਲੀ ਨਹੀਂ ਜਾਣਦੇ ਸਨ ਕਿ ਐਤਕੀਂ ਅਕਾਲੀ ਉਮੀਦਵਾਰ ਦੀ ਲੀਡ 19,874 ਵੋਟਾਂ ਦੀ ਹੈ ਜੋ  ਸਾਲ 2009 ਵਿੱਚ 1,20,960 ਵੋਟਾਂ ਦੀ ਸੀ। ਬਠਿੰਡਾ-ਮਾਨਸਾ ਦੇ ਵਿਕਾਸ 'ਤੇ ਪੂਰੇ 3500 ਕਰੋੜ ਵੀ ਖਰਚੇ, ਫਿਰ ਵੀ ਲੀਡ ਵਿੱਚ ਕਮੀ ਇੱਕ ਲੱਖ ਵੋਟਾਂ ਦੀ ਆ ਗਈ। ਚੋਣ ਨਤੀਜੇ ਤੋਂ ਪਹਿਲਾਂ ਹੀ ਅਕਾਲੀ ਦਲ ਦੇ ਕਾਫ਼ੀ ਸ਼ਹਿਰੀ ਆਗੂ ਗਿਣਤੀ ਕੇਂਦਰਾਂ ਵਿੱਚੋਂ ਚਲੇ ਗਏ ਸਨ। ਜਦੋਂ ਸ਼ਹਿਰੀ ਨਾ ਦਿੱਖੇ ਤਾਂ ਜਿੱਤ ਦੀ ਖੁਸ਼ੀ ਵਿੱਚ ਪਿੰਡਾਂ ਤੋਂ ਆਏ ਵਰਕਰਾਂ ਨੇ ਭੰਗੜਾ ਪਾਇਆ। ਬਾਦਲ ਪਰਿਵਾਰ ਦਾ ਦਾਅਵਾ ਸੀ ਕਿ ਐਤਕੀਂ ਦੋ ਲੱਖ ਵੋਟਾਂ ਦੇ ਫਰਕ ਨਾਲ ਚੋਣ ਜਿੱਤਣਗੇ।
                     ਪੰਜਾਬ ਦੇ ਜੇਤੂ ਅਕਾਲੀ ਉਮੀਦਵਾਰਾਂ ਵਿੱਚੋਂ ਸਭ ਤੋਂ ਘੱਟ ਲੀਡ ਬੀਬਾ ਬਾਦਲ ਦੀ ਹੈ। ਚੋਣ ਜਿੱਤਣ ਮਗਰੋਂ ਅਕਾਲੀ ਵਰਕਰਾਂ ਨੇ ਇੱਕ ਦੂਜੇ 'ਤੇ ਗੁਲਾਲ ਵੀ ਪਾਇਆ ਅਤੇ ਜਿੱਤ ਦੀ ਖੁਸ਼ੀ ਵਿੱਚ ਨਾਅਰੇ ਵੀ ਲਗਾਏ। ਬਾਦਲ ਪਰਿਵਾਰ ਨੂੰ ਐਤਕੀਂ ਜਿੱਤ ਦਾ ਧਰਵਾਸ ਤਾਂ ਹੈ  ਪਰ ਲੀਡ ਵਿੱਚ ਇੱਕ ਲੱਖ ਵੋਟਾਂ ਦੀ ਕਮੀ ਹੋਣ ਦਾ ਗਮ ਵੀ ਹੈ। ਮਨ ਬੁਝੇ ਹੋਣ ਕਰਕੇ ਭੰਗੜਾ ਪਾਉਣ ਵਾਲਿਆਂ ਦਾ ਐਤਕੀਂ ਢੋਲੀ ਨਾਲ ਤਾਲ ਨਹੀਂ ਮਿਲ ਰਿਹਾ ਸੀ। ਮਾਨਸਾ ਸ਼ਹਿਰ ਵਿੱਚ ਅਕਾਲੀ ਆਗੂਆਂ ਨੇ ਖੁਸ਼ੀ ਦਾ ਪ੍ਰਗਟਾਵਾ ਤਾਂ ਕੀਤਾ ਪਰ ਉਨ੍ਹਾਂ ਦੇ ਚਿਹਰੇ ਤੋਂ ਵੋਟ ਘਟਣ ਦਾ ਪਛਤਾਵਾਂ ਵੀ ਝਲਕ ਰਿਹਾ ਸੀ।ਪਿੰਡ ਬਾਦਲ ਵਿੱਚ ਮੁਬਾਰਕਾਂ ਦੇਣ ਵਾਲੇ ਸੈਂਕੜੇ ਆਗੂ ਤੇ ਵਰਕਰ ਤਾਂ ਬਾਦਲ ਪਰਿਵਾਰ ਦੇ ਅੰਗ ਸੰਗ ਜੁੜੇ ਪਰ ਪਿਛਲੀਆਂ ਜਿੱਤਾਂ ਵਾਲਾ ਨਜ਼ਾਰਾ ਬੱਝ ਨਹੀਂ ਰਿਹਾ ਸੀ। ਹਲਕਾ ਲੰਬੀ ਦੇ ਅਕਾਲੀ ਗਿਣਤੀ ਕੇਂਦਰਾਂ ਵਿੱਚੋਂ ਚਿਹਰੇ 'ਤੇ ਜਲੌਅ ਲੈ ਕੇ ਮੁੜੇ। ਲੰਬੀ ਤੇ ਸਰਦੂਲਗੜ੍ਹ ਵਿਚ ਵੱਜਦੇ ਢੋਲ ਬਠਿੰਡਾ ਤੇ ਮਾਨਸਾ ਦੇ ਅਕਾਲੀ ਆਗੂਆਂ ਦਾ ਮੂੰਹ ਚਿੜਾ ਰਹੇ ਸਨ। ਇਨ੍ਹਾਂ ਸ਼ਹਿਰਾਂ ਦੇ ਅਕਾਲੀ ਵਿਹੜਿਆਂ ਵਿੱਚ ਖ਼ਾਮੋਸ਼ੀ ਛਾਈ ਹੋਈ ਹੈ।
                       ਮਨਪ੍ਰੀਤ ਬਾਦਲ ਵੀ ਅੱਜ ਪਛਤਾਵੇ ਦੀ ਪੰਡ ਲੈ ਕੇ ਪਿੰਡ ਬਾਦਲ ਵਿੱਚ ਵੜੇ। ਐਨ ਜਿੱਤ ਦੇ ਨੇੜੇ ਪੁੱਜ ਕੇ ਵੀ ਉਹ ਹਾਰ ਗਏ। ਮਨਪ੍ਰੀਤ ਬਾਦਲ ਦਾ ਪ੍ਰਤੀਕਰਮ ਸੀ ਕਿ ਉਸ ਦੀ ਨੈਤਿਕ ਜਿੱਤ ਹੋਈ ਹੈ। ਉਹ ਇਹ ਨਹੀਂ ਜਾਣਦੇ ਕਿ ਨੈਤਿਕ ਜਿੱਤ ਸੰਸਦ ਦੀ ਪੌੜੀ ਨਹੀਂ ਚੜਾਉਂਦੀ। ਹੁਣ ਕਾਂਗਰਸੀ ਆਖਦੇ ਹਨ ਕਿ ਮਨਪ੍ਰੀਤ ਨੇ ਪੈਸੇ ਖ਼ਰਚਣ ਵਿਚ ਕੰਜੂਸੀ ਵਰਤੀ। ਦੋ ਦਿਨਾਂ ਤੋਂ ਪਾਠ ਤਾਂ ਦੋਹਾਂ ਬਾਦਲਾਂ ਦੇ ਘਰਾਂ ਵਿਚ ਚੱਲ ਰਹੇ ਸਨ ਪੰ੍ਰਤੂ ਬੀਬਾ ਬਾਦਲ ਤੇ ਮਿਹਰ ਹੋਈ।  ਬਠਿੰਡਾ ਤੇ ਮਾਨਸਾ ਦੇ ਕਾਂਗਰਸੀ ਆਗੂਆਂ ਨੂੰ ਮਨਪ੍ਰੀਤ ਬਾਦਲ ਦੇ ਹਾਰਨ ਦਾ ਓਨਾ ਦੁੱਖ ਨਹੀਂ ਹੈ ਜਿੰਨਾ ਚਾਅ ਉਨ੍ਹਾਂ ਨੂੰ ਇਨ੍ਹਾਂ ਦੋਹਾਂ ਸ਼ਹਿਰਾਂ ਵਿੱਚੋਂ ਕਾਂਗਰਸ ਦੀ ਵਧੀ ਵੋਟ ਦਾ ਹੈ। ਬਠਿੰਡਾ ਸ਼ਹਿਰ ਦੇ ਅਕਾਲੀ ਨੇਤਾ ਤਾਂ ਅੱਜ ਗਿਣਤੀ ਕੇਂਦਰਾਂ ਵਿੱਚ ਆਉਣ ਮਗਰੋਂ ਹੀ ਘਟੀ ਵੋਟ ਦਾ ਚਿੰਤਨ ਕਰਨ ਵਿੱਚ ਜੁਟ ਗਏ ਸਨ।
                                         ਬਾਦਲਾਂ ਨੇ ਬਚਾਈ ਲੋਕ ਰੋਹ ਦੇ ਝੱਖੜ 'ਚੋਂ ਬਠਿੰਡਾ ਸੀਟ
ਸ਼੍ਰੋਮਣੀ ਅਕਾਲੀ ਦਲ ਬਠਿੰਡਾ ਸੰਸਦੀ ਹਲਕੇ ਦੀ ਵੱਕਾਰੀ ਸੀਟ ਨੂੰ ਸਥਾਪਤੀ ਵਿਰੋਧੀ ਲਹਿਰ ਦੇ ਝੱਖੜ 'ਚੋਂ ਮਸਾਂ ਹੀ ਬਚਾ ਸਕਿਆ ਹੈ। ਅਕਾਲੀ ਉਮਦੀਵਾਰ ਹਰਸਿਮਰਤ ਕੌਰ ਬਾਦਲ ਨੇ ਆਪਣੇ ਵਿਰੋਧੀ ਕਾਂਗਰਸ ਦੇ ਉਮੀਦਵਾਰ ਮਨਪ੍ਰੀਤ ਸਿੰਘ ਬਾਦਲ ਨੂੰ 19,395 ਵੋਟਾਂ ਦੇ ਫਰਕ ਨਾਲ ਹਰਾ ਦਿੱਤਾ ਹੈ। ਸੰਸਦੀ ਹਲਕਾ ਬਠਿੰਡਾ ਵਿੱਚ 11,74,615 ਵੋਟਾਂ ਪਈਆਂ ਸਨ। ਇਨ੍ਹਾਂ ਵਿੱਚੋਂ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਹਰਸਿਮਰਤ ਕੌਰ ਬਾਦਲ ਨੂੰ 5,14,727 ਵੋਟਾਂ ਜਦੋਂਕਿ ਕਾਂਗਰਸੀ ਉਮੀਦਵਾਰ ਮਨਪ੍ਰੀਤ ਸਿੰਘ ਬਾਦਲ ਨੂੰ 4,95,332 ਵੋਟਾਂ ਮਿਲੀਆਂ ਹਨ।ਆਮ ਆਦਮੀ ਪਾਰਟੀ ਦੇ ਉਮੀਦਵਾਰ ਜਸਰਾਜ ਸਿੰਘ ਲੌਂਗੀਆਂ ਨੂੰ 87,901 ਵੋਟਾਂ ਮਿਲੀਆਂ ਹਨ।
                   ਬਸਪਾ ਉਮੀਦਵਾਰ ਕੁਲਦੀਪ ਸਿੰਘ ਨੂੰ 13,732 ਅਤੇ ਅਕਾਲੀ ਦਲ (ਅੰਮ੍ਰਿਤਸਰ) ਦੇ ਉਮੀਦਵਾਰ ਰਜਿੰਦਰ ਸਿੰਘ ਨੂੰ ਸਿਰਫ਼ 1960 ਵੋਟਾਂ ਮਿਲੀਆਂ ਹਨ। ਪਿੰਡ ਬਾਦਲ ਦੇ ਆਜ਼ਾਦ ਉਮੀਦਵਾਰ ਮਨਪ੍ਰੀਤ ਸਿੰਘ ਬਾਦਲ (ਚੋਣ ਨਿਸ਼ਾਨ ਪਤੰਗ) ਨੂੰ 4618 ਵੋਟਾਂ ਮਿਲੀਆਂ ਹਨ। ਕੋਈ ਪਸੰਦ ਨਹੀਂ (ਨੋਟਾ) ਦਾ ਬਟਨ 4699 ਵੋਟਰਾਂ ਨੇ ਦਬਾਇਆ। ਬਠਿੰਡਾ ਹਲਕੇ ਦੇ ਪੇਂਡੂ ਵੋਟਰਾਂ ਨੇ ਅਕਾਲੀ ਉਮੀਦਵਾਰ ਹਰਸਿਮਰਤ ਕੌਰ ਬਾਦਲ ਦਾ ਸਾਥ ਦਿੱਤਾ ਜਦੋਂਕਿ ਸ਼ਹਿਰੀ ਵੋਟਰਾਂ ਨੇ ਕਾਂਗਰਸੀ ਉਮੀਦਵਾਰ ਮਨਪ੍ਰੀਤ ਸਿੰਘ ਬਾਦਲ ਦੀ ਬਾਂਹ ਫੜੀ।

No comments:

Post a Comment