Wednesday, May 14, 2014

                              ਨਵਾਂ ਰਾਹ
          ਰੌਕ ਸਟਾਰ ਬਣਿਆ ਡੇਰਾ ਮੁਖੀ
                            ਚਰਨਜੀਤ ਭੁੱਲਰ
ਬਠਿੰਡਾ :  ਡੇਰਾ ਸਿਰਸਾ ਦਾ ਮੁਖੀ ਹੁਣ ਕਿਸੇ ਪੌਪ ਸਟਾਰ ਤੋਂ ਘੱਟ ਨਹੀਂ ਹੈ। ਡੇਰਾ ਮੁਖੀ ਦੀ ਨਵੀਂ ਐਲਬਮ 'ਹਾਈਵੇ ਲਵ ਚਾਰਜਰ' ਹੁਣ ਰਿਲੀਜ਼ ਹੋਈ ਹੈ ਜਿਸ ਵਿਚ ਅੰਦਾਜ਼ ਵੀ ਪੱਛਮੀ ਹੈ ਅਤੇ ਧੁਨਾਂ ਵੀ। ਸਤਿਸੰਗ,  ਪ੍ਰਵਚਨਾਂ ਤੇ ਭਜਨਾਂ ਤੋਂ ਮਗਰੋਂ ਰੂਹਾਨੀ ਮੁਖੀ ਦਾ ਇਹ ਨਵਾਂ ਰੂਪ ਹੈ। ਇਸ ਨੂੰ 'ਧਾਰਮਿਕ ਰੌਕ' ਦਾ ਨਾਂ ਦਿੱਤਾ ਗਿਆ ਹੈ। ਡੇਰਾ ਮੁਖੀ ਨੇ ਇਸ ਰਾਹੀਂ ਆਧੁਨਿਕ ਸੰਗੀਤ ਵਿਚ ਨਵੇਂ ਜੌਹਰ ਦਿਖਾਏ ਹਨ। ਯੂਨੀਵਰਸਲ ਮਿਊਜ਼ਿਕ ਗਰੁੱਪ ਨੇ ਡੇਰਾ ਮੁਖੀ ਦੀ ਐਲਬਮ 'ਹਾਈਵੇ ਲਵ ਚਾਰਜਰ' ਨੂੰ ਰਿਲੀਜ਼ ਕੀਤਾ ਹੈ। ਇਸ ਕੰਪਨੀ ਨੇ ਡੇਰਾ ਮੁਖੀ ਨੂੰ ਗਲੋਬਲ ਪਲਾਕ ਐਵਾਰਡ ਵੀ ਦਿੱਤਾ ਹੈ। ਇਹ ਮਿਊਜ਼ਿਕ ਕੰਪਨੀ ਦੋ ਵਰ੍ਹਿਆਂ ਦੌਰਾਨ ਡੇਰਾ ਮੁਖੀ ਦੀਆਂ 6 ਐਲਬਮ ਰਿਲੀਜ਼ ਕਰ ਚੁੱਕੀ ਹੈ। ਕੰਪਨੀ ਦਾ ਦਾਅਵਾ ਹੈ ਕਿ ਨਵੀਂ ਐਲਬਮ ਇੱਕ ਕਰੋੜ ਵਿਕ ਚੁੱਕੀ ਹੈ। ਨਵੀਂ ਐਲਬਮ ਅੰਗਰੇਜ਼ੀ ਭਾਸ਼ਾ ਵਿਚ ਹੈ ਜਿਸ ਵਿਚ ਡੇਰਾ ਮੁਖੀ ਦਾ ਲਿਬਾਸ ਵੀ ਪੱਛਮੀ ਲਹਿਜੇ ਵਾਲਾ ਹੈ ਅਤੇ ਗਾਣੇ ਵੀ ਪੱਛਮੀ ਤਰਜ਼ਾਂ ਵਾਲੇ ਹਨ। ਡੇਰਾ ਸਿਰਸਾ ਦਾ ਦਾਅਵਾ ਹੈ ਕਿ ਨਵੀਂ ਐਲਬਮ ਤਿੰਨ ਦਿਨਾਂ ਵਿਚ 30 ਲੱਖ ਵਿਕੀ। ਯੂਨੀਵਰਸਲ ਮਿਊਜ਼ਿਕ ਕੰਪਨੀ ਦੇ ਮੈਨੇਜਿੰਗ ਡਾਇਰੈਕਟਰ ਦੇਵ ਰਾਜ ਦਾ ਕਹਿਣਾ ਸੀ ਕਿ ਨਵੀਂ ਐਲਬਮ ਦੀ ਰਿਕਾਰਡ ਵਿਕਰੀ ਨੇ ਡੇਰਾ ਮੁਖੀ ਨੂੰ ਰਿਕਾਰਡ ਵਿਕਰੀ ਵਾਲੇ ਕੌਮਾਂਤਰੀ ਗਾਇਕਾਂ ਵਿਚ ਸ਼ੁਮਾਰ ਕਰ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਦੋ ਵਰ੍ਹਿਆਂ ਵਿਚ ਉਨ੍ਹਾਂ ਦੀ ਕੰਪਨੀ ਨੇ ਡੇਰਾ ਗੁਰੂ ਦੀਆਂ 6 ਐਲਬਮਾਂ ਰਿਲੀਜ਼ ਕੀਤੀਆਂ ਜਿਨ੍ਹਾਂ ਦੀ ਦੁਨੀਆ ਭਰ ਵਿਚ ਕਰੀਬ 1.20 ਕਰੋੜ ਵਿਕਰੀ ਹੋਈ ਹੈ। 'ਲਵ ਰਬ ਸੇ' ਦੀ ਵਿਕਰੀ ਵੀ ਕਾਫੀ ਉਚੀ ਰਹੀ ਹੈ।
                   ਡੇਰਾ ਸੂਤਰਾਂ ਦਾ ਦਾਅਵਾ ਹੈ ਕਿ ਯੂ ਟਿਊਬ 'ਤੇ ਡੇਰਾ ਮੁਖੀ ਦੀ ਨਵੀਂ ਐਲਬਮ ਨੂੰ 28 ਅਪਰੈਲ ਤੋਂ ਹੁਣ ਤੱਕ 4.50 ਲੱਖ ਲੋਕ ਵੇਖ ਚੁੱਕੇ ਹਨ।ਦੱਸਣਯੋਗ ਹੈ ਕਿ ਡੇਰਾ ਮੁਖੀ ਨੂੰ ਇਸ ਵੇਲੇ ਸੀ.ਬੀ.ਆਈ ਅਦਾਲਤ ਵਿਚ ਤਿੰਨ ਕੇਸਾਂ ਅਤੇ ਦੋ ਹੋਰ ਕਤਲ ਕੇਸਾਂ ਦੇ ਮਾਮਲਿਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪੰਜਾਬ ਵਿਚ ਉਨ੍ਹਾਂ ਦੀ ਫੇਰੀ ਸਾਲ 2007 ਤੋਂ ਬੰਦ ਹੈ ਅਤੇ ਉਨ੍ਹਾਂ ਖ਼ਿਲਾਫ਼ ਬਠਿੰਡਾ ਅਦਾਲਤ ਵਿਚ ਵੀ ਕੇਸ ਵੀ ਸੁਣਵਾਈ ਅਧੀਨ ਹੈ। ਅਕਾਲ ਤਖਤ ਤੋਂ ਡੇਰਾ ਮੁਖੀ ਖ਼ਿਲਾਫ਼ ਹੁਕਮਨਾਮਾ ਜਾਰੀ ਹੋ ਚੁੱਕਾ ਹੈ। ਇਨ੍ਹਾਂ ਗੱਲਾਂ ਨੂੰ ਪਾਸੇ ਰੱਖੀਏ ਤਾਂ ਆਮ ਲੋਕ ਉਨ੍ਹਾਂ ਦੀ ਰੌਕ ਸਟਾਰ ਵਾਲੇ ਨਵੇਂ ਅਕਸ ਤੋਂ ਅਣਜਾਣ ਸਨ। ਹੁਣ, ਨਵੀਂ ਐਲਬਮ ਕਾਰਨ ਉਹ ਮੁੜ ਚਰਚਾ ਵਿਚ ਹਨ। ਉਨ੍ਹਾਂ ਦੀ ਇਸ ਐਲਬਮ ਦਾ ਵਿਸ਼ਾ ਵਸਤੂ ਤਾਂ ਧਾਰਮਿਕ ਹੈ ਪ੍ਰੰਤੂ ਸੰਗੀਤ ਪੱਛਮੀ ਹੈ। ਡੇਰਾ ਸਿਰਸਾ ਦੇ ਸਿਆਸੀ ਵਿੰਗ ਦੇ ਸੀਨੀਅਰ ਮੈਂਬਰ ਗੁਰਬਾਜ਼ ਸਿੰਘ ਦਾ ਕਹਿਣਾ ਹੈ ਕਿ ਨਵੀਂ ਐਲਬਮ 'ਰੂਹਾਨੀ ਰੰਗਾਂ ਦਾ ਝਰਨਾ ਹੈ ਅਤੇ ਨਵੇਂ ਪੋਚ ਨੂੰ ਅਧਿਆਤਮਵਾਦ ਨਾਲ ਜੋੜਨ ਲਈ ਆਧੁਨਿਕ ਸੰਗੀਤ ਦਾ ਰਾਹ ਅਖਤਿਆਰ ਕੀਤਾ ਗਿਆ ਹੈ?'
                     ਵੇਰਵਿਆਂ ਅਨੁਸਾਰ ਡੇਰਾ ਮੁਖੀ ਵਲੋਂ ਪਹਿਲੀ ਵਾਰ ਸਾਲ 2005 ਵਿਚ ਗਾਇਨ ਕੀਤਾ ਗਿਆ ਸੀ ਜੋ ਭਰੂਣ ਹੱਤਿਆ ਖ਼ਿਲਾਫ਼ ਸੁਨੇਹਾ ਸੀ। ਡੇਰਾ ਸਿਰਸਾ ਵਲੋਂ ਸਤੰਬਰ 2011 ਤੋਂ ਰੂਬਰੂ ਨਾਈਟ ਸ਼ੁਰੂ ਕੀਤੀ ਗਈ ਸੀ ਜਿਸ 'ਚੋਂ ਡੇਰਾ ਮੁਖੀ ਦਾ ਪੌਪ ਸਟਾਰ ਵਾਲਾ ਨਵਾਂ ਅਵਤਾਰ ਪੈਦਾ ਹੋਇਆ। ਡੇਰਾ ਮੁਖੀ ਹੁਣ ਤੱਕ ਪੰਜਾਬੀ, ਹਰਿਆਣਵੀ, ਮਰਾਠੀ, ਬਾਗੜੀ, ਹਿੰਦੀ ਅਤੇ ਅੰਗਰੇਜ਼ੀ ਭਾਸ਼ਾ ਵਿਚ 19 ਐਲਬਮਾਂ ਰਿਕਾਰਡ ਤੇ ਰਿਲੀਜ਼ ਕਰ ਚੁੱਕੇ ਹਨ।ਡੇਰਾ ਮੁਖੀ ਹੁਣ ਤੱਕ 103 ਰੁਬਰੂ ਨਾਈਟਸ ਕਰ ਚੁੱਕੇ ਹਨ ਜਿਨ•ਾਂ ਚੋਂ ਆਖਰੀ ਹਾਲ ਹੀ ਵਿਚ ਦਿੱਲੀ ਵਿਖੇ ਹੋਈ ਹੈ। ਸੂਤਰ ਦੱਸਦੇ ਹਨ ਕਿ ਰੁਬਰੂ ਨਾਈਟ ਦੀ ਟਿਕਟ ਇੱਕ ਹਜ਼ਾਰ ਤੋਂ ਸ਼ੁਰੂ ਹੁੰਦੀ ਹੈ ਜੋ ਕਿ ਇੱਕ ਲੱਖ ਰੁਪਏ ਤੱਕ ਹੁੰਦੀ ਹੈ। ਜਿਨ•ਾਂ ਪੰਜ ਤੋਂ ਸੱਤ ਬਲਾਕਾਂ ਵਲੋਂ ਡੇਰੇ ਵਿਚ ਰੁਬਰੂ ਨਾਈਟ ਬੁੱਕ ਕੀਤੀ ਜਾਂਦੀ ਹੈ, ਉਨ•ਾਂ ਬਲਾਕਾਂ ਵਿਚ ਹੀ ਟਿਕਟਾਂ ਦੀ ਵਿਕਰੀ ਹੁੰਦੀ ਹੈ।
                     ਗੁਰਬਾਜ ਸਿੰਘ ਦਾ ਕਹਿਣਾ ਹੈ ਕਿ ਡੇਰਾ ਮੁਖੀ ਦੀਆਂ ਰੂਬਰੂ ਨਾਈਟਸ ਲਈ ਟਿਕਟਾਂ ਦੀ ਵਿਕਰੀ ਦਾ ਆਧਾਰ ਸ਼ਰਧਾ ਹੈ ਅਤੇ ਕੋਈ ਕੀਮਤ ਤੈਅ ਨਹੀਂ ਕੀਤੀ ਗਈ ਹੈ। ਉਨ੍ਹਾਂ ਆਖਿਆ ਕਿ ਰੁਬਰੂ ਨਾਈਟ ਸਮਾਜਿਕ ਕਾਰਜਾਂ ਲਈ ਕੀਤੀ ਜਾਂਦੀ ਹੈ। ਜੋ ਪੈਸਾ ਹਰ ਨਾਈਟ ਤੋਂ ਇਕੱਠਾ ਹੁੰਦਾ ਹੈ, ਉਹ ਲੋੜਵੰਦ ਲੋਕਾਂ ਦੀ ਮਦਦ ਅਤੇ ਡੇਰੇ ਵਲੋਂ ਚਲਾਏ ਜਾ ਰਹੇ ਸਿਹਤ ਕੇਂਦਰਾਂ 'ਤੇ ਲਗਾ ਦਿੱਤਾ ਜਾਂਦਾ ਹੈ।ਜਾਣਕਾਰੀ ਅਨੁਸਾਰ ਮਹੀਨੇ ਵਿਚ ਇੱਕ ਜਾਂ ਦੋ ਰੁਬਰੂ ਨਾਈਟਸ ਹੁੰਦੀਆਂ ਹਨ ਜਿਨ•ਾਂ ਵਿਚ ਪੈਰੋਕਾਰਾਂ ਦੀ ਗਿਣਤੀ ਇੱਕ ਤੋਂ ਦੋ ਲੱਖ ਹੁੰਦੀ ਹੈ। ਰੁਬਰੂ ਨਾਈਟ ਵਿਚ ਡੇਰਾ ਮੁਖੀ ਵਲੋਂ ਗਾਇਣ ਕੀਤਾ ਜਾਂਦਾ ਹੈ ਅਤੇ ਪੈਰੋਕਾਰਾਂ ਦੇ ਸਿੱਧੇ ਸੁਆਲ ਜੁਆਬ ਹੁੰੁਦੇ ਹਨ। ਡੇਰਾ ਮੁਖੀ ਵਲੋਂ ਨਾਈਟ ਦੌਰਾਨ ਤਿੰਨ ਦਫ਼ਾ ਪੁਸ਼ਾਕਾਂ ਬਦਲੀਆਂ ਜਾਂਦੀਆਂ ਹਨ ਜਿਨ•ਾਂ ਨੂੰ ਬਾਅਦ ਵਿਚ ਨਾਈਟ ਦੀ ਬੁਕਿੰਗ ਕਰਾਉਣ ਵਾਲੇ ਬਲਾਕ ਲੈ ਲੈਂਦੇ ਹਨ।

No comments:

Post a Comment