Monday, July 21, 2014

                                             ਜੂਨ ਬੁਰੀ
                       ਦੁੱਲਾ ਜੱਟ ਸਭ ਤੋਂ ਵੱਧ ਕਰਜ਼ਾਈ
                                          ਚਰਨਜੀਤ ਭੁੱਲਰ
ਬਠਿੰਡਾ :  ਪੰਜਾਬ ਦੇ ਕਿਸਾਨਾਂ ਸਿਰ ਚੜ੍ਹੇ ਕਰਜ਼ੇ ਦੀ ਪੰਡ ਨੇ ਉਨ੍ਹਾਂ ਦਾ ਸਾਹ ਘੁੱਟ ਦਿੱਤਾ ਹੈ। ਪੰਜਾਬ ਦਾ ਕਿਸਾਨ ਮੁਲਕ ਭਰ 'ਚੋਂ ਸਭ ਤੋਂ ਜ਼ਿਆਦਾ ਕਰਜ਼ਾਈ ਹੈ। ਪਬਲਿਕ ਸੈਕਟਰ ਬੈਂਕਾਂ ਦਾ ਪੰਜਾਬ ਦੇ ਪ੍ਰਤੀ ਕਿਸਾਨ ਪਰਿਵਾਰ ਸਿਰ 3.52 ਲੱਖ ਰੁਪਏ ਦਾ ਕਰਜ਼ਾ ਹੈ। ਇਨ੍ਹਾਂ ਬੈਂਕਾਂ ਤੋਂ ਕਰਜ਼ਾ ਚੁੱਕਣ ਵਾਲੇ ਕਿਸਾਨ ਪਰਿਵਾਰਾਂ ਦੀ ਗਿਣਤੀ 10.97 ਲੱਖ ਹੈ। ਕਿਸੇ ਹੋਰ ਸੂਬੇ ਦੇ ਕਿਸਾਨਾਂ ਸਿਰ ਪ੍ਰਤੀ ਪਰਿਵਾਰ ਏਨਾ ਕਰਜ਼ਾ ਨਹੀਂ ਹੈ। ਸਹਿਕਾਰੀ ਬੈਂਕਾਂ ਦੀ ਗੱਲ ਕਰੀਏ ਤਾਂ ਪ੍ਰਤੀ ਕਿਸਾਨ ਪਰਿਵਾਰ ਸਿਰ 90,900 ਰੁਪਏ ਦਾ ਕਰਜ਼ਾ ਹੈ। ਸਹਿਕਾਰੀ ਅਤੇ ਪਬਲਿਕ ਖੇਤਰ ਦੇ ਬੈਂਕਾਂ ਦਾ ਪੰਜਾਬ ਦੀ ਕਿਸਾਨੀ ਸਿਰ ਕਰੀਬ 50 ਹਜ਼ਾਰ ਕਰੋੜ ਰੁਪਏ ਦਾ ਕਰਜ਼ਾ ਹੈ। ਸ਼ਾਹੂਕਾਰਾਂ ਦਾ ਕਰਜ਼ ਵੱਖਰਾ ਹੈ। ਕੇਂਦਰੀ ਵਿੱਤ ਮੰਤਰਾਲੇ ਦੇ ਵੇਰਵਿਆਂ ਅਨੁਸਾਰ ਪਬਲਿਕ ਖੇਤਰ ਦੇ ਬੈਂਕਾਂ ਦਾ ਮਾਰਚ 2013 ਵਿੱਚ ਪੰਜਾਬ ਦੇ 10.97 ਲੱਖ ਕਿਸਾਨਾਂ ਸਿਰ 38700 ਕਰੋੜ ਰੁਪਏ ਦਾ ਕਰਜ਼ਾ ਸੀ। ਸਹਿਕਾਰੀ ਅਤੇ ਖੇਤਰੀ ਪੇਂਡੂ ਬੈਂਕਾਂ ਦਾ ਮਾਰਚ 2014 ਵਿੱਚ 15.11 ਲੱਖ ਕਿਸਾਨਾਂ ਸਿਰ 13738 ਕਰੋੜ ਰੁਪਏ ਦਾ ਕਰਜ਼ਾ ਸੀ। ਰਿਜ਼ਰਵ ਬੈਂਕ ਆਫ਼ ਇੰਡੀਆ ਅਨੁਸਾਰ ਦੇਸ਼ ਭਰ 'ਚੋਂ ਪੰਜਾਬ ਦੇ ਕਿਸਾਨ ਸਿਰ ਪਬਲਿਕ ਖੇਤਰ ਦੇ ਬੈਂਕਾਂ ਦਾ ਸਭ ਤੋਂ ਜ਼ਿਆਦਾ ਕਰਜ਼ਾ ਹੈ। ਇਨ੍ਹਾਂ ਬੈਂਕਾਂ ਦਾ ਮਾਰਚ 2011 ਵਿੱਚ ਪ੍ਰਤੀ ਕਿਸਾਨ ਪਰਿਵਾਰ 2.99 ਲੱਖ ਰੁਪਏ ਕਰਜ਼ ਬਣਦਾ ਸੀ ਜੋ ਮਾਰਚ 2012 ਵਿੱਚ ਵੱਧ ਕੇ ਪ੍ਰਤੀ ਕਿਸਾਨ ਪਰਿਵਾਰ 3.42 ਲੱਖ ਰੁਪਏ ਹੋ ਗਿਆ।
                  ਹਰਿਆਣਾ ਦਾ ਕਿਸਾਨ ਇਸ ਮਾਮਲੇ ਵਿੱਚ ਦੂਸਰੇ ਨੰਬਰ ਤੇ ਹੈ ਜਿਥੋਂ ਦੇ ਪ੍ਰਤੀ ਕਿਸਾਨ ਪਰਿਵਾਰ ਸਿਰ 2.91 ਲੱਖ ਰੁਪਏ ਦਾ ਕਰਜ਼ ਹੈ। ਪੰਜਾਬ ਦੇ 13.54 ਲੱਖ ਕਿਸਾਨਾਂ ਨੇ ਮਾਰਚ 2014 ਵਿੱਚ ਸਹਿਕਾਰੀ ਬੈਂਕਾਂ ਦਾ 10939 ਕਰੋੜ ਰੁਪਏ ਅਤੇ ਖੇਤਰੀ ਪੇਂਡੂ ਬੈਂਕਾਂ ਦਾ 2799 ਕਰੋੜ ਰੁਪਏ ਦਾ ਕਰਜ਼ ਦੇਣਾ ਸੀ। ਗੁਜਰਾਤ ਦੇ ਕਿਸਾਨਾਂ ਸਿਰ ਪ੍ਰਤੀ ਕਿਸਾਨ ਪਰਿਵਾਰ 1.87 ਲੱਖ ਰੁਪਏ ਦਾ ਕਰਜ਼ਾ ਹੈ। ਸਹਿਕਾਰੀ ਬੈਂਕਾਂ ਦੇ ਕਰਜ਼ੇ 'ਤੇ ਨਜ਼ਰ ਮਾਰੀਏ ਤਾਂ ਮਾਰਚ 2012 ਵਿੱਚ ਪੰਜਾਬ ਦੇ ਕਿਸਾਨਾਂ ਸਿਰ ਪ੍ਰਤੀ ਕਿਸਾਨ ਪਰਿਵਾਰ 69,190 ਰੁਪਏ ਦਾ ਕਰਜ਼ਾ ਸੀ ਜੋ ਮਾਰਚ 2013 ਵਿੱਚ ਵੱਧ ਕੇ 76,460 ਰੁਪਏ ਅਤੇ ਮਾਰਚ 2014 ਵਿੱਚ ਹੋਰ ਵੱਧ ਕੇ 80,790 ਰੁਪਏ ਹੋ ਗਿਆ ਹੈ। ਕੇਂਦਰੀ ਵਿੱਤ ਮੰਤਰਾਲੇ ਨੇ ਸਾਫ ਕੀਤਾ ਹੈ ਕਿ ਇਹ ਕਰਜ਼ ਖੇਤੀ ਅਤੇ ਖੇਤੀ ਨਾਲ ਸਬੰਧਤ ਧੰਦਿਆਂ ਲਈ ਬੈਂਕਾਂ ਤੋਂ ਚੁੱਕਿਆ ਗਿਆ ਹੈ। ਮੰਤਰਾਲੇ ਨੇ ਇਹ ਵੀ ਸਪੱਸ਼ਟ ਕੀਤਾ ਹੈ ਕਿ ਜੋ ਰਾਜ ਸੋਕੇ ਜਾਂ ਹੜ੍ਹਾਂ ਦੀ ਮਾਰ ਹੇਠ ਆਏ ਹਨ, ਉਥੋਂ ਦੇ ਕਿਸਾਨਾਂ ਦੀ ਕਰਜ਼ ਮੁਆਫ਼ੀ ਦੀ ਕੋਈ ਤਜਵੀਜ਼ ਨਹੀਂ ਹੈ। ਸ਼ਾਹੂਕਾਰਾਂ ਦਾ ਕਰਜ਼ਾ ਕਿਸਾਨੀ ਸਿਰ ਇਸ ਤੋਂ ਵੀ ਜ਼ਿਆਦਾ ਹੈ। ਮਾਲਵਾ ਪੱਟੀ ਵਿੱਚ ਤਾਂ ਨਿੱਤ ਕਿਸਾਨ ਤਹਿਸੀਲਾਂ ਵਿੱਚ ਬੈਂਕਾਂ ਕੋਲ ਆਪਣੀ ਜ਼ਮੀਨ ਗਿਰਵੀ ਧਰਦੇ ਹਨ। ਜਿਹੜੇ ਕਿਸਾਨ ਖੁਦਕੁਸ਼ੀ ਦੇ ਰਾਹ ਚਲੇ ਗਏ ਹਨ, ਉਨ੍ਹਾਂ ਦੀਆਂ ਵਿਧਵਾਵਾਂ ਨੂੰ ਸਿਰਫ਼ ਮੁਆਵਜ਼ਾ ਲੈਣ ਖਾਤਰ ਸੜਕਾਂ 'ਤੇ ਉਤਰਨਾ ਪੈਂਦਾ ਹੈ।
                      ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਅਰਥ ਸ਼ਾਸਤਰੀ ਅਤੇ ਮਾਹਿਰ ਡਾਕਟਰ ਸੁਖਪਾਲ ਸਿੰਘ ਦਾ ਕਹਿਣਾ ਹੈ ਕਿ ਪੰਜਾਬ ਵਿੱਚ ਖੇਤੀ ਦਾ ਮਾਡਲ ਪੂੰਜੀਵਾਦ ਨੂੰ ਉਤਸ਼ਾਹਿਤ ਕਰਨ ਵਾਲਾ ਹੈ ਜਿਸ ਵਿੱਚ ਕਿਰਤ ਦੀ ਹਿੱਸੇਦਾਰੀ ਲਗਾਤਾਰ ਘਟਦੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਖੇਤੀ ਖ਼ਰਚੇ ਵੱਧ ਰਹੇ ਹਨ ਜਿਸ ਕਰਕੇ ਮੁਨਾਫ਼ਾ ਲਗਾਤਾਰ ਕਿਰ ਰਿਹਾ ਹੈ। ਨਤੀਜੇ ਵਜੋਂ ਕਿਸਾਨ ਆਪਣੇ ਲਾਗਤ ਖ਼ਰਚੇ ਪੂਰੇ ਕਰਨ ਵਾਸਤੇ ਕਰਜ਼ੇ ਦਾ ਸਹਾਰਾ ਲੈਂਦਾ ਹੈ। ਉਨ੍ਹਾਂ ਕਿਹਾ ਕਿ ਲਾਗਤ ਖ਼ਰਚੇ ਵੱਧ ਰਹੇ ਹਨ ਜਦੋਂ ਕਿ ਜਿਣਸ ਦੇ ਭਾਅ ਉਸ ਅਨੁਪਾਤ ਨਾਲ ਵੱਧ ਨਹੀਂ ਰਹੇ ਹਨ। ਇਸ ਪਾੜੇ ਨੇ ਕਿਸਾਨੀ ਨੂੰ ਕਰਜ਼ੇ ਦੀ ਪੰਡ ਹੇਠਾਂ ਦੱਬ ਦਿੱਤਾ ਹੈ।
                                      ਦੇਸ਼ ਦੇ 5.65 ਕਰੋੜ ਕਿਸਾਨਾਂ ਸਿਰ 8112 ਅਰਬ ਦਾ ਕਰਜ਼ਾ
ਦੇਸ਼ ਵਿੱਚ ਕਿਸਾਨੀ ਦੇ ਹਾਲਾਤ ਵੀ ਕੋਈ ਬਹੁਤੇ ਚੰਗੇ ਨਹੀਂ ਹਨ। ਵਿੱਤ ਮੰਤਰਾਲੇ ਅਨੁਸਾਰ ਦੇਸ਼ ਦੇ 84 ਬੈਂਕਾਂ ਦਾ ਮਾਰਚ 2014 ਵਿੱਚ 5.65 ਕਰੋੜ ਕਿਸਾਨਾਂ ਸਿਰ 8112 ਅਰਬ ਦਾ ਕਰਜ਼ਾ ਹੈ। ਅੱਧੀ ਦਰਜਨ ਐਸਬੀਆਈ ਤੇ ਉਸ ਦੇ ਸਹਾਇਕ ਬੈਂਕਾਂ ਦਾ ਇਸ ਵੇਲੇ ਦੇਸ਼ ਦੇ 1.58 ਲੱਖ ਕਿਸਾਨਾਂ ਸਿਰ 2171 ਅਰਬ ਦਾ ਕਰਜ਼ ਹੈ। 20 ਕੌਮੀ ਬੈਂਕਾਂ ਦਾ 3.24 ਕਰੋੜ ਕਿਸਾਨਾਂ ਸਿਰ 4519 ਅਰਬ ਦਾ ਕਰਜ਼ਾ ਹੈ ਜਦੋਂ ਕਿ ਪ੍ਰਾਈਵੇਟ ਖੇਤਰ ਦੇ 20 ਬੈਂਕਾਂ ਦਾ ਦੇਸ਼ ਦੇ 82.18 ਲੱਖ ਕਿਸਾਨਾਂ ਸਿਰ 1405 ਅਰਬ ਦਾ ਕਰਜ਼ਾ ਹੈ। 38 ਵਿਦੇਸ਼ੀ ਬੈਂਕਾਂ ਦਾ 4059 ਕਿਸਾਨਾਂ ਸਿਰ 16 ਅਰਬ ਦਾ ਕਰਜ਼ਾ ਹੈ।

No comments:

Post a Comment