Saturday, July 12, 2014

                                 ਪ੍ਰਧਾਨ ਸਾਹਿਬ
                        ਨਿਤਾਣੇ ਕਿਧਰ ਜਾਣ...
                                 ਚਰਨਜੀਤ ਭੁੱਲਰ
ਬਠਿੰਡਾ :  ਸ਼੍ਰੋਮਣੀ ਕਮੇਟੀ ਵੱਲੋਂ ਕੈਂਸਰ ਰਾਹਤ ਫੰਡ ਦੀ ਕਾਣੀ ਵੰਡ ਕੀਤੀ ਜਾ ਰਹੀ ਹੈ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਮੱਕੜ ਨੇ ਕੈਂਸਰ ਰਾਹਤ ਫੰਡ ਦਾ ਵੱਡਾ ਗੱਫਾ ਆਪਣੇ ਜ਼ਿਲ੍ਹੇ ਲੁਧਿਆਣੇ ਵਿੱਚ ਹੀ ਵੰਡ ਦਿੱਤਾ ਹੈ, ਜਦੋਂਕਿ ਕੈਂਸਰ ਪੱਟੀ ਦੇ ਕਈ ਜ਼ਿਲ੍ਹੇ ਕੈਂਸਰ ਰਾਹਤ ਫੰਡ ਨੂੰ ਤਰਸ ਰਹੇ ਹਨ।  ਪੰਜਾਬ ਭਰ 'ਚੋਂ ਲੁਧਿਆਣਾ ਜ਼ਿਲ੍ਹਾ ਕੈਂਸਰ ਰਾਹਤ ਫੰਡ ਲੈਣ ਵਿੱਚ ਅੱਗੇ ਹੈ। ਲੁਧਿਆਣਾ ਵਿੱਚ ਜਥੇਦਾਰ ਮੱਕੜ ਨੇ 606 ਕੈਂਸਰ ਮਰੀਜ਼ਾਂ ਨੂੰ ਰਾਹਤ ਫੰਡ ਦਿੱਤਾ ਹੈ। ਲੁਧਿਆਣਾ ਵਿੱਚ ਜਥੇਦਾਰ ਮੱਕੜ ਦੇ ਰਿਹਾਇਸ਼ੀ ਇਲਾਕੇ ਦੇ ਨਾਲ ਲਗਦੀ ਕਲੋਨੀ ਸ਼ਿਮਲਾਪੁਰੀ ਤੇ ਨਿਊ ਸ਼ਿਮਲਾਪੁਰੀ ਦੇ ਸਭ ਤੋਂ ਵੱਧ 60 ਮਰੀਜ਼ਾਂ ਨੂੰ ਰਾਹਤ ਫੰਡ ਮਿਲਿਆ ਹੈ। ਕਮੇਟੀ ਵੱਲੋਂ ਸਾਲ 2011-12 ਵਿੱਚ ਕੈਂਸਰ ਰਾਹਤ ਫੰਡ ਸ਼ੁਰੂ ਕੀਤਾ ਗਿਆ ਸੀ। ਇਸ ਤਹਿਤ ਕੈਂਸਰ ਦੇ ਮਰੀਜ਼ਾਂ ਨੂੰ 20-20 ਹਜ਼ਾਰ ਰੁਪਏ ਦੀ ਰਾਸ਼ੀ ਦਿੱਤੀ ਜਾਂਦੀ ਹੈ। ਗੰਭੀਰ ਕੇਸਾਂ ਵਿੱਚ ਰਾਸ਼ੀ ਇੱਕ ਲੱਖ ਰੁਪਏ ਤਕ ਦੀ ਕਰ ਦਿੱਤੀ ਜਾਂਦੀ ਹੈ। ਸ਼੍ਰੋਮਣੀ ਕਮੇਟੀ ਦੀ ਅੰਤ੍ਰਿਗ ਕਮੇਟੀ ਦੀ ਮੀਟਿੰਗ ਵਿੱਚ ਕੈਂਸਰ ਰਾਹਤ ਫੰਡ ਦੇਣ ਦਾ ਅਧਿਕਾਰ ਕਮੇਟੀ ਪ੍ਰਧਾਨ ਅਵਤਾਰ ਸਿੰਘ ਮੱਕੜ ਨੂੰ ਦਿੱਤਾ ਗਿਆ। ਸ਼੍ਰੋਮਣੀ ਕਮੇਟੀ ਵੱਲੋਂ ਸਾਲ 2011-12 ਤੋਂ 31 ਮਾਰਚ 2014 ਤਕ 4301 ਕੈਂਸਰ ਮਰੀਜ਼ਾਂ ਨੂੰ 8.50 ਕਰੋੜ ਰੁਪਏ ਵੰਡੇ ਜਾ ਚੁੱਕੇ ਹਨ। ਸ਼੍ਰੋਮਣੀ ਕਮੇਟੀ ਵੱਲੋਂ ਕਰੀਬ ਢਾਈ ਵਰ੍ਹਿਆਂ ਵਿੱਚ 3079 ਕੈਂਸਰ ਮਰੀਜ਼ਾਂ ਨੂੰ 5.84 ਕਰੋੜ ਰੁਪਏ ਦੀ ਰਾਸ਼ੀ ਵੰਡੀ ਗਈ ਹੈ।
                 ਇਨ੍ਹਾਂ 3079 ਮਰੀਜ਼ਾਂ ਦੀ ਸੂਚੀ 'ਤੇ ਝਾਤ ਮਾਰਨ 'ਤੇ ਇਹ ਤੱਥ ਉਭਰ ਕੇ ਆਏ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੇ ਆਪਣੇ ਜ਼ਿਲ੍ਹੇ ਖਾਸ ਕਰਕੇ ਲੁਧਿਆਣਾ ਸ਼ਹਿਰ ਨੂੰ ਤਰਜੀਹ ਦਿੱਤੀ ਹੈ। ਰਾਸ਼ੀ ਪ੍ਰਾਪਤਕਰਤਾ 3079 ਮਰੀਜ਼ਾਂ 'ਚੋਂ 606 ਮਰੀਜ਼ ਇਕੱਲੇ ਲੁਧਿਆਣਾ ਜ਼ਿਲ੍ਹੇ ਦੇ ਹਨ। ਇਨ੍ਹਾਂ ਨੂੰ 5.84 ਕਰੋੜ ਰੁਪਏ 'ਚੋਂ ਕਰੀਬ ਸਵਾ ਕਰੋੜ ਰੁਪਏ ਦਾ ਰਾਹਤ ਫੰਡ ਦਿੱਤਾ ਗਿਆ। ਮਾਝੇ ਦੇ ਜ਼ਿਲ੍ਹੇ ਅੰਮ੍ਰਿਤਸਰ, ਤਰਨਤਾਰਨ ਤੇ ਗੁਰਦਾਸਪੁਰ ਦੇ 416 ਮਰੀਜ਼ਾਂ ਨੂੰ ਇਹ ਫੰਡ ਦਿੱਤਾ ਗਿਆ ਹੈ ਸਾਲ 2013 ਦੇ ਅਖ਼ੀਰ ਤਕ ਬਠਿੰਡਾ ਜ਼ਿਲ੍ਹੇ ਦੇ 167 ਮਰੀਜ਼ਾਂ ਤੇ ਮਾਨਸਾ ਦੇ 218 ਮਰੀਜ਼ਾਂ ਨੂੰ ਇਹ ਫੰਡ ਦਿੱਤਾ ਗਿਆ ਹੈ। ਜ਼ਿਲ੍ਹਾ ਸੰਗਰੂਰ ਦੇ 293 ਮਰੀਜ਼ਾਂ ਨੂੰ ਰਾਹਤ ਫੰਡ ਦਿੱਤਾ ਗਿਆ ਹੈ। ਜ਼ਿਲ੍ਹਾ ਮੁਕਤਸਰ ਦੇ ਸਿਰਫ 27 ਮਰੀਜ਼, ਫਰੀਦਕੋਟ ਦੇ 18 ਮਰੀਜ਼, ਮੋਗਾ ਦੇ 29 ਮਰੀਜ਼, ਫਿਰੋਜ਼ਪੁਰ ਦੇ 35 ਮਰੀਜ਼, ਫ਼ਾਜ਼ਿਲਕਾ ਦੇ 57 ਮਰੀਜ਼ ਤੇ ਬਰਨਾਲਾ ਜ਼ਿਲ੍ਹੇ ਦੇ 92 ਮਰੀਜ਼ਾਂ ਨੂੰ ਹੀ ਕੈਂਸਰ ਰਾਹਤ ਫੰਡ ਦਿੱਤਾ ਗਿਆ ਹੈ। ਇਹ ਰਾਸ਼ੀ ਪਟਿਆਲਾ ਜ਼ਿਲ੍ਹੇ ਦੇ 94 ਮਰੀਜ਼ਾਂ, ਫਤਹਿਗੜ ਸਾਹਿਬ ਦੇ 39 ਮਰੀਜ਼ਾਂ, ਅੰਮ੍ਰਿਤਸਰ ਦੇ 192 ਮਰੀਜ਼ਾਂ, ਗੁਰਦਾਸਪੁਰ ਦੇ 103 ਮਰੀਜ਼ਾਂ ਤੇ ਤਰਨਤਾਰਨ ਦੇ 121 ਮਰੀਜ਼ਾਂ ਨੂੰ ਦਿੱਤੀ ਗਈ ਹੈ।
                ਸ਼੍ਰੋਮਣੀ ਕਮੇਟੀ ਨੇ ਤਿੰਨ ਮਰੀਜ਼ਾਂ ਦੇ ਪਰਿਵਾਰਾਂ ਨੂੰ ਇੱਕ-ਇੱਕ ਲੱਖ ਰੁਪਏ ਰਾਹਤ ਫੰਡ 'ਚੋਂ ਦਿੱਤੇ ਹਨ। ਇਨ੍ਹਾਂ 'ਚੋਂ ਦੋ ਸ਼੍ਰੋਮਣੀ ਕਮੇਟੀ ਦੇ ਮੈਂਬਰ ਹਨ, ਜਦੋਂਕਿ ਤੀਜਾ ਜ਼ਿਲ੍ਹਾ ਬਰਨਾਲਾ ਦੇ ਬਲਵੀਰ ਸਿੰਘ ਬੀਹਲਾ ਦਾ ਪਰਿਵਾਰ ਹੈ। ਸੂਤਰਾਂ ਅਨੁਸਾਰ ਇਹ ਰਾਹਤ ਫੰਡ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਦੀ ਸਿਫਾਰਸ਼ 'ਤੇ ਦਿੱਤਾ ਜਾਂਦਾ ਹੈ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ ਦਾ ਕਹਿਣਾ ਹੈ ਕਿ ਬਿਨਾਂ ਕਿਸੇ ਵਿਤਕਰੇ ਤੋਂ ਕੈਂਸਰ ਰਾਹਤ ਫੰਡ ਦੀ ਵੰਡ ਕੀਤੀ ਜਾਂਦੀ ਹੈ। ਰਾਹਤ ਫੰਡ ਲਈ ਕੋਈ ਵੀ ਕੈਂਸਰ ਪੀੜਤ ਸਿੱਧੀ ਸ਼੍ਰੋਮਣੀ ਕਮੇਟੀ ਤਕ ਪਹੁੰਚ ਕਰ ਸਕਦਾ ਹੈ। ਲੁਧਿਆਣਾ ਵਿੱਚ ਕੈਂਸਰ ਦੇ ਜ਼ਿਆਦਾ ਕੇਸ ਹਨ। ਬਠਿੰਡਾ ਵਿੱਚ ਵੀ ਬਣਦਾ ਰਾਹਤ ਫੰਡ ਦਿੱਤਾ ਗਿਆ ਹੈ।

No comments:

Post a Comment