Saturday, July 5, 2014

                                        ਲੁਕਵੀਂ ਮਿਹਰ
             ਜੇਲ੍ਹ ਦਾ ਸੀਮਿੰਟ ਸ਼ਰਾਬ ਫੈਕਟਰੀ ਵਿਚ
                                       ਚਰਨਜੀਤ ਭੁੱਲਰ
ਬਠਿੰਡਾ : ਬਠਿੰਡਾ ਦੀ ਸਰਕਾਰੀ ਜੇਲ੍ਹ ਦਾ ਸੀਮਿੰਟ ਅੱਜ ਇਕ ਅਕਾਲੀ ਵਿਧਾਇਕ ਦੀ ਸ਼ਰਾਬ ਫੈਕਟਰੀ ਵਿੱਚ ਜਾਣ ਦਾ ਰੌਲਾ ਪੈ ਗਿਆ। ਮਾਮਲਾ ਉਦੋਂ ਉਠਿਆ ਜਦੋਂ ਛੇ ਟਰੱਕਾਂ ਦੇ ਡਰਾਈਵਰਾਂ ਨੇ ਸਰਕਾਰੀ ਜੇਲ੍ਹ ਦਾ ਸੀਮਿੰਟ ਅਕਾਲੀ ਵਿਧਾਇਕ ਦੀ ਫੈਕਟਰੀ ਵਿੱਚ ਲਿਜਾਣ ਤੋਂ ਇਨਕਾਰ ਕਰ ਦਿੱਤਾ। ਸੱਤਵਾਂ ਟਰੱਕ ਇਸ ਸ਼ਰਾਬ ਫੈਕਟਰੀ ਵਿੱਚ ਕਿਵੇਂ ਨਾ ਕਿਵੇਂ ਪੁੱਜ ਵੀ ਗਿਆ ਹੈ। ਜ਼ਿਲ੍ਹਾ ਪ੍ਰਸ਼ਾਸਨ ਅਤੇ ਪੁਲੀਸ ਵੱਲੋਂ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ। ਪਿੰਡ ਲਹਿਰਾ ਮੁਹੱਬਤ 'ਚ ਲੱਗੇ ਬਿਰਲਾ ਸਮੂਹ ਦੇ ਬਿਕਰਮ ਸੀਮਿੰਟ ਪਲਾਂਟ ਤੋ ਗਣੇਸ਼ ਇੰਡੀਆ ਪ੍ਰਾਈਵੇਟ ਲਿਮਟਿਡ ਟਰਾਂਸਪੋਰਟ ਕੰਪਨੀ ਦੁਆਰਾ ਸੀਮਿੰਟ ਦੇ 7 ਟਰਾਲੇ ਭਰ ਕੇ ਠੇਕੇਦਾਰ ਦੇ ਨਾਮ 'ਤੇ ਬਿਲਟੀ ਕੱਟ ਕੇ ਭੇਜੇ ਗਏ ਸਨ ਜਿਸ ਦਾ ਰਿਕਾਰਡ ਪੰਜਾਬੀ ਟ੍ਰਿਬਿਊਨ ਕੋਲ ਮੌਜੂਦ ਹੈ। ਟਰੱਕ ਡਰਾਈਵਰ ਸ਼ਿੰਦਰ ਸਿੰਘ, ਗੁਰਨਾਮ ਸਿੰਘ, ਅਜੀਤ ਸਿੰਘ, ਗੁਰਮੇਲ ਸਿੰਘ, ਜਰਨੈਲ ਸਿੰਘ ਅਤੇ ਭੂਰਾ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਰਾਤ ਨੂੰ ਠੇਕੇਦਾਰ ਨੇ ਪਿੰਡ ਗੁਰੂਸਰ ਸੈਣੇਵਾਲਾ ਆਉਣ ਵਾਸਤੇ ਆਖਿਆ ਗਿਆ ਸੀ। ਡਰਾਈਵਰਾਂ ਨੇ ਦੱਸਿਆ ਕਿ ਉਹ ਰਾਤ ਗੁਰੂਸਰ ਸੈਣੇਵਾਲਾ ਪੁੱਜ ਗਏ ਸਨ। ਜਦੋਂ ਉਨ੍ਹਾਂ ਨੇ ਢਾਬੇ ਵਾਲੇ ਨੂੰ ਬਿਲਟੀਆਂ ਦਿਖਾਈਆਂ ਤਾਂ ਉਹ ਕੇਂਦਰੀ ਜੇਲ੍ਹ, ਪਿੰਡ ਗੋਬਿੰਦਪੁਰਾ ਦੇ ਨਾਮ 'ਤੇ ਸਨ।
                ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਠੇਕੇਦਾਰ ਨੇ ਸਵੇਰੇ ਸੰਗਤ ਮੰਡੀ ਲਾਗਲੀ ਵਿਧਾਇਕ ਦੀ ਸ਼ਰਾਬ ਫੈਕਟਰੀ ਵਿੱਚ ਸੀਮਿੰਟ ਉਤਾਰਨ ਵਾਸਤੇ ਆਖਿਆ ਗਿਆ ਪ੍ਰੰਤੂ ਉਨ੍ਹਾਂ ਨੇ ਇਸ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਮੌਕੇ 'ਤੇ ਮੀਡੀਆ ਨੂੰ ਇਸੇ ਕਰਕੇ ਬੁਲਾਇਆ ਹੈ। ਉਨ੍ਹਾਂ ਦੱਸਿਆ ਕਿ ਮਗਰੋਂ ਠੇਕੇਦਾਰ ਨੇ ਇਹ ਦਬਾਅ ਪਾਉਣਾ ਸ਼ੁਰੂ ਕਰ ਦਿੱਤਾ ਕਿ ਉਹ ਪੁਲੀਸ ਕੋਲ ਇਹ ਬਿਆਨ ਦਰਜ ਕਰਾ ਦੇਣ ਕਿ ਉਹ ਭੁਲੇਖੇ ਨਾਲ ਇੱਧਰ ਆ ਗਏ ਹਨ। ਦੱਸਣਯੋਗ ਹੈ ਕਿ ਬਠਿੰਡਾ ਵਿੱਚ ਨਵੀਂ ਜੇਲ੍ਹ ਬਣ ਰਹੀ ਹੈ ਜਿਸ ਦੇ ਇਕ ਠੇਕੇਦਾਰ ਦੇ ਨਾਮ 'ਤੇ ਬਿਲਟੀਆਂ ਅਤੇ ਬਿੱਲ ਬਣੇ ਹੋਏ ਸਨ ਜੋ ਟਰੱਕ ਡਰਾਈਵਰਾਂ ਨੇ ਮੌਕੇ 'ਤੇ ਦਿਖਾਏ। ਸ਼ਰਾਬ ਫੈਕਟਰੀ ਵਿੱਚ ਇਕ ਟਰੱਕ ਖੜ੍ਹਾ ਸੀ। ਇਨ੍ਹਾਂ ਟਰੱਕਾਂ ਵਿੱਚ ਕਰੀਬ ਅੱਠ ਲੱਖ ਰੁਪਏ ਦਾ ਸੀਮਿੰਟ ਸੀ ਅਤੇ 2500 ਦੇ ਕਰੀਬ ਗੱਟੇ ਸਨ। ਅਕਾਲੀ ਵਿਧਾਇਕ ਦੀਪ ਮਲਹੋਤਰਾ ਨੇ ਇਸ ਮਾਮਲੇ ਨੂੰ ਮੁੱਢੋਂ ਹੀ ਰੱਦ ਕਰਦੇ ਹੋਏ ਕਿਹਾ ਕਿ ਇਸ ਸੀਮਿੰਟ ਦਾ ਉਨ੍ਹਾਂ ਨਾਲ ਕੋਈ ਤੁਆਲਕ ਨਹੀਂ ਹੈ। ਉਨ੍ਹਾਂ ਦੱਸਿਆ ਕਿ ਉਹ ਸਾਰਾ ਸੀਮਿੰਟ ਚੈੱਕ ਨਾਲ ਖਰੀਦ ਕਰਦੇ ਹਨ ਅਤੇ ਅੱਜ ਫੈਕਟਰੀ ਵਿੱਚ ਆਈ ਪੁਲੀਸ ਨੂੰ ਸਾਰਾ ਰਿਕਾਰਡ ਦਿਖਾ ਦਿੱਤਾ ਹੈ।
               ਉਨ੍ਹਾਂ ਕਿਹਾ ਕਿ ਉਸਾਰੀ ਦਾ ਕੰਮ ਠੇਕੇਦਾਰ ਕਰ ਰਿਹਾ ਹੈ ਪ੍ਰੰਤੂ ਉਹ ਸੀਮਿੰਟ ਅਤੇ ਲੋਹੇ ਆਦਿ ਦੀ ਖਰੀਦ ਚੈੱਕ ਨਾਲ ਖੁਦ ਕਰਦੇ ਹਨ। ਵਿਧਾਇਕ ਨੇ ਕਿਹਾ ਕਿ ਅੱਜ ਪੁਲੀਸ ਨੇ ਫੈਕਟਰੀ ਗੇਟ ਤੇ ਖੜ੍ਹੇ ਟਰੱਕ ਡਰਾਈਵਰ ਦੀ ਬਿਲਟੀ ਅਤੇ ਹੋਰ ਬਿੱਲ ਵਗੈਰਾ ਵੀ ਦੇਖੇ ਜੋ ਸਹੀ ਪਾਏ ਗਏ ਹਨ। ਥਾਣਾ ਸੰਗਤ ਦੇ ਮੁੱਖ ਥਾਣਾ ਅਫ਼ਸਰ ਮਨਜੀਤ ਸਿੰਘ ਦਾ ਕਹਿਣਾ ਸੀ ਕਿ ਉਨ੍ਹਾਂ ਕੋਲ ਸ਼ਿਕਾਇਤ ਆਈ ਹੈ ਅਤੇ ਉਹ ਮਾਮਲੇ ਦੀ ਪੜਤਾਲ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਕਰ ਅਤੇ ਆਬਕਾਰੀ ਮਹਿਕਮੇ ਨੂੰ ਵੀ ਬੁਲਾ ਲਿਆ ਹੈ ਤਾਂ ਜੋ ਟੈਕਸ ਵਗੈਰਾ ਦੀ ਵੀ ਪੜਤਾਲ ਕੀਤੀ ਜਾ ਸਕੇ। ਲੋਕ ਨਿਰਮਾਣ ਵਿਭਾਗ ਦੇ ਕਾਰਜਕਾਰੀ ਇੰਜੀਨੀਅਰ ਕੁਲਬੀਰ ਸਿੰਘ ਸੰਧੂ ਦਾ ਕਹਿਣਾ ਸੀ ਕਿ ਉਹ ਮਾਮਲੇ ਦੀ ਪੜਤਾਲ ਕਰ ਰਹੇ ਹਨ। ਐਸਐਸਪੀ ਗੁਰਪ੍ਰੀਤ ਸਿੰਘ ਭੁੱਲਰ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਫੋਨ ਨਹੀਂ ਚੁੱਕਿਆ।

No comments:

Post a Comment