Thursday, July 10, 2014

                                    ਲੱਖਾਂ ਦੀ ਗੜਬੜ
            ਏਅਰ ਕੰਡੀਸ਼ਨਰਾਂ ਨੇ ਲਿਆਂਦਾ ਮੁੜ੍ਹਕਾ
                                     ਚਰਨਜੀਤ ਭੁੱਲਰ
ਬਠਿੰਡਾ : ਨਗਰ ਨਿਗਮ ਬਠਿੰਡਾ ਵਿੱਚ ਨਵੇਂ ਲੱਗ ਰਹੇ ਏ.ਸੀਜ਼ ਦੀ ਖਰੀਦ ਵਿੱਚ ਲੱਖਾਂ ਰੁਪਏ ਦੀ ਗੜਬੜ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਮੰਦੀ ਦੀ ਮਾਰ ਝੱਲ ਰਹੀ ਨਗਰ ਨਿਗਮ ਹੁਣ ਮੁੱਖ ਦਫ਼ਤਰ ਵਿੱਚ 22 ਨਵੇਂ ਏ.ਸੀ. ਲਗਾ ਰਹੀ ਹੈ। ਏ.ਸੀਜ਼ ਦੀ ਖ਼ਰੀਦ ਲਈ ਨਾ ਕੋਈ ਟੈਂਡਰ ਦਿੱਤਾ ਗਿਆ ਹੈ ਅਤੇ ਨਾ ਹੀ ਨਵੇਂ ਏ.ਸੀ. ਕਿਸੇ ਅਧਿਕਾਰਤ ਡੀਲਰ ਤੋਂ ਖਰੀਦੇ ਗਏ। ਮਹਿੰਗੇ ਭਾਅ 'ਤੇ ਏ.ਸੀ. ਖਰੀਦ ਕਰ ਲਏ ਗਏ ਹਨ ਜਦੋਂਕਿ ਮਾਰਕੀਟ ਵਿੱਚ ਕਈ ਡੀਲਰ ਉਸ ਤੋਂ ਘੱਟ ਕੀਮਤ 'ਤੇ ਏ.ਸੀ. ਲਗਾਉਣ ਲਈ ਤਿਆਰ ਹਨ। ਨਗਰ ਨਿਗਮ ਨੇ 22 ਏ.ਸੀਜ਼ (ਸਪਲਿਟ ਡੇਢ ਟਨ, ਤਿੰਨ ਸਟਾਰ) ਖਰੀਦਣ ਦਾ ਫੈਸਲਾ ਕੀਤਾ ਸੀ। ਸਰਕਾਰੀ ਰਿਕਾਰਡ ਅਨੁਸਾਰ 26 ਜੂਨ  ਨੂੰ ਕੀਤੇ ਹੁਕਮਾਂ ਵਿੱਚ ਆਖਿਆ ਗਿਆ ਕਿ ਏ.ਸੀਜ਼ ਦੇ ਟੈਂਡਰ ਲਾਏ ਗਏ ਸਨ ਪਰ ਕੋਈ ਟੈਂਡਰ ਨਹੀਂ ਆਇਆ। ਨਗਰ ਨਿਗਮ ਨੇ ਬਠਿੰਡਾ ਦੀ ਅਮਰੀਕ ਰੋਡ ਸਥਿਤ ਇੱਕ ਫਰਮ ਤੋਂ ਵੋਲਟਾਸ ਦੇ 22 ਏ.ਸੀਜ਼ (ਸਪਲਿਟ,ਤਿੰਨ ਸਟਾਰ) ਖਰੀਦਣ ਦਾ ਫੈਸਲਾ ਕਰ ਲਿਆ ਹੈ। ਇਸ ਫਰਮ ਵੱਲੋਂ ਨਗਰ ਨਿਗਮ ਵਿੱਚ 11 ਏ.ਸੀਜ਼ ਲਗਾ ਦਿੱਤੇ ਗਏ ਹਨ ਜਦੋਂਕਿ 11 ਹੋਰ ਏ.ਸੀਜ਼ ਲਗਾਏ ਜਾਣੇ ਹਨ। ਇਸ ਫਰਮ ਵੱਲੋਂ ਪ੍ਰਤੀ ਏ.ਸੀ. 28500 ਰੁਪਏ ਕੀਮਤ ਦੱਸੀ ਅਤੇ ਵੈਟ ਅਤੇ ਐਕਸਾਈਜ਼ ਡਿਊਟੀ ਲਗਾ ਕੇ ਪ੍ਰਤੀ ਏ.ਸੀ. ਕੀਮਤ 37176 ਰੁਪਏ ਲਗਾਈ ਹੈ। ਇਸ ਤੋਂ ਇਲਾਵਾ ਪ੍ਰਤੀ ਏ.ਸੀ. 1500 ਰੁਪਏ ਏ.ਸੀ. ਫਿੱਟਿੰਗ ਦਾ ਖ਼ਰਚ ਆਇਆ ਹੈ।
                  ਨਗਰ ਨਿਗਮ ਦਾ ਤਰਕ ਹੈ ਕਿ ਡਾਇਰੈਕਟਰ ਜਨਰਲ ਆਫ਼ ਸਪਲਾਈਜ਼ ਐਂਡ ਡਿਸਪੋਜਲ ਵੱਲੋਂ ਤੈਅ ਕੀਤੇ ਰੇਟਾਂ 'ਤੇ ਏ.ਸੀਜ਼ ਦੀ ਖਰੀਦ ਕੀਤੀ ਗਈ ਹੈ। ਇਹ ਸਾਰੇ ਏ.ਸੀ. ਵੋਲਟਾਸ ਕੰਪਨੀ ਦੇ ਹਨ। ਕਰੀਬ 8.50 ਲੱਖ ਰੁਪਏ ਦੇ ਨਵੇਂ ਏ.ਸੀਜ਼ ਖਰੀਦੇ ਜਾ ਰਹੇ ਹਨ। ਸ਼ਹਿਰ ਦੇ ਪੋਸਟ ਆਫਿਸ ਬਾਜ਼ਾਰ ਦੇ ਜੀਵਨ ਇੰਟਰਪ੍ਰਾਇਜ਼ਜ ਦੇ ਮਾਲਕ ਆਸ਼ੂ ਸਿੰਗਲਾ ਦਾ ਕਹਿਣਾ ਸੀ ਕਿ ਉਹ ਵੋਲਟਾਸ ਕੰਪਨੀ ਦੇ ਡਿਸਟ੍ਰੀਬਿਊਟਰ ਹਨ ਅਤੇ ਬਠਿੰਡਾ ਸ਼ਹਿਰ ਵਿੱਚ ਹੋਰ ਕੋਈ ਵੀ ਕੰਪਨੀ ਦਾ ਅਧਿਕਾਰਤ ਡੀਲਰ ਨਹੀਂ ਹੈ। ਉਨ੍ਹਾਂ ਆਖਿਆ ਕਿ ਨਗਰ ਨਿਗਮ ਨੇ ਜਿਸ ਕੰਪਨੀ ਤੋਂ ਏ.ਸੀ. ਖਰੀਦ ਕੀਤੇ ਹਨ, ਉਹ ਅਧਿਕਾਰਤ ਡੀਲਰ ਨਹੀਂ ਹਨ। ਆਸ਼ੂ ਸਿੰਗਲਾ ਨੇ ਆਖਿਆ ਕਿ ਉਹ ਵੋਲਟਾਸ ਦਾ ਡੇਢ ਟਨ ਦਾ ਸਪਲਿਟ ਏ.ਸੀ ਸਮੇਤ ਸਭ ਟੈਕਸ 29 ਹਜ਼ਾਰ ਰੁਪਏ ਵਿੱਚ ਲਗਾਉਣ ਨੂੰ ਤਿਆਰ ਹਨ। ਦੱਸਣਯੋਗ ਹੈ ਕਿ ਨਗਰ ਨਿਗਮ ਵੱਲੋਂ ਇਹੋ ਏ.ਸੀ 37176 ਰੁਪਏ ਪ੍ਰਤੀ ਏ.ਸੀ ਲਗਾਇਆ ਜਾ ਰਿਹਾ ਹੈ। ਸ਼ਹਿਰ ਦੇ ਇੱਕ ਐਲ.ਜੀ. ਕੰਪਨੀ ਦੇ ਡੀਲਰ ਦਾ ਕਹਿਣਾ ਸੀ ਕਿ ਉਹ ਇਹੀ ਏ.ਸੀ ਸਭ ਟੈਕਸਾਂ ਸਮੇਤ 29 ਹਜ਼ਾਰ ਰੁਪਏ ਵਿੱਚ ਲਾਉਣ ਲਈ ਤਿਆਰ ਹਨ। ਮਿਊਂਸਿਪਲ ਵਰਕਰਜ਼ ਯੂਨੀਅਨ ਦੇ ਪ੍ਰਧਾਨ ਰਵਿੰਦਰ ਚੀਮਾ ਦਾ ਕਹਿਣਾ ਸੀ ਕਿ ਨਿਗਮ ਦਫ਼ਤਰ ਵਿੱਚ ਜੋ ਆਮਦਨ ਕਰਨ ਵਾਲੀਆਂ ਬਰਾਂਚਾਂ ਹਨ, ਉਨ੍ਹਾਂ ਵਿੱਚ ਮੁਲਾਜ਼ਮਾਂ ਨੂੰ ਕੋਈ ਸਹੂਲਤ ਨਹੀਂ ਹੈ ਜਿਸ ਕਰਕੇ ਯੂਨੀਅਨ ਨੇ ਏ.ਸੀਜ਼ ਲਗਾਏ ਜਾਣ ਦੀ ਮੰਗ ਕੀਤੀ ਸੀ।
                 ਜਾਣਕਾਰੀ ਅਨੁਸਾਰ ਨਗਰ ਨਿਗਮ ਦਫ਼ਤਰ ਵਿੱਚ ਬਹੁਤੇ ਮੁਲਾਜ਼ਮਾਂ ਦੇ ਕਮਰਿਆਂ ਵਿੱਚ ਨਵੇਂ ਏ.ਸੀ. ਲੱਗ ਰਹੇ ਹਨ। ਨਗਰ ਨਿਗਮ ਦੀ ਪੁਰਾਣੀ ਇਮਾਰਤ ਵਿੱਚ ਤੈਅਬਾਜ਼ਾਰੀ, ਹਾਊਸ ਟੈਕਸ, ਬਿਲਡਿੰਗ ਆਦਿ ਬਰਾਂਚਾਂ ਵਿੱਚ ਏ.ਸੀ. ਲਗਾਏ ਜਾ ਰਹੇ ਹਨ। ਏ.ਸੀਜ਼ ਲਗਾਏ ਜਾਣ ਦਾ ਕੰਮ ਜ਼ੋਰਾਂ 'ਤੇ ਚੱਲ ਰਿਹਾ ਹੈ। ਨਗਰ ਨਿਗਮ ਵਿੱਚ ਜੋ ਅਫਸਰਾਂ ਵਾਲੀ ਇਮਾਰਤ ਹੈ, ਉਸ ਵਿੱਚ ਤਾਂ ਪਹਿਲਾਂ ਹੀ ਏ.ਸੀ ਲੱਗੇ ਹੋਏ ਹਨ। ਦੱਸਣਯੋਗ ਹੈ ਕਿ ਨਗਰ ਨਿਗਮ ਖੁਦ ਕਰਜ਼ਾਈ ਹੈ ਅਤੇ ਵਿਕਾਸ ਕੰਮਾਂ ਲਈ ਜਾਇਦਾਦ ਵੀ ਵੇਚਣੀ ਪਈ ਹੈ। ਜਿਆਦਾ ਕੰਮ ਕਰਜ਼ਿਆਂ ਸਹਾਰੇ ਹੀ ਚੱਲ ਰਿਹਾ ਹੈ। ਨਗਰ ਨਿਗਮ ਦੇ ਕਮਿਸ਼ਨਰ ਦਲਵਿੰਦਰ ਸਿੰਘ ਦਾ ਕਹਿਣਾ ਸੀ ਕਿ ਨਗਰ ਨਿਗਮ ਦੇ ਮੁਲਾਜ਼ਮਾਂ ਦੀ ਯੂਨੀਅਨ ਵੱਲੋਂ ਕਾਫ਼ੀ ਸਮੇਂ ਤੋਂ ਏ.ਸੀਜ਼ ਲਗਾਏ ਜਾਣ ਦੀ ਮੰਗ ਕੀਤੀ ਜਾ ਰਹੀ ਸੀ ਜਿਸ ਕਰਕੇ ਮਤਾ ਪਾਸ ਕਰਕੇ ਏ.ਸੀਜ਼ ਖਰੀਦਣ ਦਾ ਫੈਸਲਾ ਕੀਤਾ ਗਿਆ ਹੈ। ਉਨ੍ਹਾਂ ਆਖਿਆ ਕਿ ਜੇ ਏ.ਸੀਜ਼ ਦੀ ਕੀਮਤ ਵਿੱਚ ਕੋਈ ਫਰਕ ਹੈ ਤਾਂ ਉਹ ਇਸ ਮਾਮਲੇ ਦੀ ਪੜਤਾਲ ਕਰਨਗੇ।

No comments:

Post a Comment