Saturday, January 16, 2016

                                       ਫਿਰਕੂ ਹੱਲਾ
    ਕੌਮੀ ਮਾਰਗ ਐਲਾਨਣ ਤੋਂ ਭੱਜੀ ਮੋਦੀ ਸਰਕਾਰ
                                     ਚਰਨਜੀਤ ਭੁੱਲਰ
ਬਠਿੰਡਾ : ਕੇਂਦਰ ਸਰਕਾਰ ਹੁਣ ਗੁਰੂ ਗੋਬਿੰਦ ਸਿੰਘ ਮਾਰਗ ਨੂੰ ਕੌਮੀ ਮਾਰਗ ਬਣਾਉਣ ਤੋਂ ਭੱਜਣ ਲੱਗੀ ਹੈ। ਭਾਵੇਂ ਕੇਂਦਰ ਨੇ ਕੌਮੀ ਮਾਰਗ ਐਲਾਨਨ ਤੋਂ ਸਿੱਧਾ ਇਨਕਾਰ ਨਹੀਂ ਕੀਤਾ ਹੈ ਪ੍ਰੰਤੂ ਕੇਂਦਰ ਨੇ ਇਸ ਪਾਸੇ ਕੋਈ ਕਦਮ ਵੀ ਨਹੀਂ ਵਧਾਇਆ ਨਹੀਂ ਹੈ। ਕੇਂਦਰ ਸਰਕਾਰ ਨੇ ਪਹਿਲਾਂ ਮੋਹਾਲੀ ਹਵਾਈ ਅੱਡੇ ਦਾ ਨਾਮ ਸ਼ਹੀਦ ਭਗਤ ਸਿੰਘ ਦੇ ਨਾਮ ਤੇ ਰੱਖਣ ਤੋਂ ਪਾਸਾ ਵੱਟਿਆ। ਹੁਣ ਗੁਰੂ ਗੋਬਿੰਦ ਸਿੰਘ ਮਾਰਗ ਦੇ ਮਾਮਲੇ ਤੇ ਚੁੱਪ ਵੱਟੀ ਹੋਈ ਹੈ। ਪੰਥਕ ਆਗੂਆਂ ਨੇ ਕੇਂਦਰ ਦੀ ਇਸ ਸਿੱਖ ਵਿਰੋਧੀ ਨੀਤੀ ਤੇ ਖਿਚਾਈ ਕੀਤੀ ਹੈ। ਕੌਮੀ ਮਾਰਗ ਬਣਾਏ ਜਾਣ ਦਾ ਮਸਲਾ ਕੇਵਲ ਕਾਗਜਾਂ ਤੱਕ ਹੀ ਸੀਮਿਤ ਰਹਿ ਗਿਆ ਹੈ। ਮੁੱਖ ਮੰਤਰੀ ਪੰਜਾਬ ਪ੍ਰਕਾਸ਼ ਸਿੰਘ ਬਾਦਲ ਨੇ 27 ਅਗਸਤ 2015 ਨੂੰ ਕੇਂਦਰੀ ਟਰਾਂਸਪੋਰਟ ਮੰਤਰੀ ਨਿਤਿਨ ਗਡਕਰੀ ਨਾਲ ਮੁਲਾਕਾਤ ਕੀਤੀ ਸੀ ਕਿ ਗੁਰੂ ਗੋਬਿੰਦ ਸਿੰਘ ਮਾਰਗ ਨੂੰ ਕੌਮੀ ਮਾਰਗ ਐਲਾਨਿਆ ਜਾਵੇ। ਗਡਕਰੀ ਨੇ ਹਾਮੀ ਭਰ ਦਿੱਤੀ ਸੀ ਪ੍ਰੰਤੂ ਜਦੋਂ ਮਗਰੋਂ ਕੁਝ ਅਮਲੀ ਰੂਪ ਵਿਚ ਨਾ ਕੀਤਾ ਤਾਂ ਮੁੜ ਪੰਜਾਬ ਸਰਕਾਰ ਨੇ ਗਡਕਰੀ ਤੱਕ ਪਹੁੰਚ ਕੀਤੀ। ਗਡਕਰੀ ਨੇ 30 ਨਵੰਬਰ 2015 ਨੂੰ ਇਸ ਮਾਰਗ ਨੂੰ ਕੌਮੀ ਮਾਰਗ ਬਣਾਏ ਜਾਣ ਦੀ ਹਰੀ ਝੰਡੀ ਦੇ ਦਿੱਤੀ ਸੀ।
                   ਹਕੀਕਤ ਇਹ ਹੈ ਕਿ ਕੇਂਦਰ ਨੇ ਹਾਲੇ ਤੱਕ ਗੁਰੂ ਗੋਬਿੰਦ ਸਿੰਘ ਮਾਰਗ ਨੂੰ ਕੌਮੀ ਮਾਰਗ ਬਣਾਏ ਜਾਣ ਦਾ ਨੋਟੀਫਿਕੇਸ਼ਨ ਜਾਰੀ ਨਹੀਂ ਕੀਤਾ ਹੈ। ਮੁੱਖ ਮੰਤਰੀ ਦੋ ਦਫਾ ਗਡਕਰੀ ਨੂੰ ਡੀ.ਓ ਲੈਟਰ ਵੀ ਲਿਖ ਚੁੱਕੇ ਹਨ। ਗੁਰੂ ਗੋਬਿੰਦ ਸਿੰਘ ਮਾਰਗ ਸ੍ਰੀ ਆਨੰਦਪੁਰ ਸਾਹਿਬ ਤੋਂ ਸ਼ੁਰੂ ਹੋ ਕੇ ਵਾਇਆ ਤਲਵੰਡੀ ਸਾਬੋ ਅੱਧੀ ਦਰਜ਼ਨ ਸੂਬਿਆਂ ਵਿਚੋਂ ਦੀ ਹੁੰਦਾ ਹੋਇਆ ਸ੍ਰੀ ਨਾਂਦੇੜ ਸਾਹਿਬ ਤੱਕ ਜਾਂਦਾ ਹੈ ਜਿਸ ਦੀ ਕੁੱਲ ਲੰਬਾਈ ਕਰੀਬ 3080 ਕਿਲੋਮੀਟਰ ਹੈ। ਇਸ ਚੋਂ 1294 ਕਿਲੋਮੀਟਰ ਤਾਂ ਪਹਿਲਾਂ ਹੀ ਕੌਮੀ ਮਾਰਗ ਦਾ ਹਿੱਸਾ ਬਣਿਆ ਹੋਇਆ ਹੈ ਜਦੋਂ ਕਿ ਪੰਜਾਬ ਸਰਕਾਰ ਨੇ ਬਾਕੀ 1786 ਕਿਲੋਮੀਟਰ ਨੂੰ ਕੌਮੀ ਮਾਰਗ ਐਲਾਨੇ ਜਾਣ ਦੀ ਮੰਗ ਕੀਤੀ ਸੀ। ਕੇਂਦਰ ਨੇ 1786 ਚੋਂ 883 ਕਿਲੋਮੀਟਰ ਹਿੱਸੇ ਨੂੰ ਹੀ ਕੌਮੀ ਮਾਰਗ ਮੰਨਣ ਦੀ ਹਾਮੀ ਭਰ ਦਿੱਤੀ ਸੀ ਪ੍ਰੰਤੂ ਉਸ ਹਿੱਸੇ ਦਾ ਵੀ ਨੋਟੀਫਿਕੇਸ਼ਨ ਹਾਲੇ ਜਾਰੀ ਨਹੀਂ ਕੀਤਾ ਹੈ। ਗੁਰੂ ਗੋਬਿੰਦ ਸਿੰਘ ਮਾਰਗ ਹਰਿਆਣਾ,ਰਾਜਸਥਾਨ,ਮੱਧ ਪ੍ਰਦੇਸ਼,ਉਤਰ ਪ੍ਰਦੇਸ਼,ਦਿੱਲੀ ਤੋਂ ਇਲਾਵਾ ਮਹਾਰਾਸ਼ਟਰ ਰਾਜ ਵਿਚ ਸਮਾਪਤ ਹੁੰਦਾ ਹੈ। ਹਰਿਆਣਾ, ਰਾਜਸਥਾਨ,ਮੱਧ ਪ੍ਰਦੇਸ਼ ਅਤੇ ਮਹਾਰਾਸ਼ਟਰ ਵਿਚ ਭਾਜਪਾ ਦੀ ਸਰਕਾਰ ਹੈ ਜਿਸ ਕਰਕੇ ਇਨ•ਾਂ ਸੂਬਿਆਂ ਤਰਫੋਂ ਵੀ ਗੁਰੂ ਗੋਬਿੰਦ ਸਿੰਘ ਮਾਰਗ ਨੂੰ ਕੌਮੀ ਮਾਰਗ ਐਲਾਨੇ ਜਾਣ ਸਬੰਧੀ ਕੋਈ ਰੁਚੀ ਨਹੀਂ ਦਿਖਾਈ ਹੈ।
                   ਮੁੱਖ ਮੰਤਰੀ ਪੰਜਾਬ ਨੇ ਇਨ•ਾਂ ਸਾਰੇ ਸੂਬਿਆਂ ਦੇ ਮੁੱਖ ਮੰਤਰੀਆਂ ਨੂੰ ਪੱਤਰ ਵੀ ਲਿਖੇ ਸਨ। ਪੰਜਾਬ ਸਰਕਾਰ ਨੇ ਹਾਲ ਹੀ ਵਿਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ 350 ਸਾਲਾ ਪ੍ਰਕਾਸ਼ ਉਤਸਵ ਵੱਡੇ ਪੱਧਰ ਤੇ ਮਨਾਉਣ ਦਾ ਫੈਸਲਾ ਕੀਤਾ ਹੈ। ਤੀਰਥ ਦਰਸ਼ਨ ਯਾਤਰਾ ਤਹਿਤ ਸ੍ਰੀ ਨਾਂਦੇੜ ਸਾਹਿਬ ਦੀ ਯਾਤਰਾ ਵੀ ਸਰਕਾਰ ਲੋਕਾਂ ਨੂੰ ਕਰਾ ਰਹੀ ਹੈ। ਗੁਰੂ ਗੋਬਿੰਦ ਸਿੰਘ ਮਾਰਗ ਦੀ ਸਰਕਾਰ ਨੇ ਕੋਈ ਸਾਰ ਨਹੀਂ ਲਈ ਹੈ। ਪੰਜਾਬ ਸਰਕਾਰ ਨੇ ਪਹਿਲਾਂ ਗੁਰੂ ਗੋਬਿੰਦ ਸਿੰਘ ਮਾਰਗ ਦੇ ਪੰਜਾਬ ਵਿਚਲੇ 635 ਕਿਲੋਮੀਟਰ ਹਿੱਸੇ ਨੂੰ ਚੌੜਾ ਕਰਨ ਦੀ ਵਿਉਂਤ ਵੀ ਬਣਾਈ ਸੀ ਪ੍ਰੰਤੂ ਸਰਕਾਰ ਕੋਲ ਫੰਡਾਂ ਦੀ ਕਮੀ ਹੈ। ਗਠਜੋੜ ਦੀ ਸਰਕਾਰ ਪਿਛਲੇ ਨੌ ਵਰਿ•ਆਂ ਤੋਂ ਗੁਰੂ ਗੋਬਿੰਦ ਸਿੰਘ ਮਾਰਗ ਵਿਚ ਕੋਈ ਵੀ ਯੋਗਦਾਨ ਨਹੀਂ ਪਾ ਸਕੀ ਹੈ। ਲੋਕ ਨਿਰਮਾਣ ਵਿਭਾਗ ਦੇ ਮੁੱਖ ਇੰਜੀਨੀਅਰ ਏ. ਕੇ. ਸਿੰਗਲਾ ਦਾ ਕਹਿਣਾ ਸੀ ਕਿ ਕੌਮੀ ਮਾਰਗ ਐਲਾਨੇ ਜਾਣ ਵਿਚ ਕੋਈ ਅੜਿੱਕਾ ਨਹੀਂ ਹੈ ਅਤੇ ਕੇਂਦਰੀ ਮੰਤਰਾਲੇ ਵਲੋਂ ਦੂਸਰੇ ਸੂਬਿਆਂ ਵਿਚ ਇਸ ਮਾਰਗ ਸਬੰਧੀ ਸਟੱਡੀ ਵਗੈਰਾ ਕੀਤੀ ਜਾ ਰਹੀ ਹੈ ਜਿਸ ਕਰਕੇ ਹਾਲੇ ਨੋਟੀਫਿਕੇਸ਼ਨ ਜਾਰੀ ਨਹੀਂ ਹੋ ਸਕਿਆ ਹੈ। ਉਨ•ਾਂ ਦੱਸਿਆ ਕਿ ਮੁੱਖ ਮੰਤਰੀ ਵਲੋਂ ਕੇਂਦਰੀ ਮੰਤਰਾਲੇ ਨੂੰ ਇਸ ਸਬੰਧੀ ਪੱਤਰ ਵੀ ਲਿਖੇ ਗਏ ਹਨ।
                                    ਕੇਂਦਰ ਦੀ ਫਿਰਕੂ ਸੋਚ ਅੜਿੱਕਾ ਬਣੀ : ਪੰਜੋਲੀ
ਸ਼੍ਰੋਮਣੀ ਕਮੇਟੀ ਦੀ ਕਾਰਜਕਰਨੀ ਦੇ ਮੈਂਬਰ ਕਰਨੈਲ ਸਿੰਘ ਪੰਜੋਲੀ ਦਾ ਪ੍ਰਤੀਕਰਮ ਸੀ ਕਿ ਮੋਦੀ ਸਰਕਾਰ ਦੀ ਫਿਰਕੂ ਸੋਚ ਕਰਕੇ ਮਾਮਲੇ ਲਟਕ ਰਹੇ ਹਨ ਅਤੇ ਕੇਂਦਰ ਨਹੀਂ ਚਾਹੁੰਦਾ ਕਿ ਘੱਟ ਗਿਣਤੀ ਦੀ ਕੋਈ ਵੱਖਰੀ ਪਹਿਚਾਣ ਬਣੇ ਜਿਸ ਕਰਕੇ ਕੌਮੀ ਮਾਰਗ ਐਲਾਨਿਆ ਨਹੀਂ ਜਾ ਰਿਹਾ ਹੈ। ਅਕਾਲੀ ਦਲ ਦੀ ਤਾਂ ਸਿਧਾਂਤਿਕ ਤੌਰ ਹੀ ਭਾਜਪਾ ਨਾਲ ਸਾਂਝ ਗਲਤ ਹੈ। ਉਨ•ਾਂ ਆਖਿਆ ਕਿ ਅਕਾਲੀ ਸਰਕਾਰ ਸੁਹਿਰਦ ਹੈ ਤਾਂ ਖੁਦ ਗੁਰੂ ਗੋਬਿੰਦ ਸਿੰਘ ਮਾਰਗ ਦਾ ਵਿਸਥਾਰ ਕਰੇ।
                          ਮਾਰਗ ਦੇ ਮਾਮਲੇ ਤੇ ਹਰਸਿਮਰਤ ਅਸਤੀਫਾ ਦੇਵੇ : ਨੰਦਗੜ•
ਤਖਤ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਬਲਵੰਤ ਸਿੰਘ ਨੰਦਗੜ• ਦਾ ਕਹਿਣਾ ਸੀ ਕਿ ਮੋਦੀ ਸਰਕਾਰ ਸਿੱਖ ਵਿਰੋਧੀ ਹੈ ਜਿਸ ਕਰਕੇ ਪਹਿਲਾਂ ਸ਼ਹੀਦ ਭਗਤ ਸਿੰਘ ਦੇ ਨਾਮ ਤੇ ਹਵਾਈ ਅੱਡੇ ਦਾ ਨਾਮ ਨਹੀਂ ਰੱਖਿਆ ਅਤੇ ਹੁਣ ਗੁਰੂ ਗੋਬਿੰਦ ਸਿੰਘ ਮਾਰਗ ਦੇ ਮਾਮਲੇ ਤੇ ਪੈਰ ਪਿਛਾਂਹ ਖਿੱਚ ਰਹੀ ਹੈ। ਉਨ•ਾਂ ਆਖਿਆ ਕਿ ਅਕਾਲੀ ਸਰਕਾਰ ਕੇਂਦਰ ਦੇ ਦਬਾਓ ਬਣਾਏ। ਅਗਰ ਕੇਂਦਰ ਨਹੀਂ ਸੁਣਦਾ ਤਾਂ ਹਰਸਿਮਰਤ ਕੌਰ ਬਾਦਲ ਨੂੰ ਅਸਤੀਫਾ ਦੇਣਾ ਚਾਹੀਦਾ ਹੈ। 

No comments:

Post a Comment