Saturday, January 9, 2016

                                    ਸਰਕਾਰੀ ਦਾਬਾ
                 ਬੰਬੂਕਾਟਾਂ ਦਾ ਚਲਾਨ ਕੌਣ ਕੱਟੂ !
                                     ਚਰਨਜੀਤ ਭੁੱਲਰ
ਬਠਿੰਡਾ : ਬਠਿੰਡਾ ਪੁਲੀਸ ਦੇ ਨਵੇਂ ਮੋਟਰ ਸਾਈਕਲ ਬਿਨ•ਾਂ ਨੰਬਰਾਂ ਤੋਂ ਹੀ ਦੌੜ ਰਹੇ ਹਨ। ਕਰੀਬ ਡੇਢ ਮਹੀਨੇ ਮਗਰੋਂ ਵੀ ਇਨ•ਾਂ ਮੋਟਰ ਸਾਈਕਲਾਂ ਦੀ ਪੁਲੀਸ ਨੇ ਰਜਿਸਟ੍ਰੇਸ਼ਨ ਨਹੀਂ ਕਰਾਈ ਹੈ। ਪੰਜਾਬ ਸਰਕਾਰ ਨੇ ਕਰੀਬ ਨੌ ਮਹੀਨੇ ਤੋਂ ਆਰਜ਼ੀ ਨੰਬਰ ਲੈਣ ਦੀ ਵਿਵਸਥਾ ਵੀ ਖਤਮ ਕੀਤੀ ਹੋਈ ਹੈ। ਵਾਹਨ ਡੀਲਰ ਨੂੰ ਵਾਹਨ ਵੇਚਣ ਸਮੇਂ ਹੀ ਹਰ ਵਾਹਨ ਦਾ ਪੱਕਾ ਨੰਬਰ ਦੇਣ ਦੀ ਹਦਾਇਤ ਹੈ। ਪੁਲੀਸ ਦੇ ਇਨ•ਾਂ ਮੋਟਰ ਸਾਈਕਲਾਂ ਦਾ ਨਾ ਕੋਈ ਕੱਚਾ ਨੰਬਰ ਹੈ ਅਤੇ ਨਾ ਹੀ ਕੋਈ ਪੱਕਾ ਨੰਬਰ। ਸੂਤਰ ਦੱਸਦੇ ਹਨ ਕਿ ਜ਼ਿਲ•ਾ ਪੁਲੀਸ ਕੋਲ ਮੋਟਰ ਸਾਈਕਲਾਂ ਦੀ ਰਜਿਸਟ੍ਰੇਸ਼ਨ ਕਰਾਉਣ ਜੋਗੇ ਪੈਸੇ ਨਹੀਂ ਹਨ। ਲੋਕਾਂ ਦਾ ਕਹਿਣਾ ਹੈ ਕਿ ਕਾਨੂੰਨ ਦੇ ਰਾਖੇ ਹੀ ਕਾਨੂੰਨ ਤੋੜ ਰਹੇ ਹਨ। ਬਠਿੰਡਾ ਜ਼ੋਨ ਦੇ ਆਈ.ਜੀ ਡਾ.ਜਤਿੰਦਰ ਜੈਨ ਨੇ 20 ਨਵੰਬਰ ਨੂੰ ਫਰੀਦਕੋਟ ਦੇ ਕਸਬਾ ਬਰਗਾੜੀ ਤੋਂ ਕਰੀਬ 170 ਮੋਟਰ ਸਾਈਕਲਾਂ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਸੀ। ਦਿਹਾਤੀ ਖੇਤਰ ਵਿਚ ਰਾਤਰੀ ਗਸ਼ਤ ਵਾਸਤੇ ਇਹ ਮੋਟਰ ਸਾਈਕਲ ਪੁਲੀਸ ਨੂੰ ਦਿੱਤੇ ਗਏ ਹਨ।
                ਸ਼ਹਿਰੀ ਤਰਜ਼ ਤੇ ਪਿੰਡਾਂ ਵਿਚ ਵੀ ਪੁਲੀਸ ਨੇ ਪੈਟਰੋਲਿੰਗ ਸ਼ੁਰੂ ਕੀਤੀ ਹੈ। ਜਾਣਕਾਰੀ ਅਨੁਸਾਰ ਜ਼ਿਲ•ਾ ਪੁਲੀਸ ਬਠਿੰਡਾ ਨੂੰ ਕੁੱਲ 45 ਮੋਟਰ ਸਾਈਕਲ ਦਿੱਤੇ ਗਏ ਹਨ ਜਿਨ•ਾਂ ਚੋਂ 10 ਅਪਾਚੀ ਮੋਟਰ ਸਾਈਕਲ ਪੀ.ਸੀ.ਆਰ ਨੂੰ ਜਾਰੀ ਕੀਤੇ ਗਏ ਹਨ ਜਦੋਂ ਕਿ ਬਾਕੀ ਹਾਂਡਾ ਕੰਪਨੀ ਦੇ 35 ਮੋਟਰ ਸਾਈਕਲ ਥਾਣਿਆਂ ਨੂੰ ਦਿੱਤੇ ਗਏ ਹਨ। ਪੁਲੀਸ ਵਲੋਂ ਇਨ•ਾਂ ਮੋਟਰ ਸਾਈਕਲਾਂ ਨੂੰ ਮੌਡੀਵਾਈ ਕਰਾ ਕੇ ਤਿਆਰ ਕਰਾਇਆ ਗਿਆ ਹੈ ਅਤੇ ਹੂਟਰ ਵਗੈਰਾ ਲਗਾਏ ਗਏ ਹਨ।ਉਂਝ ਇਸ ਮੋਟਰ ਸਾਈਕਲ ਦੀ ਕੀਮਤ ਕਰੀਬ 75 ਹਜ਼ਾਰ ਦੇ ਨੇੜੇ ਤੇੜੇ ਹੈ ਅਤੇ ਸਪੈਸ਼ਲ ਤਿਆਰ ਕਰਾਉਣ ਕਰਕੇ ਇਹ ਕੀਮਤ ਹੋਰ ਵੀ ਵਧੀ ਹੋਵੇਗੀ। ਜ਼ਿਲ•ਾ ਪੁਲੀਸ ਬਠਿੰਡਾ ਨੂੰ ਇਨ•ਾਂ ਮੋਟਰ ਸਾਈਕਲਾਂ ਦੀ ਰਜਿਸਟ੍ਰੇਸ਼ਨ ਕਰਾਉਣ ਲਈ ਦੋ ਲੱਖ ਰੁਪਏ ਦੀ ਲੋੜ ਹੈ। ਪ੍ਰਤੀ ਮੋਟਰ ਸਾਈਕਲ ਕਰੀਬ 4500 ਰੁਪਏ ਦਾ ਖਰਚਾ ਆਉਣ ਦੀ ਸੰਭਾਵਨਾ ਹੈ ਜਿਸ ਵਿਚ 200 ਰੁਪਏ ਪ੍ਰਤੀ ਵਾਹਨ ਗਊ ਸੈਸ ਵੀ ਸ਼ਾਮਲ ਹੈ। ਪਤਾ ਲੱਗਾ ਹੈ ਕਿ ਪੁਲੀਸ ਨੇ ਇਹ ਮੋਟਰ ਸਾਈਕਲ ਕਿਸੇ ਡੀਲਰ ਤੋਂ ਲੈਣ ਦੀ ਥਾਂ ਕੰਪਨੀ ਤੋਂ ਸਿੱਧੇ ਖਰੀਦ ਕੀਤੇ ਗਏ ਹਨ।
                   ਨਿਯਮਾਂ ਅਨੁਸਾਰ ਅਗਰ ਡੀਲਰ ਕਿਸੇ ਵਾਹਨ ਦੀ ਰਜਿਸਟ੍ਰੇਸ਼ਨ ਵਾਹਨ ਵੇਚਣ ਸਮੇਂ ਨਹੀਂ ਕਰਦਾ ਹੈ ਤਾਂ ਡੀਲਰ ਨੂੰ ਪ੍ਰਤੀ ਦਿਨ 20 ਰੁਪਏ ਜੁਰਮਾਨਾ ਤਾਰਨਾ ਪੈਂਦਾ ਹੈ। ਹੁਣ ਪੁਲੀਸ ਨੇ ਇਹ ਮੋਟਰ ਸਾਈਕਲ ਕੰਪਨੀ ਤੋਂ ਖਰੀਦ ਕੀਤੇ ਹਨ ਜਿਸ ਕਰਕੇ ਜੁਰਮਾਨਾ ਕੌਣ ਤਾਰੇਗਾ,ਪਤਾ ਨਹੀਂ ਲੱਗ ਸਕੇਗਾ। ਜ਼ਿਲ•ੇ ਦੇ ਹਰ ਪੁਲੀਸ ਥਾਣੇ ਨੂੰ ਘੱਟੋ ਘੱਟ ਦੋ ਮੋਟਰ ਸਾਈਕਲ ਦਿੱਤੇ ਗਏ ਹਨ। ਕਰੀਬ ਡੇਢ ਮਹੀਨੇ ਤੋਂ ਹੂਟਰਾਂ ਵਾਲੇ ਆਲੀਸ਼ਾਨ ਮੋਟਰ ਸਾਈਕਲ ਪੁਲੀਸ ਮੁਲਾਜ਼ਮ ਗਸ਼ਤ ਡਿਊਟੀ ਦੌਰਾਨ ਦੌੜਾ ਰਹੇ ਹਨ ਪ੍ਰੰਤੂ ਮੋਟਰ ਸਾਈਕਲਾਂ ਦੇ ਅੱਗੇ ਪਿਛੇ ਕੋਈ ਨੰਬਰ ਨਹੀਂ ਲਿਖਿਆ ਹੋਇਆ ਹੈ। ਸੂਤਰ ਆਖਦੇ ਹਨ ਕਿ ਟਰੈਫ਼ਿਕ ਪੁਲੀਸ ਆਮ ਵਾਹਣਾਂ ਦਾ ਤਾਂ ਰਜਿਸਟ੍ਰੇਸ਼ਨ ਨਾ ਹੋਣ ਦੀ ਸੂਰਤ ਵਿਚ ਫੌਰੀ ਚਲਾਨ ਕੱਟ ਦਿੰਦੀ ਹੈ। ਪੁਲੀਸ ਦੇ ਬਿਨ•ਾਂ ਨੰਬਰਾਂ ਵਾਲੇ ਮੋਟਰ ਸਾਈਕਲਾਂ ਦਾ ਚਲਾਨ ਕੱਟਣ ਦੀ ਕਿਸੇ ਦੀ ਹਿੰਮਤ ਨਹੀਂ ਹੈ। ਇਹ ਵੀ ਕਹਿਣਾ ਹੈ ਕਿ ਪੁਲੀਸ ਪਹਿਲਾਂ ਆਪਣੇ ਵਾਹਣਾਂ ਦੀ ਰਜਿਸਟ੍ਰੇਸ਼ਨ ਕਰਾ ਕੇ ਖੁਦ ਮਾਡਲ ਬਣੇ, ਉਸ ਮਗਰੋਂ ਆਮ ਲੋਕਾਂ ਦੇ ਚਲਾਨ ਕੱਟਣੇ ਸ਼ੁਰੂ ਕਰੇ।
                                  ਹਫਤੇ ਵਿਚ ਲੱਗ ਜਾਣਗੇ ਸਭ ਨੂੰ ਨੰਬਰ : ਐਸ.ਪੀ
ਐਸ.ਪੀ (ਸਥਾਨਿਕ) ਡਾ. ਨਾਨਕ ਸਿੰਘ ਦਾ ਕਹਿਣਾ ਸੀ ਕਿ ਪੁਲੀਸ ਹੈਡਕੁਆਰਟਰ ਤਰਫੋਂ ਇਨ•ਾਂ ਮੋਟਰ ਸਾਈਕਲਾਂ ਦੀ ਖਰੀਦ ਕਰਕੇ ਜ਼ਿਲ•ੇ ਨੂੰ ਅਲਾਟ ਕੀਤੇ ਗਏ ਹਨ। ਉਨ•ਾਂ ਦੱਸਿਆ ਕਿ ਮੁੱਖ ਦਫ਼ਤਰ ਰਜਿਸਟ੍ਰੇਸ਼ਨ ਵਾਸਤੇ ਕੋਈ ਫੰਡ ਤਾਂ ਨਹੀਂ ਆਏ ਹਨ ਪ੍ਰੰਤੂ ਜ਼ਿਲ•ਾ ਪੁਲੀਸ ਆਪਣੇ ਤੇਲ ਫੰਡਾਂ ਚੋਂ ਹੀ ਇਨ•ਾਂ ਮੋਟਰ ਸਾਈਕਲਾਂ ਦੀ ਰਜਿਸਟ੍ਰੇਸ਼ਨ ਕਰਾ ਰਹੀ ਹੈ। ਉਨ•ਾਂ ਦੱਸਿਆ ਕਿ ਰਜਿਸਟ੍ਰੇਸ਼ਨ ਲਈ ਅਪਲਾਈ ਕੀਤਾ ਹੋਇਆ ਹੈ ਅਤੇ ਹਫਤੇ ਵਿਚ ਸਭ ਮੋਟਰ ਸਾਈਕਲਾਂ ਦੇ ਨੰਬਰ ਲੱਗ ਜਾਣਗੇ। 

No comments:

Post a Comment