ਅਭਾਗਾ ਪੰਜਾਬ
ਕਦੋਂ ਮਿਲੂ ਬਾਦਲ ਵਰਗਾ ਹਸਪਤਾਲ ਚਰਨਜੀਤ ਭੁੱਲਰ
ਬਠਿੰਡਾ :
ਪੰਜਾਬ ਦੇ ਪਿੰਡਾਂ ਦੇ ਏਨੇ ਭਾਗ ਚੰਗੇ ਨਹੀਂ ਕਿ ਉਨ•ਾਂ ਨੂੰ ਪਿੰਡ ਬਾਦਲ ਵਰਗਾ ਹਸਪਤਾਲ
ਨਸੀਬ ਹੁੰਦਾ। ਹਜ਼ਾਰਾਂ ਪਿੰਡ ਅਭਾਗੇ ਜ਼ਰੂਰ ਹਨ ਜਿਨ•ਾਂ ਨੂੰ ਇਲਾਜ ਖਾਤਰ ਹਰਿਆਣਾ ਵਿਚ
ਜਾਣਾ ਪੈਂਦਾ ਹੈ। ਪੰਜਾਬ ਦਾ ਪੇਂਡੂ ਸਿਹਤ ਢਾਂਚਾ ਖੁਦ ਮੰਜੇ ਵਿਚ ਪੈ ਗਿਆ ਹੈ। ਪੇਂਡੂ
ਸਿਹਤ ਕੇਂਦਰਾਂ ਕੋਲ ਤਾਂ ਹੁਣ ਮੱਲਮ ਪੱਟੀ ਵੀ ਨਹੀਂ ਹੈ। ਪੰਜਾਬ ਦੇ ਬਾਬੇ ਕਿਹੜੇ ਹੌਸਲੇ
ਭੰਗੜੇ ਪਾਉਣ। ਉਨ•ਾਂ ਨੂੰ ਤਾਂ ਬਿਨ•ਾਂ ਇਲਾਜ ਤੋਂ ਤੁਰਨਾ ਮੁਸ਼ਕਲ ਹੋ ਗਿਆ ਹੈ। ਮੁੱਖ
ਮੰਤਰੀ ਪੰਜਾਬ ਦੇ ਜੱਦੀ ਪਿੰਡ ਬਾਦਲ ਦਾ 100 ਬੈੱਡ ਦਾ ਹਸਪਤਾਲ ਦੇਖ ਕੇ ਇੰਝ ਜਾਪਦਾ ਹੈ
ਕਿ ਜਿਵੇਂ ਪੇਂਡੂ ਪੰਜਾਬ ਦੀ ਸਿਹਤ ਪੂਰੀ ਨੌ ਬਰ ਨੌ ਹੈ। ਦੂਸਰੇ ਬੰਨ•ੇ ਪੰਜਾਬੀ ਸੂਬੇ
ਦੇ ਬਾਨੀ ਸੰਤ ਫਤਹਿ ਸਿੰਘ ਦੇ ਪਿੰਡ ਬਦਿਆਲਾ ਦਾ ਦਿਹਾਤੀ ਹਸਪਤਾਲ ਲੋਕਾਂ ਨੂੰ ਆਸ ਨਾ
ਰੱਖਿਓ ਦਾ ਸੁਨੇਹਾ ਦੇ ਰਿਹਾ ਹੈ। ਪਿੰਡ ਬਾਦਲ ਵਿਚ ਸੌ ਬੈੱਡ ਦੇ
ਹਸਪਤਾਲ ਵਿਚ ਹਰ ਆਧੁਨਿਕ ਸਾਜੋ ਸਮਾਨ ਹੈ। ਸਬ ਡਵੀਜ਼ਨ ਪੱਧਰ ਦੇ ਇਸ ਹਸਪਤਾਲ ਵਿਚ 11
ਡਾਕਟਰਾਂ ਦੀ ਟੀਮ ਤਾਇਨਾਤ ਹੈ। ਇੱਥੋਂ ਤੱਕ ਕਿ ਮਾਨਸਿਕ ਰੋਗਾਂ ਦੇ ਮਾਹਿਰ ਡਾਕਟਰ ਦੀ ਵੀ
ਹਸਪਤਾਲ ਵਿਚ ਤਾਇਨਾਤੀ ਹੈ। ਇਨ•ਾਂ ਚੋਂ ਤਿੰਨ ਡਾਕਟਰ ਐਮਰਜੈਂਸੀ ਮੌਕੇ ਤਾਇਨਾਤ ਰਹਿੰਦੇ
ਹਨ। ਪੰਜਾਬ ਦਾ ਇਕਲੌਤਾ ਹਸਪਤਾਲ ਹੈ ਜੋ ਕਿ ਬਾਬਾ ਫਰੀਦ ਮੈਡੀਕਲ ਯੂਨੀਵਰਸਿਟੀ ਦੇ
ਹਵਾਲੇ ਕੀਤਾ ਹੋਇਆ ਹੈ।
ਮੁੱਖ ਮੰਤਰੀ ਦੇ ਪੁਰਖਿਆ ਦੇ ਪਿੰਡ ਘੁੱਦਾ ਵਿਚ ਵੀ ਸਬ ਡਵੀਜ਼ਨ
ਪੱਧਰ ਦਾ ਨਵਾਂ ਹਸਪਤਾਲ ਬਣਾਇਆ ਗਿਆ ਹੈ ਜੋ ਪਹਿਲਾਂ ਸੰਗਤ ਵਿਖੇ ਸੀ। ਨਵੇਂ ਨਕੌਰ
ਹਸਪਤਾਲ ਵਿਚ ਹੁਣ ਉਲੂ ਬੋਲਣ ਵਰਗੀ ਸਥਿਤੀ ਹੈ। ਹਾਲਾਂਕਿ ਇਥੇ ਪੰਜ ਡਾਕਟਰਾਂ ਦੀ
ਤਾਇਨਾਤੀ ਹੈ। ਨੌਜਵਾਨ ਭਾਰਤ ਸਭਾ ਦੇ ਸੁਖਦੀਪ ਸਿੰਘ ਨੇ ਆਖਿਆ ਕਿ ਸਰਕਾਰ ਨੇ ਇਮਾਰਤ
ਉਸਾਰੀ ਕਰਕੇ ਪੱਲਾ ਝਾੜ ਲਿਆ। ਹੁਣ ਜਣੇਪੇ ਦੀ ਸਹੂਲਤ ਲਈ ਵੀ ਬਠਿੰਡਾ ਜਾਣਾ ਪੈਂਦਾ ਹੈ। ਦੂਸਰੇ ਬੰਨ•ੇ ਪੰਜਾਬੀ ਸੂਬੇ ਦਾ ਮੁਢ ਬੰਨਣ ਵਾਲੇ ਸੰਤ ਫਤਹਿ ਸਿੰਘ ਦੇ ਪਿੰਡ
ਬਦਿਆਲਾ ਦੇ ਹਸਪਤਾਲ ਨੂੰ ਪੰਥਕ ਸਰਕਾਰ ਭਾਗ ਨਹੀਂ ਲਾ ਸਕੀ ਹੈ। ਨਾ ਕੋਈ ਡਾਕਟਰ ਅਤੇ ਨਾ
ਕੋਈ ਸਹੂਲਤ ਹੈ। ਇਮਾਰਤ ਖੰਡਰ ਬਣ ਗਈ ਹੈ। ਜਦੋਂ ਪੰਜਾਬ ਵਿਚ ਕਾਂਗਰਸੀ ਹਕੂਮਤ ਬਣੀ ਤਾਂ
ਤਤਕਾਲੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਪੁਰਖਿਆ ਦੇ ਪਿੰਡ ਮਹਿਰਾਜ ਦੇ
ਲੋਕਾਂ ਨੂੰ ਕਮਿਊਨਿਟੀ ਹੈਲਥ ਸੈਂਟਰ ਦਾ ਤੋਹਫਾ ਦਿੱਤਾ। ਡਿਸਪੈਂਸਰੀ ਨੂੰ ਅਪਗਰੇਡ ਕਰਕੇ
30 ਬੈੱਡ ਦਾ ਹਸਪਤਾਲ ਬਣਾ ਦਿੱਤਾ। ਨਵੀਂ ਸਰਕਾਰ ਬਣਨ ਮਗਰੋਂ ਹਸਪਤਾਲ ਨੂੰ ਨਜ਼ਰ ਲੱਗ ਗਈ।
ਹੁਣ ਪੰਜ ਡਾਕਟਰਾਂ ਚੋਂ ਸਿਰਫ ਇੱਕ ਡਾਕਟਰ ਹੈ। ਪਿੰਡ ਮਹਿਰਾਜ ਦੇ ਜਥੇਦਾਰ ਸ਼ੇਰ ਸਿੰਘ
ਦਾ ਪ੍ਰਤੀਕਰਮ ਸੀ ਕਿ ਚੰਗਾ ਭਲਾ ਹਸਪਤਾਲ ਸਿਆਸੀ ਵਿਤਕਰੇ ਦਾ ਸ਼ਿਕਾਰ ਹੋ ਗਿਆ ਹੈ।
ਕੇਂਦਰੀ ਸਿਹਤ ਮੰਤਰਾਲੇ ਦੇ ਤਾਜਾ ਤੱਥ ਪੇਂਡੂ ਪੰਜਾਬ ਦੀਆਂ ਸਿਹਤ ਸੇਵਾਵਾਂ
ਦੇ ਸੱਚ ਨੂੰ ਉਜਾਗਰ ਕਰ ਰਹੇ ਹਨ। ਦਿਹਾਤੀ ਪੰਜਾਬ ਵਿਚ ਇਸ ਵੇਲੇ 2951 ਸਬ ਸੈਂਟਰ,427
ਪ੍ਰਾਇਮਰੀ ਹੈਲਥ ਸੈਂਟਰ,150 ਕਮਿਊਨਿਟੀ ਹੈਲਥ ਸੈਂਟਰ, 41 ਸਬ ਡਵੀਜ਼ਨਲ ਹਸਪਤਾਲ ਅਤੇ 22
ਜ਼ਿਲ•ਾ ਹਸਪਤਾਲ ਹਨ। ਪੇਂਡੂ ਸਿਹਤ ਕੇਂਦਰਾਂ ਵਿਚ ਡਾਕਟਰਾਂ ਦੀ ਵੱਡੀ ਕਮੀ ਹੈ। ਜਿਨ•ਾਂ
ਦੀ ਤਾਇਨਾਤੀ ਹੈ, ਉਹ ਪਿੰਡਾਂ ਵਿਚ ਰਹਿਣ ਨੂੰ ਤਿਆਰ ਨਹੀਂ ਹਨ। ਸਰਕਾਰੀ ਵੇਰਵਿਆਂ
ਅਨੁਸਾਰ ਅਬਾਦੀ ਦੇ ਲਿਹਾਜ ਨਾਲ ਦਿਹਾਤੀ ਪੰਜਾਬ ਵਿਚ 151 ਪ੍ਰਾਇਮਰੀ ਹੈਲਥ ਸੈਂਟਰ ਘੱਟ
ਹਨ। ਮੌਜੂਦ 427 ਪ੍ਰਾਇਮਰੀ ਹੈਲਥ ਕੇਂਦਰਾਂ 57 ਕੇਂਦਰਾਂ ਵਿਚ ਕੋਈ ਡਾਕਟਰ ਹੀ ਨਹੀਂ ਹੈ
ਜਦੋਂ ਕਿ 330 ਕੇਂਦਰਾਂ ਵਿਚ ਸਿਰਫ ਇੱਕ ਇੱਕ ਡਾਕਟਰ ਹੀ ਹੈ। ਸਿਰਫ 10 ਕੇਂਦਰ ਹਨ ਜਿਥੇ
ਪੂਰੇ ਚਾਰ ਚਾਰ ਡਾਕਟਰ ਹਨ। ਦਿਹਾਤੀ ਪੰਜਾਬ ਵਿਚ 29 ਪਿੰਡਾਂ ਪਿਛੇ ਇੱਕ ਪ੍ਰਾਇਮਰੀ ਹੈਲਥ
ਸੈਂਟਰ ਹੈ ਜੋ ਕਿ ਔਸਤਨ 40,619 ਲੋਕਾਂ ਦੀ ਅਬਾਦੀ ਨੂੰ ਕਵਰ ਕਰ ਰਿਹਾ ਹੈ।ਪ੍ਰਾਇਮਰੀ ਹੈਲਥ ਕੇਂਦਰਾਂ ਚੋਂ ਸਿਰਫ 25.1 ਫੀਸਦੀ ਕੋਲ ਹੀ ਅਪਰੇਸ਼ਨ ਥੀਏਟਰ ਦੀ ਸੁਵਿਧਾ
ਹੈ ਅਤੇ 63.7 ਫੀਸਦੀ ਕੋਲ ਲੇਬਰ ਰੂਮ ਹੈ। ਇਨ•ਾਂ ਚੋਂ ਤਿੰਨ ਕੇਦਰਾਂ ਵਿਚ ਤਾਂ ਬਿਜਲੀ
ਦੀ ਸੁਵਿਧਾ ਹੀ ਨਹੀਂ ਹੈ। ਸਿਰਫ 18.5 ਫੀਸਦੀ ਕੇਂਦਰਾਂ ਕੋਲ ਟੈਲੀਫੂਨ ਦੀ ਸੁਵਿਧਾ ਹੈ।
ਇਵੇਂ ਹੀ ਪੇਂਡੂ ਪੰਜਾਬ ਦੇ 150 ਕਮਿਊਨਿਟੀ ਹੈਲਥ ਸੈਂਟਰਾਂ ਵਿਚ 600 ਮਾਹਿਰ ਡਾਕਟਰਾਂ
ਦੀ ਲੋੜ ਹੈ। ਸੈਕਸ਼ਨ ਅਸਾਮੀਆਂ 563 ਹਨ ਜਿਨ•ਾਂ ਚੋਂ 390 ਮਾਹਿਰਾਂ ਦੀਆਂ ਅਸਾਮੀਆਂ ਖਾਲੀ
ਪਈਆਂ ਹਨ।150 ਚੋਂ 75 ਸੈਂਟਰਾਂ ਵਿਚ ਔਰਤਾਂ ਰੋਗਾਂ ਦੀ ਮਾਹਿਰ ਡਾਕਟਰ ਹੀ ਨਹੀਂ ਜਦੋਂ
ਕਿ 111 ਕੇਂਦਰਾਂ ਵਿਚ ਬੱਚਿਆਂ ਦਾ ਮਾਹਿਰ ਡਾਕਟਰ ਹੀ ਨਹੀਂ ਹੈ। ਸਿਰਫ ਦੋ ਦਰਜਨ ਕੇਂਦਰ
ਹਨ ਜਿਨ•ਾਂ ਵਿਚ ਮਾਹਿਰ ਡਾਕਟਰਾਂ ਦੀ ਪੂਰੀ ਤਾਇਨਾਤੀ ਹੈ। 150 ਚੋਂ 118 ਕੇਂਦਰਾਂ ਵਿਚ
ਐਕਸਰੇ ਮਸ਼ੀਨ ਚਾਲੂ ਹਾਲਤ ਵਿਚ ਹੈ। ਇਨ•ਾਂ ਕੇਂਦਰਾਂ ਚੋਂ 87 ਕੇਂਦਰਾਂ ਵਿਚ ਡਾਕਟਰਾਂ ਦੀ
ਰਿਹਾਇਸ਼ ਦੀ ਸਹੂਲਤ ਹੈ ਪ੍ਰੰਤੂ ਸਿਰਫ 47 ਕੇਂਦਰਾਂ ਵਿਚ ਹੀ ਡਾਕਟਰ ਰਹਿ ਰਹੇ ਹਨ। ਪੇਂਡੂ ਪੰਜਾਬ ਵਿਚ ਔਸਤਨ 79 ਪਿੰਡਾਂ ਪਿਛੇ ਇੱਕ ਕਮਿਊਨਿਟੀ ਹੈਲਥ ਸੈਂਟਰ ਹੈ ਜੋ
ਔਸਤਨ 1,15,628 ਲੋਕਾਂ ਨੂੰ ਕਵਰ ਕਰਦਾ ਹੈ। ਇਸ ਤੋਂ ਇਲਾਵਾ ਔਸਤਨ ਚਾਰ ਪਿੰਡਾਂ ਪਿਛੇ
ਇੱਕ ਸਬ ਸੈਂਟਰ ਹੈ ਜੋ 5877 ਲੋਕਾਂ ਨੂੰ ਕਵਰ ਕਰਦਾ ਹੈ। ਦਿਹਾਤੀ ਪੰਜਾਬ ਵਿਚ 2951 ਸਬ
ਸੈਂਟਰ ਹਨ ਜਿਨ•ਾਂ ਵਿਚ ਡਾਕਟਰ ਦੀ ਅਸਾਮੀ ਨਹੀਂ ਹੁੰਦੀ ਹੈ। ਸਬ ਸੈਂਟਰ ਦੀ ਹਾਲਤ ਕਾਫੀ
ਮਾੜੀ ਹੈ। ਇਨ•ਾਂ ਚੋਂ 888 ਸਬ ਸੈਂਟਰਾਂ ਤੇ ਏ.ਐਨ.ਐਮਜ਼ ਦੇ ਸਰਕਾਰੀ ਕੁਆਰਟਰ ਬਣੇ ਹੋਏ
ਹਨ ਪ੍ਰੰਤੂ ਇਨ•ਾਂ ਚੋਂ ਸਿਰਫ 155 ਸਬ ਸੈਂਟਰਾਂ ਦੇ ਕੁਆਰਟਰਾਂ ਵਿਚ ਹੀ ਏ.ਐਨ.ਐਮਜ਼ ਰਹਿ
ਰਹੀਆਂ ਹਨ।
200 ਸਬ ਸੈਂਟਰ ਅਜਿਹੇ ਵੀ ਹਨ ਜਿਨ•ਾਂ ਵਿਚ ਬਿਜਲੀ ਦੀ ਸਹੂਲਤ ਹੀ ਨਹੀਂ ਹੈ
ਜਦੋਂ ਕਿ 165 ਸਬ ਸੈਂਟਰਾਂ ਵਿਚ ਪੀਣ ਵਾਲੇ ਪਾਣੀ ਦੀ ਰੈਗੂਲਰ ਸਪਲਾਈ ਨਹੀਂ ਹੈ। ਦਿਹਾਤੀ ਪੰਜਾਬ ਵਿਚ ਹੁਣ ਸਰਕਾਰੀ ਸਿਹਤ ਕੇਂਦਰਾਂ ਵਿਚ ਹਾਸ਼ੀਏ ਤੇ ਬੈਠੇ ਲੋਕ
ਹੀ ਜਾਂਦੇ ਹਨ ਪ੍ਰੰਤੂ ਮੌਜੂਦਾ ਸਿਹਤ ਕੇਂਦਰ ਇਨ•ਾਂ ਲੋਕਾਂ ਦੇ ਸਿਹਤ ਦੇ ਵਿਗਾੜ ਦੂਰ
ਕਰਨ ਵਿਚ ਫੇਲ• ਹੋ ਰਹੇ ਹਨ। ਬਠਿੰਡਾ,ਮੁਕਤਸਰ,ਮਾਨਸਾ,ਸੰਗਰੂਰ ਦੇ ਪਟਿਆਲਾ ਦੇ ਪੰਜਾਬ
ਹਰਿਆਣਾ ਸੀਮਾ ਤੇ ਪੈਂਦੇ ਪੰਜਾਬ ਦੇ ਪਿੰਡਾਂ ਲਈ ਸਿਹਤ ਸਹੂਲਤਾਂ ਮਨਫੀ ਹਨ। ਬਠਿੰਡਾ ਦੇ
ਤਲਵੰਡੀ ਸਾਬੋ ਦੇ ਦਰਜਨ ਪਿੰਡਾਂ ਦੇ ਲੋਕ ਇਲਾਜ ਖਾਤਰ ਹਰਿਆਣਾ ਵਿਚ ਜਾਂਦੇ ਹਨ। ਸੰਗਰੂਰ
ਦੇ ਮੂਨਕ ਖਿੱਤੇ ਦੇ ਕਰੀਬ 40 ਪਿੰਡ ਇਲਾਜ ਲਈ ਟੋਹਾਣੇ ਜਾਂਦੇ ਹਨ। ਮੁੱਖ ਮੰਤਰੀ ਦੇ
ਜੱਦੀ ਹਲਕਾ ਲੰਬੀ ਦੇ ਲੋਕ ਡਬਵਾਲੀ ਤੋਂ ਇਲਾਜ ਕਰਾਉਂਦੇ ਹਨ। ਜਾਣਕਾਰੀ ਅਨੁਸਾਰ ਪੰਜਾਬ
ਵਿਚ ਜੋ 1193 ਪੇਂਡੂ ਡਿਸਪੈਂਸਰੀਆਂ ਸਨ, ਉਹ ਕੁਝ ਅਰਸਾ ਪਹਿਲਾਂ ਜ਼ਿਲ•ਾ ਪ੍ਰੀਸ਼ਦਾਂ ਦੇ
ਹਵਾਲੇ ਕਰ ਦਿੱਤੀਆ ਸਨ। ਇਨ•ਾਂ ਵਿਚ ਪੈਰਾ ਮੈਡੀਕਲ ਸਟਾਫ ਠੇਕੇ ਤੇ ਰੱਖਿਆ ਗਿਆ ਹੈ।
ਸਰਕਾਰ ਦਾ ਵਾਅਦਾ ਸੀ ਕਿ ਪ੍ਰਤੀ ਮਹੀਨਾ ਹਰ ਡਿਸਪੈਂਸਰੀ ਨੂੰ 7500 ਰੁਪਏ ਦੀ ਦਵਾਈ
ਦਿੱਤੀ ਜਾਵੇਗੀ। ਬਹੁਤੀਆਂ ਡਿਸਪੈਂਸਰੀਆਂ ਵਿਚ ਹੁਣ ਮੱਲਮ ਪੱਟੀ ਵੀ ਨਹੀਂ ਹੈ।
ਭਾਰਤ ਪਾਕਿ ਸੀਮਾ ਤੇ ਪੈਂਦੇ ਪੰਜਾਬ ਦੇ ਅਬੋਹਰ ਫਾਜਿਲਕਾ ਤੇ ਫਿਰੋਜਪੁਰ ਦੇ
ਪਿੰਡਾਂ ਵਿਚ ਸਿਹਤ ਕੇਂਦਰਾਂ ਦਾ ਬੁਰਾ ਹਾਲ ਹੈ। ਸਿਹਤ ਮੰਤਰੀ ਸੁਰਜੀਤ ਕੁਮਾਰ ਜਿਆਣੀ ਦੇ
ਆਪਣੇ ਜ਼ਿਲ•ਾ ਫਾਜਿਲਕਾ ਵਿਚ ਖੈਰ ਨਹੀਂ ਹੈ। ਮਾਲਵਾ ਖਿੱਤੇ ਵਿਚ ਤਾਂ ਲੋਕਾਂ ਨੂੰ ਕੈਂਸਰ
ਨਾਲ ਜੂਝਣਾ ਪੈ ਰਿਹਾ ਹੈ। ਗਰੀਬ ਲੋਕ ਸਸਤੇ ਇਲਾਜ ਖਾਤਰ ਬੀਕਾਨੇਰ ਜਾਂਦੇ ਹਨ। ਡੇਂਗੂ
ਅਤੇ ਸਵਾਈਨ ਫਲੂ ਦਾ ਇਲਾਜ ਵੀ ਲੋਕਾਂ ਨੂੰ ਪਿੰਡਾਂ ਵਿਚ ਨਹੀਂ ਮਿਲ ਰਿਹਾ ਹੈ। ਪਿਛਲੇ
ਕੁਝ ਅਰਸੇ ਵਿਚ ਪੇਂਡੂ ਲੋਕਾਂ ਨੂੰ ਮਜਬੂਰੀ ਵੱਸ ਸ਼ਹਿਰੀ ਖਿੱਤੇ ਦੇ ਪ੍ਰਾਈਵੇਟ ਹਸਪਤਾਲਾਂ
ਵਿਚ ਜਾਣਾ ਪੈ ਰਿਹਾ ਹੈ। ਉਨ•ਾਂ ਕੋਲ ਕੋਈ ਰਾਹ ਬਾਕੀ ਨਹੀਂ ਬਚਿਆ ਹੈ। ਪੰਜਾਬ ਸਰਕਾਰ
ਦਾ ਸਾਰਾ ਜ਼ੋਰ ਹੁਣ ਸਿਹਤ ਬੀਮਾ ਸਕੀਮਾਂ ਤੇ ਹੈ ਅਤੇ ਪੇਂਡੂ ਸਿਹਤ ਢਾਂਚੇ ਨੂੰ ਏਜੰਡੇ
ਚੋਂ ਹੀ ਗਾਇਬ ਕਰ ਦਿੱਤਾ ਗਿਆ ਹੈ। ਪੇਂਡੂ ਪੰਜਾਬ ਦੇ ਲੋਕਾਂ ਦੀ
ਜ਼ਿੰਦਗੀ ਤਾਂ ਜੇਲ•ਾਂ ਦੇ ਬੰਦੀਆਂ ਨਾਲੋਂ ਭੈੜੀ ਹੈ। ਜੇਲ•ਾਂ ਵਿਚ ਬੰਦੀਆਂ ਤੇ ਕੈਦੀਆਂ
ਦੀ ਸਿਹਤ ਤੇ ਸਰਕਾਰ ਖੁੱਲ•ਾ ਖਰਚ ਕਰਦੀ ਹੈ ਪ੍ਰੰਤੂ ਜੇਲ•ਾਂ ਤੋਂ ਬਾਹਰਲੇ ਲੋਕਾਂ ਨੂੰ
ਇਹ ਸੁਵਿਧਾ ਨਹੀਂ ਹੈ। ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਜਨਰਲ ਸਕੱਤਰ ਲਛਮਣ ਸਿੰਘ
ਸੇਵੇਵਾਲਾ ਦਾ ਪ੍ਰਤੀਕਰਮ ਸੀ ਕਿ ਬਹੁਤੇ ਮਜ਼ਦੂਰਾਂ ਨੂੰ ਪਹੁੰਚ ਨਾ ਹੋਣ ਕਰਕੇ ਮੌਤ ਦੀ
ਉਡੀਕ ਹੀ ਕਰਨੀ ਪੈਂਦੀ ਹੈ ਜਾਂ ਫਿਰ ਇਨ•ਾਂ ਲੋਕਾਂ ਕੋਲ ਗੁਰੂ ਘਰਾਂ ਵਿਚ ਅਰਦਾਸ ਕਰਨ
ਤੋਂ ਸਿਵਾਏ ਕੁਝ ਨਹੀਂ ਬਚਦਾ ਹੈ।
ਤਲਵੰਡੀ ਸਾਬੋ ਦੇ ਕੁਝ ਬਜ਼ੁਰਗਾਂ ਨੇ ਦੱਸਿਆ ਕਿ ਉਨ•ਾਂ
ਨੂੰ ਸਰਕਾਰ ਨੇ ਹਜ਼ੂਰ ਸਾਹਿਬ ਦੀ ਧਾਰਮਿਕ ਯਾਤਰਾ ਤਾਂ ਮੁਫਤ ਕਰਾ ਦਿੱਤੀ ਹੈ ਪ੍ਰੰਤੂ
ਉਨ•ਾਂ ਨੂੰ ਜ਼ਿੰਦਗੀ ਦਾ ਸਫਰ ਜਾਰੀ ਰੱਖਣ ਲਈ ਹਰਿਆਣਾ ਦੇ ਸਿਹਤ ਕੇਂਦਰਾਂ ਵਿਚ ਸ਼ਰਨ ਲੈਣੀ
ਪੈਂਦੀ ਹੈ। ਸਰਹੱਦੀ ਜ਼ਿਲ•ੇ ਅੰਮ੍ਰਿਤਸਰ ਅਤੇ ਗੁਰਦਾਸਪੁਰ ਦੇ ਪੇਂਡੂ ਸਿਹਤ ਕੇਂਦਰਾਂ ਤੇ
ਕਦੇ ਸਰਕਾਰ ਦੀ ਨਜ਼ਰ ਹੀ ਨਹੀਂ ਪਈ ਹੈ। ਸਿਹਤ ਮਹਿਕਮੇ ਦੀ ਮੁਢਲੀ ਕੜੀ
ਤੇ ਨਜ਼ਰ ਮਾਰੀਏ ਤਾਂ ਦਿਹਾਤੀ ਪੰਜਾਬ ਵਿਚਲੇ 2951 ਸਬ ਸੈਂਟਰਾਂ ਚੋਂ 1829 ਸਬ ਸੈਂਟਰਾਂ
ਹੀ ਸਰਕਾਰੀ ਇਮਾਰਤਾਂ ਵਿਚ ਚੱਲ ਰਹੇ ਹਨ ਜਦੋਂ ਕਿ 1122 ਸਬ ਸੈਂਟਰ ਪੰਚਾਇਤੀ ਇਮਾਰਤਾਂ
ਵਿਚ ਚੱਲ ਰਹੇ ਹਨ। 143 ਸਬ ਸੈਂਟਰ ਉਸਾਰੀ ਅਧੀਨ ਹਨ। ਕੁੱਲ 979 ਸਬ ਸੈਂਟਰਾਂ ਨੂੰ
ਇਮਾਰਤਾਂ ਦੀ ਲੋੜ ਹੈ। ਇਵੇਂ ਹੀ 44 ਪ੍ਰਾਇਮਰੀ ਹੈਲਥ ਸੈਂਟਰ ਪੰਚਾਇਤੀ ਇਮਾਰਤਾਂ ਵਿਚ
ਚੱਲ ਰਹੇ ਹਨ। ਪੈਰਾ ਮੈਡੀਕਲ ਫਰੰਟ ਪੰਜਾਬ ਦੇ ਪ੍ਰਧਾਨ ਸਵਰਨਜੀਤ ਸਿੰਘ ਦਾ ਕਹਿਣਾ ਸੀ ਕਿ
ਪੰਜਾਬ ਸਰਕਾਰ ਦੀ ਤਰਜੀਹ ਲੋਕਾਂ ਦੀ ਸਿਹਤ ਨਹੀਂ ਹੈ ਬਲਕਿ ਵੋਟਾਂ ਹਨ। ਉਨ•ਾਂ ਆਖਿਆ ਕਿ
ਸਰਕਾਰੀ ਬੇਰੁਖੀ ਕਾਰਨ ਅੱਜ ਲੋਕਾਂ ਦਾ ਭਰੋਸਾ ਸਰਕਾਰੀ ਸਿਹਤ ਕੇਂਦਰਾਂ ਤੋਂ ਪੂਰੀ
ਤਰ•ਾਂ ਟੁੱਟ ਚੁੱਕਾ ਹੈ ਅਤੇ ਸਰਕਾਰੀ ਕੇਂਦਰਾਂ ਵਿਚ ਹੁਣ ਸਿਰਫ ਗਰੀਬ ਲੋਕ ਹੀ ਜਾਂਦੇ
ਹਨ।
ਸਮਾਜਿਕ ਕਾਰਕੁੰਨ ਲੋਕ ਬੰਧੂ ਦਾ ਪ੍ਰਤੀਕਰਮ ਸੀ ਕਿ ਕਾਰਪੋਰੇਟੀ ਜਗਤ
ਨੇ ਸਰਕਾਰੀ ਢਾਂਚੇ ਨੂੰ ਸੰਨ• ਲਾਈ ਹੈ ਤਾਂ ਜੋ ਪ੍ਰਾਈਵੇਟ ਢਾਂਚੇ ਨੂੰ ਚੜਦੀ ਕਲਾਂ ਵਿਚ
ਕੀਤਾ ਜਾ ਸਕੇ। ਸਰਕਾਰ ਵਲੋਂ ਸ਼ਹਿਰਾਂ ਵਿਚਲੇ ਵੱਡੇ ਪ੍ਰਾਈਵੇਟ ਹਸਪਤਾਲਾਂ ਵਿਚ ਮੁਫਤ
ਜ਼ਮੀਨਾਂ ਅਤੇ ਹੋਰ ਸੁਵਿਧਾਵਾਂ ਦਿੱਤੀਆਂ ਜਾਂਦੀਆਂ ਹਨ ਪ੍ਰੰਤੂ ਸਰਕਾਰੀ ਸਿਹਤ ਕੇਂਦਰਾਂ
ਦੇ ਹਿੱਸੇ ਇਹ ਸਭ ਕੁਝ ਨਹੀਂ ਆਉਂਦਾ ਹੈ।
ਕੌਮੀ ਮਿਸ਼ਨ ਤਹਿਤ ਵੱਡਾ ਸੁਧਾਰ ਹੋਇਆ : ਡਾਇਰੈਕਟਰ
ਸਿਹਤ ਤੇ ਪਰਿਵਾਰ ਭਲਾਈ ਵਿਭਾਗ
ਦੇ ਡਾਇਰੈਕਟਰ ਡਾ.ਐਚ.ਐਸ.ਬਾਲੀ ਦਾ ਕਹਿਣਾ ਸੀ ਕਿ ਕੌਮੀ ਦਿਹਾਤੀ ਸਿਹਤ ਮਿਸ਼ਨ ਦੇ ਤਹਿਤ
ਪੇਂਡੂ ਸਿਹਤ ਸੇਵਾਵਾਂ ਵਿਚ ਵੱਡਾ ਸੁਧਾਰ ਹੋਇਆ ਹੈ ਅਤੇ ਮਿਸ਼ਨ ਤਹਿਤ ਪੇਂਡੂ ਸਿਹਤ
ਕੇਂਦਰਾਂ ਨੂੰ ਰੈਗੂਲਰ ਦਵਾਈਆਂ ਦੀ ਸਪਲਾਈ ਹੋ ਰਹੀ ਹੈ। ਟੀਕਾਕਰਨ ਅਤੇ ਗਰਭਪਤੀ
ਮਹਿਲਾਵਾਂ ਤੇ ਵਿਸ਼ੇਸ਼ ਤਵੱਜੋ ਦਿੱਤੀ ਜਾ ਰਹੀ ਹੈ। ਹੁਣ ਤਾਂ ਏ.ਐਨ.ਐਮਜ਼ ਨੂੰ ਪਿੰਡਾਂ
ਵਾਸਤੇ ਖੂਨ ਟੈਸਟ ਕਰਨ ਵਾਲੀਆਂ ਮਸ਼ੀਨਾਂ ਵੀ ਦਿੱਤੀਆਂ ਜਾ ਰਹੀਆਂ ਹਨ। ਅਸਾਮੀਆਂ ਦੀ
ਪੂਰਤੀ ਲਈ ਵੀ ਕਾਰਵਾਈ ਚੱਲ ਰਹੀ ਹੈ। ਸਿਹਤ ਮੰਤਰੀ ਸੁਰਜੀਤ ਕੁਮਾਰ ਜਿਆਣੀ ਅਤੇ ਪ੍ਰਮੁੱਖ
ਸਕੱਤਰ ਵਿੰਨੀ ਮਹਾਜਨ ਨੇ ਫੋਨ ਨਹੀਂ ਚੁੱਕਿਆ।