Wednesday, February 3, 2016

                           ਪੰਥਕ ਸਰਕਾਰ 
        ਦਲਿਤਾਂ ਦੇ ਵੱਖਰੇ ਕਲੱਬ ਬਣਨਗੇ
                            ਚਰਨਜੀਤ ਭੁੱਲਰ
ਬਠਿੰਡਾ : ਹਾਕਮ ਧਿਰ ਹੁਣ ਸਿਆਸੀ ਉੱਲੂ ਸਿੱਧਾ ਕਰਨ ਖਾਤਰ ਪੰਜਾਬ ਦੀ ਜਵਾਨੀ ਨੂੰ ਵੰਡੇਗੀ ਜਿਸ ਵਾਸਤੇ ਪੰਜਾਬ ਦੇ ਹਰ ਪਿੰਡ ਵਿਚ ਦੋ ਦੋ ਪੇਂਡੂ ਕਲੱਬ ਬਣਾਏ ਜਾਣੇ ਹਨ। ਹਰ ਪਿੰਡ ਵਿਚ ਜੱਟਾਂ ਦਾ ਵੱਖਰਾ ਨਵਾਂ ਕਲੱਬ ਬਣੇਗਾ ਅਤੇ ਦਲਿਤਾਂ ਦਾ ਕਲੱਬ ਵੱਖਰਾ। ਵੱਖੋ ਵੱਖਰੇ ਗੁਰੂ ਘਰਾਂ ਅਤੇ ਸ਼ਮਸ਼ਾਨ ਘਾਟਾਂ ਤੋਂ ਮਗਰੋਂ ਹੁਣ ਪੇਂਡੂ ਕਲੱਬਾਂ ਤੇ ਜਾਤ ਪਾਤ ਦੀ ਪੁੱਠ ਚਾੜ•ੀ ਜਾਣ ਲੱਗੀ ਹੈ। ਪੰਥਕ ਸਰਕਾਰ ਖੁਦ ਹੀ ਸਿੱਖ ਧਰਮ ਦੇ ਸੁਨੇਹੇ ਦੇ ਉਲਟ ਭਾਈਚਾਰੇ ਨੂੰ ਜੋੜਨ ਦੀ ਥਾਂ ਤੋੜਨ ਦੇ ਰਾਹ ਪੈ ਰਹੀ ਹੈ। ਆਮ ਆਦਮੀ ਪਾਰਟੀ ਦੇ ਪ੍ਰਭਾਵ ਨੂੰ ਮੱਠਾ ਕਰਨ ਖਾਤਰ ਹੁਣ ਨੌਜਵਾਨਾਂ ਨੂੰ ਸਿਆਸੀ ਚੋਗਾ ਪਾਉਣ ਦੇ ਨਵੇਂ ਪੈਂਤੜੇ ਲਏ ਜਾ ਰਹੇ ਹਨ। ਵੇਰਵਿਆਂ ਅਨੁਸਾਰ ਪੰਜਾਬ ਵਿਚ 31 ਮਾਰਚ 2016 ਤੱਕ 25 ਹਜ਼ਾਰ ਨੌਜਵਾਨ ਕਲੱਬ ਬਣਾਉਣ ਦਾ ਟੀਚਾ ਮਿਥਿਆ ਗਿਆ ਹੈ। ਅਹਿਮ ਸੂਤਰਾਂ ਅਨੁਸਾਰ ਸ਼੍ਰੋਮਣੀ ਅਕਾਲੀ ਦਲ ਦੇ ਇਹ ਆਪਣੇ ਪ੍ਰਭਾਵ ਵਾਲੇ ਕਲੱਬ ਬਣਨਗੇ ਜਿਨ•ਾਂ ਨੂੰ ਮਗਰੋਂ ਪ੍ਰਤੀ ਕਲੱਬ ਇੱਕ ਇੱਕ ਲੱਖ ਰੁਪਏ ਦੀ ਗਰਾਂਟ ਦਿੱਤੀ ਜਾਵੇਗੀ। ਜਾਣਕਾਰੀ ਅਨੁਸਾਰ ਪੰਜਾਬ ਵਿਚ ਇਸ ਵੇਲੇ 17 ਹਜ਼ਾਰ ਕਲੱਬ ਹਨ ਜਿਨ•ਾਂ ਚੋਂ 9094 ਕਲੱਬ ਨਹਿਰੂ ਯੁਵਾ ਕੇਂਦਰ ਨਾਲ ਸਬੰਧਿਤ ਹਨ। ਸਰਕਾਰ ਨੇ ਪੁਰਾਣੇ ਕਲੱਬਾਂ ਨੂੰ ਫੰਡ ਦੇਣ ਦੀ ਥਾਂ ਆਪਣੇ ਕਲੱਬ ਬਣਾਉਣ ਦਾ ਫੈਸਲਾ ਕੀਤਾ ਹੈ। ਨਵੇਂ ਕਲੱਬ ਬਣਨ ਮਗਰੋਂ ਪੰਜਾਬ ਵਿਚ 42 ਹਜ਼ਾਰ ਕਲੱਬ ਹੋ ਜਾਣਗੇ।
                    ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਨਵੀਂ ਕਲੱਬਾਂ ਵਾਲੀ ਯੋਜਨਾ ਨੂੰ ਹਰੀ ਝੰਡੀ ਦੇ ਦਿੱਤੀ ਹੈ। ਯੁਵਕ ਸੇਵਾਵਾਂ ਵਿਭਾਗ ਨੂੰ ਹਦਾਇਤ ਜਾਰੀ ਕੀਤੀ ਗਈ ਹੈ ਕਿ ਨਵੇਂ ਕਲੱਬ ਰਜਿਸਟਰਡ ਕਰਾਉਣ ਲਈ ਹਰ ਹਲਕਾ ਇੰਚਾਰਜ ਅਤੇ ਵਿਧਾਇਕ ਤੱਕ ਪ੍ਰੋਫਾਰਮੇ ਵਗੈਰਾ ਪੁੱਜਦੇ ਕੀਤੇ ਜਾਣ। ਲੋਕ ਨਿਰਮਾਣ ਮੰਤਰੀ ਜਨਮੇਜਾ ਸਿੰਘ ਸੇਖੋਂ ਤਾਂ ਇਸ ਮਾਮਲੇ ਵਿਚ ਝੰਡੀ ਲੈ ਗਏ ਹਨ ਅਤੇ ਉਨ•ਾਂ ਨੇ ਤਾਂ ਕਰੀਬ ਨੌ ਪਿੰਡਾਂ ਵਿਚ ਦਸਮੇਸ਼ ਕਲੱਬ ਵਜੋਂ ਨਵੇਂ ਕਲੱਬ ਰਜਿਸਟਰਡ ਵੀ ਕਰਾ ਦਿੱਤੇ ਹਨ। ਦਲਿਤ ਨੌਜਵਾਨਾਂ ਦੇ ਕਲੱਬ ਭਾਈ ਜੀਵਨ ਸਿੰਘ ਦੇ ਨਾਮ ਤੇ ਕਲੱਬ ਬਣਨੇ ਹਨ। ਪਤਾ ਤਾਂ ਇਹ ਵੀ ਲੱਗਾ ਹੈ ਕਿ ਬੈਕਵਾਰਡ ਕਲਾਸਜ ਦੇ ਵੱਖਰੇ ਕਲੱਬ ਬਣਾਉਣ ਦੀ ਵੀ ਯੋਜਨਾ ਹੈ ਪ੍ਰੰਤੂ ਇਸ ਦੀ ਪੁਸ਼ਟੀ ਨਹੀਂ ਹੋ ਸਕੀ ਹੈ।ਹਲਕਾ ਮੌੜ ਦੇ ਪਿੰਡ ਚੋਟੀਆਂ, ਗਿੱਲ ਕਲਾਂ,ਕੋਟੜਾ ਕੌੜਿਆਂ ਵਾਲਾ,ਜੇਠੂਕੇ, ਬੁਰਜ ਮਾਨਸਾ, ਘੜੈਲਾ,ਘੜੈਲੀ,ਕਰਾੜਵਾਲਾ ਅਤੇ ਬੱਲੂਆਣਾ ਆਦਿ ਪਿੰਡਾਂ ਵਿਚ ਨਵੇਂ ਦਸਮੇਸ਼ ਕਲੱਬ ਬਣਾਏ ਗਏ ਹਨ। ਸੂਤਰ ਦੱਸਦੇ ਹਨ ਕਿ ਜੋ ਨਵੇਂ ਕਲੱਬ ਬਣਾਏ ਜਾਣੇ ਹਨ, ਉਨ•ਾਂ ਦੇ ਪ੍ਰਧਾਨ ਵੀ ਸੋਈ ਨਾਲ ਤਅੱਲਕ ਰੱਖਣ ਵਾਲੇ ਨੌਜਵਾਨ ਬਣਨਗੇ। ਕੌਮੀ ਐਵਾਰਡ ਜੇਤੂ ਸਰਬਜੀਤ ਸਿੰਘ ਜੇਠੂਕੇ ਦਾ ਪ੍ਰਤੀਕਰਮ ਸੀ ਕਿ ਜੋ ਮੌਜੂਦਾ ਨੌਜਵਾਨ ਕਲੱਬ ਹਨ, ਉਨ•ਾਂ ਵਿਚ ਦਲਿਤ ਵਰਗ ਦੇ ਨੌਜਵਾਨਾਂ ਨੂੰ ਪ੍ਰਤੀਨਿਧਤਾ ਦਿੱਤੇ ਜਾਣ ਦੀ ਵਿਵਸਥਾ ਹੈ। ਨਵੇਂ ਕਲੱਬ ਸਮਾਜਿਕ ਪਾੜਾ ਪੈਦਾ ਕਰ ਦੇਣਗੇ ਜਿਸ ਨਾਲ ਨਵੇਂ ਲੜਾਈ ਝਗੜੇ ਖੜੇ ਹੋ ਜਾਣਗੇ।
                      ਤਖਤ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਬਲਵੰਤ ਸਿੰਘ ਨੰਦਗੜ• ਦਾ ਕਹਿਣਾ ਸੀ ਕਿ ਪਿੰਡਾਂ ਵਿਚ ਜਾਤ ਅਧਾਰਤ ਕਲੱਬ ਖੜ•ੇ ਕਰਨੇ ਸਿੱਖੀ ਸਿਧਾਂਤਾਂ ਦੇ ਉਲਟ ਰਵਾਇਤ ਹੈ। ਉਨ•ਾਂ ਆਖਿਆ ਕਿ ਹਾਕਮ ਧਿਰ ਏਦਾ ਕਰਕੇ ਸਿੱਖ ਅਸੂਲਾਂ ਦਾ ਘਾਣ ਕਰੇਗੀ ਅਤੇ ਦੂਰੀਆਂ ਮੇਟਣ ਦੀ ਥਾਂ ਹੋਰ ਵਧਾਏਗੀ। ਉਨ•ਾਂ ਆਖਿਆ ਕਿ ਸਰਕਾਰ ਜੋੜਨ ਵਾਲੇ ਰਾਹ ਪਵੇ। ਸੂਤਰਾਂ ਅਨੁਸਾਰ ਪੰਜਾਬ ਵਿਚ ਜੋ ਮੌਜੂਦਾ ਕਲੱਬ ਹਨ, ਉਨ•ਾਂ ਨੂੰ ਕਾਫ਼ੀ ਵਰਿ•ਆਂ ਤੋਂ ਕੋਈ ਫੰਡ ਨਹੀਂ ਮਿਲੇ ਹਨ। ਕੈਪਟਨ ਦੀ ਹਕੂਮਤ ਸਮੇਂ ਵੀ ਕਾਂਗਰਸੀ ਪੱਖੀ ਅਤੇ ਉਸ ਤੋਂ ਪਹਿਲਾਂ ਬਾਦਲ ਸਰਕਾਰ ਨੇ ਅਕਾਲੀ ਪੱਖੀ ਕਲੱਬ ਬਣਾਏ ਸਨ। ਪੰਜਾਬ ਵਿਚ ਸਿਆਸੀ ਅਧਾਰ ਤੇ ਬਣੇ 84 ਕਲੱਬ ਹਾਲੇ ਤੱਕ ਲੱਭੇ ਨਹੀਂ ਹਨ ਜਿਨ•ਾਂ ਨੂੰ ਫੰਡਾਂ ਦੇ ਗੱਫੇ ਦਿੱਤੇ ਗਏ ਸਨ। ਹਲਕਾ ਬੁਢਲਾਡਾ ਦੇ ਅਕਾਲੀ ਵਿਧਾਇਕ ਚਤਿੰਨ ਸਿੰਘ ਸਮਾਓਂ ਦਾ ਕਹਿਣਾ ਸੀ ਕਿ ਹਰ ਪਿੰਡ ਵਿਚ ਦਸਮੇਸ਼ ਅਤੇ ਭਾਈ ਜੀਵਨ ਸਿੰਘ ਕਲੱਬ ਬਣਾਏ ਜਾਣੇ ਹਨ ਜਿਨ•ਾਂ ਵਾਰੇ ਉਹ ਸਰਕਾਰੀ ਹਦਾਇਤਾਂ ਉਡੀਕ ਰਹੇ ਹਨ। ਹਲਕਾ ਮਲੋਟ ਦੇ ਅਕਾਲੀ ਵਿਧਾਇਕ ਹਰਪ੍ਰੀਤ ਸਿੰਘ ਦਾ ਕਹਿਣਾ ਸੀ ਕਿ ਜਿਥੇ ਪੂਰਾ ਭਾਈਚਾਰਾ ਇੱਕ ਕਲੱਬ ਲਈ ਸਹਿਮਤ ਹੋਵੇਗਾ, ਉਥੇ ਇੱਕ ਕਲੱਬ ਹੀ ਬਣੇਗਾ। ਉਨ•ਾਂ ਦੱਸਿਆ ਕਿ ਫਰਵਰੀ ਮਹੀਨੇ ਵਿਚ ਇਹ ਕੰਮ ਨੇਪਰੇ ਚਾੜ ਲਿਆ ਜਾਵੇਗਾ।
                                      ਕੋਈ ਮਾੜੀ ਗੱਲ ਵੀ ਨਹੀਂ : ਚੇਅਰਮੈਨ          
ਯੂਥ ਵੈਲਫੇਅਰ ਬੋਰਡ ਦੇ ਚੇਅਰਮੈਨ ਸ੍ਰੀ ਪਰਮਬੰਸ ਸਿੰਘ ਰੋਮਾਣਾ ਦਾ ਕਹਿਣਾ ਸੀ ਕਿ ਪੰਜਾਬ ਵਿਚ 31 ਮਾਰਚ ਤੱਕ 25 ਹਜ਼ਾਰ ਨਵੇਂ ਕਲੱਬ ਬਣਾਏ ਜਾਣੇ ਹਨ ਅਤੇ ਹਰ ਪਿੰਡ ਵਿਚ ਦੋ ਦੋ ਕਲੱਬ ਬਣਨੇ ਹਨ। ਉਨ•ਾਂ ਆਖਿਆ ਕਿ ਦਲਿਤਾਂ ਦੇ ਵੱਖਰੇ ਕਲੱਬ ਬਣਾਉਣ ਦੀ ਕੋਈ ਯੋਜਨਾ ਨਹੀਂ ਹੈ। ਅਗਰ ਦਲਿਤ ਨੌਜਵਾਨਾਂ ਦੇ ਕਲੱਬ ਬਣਦੇ ਵੀ ਹਨ ਤਾਂ ਇਹ ਚੰਗੀ ਗੱਲ ਵੀ ਹੈ ਕਿਉਂਕਿ ਉਨ•ਾਂ ਨੂੰ ਇਸ ਤਰ•ਾਂ ਅੱਗੇ ਵੱਧਣ ਦੇ ਮੌਕੇ ਮਿਲਨਗੇ। ਪੇਂਡੂ ਜਵਾਨੀ ਨੂੰ ਖੇਡਾਂ ਵਾਲੇ ਪਾਸੇ ਲਾਉਣ ਅਤੇ ਪੇਂਡੂ ਵਿਕਾਸ ਵਿਚ ਭਾਗੀਦਾਰ ਬਣਾਉਣ ਖਾਤਰ ਇਹ ਉਪਰਾਲੇ ਹੋ ਰਹੇ ਹਨ। ਉਨ•ਾਂ ਦੱਸਿਆ ਕਿ ਇਨ•ਾਂ ਕਲੱਬਾਂ ਨੂੰ ਫੰਡ ਦਿੱਤੇ ਜਾਣਗੇ ਜਿਸ ਵਾਸਤੇ ਉਪ ਮੁੱਖ ਮੰਤਰੀ ਨੇ ਸਹਿਮਤੀ ਦੇ ਦਿੱਤੀ ਹੈ।
   

No comments:

Post a Comment