Thursday, February 4, 2016

                             ਸਭ ਤੋਂ ਵੱਡਾ
          ਬੀਬਾ ਬਾਦਲ ਦਾ ‘ਰੈਣ ਬਸੇਰਾ’
                            ਚਰਨਜੀਤ ਭੁੱਲਰ
ਬਠਿੰਡਾ : ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦੇ ਪਿੰਡ ਬਾਦਲ ਵਿਚਲੇ ‘ਰੈਣ ਬਸੇਰਾ’ ਨੇ ਪੂਰੀ ਵਜ਼ਾਰਤ ਪਛਾੜ ਦਿੱਤੀ ਹੈ। ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਕੋਲ ਸਭ ਤੋਂ ਵੱਧ ਕੀਮਤ ਦੇ ਘਰ ਹਨ ਜਦੋਂ ਕਿ ਬੀਬਾ ਬਾਦਲ ਦੀ ਵੱਡਾ ਘਰ ਹੋਣ ਵਿਚ ਝੰਡੀ ਹੈ। ਉਂਝ ਬੀਬਾ ਬਾਦਲ ਜਵੈਲਰੀ ਦੇ ਮਾਮਲੇ ਵਿਚ ਪੂਰੇ ਵਜ਼ਾਰਤ ਚੋਂ ਅੱਗੇ ਹਨ। ਪ੍ਰਧਾਨ ਮੰਤਰੀ ਦਫ਼ਤਰ ਕੋਲ ਜੋ ਸੰਪਤੀ ਦੇ ਤਾਜ਼ਾ ਵੇਰਵਾ ਦਿੱਤੇ ਗਏ ਹਨ, ਉਨ•ਾਂ ਅਨੁਸਾਰ ਕੇਂਦਰੀ ਵਜ਼ੀਰਾਂ ਕੋਲ ਇੱਕ ਨਹੀਂ, ਕਈ ਕਈ ਘਰ ਹਨ। ਵਜ਼ਾਰਤ ਦੇ 26 ਵਜ਼ੀਰਾਂ ਕੋਲ 166.46 ਕਰੋੜ ਦੇ ਆਪਣੇ ਨਿੱਜੀ ਮਕਾਨ ਹਨ ਜਿਨ•ਾਂ ਚੋਂ ਸਭ ਤੋਂ ਵੱਧ ਅਰੁਣ ਜੇਤਲੀ ਕੋਲ 62.80 ਕਰੋੜ ਦੇ ਪੰਜ ਘਰ ਤੇ ਫਲੈਟ ਹਨ। ਜਦੋਂ ਕਿ ਬੀਬਾ ਬਾਦਲ ਕੋਲ 38.42 ਕਰੋੜ ਦੇ ਤਿੰਨ ਘਰ ਹਨ। ਘਰਾਂ ਦੀ ਕੀਮਤ ਵਿਚ ਜੇਤਲੀ ਦਾ ਹੱਥ ਉੱਚਾ ਹੈ ਜਦੋਂ ਕਿ ਸਾਈਜ਼ ਵਿਚ ਬੀਬਾ ਬਾਦਲ ਦੇ ਘਰ ਵੱਡੇ ਹਨ। ਪ੍ਰਧਾਨ ਮੰਤਰੀ ਦਫ਼ਤਰ ਦੇ ਵੇਰਵਿਆਂ ਅਨੁਸਾਰ ਕੇਂਦਰੀ ਵਜ਼ੀਰਾਂ ਵਲੋਂ ਜਿਆਦਾ ਨਿਵੇਸ਼ ਰੀਅਲ ਅਸਟੇਟ ਵਿਚ ਕੀਤਾ ਹੋਇਆ ਹੈ। ਮੁਲਕ ਦੇ ਵੱਡੀ ਗਿਣਤੀ ਵਿਚ ਲੋਕਾਂ ਨੂੰ ਅੱਜ ਛੱਤ ਨਸੀਬ ਨਹੀਂ ਹੋ ਰਹੀ ਹੈ ਪ੍ਰੰਤੂ ਇਨ•ਾਂ ਵਜ਼ੀਰਾਂ ਕੋਲ ਆਲੀਸ਼ਾਨ ਘਰਾਂ ਦੀ ਕੋਈ ਕਮੀ ਨਹੀਂ ਹੈ।
                 ਕੇਂਦਰੀ ਮੰਤਰੀ ਬੀਬਾ ਬਾਦਲ ਦਾ ਪਿੰਡ ਬਾਦਲ ਵਿਚ ਨਵਾਂ ਬਣਾਇਆ ਮਹਿਲਾਂ ਵਰਗਾ ਆਲੀਸ਼ਾਨ ਘਰ ਹੈ। ਇਸ ਮਕਾਨ ਦੀ ਕੀਮਤ 12.84 ਕਰੋੜ ਰੁਪਏ ਹੈ ਜਿਸ ਚੋਂ 11.08 ਕਰੋੜ ਰੁਪਏ ਤਾਂ ਇਕੱਲੇ ਮਕਾਨ ਬਣਾਉਣ ਤੇ ਖਰਚ ਹੋਏ ਹਨ। ਨਾਲ ਹੀ ਸਟੱਡ ਫਾਰਮ ਵੀ ਹੈ। ਜੋ ਬਾਦਲ ਪਰਿਵਾਰ ਦਾ ਪਿੰਡ ਬਾਦਲ ਵਿਚਲਾ ਪੁਰਾਣਾ ਮਕਾਨ ਹੈ, ਉਸ ਦੀ ਕੀਮਤ 50 ਲੱਖ ਦੱਸੀ ਜਾ ਰਹੀ ਹੈ। ਬਾਦਲ ਪਰਿਵਾਰ ਦੇ ਚੰਡੀਗੜ• ਵਿਚਲੇ ਮਕਾਨ ਦੀ ਕੀਮਤ 23.78 ਕਰੋੜ ਰੁਪਏ ਦੱਸੀ ਗਈ ਹੈ ਜਦੋਂ ਕਿ ਹਰਿਆਣਾ ਦੇ ਬਾਲਾਸਰ ਵਾਲੇ ਮਕਾਨ ਦੀ ਕੀਮਤ 1.80 ਕਰੋੜ ਰੁਪਏ ਹੈ। ਪਿੰਡ ਬਾਦਲ ਵਿਚਲੇ ਮਕਾਨ ਵਿਚ 1.66 ਕਰੋੜ ਰੁਪਏ ਦਾ ਇਕੱਲਾ ਫਰਨੀਚਰ ਹੀ ਹੈ ਜਦੋਂ ਕਿ 22.50 ਲੱਖ ਦਾ ਜਰਨੇਟਰ ਸੈੱਟ ਹੈ। ਬੀਬਾ ਬਾਦਲ ਕੋਲ 9.50 ਕਰੋੜ ਦੇ ਪਲਾਟ ਅਤੇ 4.03 ਕਰੋੜ ਦੀ ਖੇਤੀ ਵਾਲੀ ਜ਼ਮੀਨ ਹੈ। ਬੀਬਾ ਬਾਦਲ ਕੋਲ ਕੇਂਦਰੀ ਵਜ਼ੀਰਾਂ ਚੋਂ ਸਭ ਤੋਂ ਜਿਆਦਾ 5.47 ਕਰੋੜ ਦੀ ਜਵੈਲਰੀ ਹੈ ਜਦੋਂ ਕਿ ਅਰੁਣ ਜੇਤਲੀ ਕੋਲ 2.11 ਕਰੋੜ ਦੀ ਹੀ ਜਵੈਲਰੀ ਹੈ। ਮੇਨਕਾ ਗਾਂਧੀ ਕੋਲ 1.47 ਕਰੋੜ ਅਤੇ ਸਮਿਰਤੀ ਇਰਾਨੀ ਕੋਲ 19.95 ਲੱਖ ਦੀ ਜਵੈਲਰੀ ਹੈ। ਜਵੈਲਰੀ ਦੇ ਮਾਮਲੇ ਵਿਚ ਕੋਈ ਵੀ ਵਜ਼ੀਰ ਬੀਬਾ ਬਾਦਲ ਦੇ ਨੇੜੇ ਤੇੜੇ ਵੀ ਨਹੀਂ ਹੈ।
                 ਦੂਸਰੀ ਤਰਫ ਕੇਂਦਰੀ ਮੰਤਰੀ ਨਜਮਾ ਹੈਪਤੁਲਾ,ਰਾਮ ਵਿਲਾਸ ਪਾਸਵਾਨ ਅਤੇ ਕਲਰਾਜ ਮਿਸਰਾ ਕੋਲ ਆਪਣਾ ਕੋਈ ਘਰ ਹੀ ਨਹੀਂ ਹੈ ਜਦੋਂ ਕਿ ਨਿੱਤਿਨ ਗਡਕਰੀ ਕੋਲ 11.30 ਕਰੋੜ ਦੇ ਪੰਜ ਘਰ ਤੇ ਫਲੈਟ ਹਨ। ਚੌਧਰੀ ਬਿਰੇਂਦਰ ਸਿੰਘ ਕੋਲ 4.82 ਕਰੋੜ ਦੇ ਛੇ ਘਰ ਹਨ ਅਤੇ 3.64 ਕਰੋੜ ਦੀ ਵਪਾਰਿਕ ਸੰਪਤੀ ਹੈ। ਸਮਿਰਤੀ ਇਰਾਨੀ ਕੋਲ 3.05 ਕਰੋੜ ਦੇ ਚਾਰ ਘਰ ਤੇ ਫਲੈਟ ਹਨ ਜਦੋਂ ਕਿ ਡਾ.ਹਰਸ਼ ਵਰਧਨ ਕੋਲ 1.09 ਕਰੋੜ ਦੇ ਤਿੰਨ ਘਰ ਹਨ। ਜਿਆਦਾ ਵਜ਼ੀਰਾਂ ਨੇ ਰੀਅਲ ਅਸਟੇਟ ਵਿਚ ਨਿਵੇਸ਼ ਕੀਤਾ ਹੋਇਆ ਹੈ। ਮੰਤਰੀ ਨਰਿੰਦਰ ਤੋਮਰ ਕੋਲ 40 ਲੱਖ ਦੇ ਪਲਾਟ,ਜੇ.ਪੀ.ਨੱਢਾ ਕੋਲ 49 ਲੱਖ ਦੇ,ਰਾਧਾ ਮੋਹਨ ਸਿੰਘ ਕੋਲ 70 ਲੱਖ ਦੇ,ਨਜਮਾ ਹੈਪਤੁਲਾ ਕੋਲ 2 ਕਰੋੜ ਦੇ ਪਲਾਟ ਹਨ।
                ਇਵੇਂ ਹੀ ਅਨੀਸ਼ ਕੁਮਾਰ ਕੋਲ 1.86 ਕਰੋੜ ਅਤੇ ਰਵੀ ਸ਼ੰਕਰ ਪ੍ਰਸ਼ਾਦ ਕੋਲ 90 ਲੱਖ ਦੇ ਪਲਾਟ ਹਨ। ਮਨੋਹਰ ਪਰੀਕਰ ਕੋਲ 64.33 ਲੱਖ ਅਤੇ ਸਦਾਨੰਦ ਗੌੜਾ 78.75 ਲੱਖ ਦੇ ਪਲਾਟ ਹਨ। ਰਿਹਾਇਸ਼ੀ ਮਕਾਨਾਂ ਦੀ ਕੀਮਤ ਤਕਰੀਬਨ ਹਰ ਵਜ਼ੀਰ ਦੀ ਕਰੋੜਾਂ ਵਿਚ ਹੈ। ਚਾਰ ਵਜ਼ੀਰਾਂ ਕੋਲ ਦੋ ਦੋ ਘਰ ਹਨ ਜਦੋਂ ਕਿ ਪੰਜ ਵਜ਼ੀਰਾਂ ਕੋਲ ਤਿੰਨ ਤਿੰਨ ਰਿਹਾਇਸ਼ੀ ਮਕਾਨ ਹਨ। ਦੋ ਵਜ਼ੀਰਾਂ ਕੋਲ ਚਾਰ ਚਾਰ ਮਕਾਨ ਹਨ। ਵਜ਼ੀਰਾਂ ਦੀ ਇਹ ਸੰਪਤੀ ਆਮ ਲੋਕਾਂ ਦੀਆਂ ਅੱਖਾਂ ਖੋਲ•ਣ ਵਾਲੀ ਹੈ ਅਤੇ ਬਹੁਤੇ ਵਜ਼ੀਰਾਂ ਨੇ ਸੰਪਤੀ ਵਿਚ ਪੈਸਾ ਨਿਵੇਸ਼ ਕੀਤਾ ਹੋਇਆ ਹੈ ਅਤੇ ਇਸ ਸੰਪਤੀ ਦੀ ਕੀਮਤ ਕਿਤੇ ਜਿਆਦਾ ਹੋ ਸਕਦੀ ਹੈ। 

No comments:

Post a Comment