Tuesday, April 26, 2016

                          ਪੁਲੀਸ ਹਾਰੀ
      ਅਮਲੀਆਂ ਤੇ ਦਰਜ ਕੇਸ ਕੈਂਸਲ !
                          ਚਰਨਜੀਤ ਭੁੱਲਰ
ਬਠਿੰਡਾ  : ਪੰਜਾਬ ਪੁਲੀਸ ਨੇ ਬਿਨ•ਾਂ ਰਿਕਵਰੀ ਤੋਂ ਨਸ਼ੇੜੀਆਂ ਤੇ ਦਰਜ ਕੀਤੇ ਬਹੁਤੇ ਪੁਲੀਸ ਕੇਸ ਹੁਣ ਰੱਦ ਕਰ ਦਿੱਤੇ ਹਨ ਜੋ ਕਿ ਪੁਲੀਸ ਅਫਸਰਾਂ ਨੇ ਫੋਕੀ ਵਾਹ ਵਾਹ ਖੱਟਣ ਲਈ ਦਰਜ ਕੀਤੇ ਸਨ। ਪੰਜਾਬ ਸਰਕਾਰ ਤਰਫ਼ੋਂ 1 ਮਈ 2014 ਤੋਂ ਨਸ਼ਿਆਂ ਖ਼ਿਲਾਫ਼ ਵਿਸ਼ੇਸ਼ ਮੁਹਿੰਮ ਚਲਾਈ ਗਈ ਸੀ ਜੋ ਕਿ 15 ਸਤੰਬਰ 2014 ਤੱਕ ਚੱਲੀ ਸੀ। ਪੁਲੀਸ ਅਫਸਰਾਂ ਨੇ ਇਸ ਮੁਹਿੰਮ ਵਿਚ ਆਪੋ ਆਪਣੀ ਬੱਲੇ ਬੱਲੇ ਕਰਾਉਣ ਖਾਤਰ ਬਿਨ•ਾਂ ਨਸ਼ਿਆਂ ਦੀ ਰਿਕਵਰੀ ਤੋਂ ਹੀ ਨਸ਼ੇੜੀਆਂ ਤੇ ਕੇਸ ਪਾ ਦਿੱਤੇ ਸਨ। ਹੁਣ ਅਦਾਲਤਾਂ ਵਿਚ ਪੁੱਜਣ ਤੋਂ ਪਹਿਲਾਂ ਹੀ ਇਹ ਕੇਸ ਪੁਲੀਸ ਨੇ ਖੁਦ ਹੀ  ਕੈਂਸਲ ਕਰ ਦਿੱਤੇ ਹਨ। ਆਰ.ਟੀ.ਆਈ ਵਿਚ ਪ੍ਰਾਪਤ ਤਾਜ਼ਾ ਵੇਰਵਿਆਂ ਅਨੁਸਾਰ ਫਰੀਦਕੋਟ ਪੁਲੀਸ ਨੇ ਨਸ਼ਿਆਂ ਖ਼ਿਲਾਫ਼ ਮੁਹਿੰਮ ਦੌਰਾਨ ਸਾਢੇ ਚਾਰ ਮਹੀਨਿਆਂ ਦੌਰਾਨ ਐਨ.ਡੀ.ਪੀ.ਐਸ ਐਕਟ 127 ਪੁਲੀਸ ਕੇਸ ਦਰਜ ਕੀਤੇ ਸਨ। ਪੌਣੇ ਦੋ ਵਰਿ•ਆਂ ਦੌਰਾਨ ਸਿਰਫ਼ ਇੱਕ ਕੇਸ ਵਿਚ ਹੀ ਪੁਲੀਸ ਸਜ਼ਾ ਕਰਾ ਸਕੀ ਹੈ। ਕੋਟਕਪੂਰਾ ਥਾਣੇ ਵਿਚ 23 ਮਈ 2014 ਨੂੰ ਸੱਤ ਜਣਿਆ ਖ਼ਿਲਾਫ਼ ਬਿਨ•ਾਂ ਕਿਸੇ ਨਸ਼ੇ ਦੀ ਰਿਕਵਰੀ ਤੋਂ ਦਰਜ ਕੀਤਾ ਗਿਆ ਸੀ ਜਿਸ ਦੀ ਪੁਲੀਸ ਨੂੰ 23 ਮਈ 2015 ਨੂੰ ਆਦਮਪਤਾ ਰਿਪੋਰਟ ਭਰਨੀ ਪਈ ਹੈ। ਮੁਕਤਸਰ ਪੁਲੀਸ ਵਲੋਂ ਇਸ ਮੁਹਿੰਮ ਤਹਿਤ 220 ਪੁਲੀਸ ਕੇਸ ਦਰਜ ਕੀਤੇ ਗਏ ਸਨ ਜਿਨ•ਾਂ ਚੋਂ 40 ਛੋਟੇ ਮੋਟੇ ਨਸ਼ੇੜੀਆਂ ਖ਼ਿਲਾਫ਼ ਦਰਜ ਕੀਤੇ ਰੱਦ ਕਰਨੇ ਪਏ ਹਨ।
                        ਮੁਕਤਸਰ ਪੁਲੀਸ ਮੁਹਿੰਮ ਵਾਲੇ ਕੇਸਾਂ ਚੋਂ 30 ਕੇਸਾਂ ਵਿਚ ਸਜ਼ਾ ਕਰਾ ਸਕੀ ਹੈ।ਕਬਰਵਾਲਾ ਪੁਲੀਸ ਵਲੋਂ 15 ਜਣਿਆ ਖਿਲਾਫ 23 ਮਈ 2014 ਨੂੰ ਦਰਜ ਕੀਤਾ ਕੇਸ ਅਣਟਰੇਸ ਕਰਕੇ ਟਿਕਾਣੇ ਲਾਉਣਾ ਪਿਆ ਹੈ। ਲੱਖੇਵਾਲੀ ਥਾਣੇ ਵਿਚ 23 ਮਈ 2014 ਨੂੰ ਚਾਰ ਜਣਿਆ ਖ਼ਿਲਾਫ਼ ਬਿਨ•ਾਂ ਰਿਕਵਰੀ ਤੋਂ ਦਰਜ ਕੀਤਾ ਕੇਸ ਪੁਲੀਸ ਨੇ 26 ਨਵੰਬਰ 2015 ਨੂੰ ਕੈਂਸਲ ਕਰ ਦਿੱਤਾ। ਇਸੇ ਦਿਨ ਹੀ ਗਿੱਦੜਬਹਾ ਵਿਚ 4 ਜਣਿਆ ਖ਼ਿਲਾਫ਼ ਬਿਨ•ਾਂ ਰਿਕਵਰੀ ਤੋਂ ਦਰਜ ਕੇਸ ਵੀ ਪੁਲੀਸ ਨੇ 19 ਦਸੰਬਰ 2015 ਨੂੰ ਕੈਂਸਲ ਕਰ ਦਿੱਤਾ। ਕੋਟਭਾਈ ਪੁਲੀਸ ਨੇ 23 ਮਈ 2014 ਨੂੰ ਪੰਜ ਜਣਿਆ ਖ਼ਿਲਾਫ਼ ਬਿਨ•ਾਂ ਰਿਕਵਰੀ ਤੋਂ ਦਰਜ ਕੀਤਾ ਕੇਸ ਵੀ 5 ਦਸੰਬਰ 2015 ਨੂੰ ਕੈਂਸਲ ਕਰ ਦਿੱਤਾ। ਇਵੇਂ ਹੋਰ ਕੇਸ ਕੈਂਸਲ ਕੀਤੇ ਗਏ ਹਨ। ਐਸ.ਐਸ.ਪੀ ਮੁਕਤਸਰ ਨੇ ਫੋਨ ਨਹੀਂ ਚੁੱਕਿਆ ਪ੍ਰੰਤੂ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਵਿਸ਼ੇਸ਼ ਮੁਹਿੰਮ ਤਹਿਤ ਮੁਖ਼ਬਰੀ ਦੇ ਅਧਾਰ ਤੇ ਕੇਸ ਦਰਜ ਕੀਤੇ ਗਏ ਸਨ ਜੋ ਕਿ ਪੜਤਾਲ ਦੌਰਾਨ ਸਫਲ ਨਹੀਂ ਹੋ ਸਕੇ। ਪੰਜਾਬ ਪੁਲੀਸ ਨੇ 23 ਮਈ 2014 ਵਾਲੇ ਇੱਕੋ ਦਿਨ ਵੱਡੀ ਗਿਣਤੀ ਵਿਚ ਨਸ਼ਾ ਤਸਕਰੀ ਦੇ ਪੁਲੀਸ ਕੇਸ ਦਰਜ ਕੀਤੇ ਸਨ ਜੋ ਬਿਨ•ਾਂ ਸਫਲਤਾ ਤੋਂ ਹੀ ਇੱਕ ਇੱਕ ਕਰਕੇ ਝੜ ਰਹੇ ਹਨ। ਬਠਿੰਡਾ ਪੁਲੀਸ ਨੇ ਵਿਸ਼ੇਸ਼ ਮੁਹਿੰਮ ਤਹਿਤ 243 ਪੁਲੀਸ ਕੇਸ ਦਰਜ ਕੀਤੇ ਸਨ ਜਿਨ•ਾਂ ਚੋਂ 43 ਕੇਸਾਂ ਵਿਚ ਸਜ਼ਾ ਹੋਈ ਹੈ।
                       ਪੁਲੀਸ ਵਿਸ਼ੇਸ਼ ਮੁਹਿੰਮ ਵਾਲੇ 52 ਕੇਸਾਂ ਵਿਚ ਤਾਂ ਪੌਣੇ ਦੋ ਵਰਿ•ਆਂ ਮਗਰੋਂ ਵੀ ਚਲਾਨ ਪੇਸ਼ ਨਹੀਂ ਕਰ ਸਕੀ ਹੈ।ਥਾਣਾ ਫੂਲ ਵਿਚ 25 ਮਈ 2014 ਨੂੰ ਪੁਲੀਸ ਨੇ ਬਿਨ•ਾਂ ਰਿਕਵਰੀ ਤੋਂ 34 ਜਣਿਆ ਖ਼ਿਲਾਫ਼ ਕੇਸ ਦਰਜ ਕੀਤਾ ਸੀ ਜਿਸ ਵਿਚ ਹੁਣ ਪੁਲੀਸ ਨੂੰ 31 ਜੁਲਾਈ 2015 ਨੂੰ ਆਦਮਪਤਾ ਰਿਪੋਰਟ ਭਰਨੀ ਪਈ ਹੈ। ਮੌੜ ਪੁਲੀਸ ਵਲੋਂ ਇੱਕ ਦਰਜਨ ਖ਼ਿਲਾਫ਼ ਦਰਜ ਕੇਸ ਵਿਚ ਰਿਕਵਰੀ ਨਾ ਹੋਣ ਕਰਕੇ ਪੁਲੀਸ ਨੂੰ 5 ਮਈ 2015 ਨੂੰ ਅਖਰਾਜ ਰਿਪੋਰਟ ਭਰਨੀ ਪਈ ਹੈ। ਐਸ.ਪੀ (ਇਨਵੈਸਟੀਗੇਸ਼ਨ) ਬਠਿੰਡਾ ਸ੍ਰੀ ਬਿਕਰਮਜੀਤ ਸਿੰਘ ਦਾ ਕਹਿਣਾ ਸੀ ਕਿ ਉਨ•ਾਂ ਦੇ ਸਮੇਂ ਦੌਰਾਨ ਐਨ.ਡੀ.ਪੀ.ਐਸ ਦਾ ਕੋਈ ਕੇਸ ਕੈਂਸਲ ਨਹੀਂ ਹੋਇਆ ਹੈ। ਉਨ•ਾਂ ਇਹ ਵੀ ਆਖਿਆ ਕਿ ਬਿਨ•ਾਂ ਰਿਕਵਰੀ ਤੋਂ ਐਨ.ਡੀ.ਪੀ.ਐਸ ਐਕਟ ਦਾ ਕੇਸ ਦਰਜ ਹੀ ਨਹੀਂ ਹੋ ਸਕਦਾ ਹੈ। ਦੱਸਣਯੋਗ ਹੈ ਕਿ ਪੰਜਾਬ ਵਿਚ ਲੰਘੇ ਤਿੰਨ ਵਰਿ•ਆਂ ਦੌਰਾਨ ਪੰਜਾਬ ਪੁਲੀਸ ਦੇ ਕਰੀਬ 100 ਮੁਲਾਜ਼ਮ ਤੇ ਥਾਣੇਦਾਰਾਂ ਤੇ ਵੀ ਨਸ਼ਿਆਂ ਦੀ ਤਸਕਰੀ ਦੇ ਪੁਲੀਸ ਕੇਸ ਦਰਜ ਹੋਏ ਹਨ। ਪੰਜਾਬ ਦੇ ਥਾਣਿਆਂ ਵਿਚ 78 ਪੁਲੀਸ ਕੇਸ ਇਕੱਲੇ ਪੁਲੀਸ ਮੁਲਾਜ਼ਮਾਂ ਅਤੇ ਥਾਣੇਦਾਰਾਂ ਤੇ ਐਨ.ਡੀ.ਪੀ.ਐਸ ਐਕਟ ਤਹਿਤ ਦਰਜ ਹੋਏ ਹਨ।
                                          ਕੇਸਾਂ ਦਾ ਕੋਈ ਅਧਾਰ ਨਹੀਂ ਸੀ : ਰਾਜੇਸ਼ ਸ਼ਰਮਾ
ਫੌਜਦਾਰੀ ਕੇਸਾਂ ਦੇ ਸੀਨੀਅਰ ਐਡਵੋਕੇਟ ਸ੍ਰੀ ਰਾਜੇਸ਼ ਸ਼ਰਮਾ ਦਾ ਕਹਿਣਾ ਸੀ ਕਿ ਪੁਲੀਸ ਨੇ ਆਪਣੀ ਪ੍ਰਾਪਤੀ ਦਿਖਾਉਣ ਖਾਤਰ ਮਹਿਜ ਜੋ ਬਿਨ•ਾਂ ਰਿਕਵਰੀ ਤੋਂ ਕੇਸ ਦਰਜ ਕੀਤੇ ਸਨ, ਉਨ•ਾਂ ਨੇ ਅਖੀਰ ਰੱਦ ਹੀ ਹੋਣਾ ਸੀ ਕਿਉਂਕਿ ਨਸ਼ੀਲੇ ਪਦਾਰਥ ਦੀ ਬਰਾਮਦਗੀ ਤੋਂ ਬਿਨ•ਾਂ ਕੇਸ ਦਾ ਕੋਈ ਅਧਾਰ ਨਹੀਂ ਰਹਿ ਜਾਂਦਾ।
        

No comments:

Post a Comment