Sunday, April 3, 2016

                                                                   ਸੁਖਬੀਰ ਦੀ ਬੇਨਤੀ
                      ਮਗਰੋਂ ਮੱਥਾ ਟੇਕਿਓ, ਰੈਲੀ ਚ ਪਹਿਲਾਂ ਆਇਓ
                                                                      ਚਰਨਜੀਤ ਭੁੱਲਰ
ਬਠਿੰਡਾ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ  ਅੱਜ ਇੱਥੇ ਵਿਸਾਖੀ ਕਾਨਫਰੰਸ ਤੋਂ ਫਿਕਰਮੰਦ ਨਜ਼ਰ ਆਏ। ਉਨ•ਾਂ ਨੇ ਇੱਥੇ ਵਰਕਰਾਂ ਨੂੰ ਦੋ ਟੁੱਕ ਲਫਜ਼ਾਂ ਵਿਚ ਹਦਾਇਤ ਕੀਤੀ ਕਿ ਉਹ ਵਿਸਾਖੀ ਮੇਲੇ ਤੇ ਪਹਿਲਾਂ ਅਕਾਲੀ ਕਾਨਫਰੰਸ ਦੀ ਸ਼ੋਭਾ ਵਧਾਉਣ, ਮੱਥਾ ਮਗਰੋਂ ਟੇਕਣ। ਸੁਖਬੀਰ ਬਾਦਲ ਨੇ ਝੋਰੇ ਵਿਚ ਇੱਥੋਂ ਤੱਕ ਆਖ ਦਿੱਤਾ ਕਿ ਹਰ ਵਰਕਰ ਤੇ ਲੀਡਰ ਅਕਾਲੀ ਕਾਨਫਰੰਸ ਵਿਚ ਆਖਰੀ ਬੁਲਾਰੇ ਤੱਕ ਨੂੰ ਸੁਣੇ, ਉਸ ਮਗਰੋਂ ਵਿਸਾਖੀ ਮੇਲੇ ਵਿਚ ਇਸ਼ਨਾਨ ਕਰਨ ਲਈ ਜਾਵੇ। ਅਕਾਲੀ ਪ੍ਰਧਾਨ ਦੀ ਬੇਵੱਸੀ ਅੱਜ ਇੱਥੇ ਵਿਸਾਖੀ ਕਾਨਫਰੰਸ ਦੀ ਤਿਆਰੀ ਲਈ ਰੱਖੀ ਮਾਲਵੇ ਦੇ ਵਰਕਰਾਂ ਦੀ ਮੀਟਿੰਗ ਵਿਚ ਸਾਫ ਝਲਕ ਰਹੀ ਸੀ। ਮਾਘੀ ਕਾਨਫਰੰਸ ਦੀ ਖੁਸ਼ਕੀ ਦਾ ਮਲਾਲ ਵੀ ਬਾਦਲ ਦੇ ਚਿਹਰੇ ਤੋਂ ਸਾਫ ਦਿੱਖ ਰਿਹਾ ਸੀ। ਸੁਖਬੀਰ ਬਾਦਲ ਨੇ ਇੱਥੋਂ ਦੇ ਜੀਤ ਪੈਲੇਸ ਵਿਚ ਵਰਕਰਾਂ ਨੂੰ ਠੀਕ ਅੱਠ ਮਿੰਟ ਸੰਬੋਧਨ ਕੀਤਾ। ਉਨ•ਾਂ ਦਾ ਮੁੱਖ ਫੋਕਸ ਸੀ ਕਿ ਵਿਸਾਖੀ ਕਾਨਫਰੰਸ ਵਿਚ ਹਰ ਵਰਕਰ ਪੁੱਜੇ ਅਤੇ ਇੱਧਰ ਉਧਰ ਨਾ ਭਟਕੇ। ਪਾਰਟੀ ਪ੍ਰਧਾਨ ਨੇ ਆਖਿਆ ਕਿ ਮਾਘੀ ਮੇਲੇ ਤੇ ਅਕਾਲੀ ਕਾਨਫਰੰਸ ਲਈ ਵੱਡੀ ਗਿਣਤੀ ਵਿਚ ਲੋਕ ਆਏ ਸਨ ਪ੍ਰੰਤੂ ਉਹ ਇਸ਼ਨਾਨ ਕਰਨ ਚਲੇ ਗਏ ਸਨ। ਜਦੋਂ ਇਸ਼ਨਾਨ ਕਰਕੇ ਵਾਪਸ ਪਰਤੇ ਤਾਂ ਉਦੋਂ ਤੱਕ ਅਕਾਲੀ ਕਾਨਫਰੰਸ ਖਤਮ ਹੋ ਚੁੱਕੀ ਸੀ।
                    ਬਾਦਲ ਨੇ ਇਸ ਇਸ਼ਾਰੇ ਬਹਾਨੇ ਵਰਕਰਾਂ ਨੂੰ ਸੰਕੇਤ ਦਿੱਤਾ ਕਿ ਉਹ ਵਿਸਾਖੀ ਮੇਲੇ ਤੇ ਮਾਘੀ ਕਾਨਫਰੰਸ ਨੂੰ ਨਾ ਦੁਹਰਾਉਣ। ਬਾਦਲ ਨੇ ਆਖਿਆ ਕਿ ਹਰ ਵਰਕਰ ਤੇ ਆਗੂ ਵਿਸਾਖੀ ਕਾਨਫਰੰਸ ਵਿਚ 10 ਵਜੇ ਤੋਂ ਪਹਿਲਾਂ ਹੀ ਆ ਕੇ ਬੈਠ ਜਾਵੇ ਕਿਉਂਕਿ ਮਰਗੋਂ ਭੀੜ ਮੇਲੇ ਵਿਚ ਜਿਆਦਾ ਵੱਧ ਜਾਣੀ ਹੈ। ਸੁਖਬੀਰ ਬਾਦਲ ਨੇ ਪਹਿਲੀ ਤਿਆਰੀ ਮੀਟਿੰਗ ਵਿਚ ਪਾਰਟੀ ਆਗੂਆਂ ਤੇ ਵਰਕਰਾਂ ਨੂੰ ਇੱਕ ਗੱਲ ਇਹ ਵੀ ਆਖੀ ਕਿ ਉਹ ਪਿੰਡਾਂ ਚੋਂ ਲੋਕਾਂ ਨੂੰ ਸਹੁੰ ਖੁਆ ਕੇ ਲਿਆਉਣ ਕਿ ਉਹ ਵਿਸਾਖੀ ਮੇਲੇ ਵਿਚ ਇੱਧਰ ਉਧਰ ਨਹੀਂ ਭਟਕਣਗੇ। ਭਾਵੇਂ ਸੁਖਬੀਰ ਬਾਦਲ ਨੇ ਆਮ ਆਦਮੀ ਪਾਰਟੀ ਦਾ ਨਾਮ ਨਹੀਂ ਲਿਆ ਪ੍ਰੰਤੂ ਉਨ•ਾਂ ਦਾ ਵਰਕਰਾਂ ਨੂੰ ਇੱਧਰ ਉਧਰ ਭਟਕਣ ਦੀ ਗੱਲ ਵਾਰ ਵਾਰ ਕਹਿਣਾ ਸਪੱਸ਼ਟ ਇਸ਼ਾਰਾ ਜਰੂਰ ਸੀ। ਉਨ•ਾਂ ਇਹ ਵੀ ਆਖਿਆ ਕਿ ਵਿਸਾਖੀ ਤੇ ਅਕਾਲੀ ਕਾਨਫਰੰਸ ਵਿਚ ਜਦੋਂ ਤੱਕ ਆਖਰੀ ਬੁਲਾਰਾ (ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ) ਆਪਣਾ ਭਾਸ਼ਨ ਸਮਾਪਤ ਨਹੀਂ ਕਰ ਲੈਂਦਾ, ਹਰ ਵਰਕਰ ਰੈਲੀ ਵਿਚ ਉਨ•ਾਂ ਸਮਾਂ ਬੈਠਾ ਰਹੇ। ਸੁਖਬੀਰ ਦੀ ਵਾਰ ਵਾਰ ਅਪੀਲ ਤੋਂ ਇੰਜ ਜਾਪਦਾ ਸੀ ਕਿ ਜਿਵੇਂ ਉਨ•ਾਂ ਨੂੰ ਵਿਸਾਖੀ ਕਾਨਫਰੰਸ ਦਾ ਡਰ ਵੀ ਸਤਾ ਰਿਹਾ ਹੋਵੇ।
                   ਪਾਰਟੀ ਪ੍ਰਧਾਨ ਅੱਜ ਕਾਫ਼ੀ ਕਾਹਲ ਵਿਚ ਦਿਖ ਰਹੇ ਸਨ ਅਤੇ ਉਨ•ਾਂ ਤਿਆਰੀ ਮੀਟਿੰਗ ਵਿਚ ਆਉਂਦੇ ਹੀ ਆਪਣਾ ਭਾਸ਼ਨ ਦਿੱਤਾ। ਇਸ ਮੌਕੇ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਸਿਕੰਦਰ ਸਿੰਘ ਮਲੂਕਾ, ਮੁੱਖ ਸੰਸਦੀ ਸਕੱਤਰ ਮਨਤਾਰ ਸਿੰਘ ਬਰਾੜ ਅਤੇ ਸਰੂਪ ਚੰਦ ਸਿੰਗਲਾ, ਸਾਬਕਾ ਐਮ.ਪੀ ਪਰਮਜੀਤ ਕੌਰ ਗੁਲਸ਼ਨ ਅਤੇ ਵਿਧਾਇਕ ਦੀਪ ਮਲਹੋਤਰਾ ਆਦਿ ਵੀ ਮੌਜੂਦ ਸਨ। ਸੁਖਬੀਰ ਬਾਦਲ ਨੇ ਮੀਡੀਏ ਨਾਲ ਗੱਲਬਾਤ ਦੌਰਾਨ ਆਖਿਆ ਕਿ ਅਕਾਲੀ ਦਲ ਹੁਣ ਮੱਧ ਪ੍ਰਦੇਸ਼ ਵਿਚ ਭੁੱਕੀ ਦੀ ਖੇਤੀ ਬੰਦ ਕਰਾਉਣ ਲਈ ਸੁਪਰੀਮ ਕੋਰਟ ਜਾਏਗਾ। ਉਨ•ਾਂ ਤਾਜ਼ਾ ਆਏ ਸਰਵੇਖਣਾਂ ਤੇ ਪ੍ਰਤੀਕਰਮ ਕੀਤਾ ਕਿ ਇਹ ਸਪੌਂਸ਼ਰਡ ਸਰਵੇ ਹਨ ਅਤੇ ਕੋਰਾ ਝੂਠ ਹਨ। ਉਨ•ਾਂ ਆਖਿਆ ਕਿ ਅਗਾਮੀ ਚੋਣਾਂ ਵਿਚ ਪਾਰਟੀ ਵਲੋਂ ਨਵੇਂ ਚਿਹਰੇ ਮੈਦਾਨ ਵਿਚ ਉਤਾਰੇ ਜਾਣਗੇ।
                                         ਵਿਸਕੀ ਵਿਦ ਕੈਪਟਨ ਨਾਮ ਰੱਖੋ
ਸੁਖਬੀਰ ਬਾਦਲ ਨੇ ਕੌਫੀ ਵਿਟ ਕੈਪਟਨ ਤੇ ਟਿੱਪਣੀ ਕੀਤੀ ਕਿ ਕਾਂਗਰਸ ਨੂੰ ਇਸ ਦਾ ਨਾਮ ਵਿਸਕੀ ਵਿਦ ਕੈਪਟਨ ਰੱਖਣਾ ਚਾਹੀਦਾ ਸੀ। ਉਨ•ਾਂ ਆਖਿਆ ਕਿ ਵਿਦੇਸ਼ੀ ਖਾਤਿਆਂ ਨੇ ਕੈਪਟਨ ਪਰਿਵਾਰ ਦਾ ਸੱਚ ਸਾਹਮਣੇ ਲਿਆਂਦਾ ਹੈ। ਸੁਖਬੀਰ ਨੇ ਮੁੱਖ ਸੰਸਦੀ ਸਕੱਤਰ ਨਵਜੋਤ ਕੌਰ ਸਿੱਧੂ ਦੇ ਅਸਤੀਫ਼ੇ ਤੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ।

No comments:

Post a Comment