Thursday, June 9, 2016

                                  ਕਿਸਾਨ ਮੋਰਚਾ 
                    ਸਾਨੂੰ ਕੀ ਪਤਾ ਪਹਾੜਾਂ ਦਾ !
                                 ਚਰਨਜੀਤ ਭੁੱਲਰ
ਬਠਿੰਡਾ : ਬਠਿੰਡਾ ਦੇ ਕਿਸਾਨ ਮੋਰਚਾ ਵਿਚ ਕੁੱਦੀਆਂ ਜਿੰਦਾਂ ਤਾਂ ਨਿੱਕੀਆਂ ਹਨ ਪ੍ਰੰਤੂ ਉਨ•ਾਂ ਦੇ ਦੁੱਖ ਪਹਾੜ ਜੇਡੇ ਹਨ। ਔਖ ਦੀ ਘੜੀ ਵਿਚ ਮਾਪਿਆਂ ਦੀ ਬਾਂਹ ਬਣਨ ਲਈ ਸਕੂਲੀ ਬੱਚੇ ਵੀ ਕਿਸਾਨ ਮੋਰਚੇ ਵਿਚ ਡਟੇ ਹਨ। ਭਾਵੇਂ ਇਨ•ਾਂ ਬੱਚਿਆਂ ਦੀ ਗਿਣਤੀ ਵੱਡੀ ਨਹੀਂ ਲੇਕਿਨ ਇਨ•ਾਂ ਦਾ ਜਜ਼ਬਾ ਵੱਡਾ ਹੈ। ਜਦੋਂ ਸ਼ਹਿਰੀ ਬੱਚੇ ਇਨ•ਾਂ ਦਿਨਾਂ ਵਿਚ ਛੁੱਟੀਆਂ ਮਨਾਉਣ ਲਈ ਪਹਾੜਾਂ ਦੀ ਸੈਰ ਤੇ ਹਨ ਤਾਂ ਠੀਕ ਉਸੇ ਵੇਲੇ ਕਿਸਾਨ ਪਰਿਵਾਰਾਂ ਦੇ ਇਹ ਬੱਚੇ ਅੱਤ ਦੀ ਗਰਮੀ ਵਿਚ ਮਾਪਿਆਂ ਨਾਲ ਮੋਰਚੇ ਵਿਚ ਬੈਠੇ ਹਨ। ਇਨ•ਾਂ ਦੀ ਜ਼ਿੰਦਗੀ ਦੇ ਹਿੱਸੇ ਕੋਈ ਪਹਾੜ ਨਹੀਂ ਆਇਆ। ਵਿਰਲਾਪਾਂ ਤੇ ਨਾਅਰਿਆਂ ਵਿਚ ਹੀ ਇਨ•ਾਂ ਦੀ ਸੁਰਤ ਸੰਭਲੀ ਹੈ। ਇਨ•ਾਂ ਦੇ ਨਾਨਕੇ ਜਾਣ ਦੇ ਚਾਅ ਵੀ ਹੁਣ ਖੇਤੀ ਸੰਕਟਾਂ ਨੇ ਦਾਅ ਤੇ ਲਾ ਦਿੱਤੇ ਹਨ। ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਵਲੋਂ ਇੱਥੋਂ ਦੇ ਮਿੰਨੀ ਸਕੱਤਰੇਤ ਦੇ ਅੱਗੇ ਲਾਇਆ ਕਿਸਾਨ ਮੋਰਚਾ ਅੱਜ 15 ਵੇਂ ਦਿਨ ਵਿਚ ਦਾਖਲ ਹੋ ਚੁੱਕਾ ਹੈ। ਫਰੀਦਕੋਟ ਦੇ ਪਿੰਡ ਮੋਰਾਂਵਾਲੀ ਦਾ ਇੱਕ ਅੰਮ੍ਰਿਤਧਾਰੀ ਬੱਚਾ ਸਰਕਾਰ ਦੀ ਰਮਜ਼ ਵੀ ਸਮਝ ਰਿਹਾ ਸੀ ਅਤੇ ਕਿਸਾਨ ਮੋਰਚੇ ਵਿਚ ਵੱਜਦੇ ਨਾਅਰਿਆਂ ਦੇ ਮਾਹਣੇ ਵੀ। ਇਸ ਦੇ ਮਾਪਿਆਂ ਕੋਲ ਜ਼ਮੀਨ ਤਾਂ ਹੈ ਪ੍ਰੰਤੂ ਮਾਲ ਮਹਿਕਮੇ ਦੇ ਰਿਕਾਰਡ ਚੋਂ ਮਾਪੇ ਬੇਦਖ਼ਲ ਹੋ ਚੁੱਕੇ ਹਨ। ਅੱਠਵੀਂ ਕਲਾਸ ਵਿਚ ਪੜ•ਦੇ ਇਸ ਬੱਚੇ ਦੇ ਮਾਪਿਆਂ ਨੂੰ ਕਦੋਂ ਪੈਲੀ ਤੋਂ ਵਿਰਵਾ ਹੋਣਾ ਪੈ ਜਾਵੇ, ਇਹੋ ਫਿਕਰ ਵੱਡਾ ਹੈ। ਉਸ ਦਾ ਕਹਿਣਾ ਸੀ ਕਿ ਉਨ•ਾਂ ਨੂੰ ਖੇਤ ਖੁੱਸਣ ਦਾ ਡਰ ਹੈ, ਪਹਾੜਾਂ ਦੀ ਸੈਰ ਦਾ ਚੇਤਾ ਕਿਥੋਂ।
                    ਪਿੰਡ ਮੌੜ ਚੜਤ ਸਿੰਘ ਵਾਲਾ ਦਾ ਰਾਜਕਪੂਰ ਸਿੰਘ ਦਿਨ ਵਕਤ ਮੋਰਚੇ ਵਿਚ ਸੰਘਰਸ਼ਾਂ ਦਾ ਹਾਣੀ ਬਣਦਾ ਹੈ ਤੇ ਸ਼ਾਮ ਵਕਤ ਕਿਸਾਨ ਮੋਰਚੇ ਵਾਲੀ ਥਾਂ ਤੇ ਬੈਠ ਕੇ ਆਪਣਾ ਛੁੱਟੀਆਂ ਦਾ ਕੰਮ ਨਿਬੇੜਦਾ ਹੈ। ਮਾਪਿਆਂ ਦਾ ਦਿਨ ਚੰਗਾ ਚੜ•ੇ, ਇਸੇ ਕਰਕੇ ਇਹ ਬੱਚਾ ਤਿੰਨ ਰਾਤਾਂ ਮੋਰਚੇ ਵਿਚ ਕੱਟ ਚੁੱਕਾ ਹੈ। ਪਿੰਡ ਵਾੜਾ ਭਾਈ ਤੋਂ ਦੋ ਸਕੀਆਂ ਭੈਣਾਂ ਵੀ ਅੱਜ ਮੋਰਚੇ ਵਿਚ ਡਟੀਆਂ। ਨੌਵੀਂ ਕਲਾਸ ਵਿਚ ਪੜ•ਦੀ ਹੇਮੰਤ ਦੀ ਹਿੰਮਤ ਵੇਖਣ ਵਾਲੀ ਸੀ। ਉਸ ਨੇ ਹਰ ਕਿਸਾਨ ਸੰਘਰਸ਼ ਵਿਚ ਪਹਿਰਾ ਦਿੱਤਾ ਹੈ। ਉਸ ਦੀ ਛੋਟੀ ਭੈਣ ਪ੍ਰਤੀਕ ਵੀ ਉਸ ਦੇ ਨਾਲ ਸੀ। ਇਨ•ਾਂ ਭੈਣਾਂ ਨੇ ਕਿਸਾਨ ਮੋਰਚੇ ਵਿਚ ਗੀਤ ਗਾ ਕੇ ਕਿਸਾਨ ਪਰਿਵਾਰਾਂ ਦੇ ਦੁੱਖਾਂ ਦੀ ਦਾਸਤਾ ਸੁਣਾਈ। ਉਨ•ਾਂ ਦੱਸ ਦਿੱਤਾ ਕਿ ਹੁਣ ਖੇਤ ਬਚਾਉਣ ਲਈ ਘਰ ਛੱਡਣੇ ਪੈਣੇ ਹਨ। ਇਨ•ਾਂ ਬੱਚੀਆਂ ਨੇ ਦੱਸਿਆ ਕਿ ਕਿਸਾਨੀ ਦੇ ਇਸ ਸੰਕਟ ਦੇ ਅੱਗੇ ਪਹਾੜ ਛੋਟੇ ਹਨ। ਆਪਣੇ ਦਾਦੇ ਨਾਲ ਆਇਆ ਹਰਮਨਦੀਪ ਛੇਵੀਂ ਕਲਾਸ ਵਿਚ ਪੜ•ਦਾ ਹੈ। ਉਸ ਨੇ ਛੁੱਟੀਆਂ ਨੂੰ ਕਿਸਾਨ ਮੋਰਚੇ ਦੇ ਲੇਖੇ ਲਾ ਦਿੱਤਾ ਹੈ। ਸਕੂਲੀ ਕੰਮ ਨਾਲੋਂ ਉਸ ਨੇ ਸੰਘਰਸ਼ ਵਿਚ ਪੈਰ ਰੱਖਣ ਨੂੰ ਪਹਿਲ ਦਿੱਤੀ ਹੈ। ਭਾਵੇਂ ਇਨ•ਾਂ ਬੱਚਿਆਂ ਨੂੰ ਸੰਘਰਸ਼ਾਂ ਦੇ ਮਾਹਣੇ ਸਮਝ ਵਿਚ ਨਹੀਂ ਸਨ ਪ੍ਰੰਤੂ ਉਹ ਆਪਣੇ ਭਵਿੱਖ ਨੂੰ ਮੋਰਚੇ ਦੀ ਖਿੜਕੀ ਚੋਂ ਵੇਖ ਰਹੇ ਸਨ। ਇਵੇਂ ਹੀ ਇੱਕ ਹੋਰ ਨੌਵੀਂ ਕਲਾਸ ਦਾ ਬੱਚਾ ਬੇਅੰਤ ਵੀ ਮੋਰਚੇ ਵਿਚ ਆਪਣੀ ਹਾਜ਼ਰੀ ਲਾ ਰਿਹਾ ਸੀ।
                 ਮੋਗਾ ਦੇ ਪਿੰਡ ਮੀਨੀਆ ਦੀ ਤੀਸਰੀ ਕਲਾਸ ਵਿਚ ਪੜ•ਦੀ ਬੱਚੀ ਮਨਪ੍ਰੀਤ ਕੌਰ ਆਪਣੀ ਮਾਂ ਨਾਲ ਕਿਸਾਨ ਮੋਰਚੇ ਵਿਚ ਪੁੱਜੀ ਹੋਈ ਸੀ। ਇਨ•ਾਂ ਬੱਚਿਆਂ ਦੇ ਅਣਭੋਲ ਚਿਹਰਿਆਂ ਤੋਂ ਜਾਪਦਾ ਸੀ ਕਿ ਹੁਣ ਦਿੱਲੀ ਦੂਰ ਨਹੀਂ। ਕਿਸਾਨ ਆਗੂ ਜਸਵੀਰ ਸਿੰਘ ਬੁਰਜ ਸੇਮਾ ਦਾ ਕਹਿਣ ਸੀ ਕਿ ਸਕੂਲੀ ਬੱਚਿਆਂ ਦੀ ਗਿਣਤੀ ਰੋਜ਼ਾਨਾ ਹੁੰਦੀ ਹੈ ਅਤੇ ਬਹੁਤੇ ਬੱਚੇ ਆਪਣੇ ਮਾਪਿਆਂ ਨਾਲ ਆਉਂਦੇ ਹਨ। ਅੱਜ ਕਿਸਾਨ ਮੋਰਚੇ ਵਿਚ ਮਹਿਲਾ ਆਗੂ ਹਰਵਿੰਦਰ ਕੌਰ ਬਿੰਦੂ ਅਤੇ ਪਰਮਜੀਤ ਕੌਰ ਪਿਥੋ ਨੇ ਆਖਿਆ ਕਿ ਕਿਸਾਨੀ ਸੰਕਟ ਦਾ ਸਭ ਤੋਂ ਵੱਧ ਸੰਤਾਪ ਪੇਂਡੂ ਔਰਤਾਂ ਨੂੰ ਭੋਗਣਾ ਪੈ ਰਿਹਾ ਹੈ ਜਿਨ•ਾਂ ਦੇ ਅਰਮਾਨ ਖੇਤਾਂ ਦੇ ਸੇਕ ਨੇ ਝੁਲਸ ਦਿੱਤੇ ਹਨ। ਘਰਾਂ ਦੇ ਚੁੱਲ•ੇ ਚੌਂਕੇ ਚੱਲਦੇ ਰੱਖਣ ਲਈ ਕੰਨਾਂ ਦੇ ਗਹਿਣੇ ਵੀ ਵਿਕ ਗਏ। ਮਹਿਲਾ ਆਗੂਆਂ ਨੇ ਔਰਤਾਂ ਨੂੰ ਅਪੀਲ ਕੀਤੀ ਕਿ ਉਹ ਕਿਸਾਨ ਸੰਘਰਸ਼ਾਂ ਦਾ ਮੋਢਾ ਨਹੀਂ ,ਸਿਰ ਬਣਨ। ਯੂਨੀਅਨ ਦੇ ਸੂਬਾ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ  ਅਤੇ ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ ਨੇ ਕਿਸਾਨੀ ਮਸਲੇ ਰੱਖੇ। ਉਨ•ਾਂ ਆਖਿਆ ਕਿ ਮੋਰਚੇ ਦਾ ਵੱਧ ਰਿਹਾ ਪਾਰਾ ਜਲਦੀ ਹੀ ਸਰਕਾਰ ਨੂੰ ਸੇਕ ਲਾਏਗਾ। ਮੋਰਚੇ ਦੇ ਇਕੱਠ ਨੂੰ ਸਿੰਗਾਰਾ ਸਿੰਘ ਮਾਨ,ਅਮਰਜੀਤ ਸਿੰਘ ਸੈਦੋਕੇ,ਗੁਰਮੀਤ ਸਿੰਘ ਕ੍ਰਿਸ਼ਨਪੁਰਾ, ਗੁਰਾਦਿੱਤਾ ਸਿੰਘ ਭਾਗਸਰ,ਗੁਰਪਾਸ ਸਿੰਘ ਸਿੰਘੇਵਾਲਾ,ਹਰਬੰਸ ਸਿੰਘ ਕੋਟਲੀ,ਅਜੀਤ ਸਿੰਘ ਅਤੇ ਸੁਖਦੀਪ ਸਿੰਘ ਨੇ ਸੰਬੋਧਨ ਕੀਤਾ।
       

1 comment:

  1. ਕੋਈ ਪੰਜਾਬੀJune 17, 2016 at 5:20 AM

    ਤੁਸੀਂ ਲਿਖਦੇ ਰਹੋ ਜੀ!

    ਕੋਈ ਤਾਂ ਰਾਹੀ, ਕਦੇ, ਇਸ ਧਰਤੀ ਦੇ ਕਿਸੇ ਸਿਰੇ ਤੇ ਬੈਠਾ ਕਦੇ ਪੜਦਾ ਹੋਵੇਗਾ...

    ਵਹਿਗੁਰੂ ਭਲਾ ਕਰੇ, ਪੰਜਾਬ ਦੀ ਚੜਦੀ ਕਲਾ ਹੋਵੇ ਜੀ

    ReplyDelete