Friday, June 3, 2016

                                  ਨੌਕਰੀ ਘੁਟਾਲਾ
           ‘ਡੱਡ ਟਪੂਸੀਆਂ’ ਅੱਗੇ ਵਿਜੀਲੈਂਸ ਫੇਲ
                                   ਚਰਨਜੀਤ ਭੁੱਲਰ
ਬਠਿੰਡਾ :  ਮਲੋਟ ਦਾ ਅਕਾਲੀ ਕੌਂਸਲਰ ਸ਼ਾਮ ਲਾਲ ਗੁਪਤਾ ਉਰਫ ਡੱਡੀ ਹੁਣ ਪੰਜਾਬ ਸਰਕਾਰ ਦੇ ਗਲੇ ਦੀ ਹੱਡੀ ਬਣ ਗਿਆ ਹੈ ਜਿਸ ਨੇ ਨੌਕਰੀ ਘੁਟਾਲੇ ਵਿਚ ਹੱਥ ਰੰਗੇ ਹਨ। ਵਿਜੀਲੈਂਸ ਨੇ ਫਰਾਰ ਕੌਂਸਲਰ ਡੱਡੀ ਦੀ ਪੈੜ ਨੱਪਣ ਲਈ ਸੂਹੀਏ ਤਾਇਨਾਤ ਕਰ ਦਿੱਤੇ ਹਨ। ਵਿਜੀਲੈਂਸ ਨੂੰ ਸੂਹ ਮਿਲੀ ਹੈ ਕਿ ਡੱਡੀ ਨੇ ਕੁਝ ਦਿਨ ਪਹਿਲਾਂ ਆਪਣੇ ਘਰ ਤੋਂ ਆਪਣਾ ਪਾਸਪੋਰਟ ਮੰਗਵਾ ਲਿਆ ਹੈ ਤੇ ਉਹ ਵਿਦੇਸ਼ ਭੱਜਣ ਦੀ ਤਾਕ ਵਿਚ ਵੀ ਹੋ ਸਕਦਾ ਹੈ। ਮਾਲਵਾ ਖ਼ਿੱਤੇ ਦੇ ਅੱਧੀ ਦਰਜਨ ਉਹ ਉਮੀਦਵਾਰ ਵੀ ਆਪਣੇ ਘਰਾਂ ਤੋਂ ਫਰਾਰ ਹਨ ਜਿਨ•ਾਂ ਨੇ ਵੱਢੀ ਦੇ ਕੇ ਨੌਕਰੀ ਹਾਸਲ ਕੀਤੀ ਹੈ। ਵਿਜੀਲੈਂਸ ਨੇ ਇਨ•ਾਂ ਦੇ ਪਿਛੇ ਵੀ ਸੂਹੀਏ ਲਾਏ ਹਨ ਅਹਿਮ ਵੇਰਵਿਆਂ ਅਨੁਸਾਰ ਵਿਜੀਲੈਂਸ ਨੇ ਬਠਿੰਡਾ ਦੇ ਇੱਕ ਅਕਾਲੀ ਨੇਤਾ ਦੇ ਲੜਕੇ ਨੂੰ ਵੀ ਚੰਡੀਗੜ• ਬੁਲਾ ਕੇ ਪੁੱਛ ਗਿੱਛ ਕੀਤੀ ਹੈ ਜਿਸ ਨੂੰ ਸਰਕਾਰੀ ਨੌਕਰੀ ਮਿਲੀ ਹੈ। ਵਿਜੀਲੈਂਸ ਨੇ ਨੌਕਰੀ ਘੁਟਾਲੇ ਦੇ ਸਬੰਧ ਵਿਚ ਤਿੰਨ ਕੇਸ ਦਰਜ ਕੀਤੇ ਹਨ ਜਿਨ•ਾਂ ਵਿਚ ਮਲੋਟ ਦੇ ਕੌਂਸਲਰ ਡੱਡੀ ਦਾ ਨਾਮ ਵੀ ਹੈ। ਜਨ ਸਿਹਤ ਵਿਭਾਗ ਵਿਚ ਕਲਰਕ ਵਜੋਂ ਤਾਇਨਾਤ ਅਮਿਤ ਸਾਗਰ ਨੇ ਡੱਡੀ ਕੌਂਸਲਰ ਵਾਰੇ ਵਿਜੀਲੈਂਸ ਕੋਲ ਖੁਲਾਸਾ ਕੀਤਾ ਸੀ। ਨੌਕਰੀ ਘੁਟਾਲੇ ਵਿਚ ਇੱਕ ਅਕਾਲੀ ਨੇਤਾ ਦਾ ਨਾਮ ਵੀ ਬੋਲਦਾ ਹੈ। ਕੌਂਸਲਰ ਡੱਡੀ ਦੀ ਗ੍ਰਿਫਤਾਰੀ ਹੁੰਦੀ ਹੈ ਤਾਂ ਵਿਜੀਲੈਂਸ ਦੀ ਗੱਡੀ ਦਾ ਮੂੰਹ ਇਸ ਨੇਤਾ ਦੇ ਘਰ ਵੱਲ ਹੋ ਸਕਦਾ ਹੈ।
                   ਸੂਤਰਾਂ ਨੇ ਦੱਸਿਆ ਕਿ ਵਿਜੀਲੈਂਸ ਨੇ ਕੌਂਸਲਰ ਡੱਡੀ ਪ੍ਰਤੀ ਸੁਰ ਨਰਮ ਕਰ ਲਈ ਹੈ ਅਤੇ ਕੌਂਸਲਰ ਡੱਡੀ ਦਾ ਮਲੋਟ ਸਥਿਤ ਗੁਪਤਾ ਮਸ਼ੀਨਰੀ ਸਟੋਰ ਆਮ ਵਾਂਗ ਖੁੱਲ• ਰਿਹਾ ਹੈ। ਵਿਜੀਲੈਂਸ ਨੇ ਕੋਈ ਛਾਪੇਮਾਰੀ ਵੀ ਮੁੜ ਕੇ ਨਹੀਂ ਕੀਤੀ ਹੈ। ਸੂਤਰਾਂ ਨੇ ਏਨਾ ਜਰੂਰ ਦੱਸਿਆ ਕਿ ਡੱਡੀ ਨੂੰ ਫੜਨ ਲਈ ਸਰਕਾਰੀ ਤੇ ਪ੍ਰਾਈਵੇਟ ਸੂਹੀਏ ਲਾਏ ਗਏ ਹਨ। ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਵਲੋਂ 18 ਜੂਨ ਨੂੰ ਨੌਕਰੀ ਘੁਟਾਲੇ ਦੇ ਮਾਮਲੇ ਤੇ ਪਿੰਡ ਬਾਦਲ ਵਿਚ ਪ੍ਰਦਰਸ਼ਨ ਕਰਨ ਦਾ ਐਲਾਨ ਕਰ ਦਿੱਤਾ ਹੈ ਜਿਸ ਕਰਕੇ ਮਾਮਲਾ ਤੂਲ ਫੜ ਗਿਆ ਹੈ। ਦੱਸਣਯੋਗ ਹੈ ਕਿ ਪਨਸਪ,ਸਥਾਨਿਕ ਸਰਕਾਰਾਂ ਅਤੇ ਪੂਡਾ ਵਿਚ ਹੋਈਆਂ ਨਿਯੁਕਤੀਆਂ ਵਿਚ ਲੱਖਾਂ ਰੁਪਏ ਦੀ ਰਿਸ਼ਵਤ ਦੇ ਕੇ ਨੌਕਰੀਆਂ ਦਿੱਤੀਆਂ ਗਈਆਂ ਹਨ।ਵਿਜੀਲੈਂਸ ਨੇ ਪਨਸਪ ਵਿਚ ਰਾਮਪੁਰਾ ਵਿਖੇ ਤਾਇਨਾਤ ਇੰਸਪੈਕਟਰ ਗਰੇਡ ਵਨ ਪ੍ਰਵੀਨ ਕੁਮਾਰ ਅਤੇ ਮਲੋਟ ਵਿਖੇ ਤਾਇਨਾਤ ਇੰਦਰਜੀਤ ਸਿੰਘ ਨੂੰ ਪਹਿਲਾਂ ਹੀ ਗ੍ਰਿਫਤਾਰ ਕਰ ਲਿਆ ਹੈ। ਸੂਤਰਾਂ ਅਨੁਸਾਰ ਪਨਸਪ ਵਿਚ ਸੀਨੀਅਰ ਸਹਾਇਕ ਵਜੋਂ ਭਰਤੀ ਹੋਇਆ ਸੁਖਪ੍ਰੀਤ ਸਿੰਘ ਜੋ ਕਿ ਬਠਿੰਡਾ ਦੇ ਜੀਵੀ ਨਗਰ ਵਿਚ ਰਹਿੰਦਾ ਸੀ, ਆਪਣੇ ਘਰ ਤੋਂ ਫਰਾਰ ਹੈ। ਵਿਜੀਲੈਂਸ ਨੇ ਅਬੋਹਰ ਦੇ ਉਮੀਦਵਾਰ ਖੁਸ਼ਵੰਤ ਸਿੰਘ ਦੀ ਵੀ ਪੁੱਛ ਗਿਛ ਕੀਤੀ ਹੈ।
                  ਵਿਜੀਲੈਂਸ ਨੇ ਅਜਿਹੇ 20 ਉਮੀਦਵਾਰ ਵੀ ਸ਼ਨਾਖ਼ਤ ਕੀਤੇ ਹਨ ਜਿਨ•ਾਂ ਦੇ ਉਤਰ ਪੇਪਰ ਇੱਕੋ ਜੇਹੇ ਹਨ। ਵਿਜੀਲੈਂਸ ਲਈ ਹੁਣ ਇਸ ਨੌਕਰੀ ਘੁਟਾਲੇ ਨੂੰ ਕਿਸੇ ਤਣ ਪੱਤਣ ਲਾਉਣਾ ਇੱਕ ਪ੍ਰੀਖਿਆ ਬਣ ਗਿਆ ਹੈ ਕਿਉਂਕਿ ਇਸ ਮਾਮਲੇ ਤੇ ਵਿਰੋਧੀ ਧਿਰ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਹੈ। ਪੰਜਾਬ ਸਰਕਾਰ ਆਪਣਿਆਂ ਤੱਕ ਜਾਂਚ ਦਾ ਰੁਖ ਕਰਨਾ ਵੀ ਨਹੀਂ ਚਾਹੁੰਦੀ ਹੈ ਅਤੇ ਜਾਂਚ ਰੋਕ ਕੇ ਮਾੜਾ ਪ੍ਰਭਾਵ ਵੀ ਨਹੀਂ ਦੇਣਾ ਚਾਹੁੰਦੀ ਹੈ। ਨੌਕਰੀ ਘੁਟਾਲੇ ਵਿਚ ਹੁਣ ਨਵਾਂ ‘ਭਿਖੀ ਕੁਨੈਕਸ਼ਨ’ ਸਾਹਮਣੇ ਆਇਆ ਹੈ। ਭਿਖੀ ਦੇ ਅੱਧੀ ਦਰਜਨ ਲੋਕਾਂ ਨੂੰ ਵਿਜੀਲੈਂਸ ਚੰਡੀਗੜ• ਬੁਲਾ ਕੇ ਪੁੱਛਗਿਛ ਕਰ ਚੁੱਕੀ ਹੈ। ਭਿਖੀ ਦੇ ਸਿਹਤ ਵਿਭਾਗ ਵਿਚ ਵਾਰਡ ਅਟੈਡੈਂਟ ਭਰਤੀ ਹੋਏ ਰਣਜੀਤ ਸਿੰਘ ਅਤੇ ਇੱਕ ਹੋਰ ਵਿਅਕਤੀ ਹਤੇਸ਼ ਕੁਮਾਰ ਦੀ ਪੁੱਛ ਗਿੱਛ ਹੋ ਚੁੱਕੀ ਹੈ ਜਦੋਂ ਕਿ ਇੱਕ ਕੋਚਿੰਗ ਅਧਿਆਪਕ ਪ੍ਰਿਤਪਾਲ ਸਿੰਘ ਦੀ ਵੀ ਇਨਕੁਆਰੀ ਕੀਤੀ ਗਈ ਹੈ। ਵਿਜੀਲੈਂਸ ਨੂੰ ਭਿਖੀ ਦੇ ਇੱਕ ਪਾਈਪ ਵਿਕਰੇਤਾ ਦੀ ਵੀ ਤਲਾਸ਼ ਹੈ। ਭਿਖੀ ਦੇ ਦੋ ਵਿਅਕਤੀ ਹਾਲੇ ਤੱਕ ਵਿਜੀਲੈਂਸ ਦੇ ਹੱਥ ਨਹੀਂ ਆਏ ਹਨ। ਨਾਲ ਹੀ ਕੌਂਸਲਰ ਡੱਡੀ ਦਾ ਕੁਨੈਕਸ਼ਨ ਭਿਖੀ ਨਾਲ ਵੀ ਜੋੜ ਕੇ ਵਿਜੀਲੈਂਸ ਦੇਖ ਰਹੀ ਹੈ।
                     ਦੱਸਣਯੋਗ ਹੈ ਕਿ ਵਿਜੀਲੈਂਸ ਵਲੋਂ ਨੌਕਰੀ ਘੁਟਾਲੇ ਵਿਚ ਫੜਿਆ ਅਮਿਤ ਸਾਗਰ ਇਸ ਵੇਲੇ ਨਾਭਾ ਜੇਲ• ਵਿਚ ਬੰਦ ਹੈ ਜੋ ਘੁਟਾਲੇ ਦੀ ਅਹਿਮ ਕੜੀ ਹੈ। ਵਿਜੀਲੈਂਸ ਅਧਿਕਾਰੀਆਂ ਨੇ ਜੇਲ• ਵਿਚ ਵੀ ਇਸ ਤੋਂ ਪੁੱਛਗਿੱਛ ਕੀਤੀ ਹੈ। ਮਲੋਟ ਸ਼ਹਿਰ ਵਿਚ ਅਮਿਤ ਸਾਗਰ ਪਿਛਲੇ ਕਾਫੀ ਸਮੇਂ ਤੋਂ ਕੌਂਸਲਰ ਡੱਡੀ ਦੇ ਪੀ.ਏ ਵਜੋਂ ਵਿਚਰ ਰਿਹਾ ਸੀ। ਵਿਜੀਲੈਂਸ ਸੂਤਰਾਂ ਨੇ ਦੱਸਿਆ ਕਿ ਅਮਿਤ ਸਾਗਰ ਗ੍ਰਿਫਤਾਰੀ ਤੋਂ ਮਗਰੋਂ ਬੇਹੋਸ਼ ਹੋ ਗਿਆ ਸੀ ਜਿਸ ਨੂੰ ਫੌਰੀ ਹਸਪਤਾਲ ਦਾਖਲ ਕਰਾਇਆ। ਇਸੇ ਦੌਰਾਨ ਹੀ ਅਮਿਤ ਸਾਗਰ ਨੂੰ ਜੇਲ• ਭੇਜਣਾ ਵਿਜੀਲੈਂਸ ਦੀ ਮਜਬੂਰੀ ਹੀ ਬਣ ਗਿਆ ਸੀ। ਹੁਣ ਦੇਖਣਾ ਇਹ ਹੈ ਕਿ ਕੌਂਸਲਰ ਡੱਡੀ ਪ੍ਰਤੀ ਸਰਕਾਰ ਨਵਾਂ ਪੈਂਤੜਾ ਕੀ ਲੈਂਦੀ ਹੈ, ਉਸ ਤੋਂ ਹੀ ਸਰਕਾਰ ਦੀ ਸੁਹਿਰਦਤਾ ਦਾ ਪਤਾ ਲੱਗੇਗਾ।
                                         ਮੈਂ ਡੱਡੀ ਨੂੰ ਨਹੀਂ ਜਾਣਦਾ : ਢਿਲੋਂ
ਵਜ਼ੀਰ ਸ਼ਰਨਜੀਤ ਸਿੰਘ ਢਿਲੋਂ ਦਾ ਕਹਿਣਾ ਸੀ ਕਿ ਉਨ•ਾਂ ਨੇ ਇੱਕ ਸਾਲ ਪਹਿਲਾਂ ਮਹਿਕਮੇ ਦੇ ਇੱਕ ਸਮਾਗਮ ਮੌਕੇ ਜਥੇਦਾਰ ਕੋਲਿਆਂ ਵਾਲੀ ਦੀ ਰਿਹਾਇਸ਼ ਤੇ ਲੰਚ ਕੀਤਾ ਸੀ ਅਤੇ ਉਦੋਂ ਬਾਕੀ ਲੋਕਾਂ ਦੀ ਤਰ•ਾਂ ਇਸ ਕੌਂਸਲਰ ਨੇ ਵੀ ਤਸਵੀਰਾਂ ਕਰਾਈਆਂ ਹੋਣਗੀਆਂ। ਉਨ•ਾਂ ਆਖਿਆ ਕਿ ਉਹ ਤਾਂ ਕੌਂਸਲਰ ਸ਼ਾਮ ਨਾਲ ਜਾਣਦੇ ਹੀ ਨਹੀਂ ਹਨ।  

No comments:

Post a Comment