Monday, February 20, 2017

                                  ਨੋਟਾਂ ਵਾਲੇ ਟਰੱਕ
                   ਏਹ ਭੇਤ ਤਾਂ ਨਹੀਂ ਦੱਸ ਸਕਦੇ...
                                   ਚਰਨਜੀਤ ਭੁੱਲਰ
ਬਠਿੰਡਾ : ਪ੍ਰਧਾਨ ਮੰਤਰੀ ਦਫ਼ਤਰ ਨੇ 'ਮੋਦੀ ਤੇ ਬਾਦਲ' ਦੀ ਸਰਕਾਰੀ ਮਿਲਣੀ ਦਾ ਭੇਤ ਜੱਗ ਜ਼ਾਹਰ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਪ੍ਰਧਾਨ ਮੰਤਰੀ ਦਫ਼ਤਰ ਨੇ ਇਹ ਦੱਸਣ ਤੋਂ ਪਾਸਾ ਵੱਟ ਲਿਆ ਹੈ ਕਿ ਲੰਘੇ ਵਰਿ•ਆਂ 'ਚ ਮੁੱਖ ਮੰਤਰੀ ਪੰਜਾਬ ਵਲੋਂ ਕਿੰਨੀ ਦਫ਼ਾ ਪ੍ਰਧਾਨ ਮੰਤਰੀ ਨੂੰ ਮਿਲਣ ਲਈ ਸਮਾਂ ਮੰਗਿਆ ਗਿਆ। ਕਿੰਨੀ ਦਫ਼ਾ ਮੁੱਖ ਮੰਤਰੀ ਪੰਜਾਬ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੀਟਿੰਗ ਕੀਤੀ। ਆਰ.ਟੀ.ਆਈ ਦਰਖਾਸਤ 'ਚ ਪ੍ਰਧਾਨ ਮੰਤਰੀ ਦਫ਼ਤਰ ਤੋਂ ਸੂਚਨਾ ਮੰਗੀ ਗਈ ਕਿ ਮੁੱਖ ਮੰਤਰੀ ਪੰਜਾਬ ਨੇ ਕਿੰਨੀ ਦਫ਼ਾ ਪ੍ਰਧਾਨ ਮੰਤਰੀ ਨਾਲ ਕਿੰਨਾ ਕਿੰਨਾਂ ਸਮਾਂ ਮਿਲਣੀ ਕੀਤੀ ਹੈ ਅਤੇ ਇਸ ਮਿਲਣੀ 'ਚ ਕਿਹੜੇ ਕਿਹੜੇ ਏਜੰਡੇ ਵਿਚਾਰੇ ਗਏ ਹਨ। ਪ੍ਰਧਾਨ ਮੰਤਰੀ ਦਫ਼ਤਰ ਨੇ ਆਰ.ਟੀ.ਆਈ ਦੇ ਪੱਤਰ ਦੇ ਜੁਆਬ ਵਿਚ ਅਜਿਹੀ ਸੂਚਨਾ ਪ੍ਰਧਾਨ ਮੰਤਰੀ ਦਫ਼ਤਰ ਕੋਲ ਹੋਣ ਤੋਂ ਇਨਕਾਰ ਕਰ ਦਿੱਤਾ ਹੈ। ਜੁਆਬੀ ਪੱਤਰ ਵਿਚ ਪ੍ਰਧਾਨ ਮੰਤਰੀ ਦਫ਼ਤਰ ਦੇ ਅੰਡਰ ਸੈਕਟਰੀ ਪ੍ਰਵੀਨ ਕੁਮਾਰ ਨੇ ਲਿਖਿਆ ਹੈ ਕਿ ਪ੍ਰਧਾਨ ਮੰਤਰੀ ਨੂੰ ਰੋਜ਼ਾਨਾ ਹਰ ਤਰ•ਾਂ ਦੇ ਲੋਕ ਮਿਲਦੇ ਹਨ ਅਤੇ ਇਹ ਜਰੂਰੀ ਨਹੀਂ ਕਿ ਪ੍ਰਧਾਨ ਮੰਤਰੀ ਨੂੰ ਰਸਮੀ ਅਗਾਊਂ ਸਮਾਂ ਲੈ ਕੇ ਹੀ ਮਿਲਿਆ ਜਾਵੇ।
                        ਏਦਾ ਦੀ ਮਿਲਣੀ ਦਾ ਕੋਈ ਰਿਕਾਰਡ ਨਹੀਂ ਰੱਖਿਆ ਜਾਂਦਾ ਹੈ ਅਤੇ ਮੰਗੀ ਗਈ ਸੂਚਨਾ ਇਸ ਰੂਪ ਵਿਚ ਦੇਣੀ ਸੰਭਵ ਨਹੀਂ ਹੈ। ਪ੍ਰਧਾਨ ਮੰਤਰੀ ਦਫ਼ਤਰ ਨੇ ਆਰ.ਟੀ.ਆਈ ਤਹਿਤ ਮੁੱਖ ਮੰਤਰੀ ਪੰਜਾਬ ਵਲੋਂ ਪ੍ਰਧਾਨ ਮੰਤਰੀ ਨੂੰ ਲਿਖੇ ਪੱਤਰਾਂ ਦੀਆਂ ਕਾਪੀਆਂ ਦੇਣ ਤੋਂ ਵੀ ਨਾਂਹ ਕਰ ਦਿੱਤੀ ਹੈ। ਸੂਤਰ ਆਖਦੇ ਹਨ ਕਿ ਜਦੋਂ ਵੀ ਦਿੱਲੀ ਵਿਚ ਕੋਈ ਰਸਮੀ ਮੀਟਿੰਗ ਕਰਨੀ ਹੁੰਦੀ ਹੈ ਤਾਂ ਹਰ ਰਾਜ ਦੇ ਮੁੱਖ ਮੰਤਰੀ ਵਲੋਂ ਅਗਾਊਂ ਮੀਟਿੰਗ ਨਿਸ਼ਚਿਤ ਕੀਤੀ ਜਾਂਦੀ ਹੈ ਜਿਸ ਦਾ ਬਕਾਇਦਾ ਰਿਕਾਰਡ ਰੱਖਿਆ ਜਾਂਦਾ ਹੈ। ਦੱਸਣਯੋਗ ਹੈ ਕਿ ਵਿਰੋਧੀ ਧਿਰ ਪਿਛਲੇ ਸਮੇਂ ਦੌਰਾਨ ਇਹ ਰੌਲਾ ਪਾਉਂਦੀ ਰਹੀ ਹੈ ਕਿ ਪ੍ਰਧਾਨ ਮੰਤਰੀ ਵਲੋਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਮਿਲਣ ਲਈ ਸਮਾਂ ਨਹੀਂ ਦਿੱਤਾ ਜਾ ਰਿਹਾ ਹੈ ਜਦੋਂ ਕਿ ਪਿਛਲੇ ਪ੍ਰਧਾਨ ਮੰਤਰੀ ਡਾ.ਮਨਮੋਹਣ ਸਿੰਘ ਅਕਸਰ ਹੀ ਮੁੱਖ ਮੰਤਰੀ ਪੰਜਾਬ ਨੂੰ ਸਮਾਂ ਦਿੰਦੇ ਸਨ।
                      ਵਿਰੋਧੀ ਧਿਰ ਇਹ ਦੱਸਣਾ ਚਾਹੁੰਦੀ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲਈ ਮੁੱਖ ਮੰਤਰੀ ਪੰਜਾਬ ਹੁਣ ਤਰਜੀਹੀ ਨਹੀਂ ਹੈ। ਹਾਕਮ ਧਿਰ ਆਖਦੀ ਹੈ ਕਿ ਜਦੋਂ ਵੀ ਸਮਾਂ ਮੰਗਿਆ ਤਾਂ ਉਦੋਂ ਹੀ ਪ੍ਰਧਾਨ ਮੰਤਰੀ ਦਫ਼ਤਰ ਤੋਂ ਸਮਾਂ ਮਿਲਿਆ ਹੈ। ਸਮਾਜਿਕ ਕਾਰਕੁੰਨ ਡਾ. ਅਮਰਜੀਤ ਸਿੰਘ ਮਾਨ ਦਾ ਪ੍ਰਤੀਕਰਮ ਹੈ ਕਿ ਪ੍ਰਧਾਨ ਮੰਤਰੀ ਦਫ਼ਤਰ ਵਲੋਂ ਜਦੋਂ ਵਿਦੇਸ਼ੀ ਅਤੇ ਦੇਸ਼ ਵਿਚਲੇ ਦੌਰਿਆਂ ਨੂੰ ਜਨਤਿਕ ਤੌਰ ਤੇ ਨਸ਼ਰ ਕਰ ਰਹੇ ਹਨ ਤਾਂ ਮੁੱਖ ਮੰਤਰੀਆਂ ਨਾਲ ਹੋਣ ਵਾਲੀਆਂ ਮੀਟਿੰਗਾਂ ਤੇ ਪਰਦਾ ਪਾਉਣ ਦੀ ਕੋਈ ਤੁਕ ਨਹੀਂ ਬਣਦੀ ਹੈ। ਇਸ ਤੋਂ ਦਾਲ ਵਿਚ ਕੁੱਝ ਕਾਲਾ ਜਾਪਦਾ ਹੈ। ਪ੍ਰੋਟੋਕਾਲ ਅਨੁਸਾਰ ਅਤੇ ਸੁਰੱਖਿਆ ਦੇ ਨਜ਼ਰੀਏ ਤੋਂ ਪ੍ਰਧਾਨ ਮੰਤਰੀ ਦੀ ਰਿਹਾਇਸ਼ ਜਾਂ ਦਫ਼ਤਰ ਵਿਚ ਦਾਖਲ ਹੋਣ ਵਾਲੇ ਹਰ ਵਿਅਕਤੀ ਦਾ ਨਾਮ,ਅਡਰੈਸ ਅਤੇ ਸਮਾਂ ਨੋਟ ਕੀਤਾ ਜਾਂਦਾ ਹੈ। 

No comments:

Post a Comment