Sunday, February 19, 2017

                                       ਦੇਰ ਆਏ..
                     ਹੁਣ ਲੀਡਰਾਂ ਨੂੰ ਹੱਥ ਪਾਇਆ
                                   ਚਰਨਜੀਤ ਭੁੱਲਰ
ਬਠਿੰਡਾ : ਪਾਵਰਕੌਮ ਦੇ ਅਫਸਰਾਂ ਨੇ ਹੁਣ ਬਿਜਲੀ ਦੇ ਡਿਫਾਲਟਰ ਹੋਏ ਸਿਆਸੀ ਲੀਡਰਾਂ ਨੂੰ ਹੱਥ ਪਾ ਲਿਆ ਹੈ। ਦਰਜਨਾਂ ਲੀਡਰਾਂ ਦੇ ਕੁਨੈਕਸ਼ਨ ਕੱਟਣ ਦੀ ਤਿਆਰੀ ਕਸ ਲਈ ਹੈ। ਉੱਚ ਅਫਸਰ ਚੋਣ ਜ਼ਾਬਤੇ ਨੂੰ ਲੀਡਰਾਂ ਤੋਂ ਵਸੂਲੀ ਦਾ ਢੁਕਵਾਂ ਸਮਾਂ ਮੰਨ ਰਹੇ ਹਨ। ਸ਼੍ਰੋਮਣੀ ਅਕਾਲੀ ਦਲ ਦੇ ਐਮ.ਪੀ ਸ਼ੇਰ ਸਿੰਘ ਘੁਬਾਇਆ ਦਾ 'ਘੁਬਾਇਆ ਕਾਲਜ ਆਫ ਇੰਜਨੀਅਰਿੰਗ ਐਂਡ ਟੈਕਨਾਲੋਜੀ'  ਕਰੀਬ 28 ਲੱਖ ਰੁਪਏ ਦਾ ਬਿਜਲੀ ਦਾ ਡਿਫਾਲਟਰ ਹੈ ਜਿਸ ਦਾ ਪਾਵਰਕੌਮ ਨੇ ਹੁਣ ਕੁਨੈਕਸ਼ਨ ਕੱਟ ਦਿੱਤਾ ਹੈ। ਐਕਸੀਅਨ ਲਖਵਿੰਦਰ ਸਿੰਘ ਦਾ ਕਹਿਣਾ ਸੀ ਕਿ ਇਸ ਕਾਲਜ ਵੱਲ ਕਾਫੀ ਸਮੇਂ ਤੋਂ ਬਕਾਇਆ ਖੜ•ਾ ਸੀ ਜਿਸ ਦਾ ਕੁਨੈਕਸ਼ਨ ਕੱਟਿਆ ਗਿਆ ਹੈ। ਪਤਾ ਲੱਗਾ ਹੈ ਕਿ ਜਲਾਲਾਬਾਦ ਦਾ ਸਰਕਾਰੀ ਕਾਲਜ ਵੀ ਚਾਰ ਲੱਖ ਰੁਪਏ ਦਾ ਡਿਫਾਲਟਰ ਹੈ। ਵੇਰਵਿਆਂ ਅਨੁਸਾਰ ਮਰਹੂਮ ਮੁੱਖ ਮੰਤਰੀ ਹਰਚਰਨ ਸਿੰਘ ਬਰਾੜ ਅਤੇ ਕਾਂਗਰਸੀ ਉਮੀਦਵਾਰ ਕਰਨ ਬਰਾੜ ਦੇ ਪਿੰਡ ਸਰਾਏਨਾਗਾ ਵਿਚਲੀ ਰਿਹਾਇਸ਼ ਦੇ ਤਿੰਨ ਬਿਜਲੀ ਕੁਨੈਕਸ਼ਨਾਂ ਦਾ ਕਰੀਬ 25 ਲੱਖ ਰੁਪਏ ਦਾ ਬਿੱਲ ਬਕਾਇਆ ਖੜ•ਾ ਹੈ। ਕਾਫੀ ਸਮੇਂ ਤੋਂ ਇਨ•ਾਂ ਕੁਨੈਕਸ਼ਨ ਦਾ ਬਿੱਲ ਭਰਿਆ ਨਹੀਂ ਗਿਆ ਹੈ। ਉਪ ਮੰਡਲ ਬਰੀਵਾਲਾ ਦੇ ਐਸ.ਡੀ.ਓ ਸ੍ਰੀ ਸੰਜੇ ਸ਼ਰਮਾ ਦਾ ਕਹਿਣਾ ਸੀ ਕਿ ਬਰਾੜ ਪਰਿਵਾਰ ਨੇ ਮੰਗਲਵਾਰ ਤੱਕ ਬਿਜਲੀ ਦਾ ਬਿੱਲ ਨਾ ਤਾਰਿਆ ਤਾਂ ਉਹ ਕੁਨੈਕਸ਼ਨ ਕੱਟਣਗੇ।
                           ਇਵੇਂ ਹੀ ਮੁਕਤਸਰ ਵਿਚਲੇ ਸ਼੍ਰੋਮਣੀ ਅਕਾਲੀ ਦਲ ਦਾ ਕੋਟਕਪੂਰਾ ਰੋਡ ਸਥਿਤ ਦਫਤਰ ਦਾ ਬਿਜਲੀ ਦਾ ਬਿੱਲ ਵਰਿ•ਆਂ ਤੋਂ ਨਹੀਂ ਭਰਿਆ ਜਾ ਰਿਹਾ ਹੈ। ਕਾਗਜਾਂ ਵਿਚ ਅਕਾਲੀ ਦਲ ਦਾ ਕੁਨੈਕਸ਼ਨ ਕੱਟਿਆ ਹੋਇਆ ਹੈ ਪਰ ਅਮਲੀ ਤੌਰ ਤੇ ਅਜਿਹਾ ਨਹੀਂ ਹੋਇਆ ਹੈ। ਹਲਕਾ ਮੁਕਤਸਰ ਤੋਂ ਅਕਾਲੀ ਉਮੀਦਵਾਰ ਰੋਜ਼ੀ ਬਰਕੰਦੀ ਦੇ ਇਸ ਦਫਤਰ ਦਾ ਖਾਤਾ ਨੰਬਰ ਜੀਟੀ 62-0214 ਹੈ ਜਿਸ ਦਾ ਲੋਡ 20 ਕਿਲੋਵਾਟ ਹੈ। ਅਕਾਲੀ ਉਮੀਦਵਾਰ ਨੇ ਮਨੋਹਰ ਸਿੰਘ ਦੇ ਘਰ ਆਪਣਾ ਦਫਤਰ ਬਣਾਇਆ ਹੋਇਆ ਹੈ। ਵੇਰਵਿਆਂ ਅਨੁਸਾਰ ਫਰਵਰੀ 2015 ਵਿਚ ਇਸ ਦਫਤਰ ਦਾ ਕੁਨੈਕਸ਼ਨ ਕੱਟਣ ਦੇ ਆਰਡਰ ਕਾਗਜ਼ਾਂ ਵਿਚ ਹੋ ਗਏ ਸਨ ਪ੍ਰੰਤੂ ਅੱਜ ਤੱਕ ਇਸ ਦਾ ਕੁਨੈਕਸ਼ਨ ਕੱਟਿਆ ਨਹੀਂ ਗਿਆ। ਅਕਾਲੀ ਦਲ ਦਾ ਇਹ ਦਫਤਰ 3.69 ਲੱਖ ਰੁਪਏ ਦਾ ਡਿਫਾਲਟਰ ਹੈ। ਅਕਾਲੀ ਨੇਤਾ ਰੋਜ਼ੀ ਬਰਕੰਦੀ ਦੇ ਪੀ.ਏ ਸ੍ਰੀ ਬਿੰਦਰ ਸਿੰਘ ਦਾ ਕਹਿਣਾ ਸੀ ਕਿ ਉਹ ਜਲਦੀ ਹੀ ਬਿੱਲ ਭਰ ਰਹੇ ਹਨ। ਸ਼੍ਰੋਮਣੀ ਅਕਾਲੀ ਦਲ ਮੁਕਤਸਰ ਦੇ ਜ਼ਿਲ•ਾ ਪ੍ਰਧਾਨ ਦਿਆਲ ਸਿੰਘ ਕੋਲਿਆਂਵਾਲੀ ਦੇ ਲੜਕੇ ਪਰਮਿੰਦਰ ਦੇ ਨਾਮ ਲੱਗਾ ਬਿਜਲੀ ਦਾ ਮੀਟਰ ਵੀ 23 ਲੱਖ ਰੁਪਏ ਦਾ ਡਿਫਾਲਟਰ ਹੈ ਜਿਸ ਦਾ ਕੁਨੈਕਸ਼ਨ ਕੱਟ ਦਿੱਤਾ ਗਿਆ ਹੈ। ਇਸੇ ਤਰ•ਾਂ ਜੀਰਾ ਵਿਚਲੇ ਅਕਾਲੀ ਨੇਤਾ ਦੇ ਪਰਿਵਾਰ ਦੇ  'ਹਰਬੀਰ ਪੈਟਰੋ' ਵੱਲ 3.84 ਲੱਖ ਰੁਪਏ ਦਾ ਬਿਜਲੀ ਦਾ ਬਕਾਇਆ ਖੜ•ਾ ਹੈ।
                         ਐਸ.ਡੀ.ਓ ਜੀਰਾ ਸ੍ਰੀ ਸੰਤੋਖ ਸਿੰਘ ਦਾ ਕਹਿਣਾ ਸੀ ਕਿ ਅਗਰ ਸੋਮਵਾਰ ਤੱਕ ਰਿਕਵਰੀ ਨਾ ਆਈ ਤਾਂ ਉਹ ਕੁਨੈਕਸ਼ਨ ਕੱਟਣਗੇ। ਪੰਜਾਬ ਰਾਜ ਸਹਿਕਾਰੀ ਬੈਂਕ ਦੇ ਚੇਅਰਮੈਨ ਅਤੇ ਅਕਾਲੀ ਨੇਤਾ ਸ੍ਰੀ ਅਵਤਾਰ ਸਿੰਘ ਜੀਰਾ ਦਾ ਕਹਿਣਾ ਸੀ ਕਿ ਇਹ ਕੁਨੈਕਸ਼ਨ ਉਨ•ਾਂ ਦੇ ਲੜਕੇ ਦੇ ਨਾਮ ਤੇ ਹੈ ਅਤੇ ਉਹ ਰੈਗੂਲਰ ਬਿੱਲ ਤਾਰ ਰਹੇ ਹਨ। ਉਨ•ਾਂ ਆਖਿਆ ਕਿ ਬਕਾਇਆ ਰਾਸ਼ੀ ਖੜ•ੀ ਹੋਣ ਦੀ ਕੋਈ ਜਾਣਕਾਰੀ ਨਹੀਂ ਹੈ। ਬਠਿੰਡਾ ਜ਼ਿਲ•ੇ ਦਾ ਵੀ ਇੱਕ ਕਾਂਗਰਸੀ ਉਮੀਦਵਾਰ ਪਾਵਰਕੌਮ ਦਾ ਡਿਫਾਲਟਰ ਹੈ ਜਿਸ ਦਾ ਨਾਮ ਪਾਵਰਕੌਮ ਨੇ ਜੱਗ ਜ਼ਾਹਰ ਨਹੀਂ ਕੀਤਾ। ਹਲਕਾ ਭੁੱਚੋ ਤੋਂ ਕਾਂਗਰਸੀ ਉਮੀਦਵਾਰ ਪ੍ਰੀਤਮ ਸਿੰਘ ਕੋਟਭਾਈ ਨੇ ਚੋਣ ਲੜਨ ਤੋਂ ਪਹਿਲਾਂ ਹੀ ਪਾਵਰਕੌਮ ਦੇ ਕਰੀਬ ਸਾਢੇ ਸੱਤ ਲੱਖ ਰੁਪਏ ਦਾ ਬਿਜਲੀ ਬਿੱਲ ਕਲੀਅਰ ਕੀਤਾ ਹੈ। ਐਸ.ਡੀ.ਓ ਗਿੱਦੜਬਹਾ ਸੁਰੇਸ਼ ਕੁਮਾਰ ਨੇ ਦੱਸਿਆ ਕਿ ਪ੍ਰੀਤਮ ਕੋਟਭਾਈ ਨੇ ਨਾਮਜ਼ਾਦਗੀ ਪੱਤਰ ਦਾਖਲ ਕਰਨ ਤੋਂ ਪਹਿਲਾਂ ਬਕਾਏ ਕਲੀਅਰ ਕਰ ਦਿੱਤੇ ਸਨ ਅਤੇ ਹੁਣ ਉਨ•ਾਂ ਦੇ ਭਰਾ ਸੁਖਦੀਪ ਸਿੰਘ ਨੇ ਵੀ 78 ਹਜ਼ਾਰ ਦਾ ਬਿੱਲ ਕਲੀਅਰ ਕਰ ਦਿੱਤਾ ਹੈ। ਪਾਵਰਕੌਮ ਦੇ ਅਫਸਰਾਂ ਦਾ ਕਹਿਣਾ ਸੀ ਕਿ ਸਿਆਸੀ ਧਿਰਾਂ ਦੇ ਬਹੁਤੇ ਉਮੀਦਵਾਰ ਚੋਣ ਲੜਣ ਤੋਂ ਪਹਿਲਾਂ ਬਕਾਏ ਕਲੀਅਰ ਕਰਕੇ ਐਨ.ਓ.ਸੀ ਲੈ ਗਏ ਸਨ। ਬਹੁਤੇ ਉਮੀਦਵਾਰਾਂ ਵੱਲ ਕਾਫੀ ਸਮੇਂ ਤੋਂ ਬਕਾਏ ਖੜ•ੇ ਸਨ। ਹਲਕਾ ਜੈਤੋ ਤੋਂ ਅਕਾਲੀ ਉਮੀਦਵਾਰ ਸੂਬਾ ਸਿੰਘ ਨੇ ਵੀ ਚੋਣ ਲੜਣ ਤੋਂ ਪਹਿਲਾਂ ਬਕਾਏ ਕਲੀਅਰ ਕਰ ਦਿੱਤੇ ਸਨ। 

No comments:

Post a Comment