Wednesday, April 5, 2017

                                ਚੌਧਰ ਹੀ ਚੌਧਰ      
         ਹੁਣ ' ਕੌਫੀ ਟੇਬਲ ਬੁੱਕ ' ਕਟਹਿਰੇ 'ਚ !
                                ਚਰਨਜੀਤ ਭੁੱਲਰ
ਬਠਿੰਡਾ : ਪਾਵਰਕੌਮ ਦੀ ਸਿਆਸੀ ਭਾਫਾਂ ਵਾਲੀ 'ਕੌਫੀ ਟੇਬਲ ਬੁੱਕ' 'ਤੇ ਹੁਣ ਉਂਗਲ ਉੱਠੀ ਹੈ ਜੋ ਚੋਣਾਂ ਤੋਂ ਐਨ ਪਹਿਲਾਂ ਰਲੀਜ਼ ਹੋਈ ਸੀ। ਬਾਦਲਾਂ ਨੂੰ ਖੁਸ਼ ਕਰਨ ਲਈ 'ਕੌਫੀ ਟੇਬਲ ਬੁੱਕ' ਵਿਚ ਸਭ ਵਿਰੋਧੀ ਖੂੰਜੇ ਲਾ ਦਿੱਤੇ ਗਏ। ਨਵੀਂ ਹਕੂਮਤ ਨੇ ਚੇਅਰਮੈਨ ਕੇ.ਡੀ.ਚੌਧਰੀ ਦੀ ਛੁੱਟੀ ਕਰ ਦਿੱਤੀ ਹੈ ਜਿਸ ਮਗਰੋਂ 'ਕੌਫੀ ਟੇਬਲ ਬੁੱਕ' ਵੀ ਹੁਣ ਸਟੋਰ 'ਚ ਧੂੜ ਫੱਕ ਰਹੀ ਹੈ। ਲੱਖਾਂ ਰੁਪਏ ਖਰਚ ਕੇ ਛਾਪੀ ਇਸ 'ਕੌਫੀ ਟੇਬਲ ਬੁੱਕ' 'ਚ ਹਰ ਪਾਸੇ ਸਾਬਕਾ ਚੇਅਰਮੈਨ ਸ੍ਰੀ ਕੇ.ਡੀ.ਚੌਧਰੀ ਨੇ ਥਾਂ ਮੱਲੀ ਹੋਈ ਹੈ। ਮੋਟੇ ਨਜ਼ਰੇ 'ਕੌਫੀ ਟੇਬਲ ਬੁੱਕ' ਚੋਂ ਸਿਆਸੀ ਲਕੀਰ ਸਾਫ ਦਿੱਖਦੀ ਹੈ। ਬਾਦਲ ਪਰਿਵਾਰ ਅਤੇ ਚੌਧਰੀ ਪਰਿਵਾਰ ਨੇ ਏਨੀ ਥਾਂ ਇਸ ਐਲਬਮ ਵਿਚ ਮੱਲੀ ਹੈ ਕਿ ਬਿਜਲੀ ਸੈਕਟਰ ਦੇ ਸਭ ਪੁਰਾਣੇ ਖਿਡਾਰੀ ਆਊਟ ਹੋ ਗਏ ਹਨ।ਤਤਕਾਲੀ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਚੋਣਾਂ ਤੋਂ ਐਨ ਪਹਿਲਾਂ 23 ਦਸੰਬਰ 2016 ਨੂੰ ਇਹ ਐਲਬਮ ਰਲੀਜ਼ ਕੀਤੀ ਸੀ ਜਿਸ ਵਿਚ ਸਾਲ 1959 ਤੋਂ ਹੁਣ ਤੱਕ ਦੇ ਬਿਜਲੀ ਸੈਕਟਰ ਦੇ ਇਤਿਹਾਸ ਤੇ ਪ੍ਰਾਪਤੀਆਂ ਦੀ ਚਰਚਾ ਹੈ। ਵੇਰਵਿਆਂ ਅਨੁਸਾਰ ਪਾਵਰਕੌਮ ਤਰਫੋਂ 114 ਪੰਨਿਆਂ ਦੀ 'ਕੌਫੀ ਟੇਬਲ ਬੁੱਕ' ਤੇ ਸਮੇਤ ਟੈਕਸ ਕਰੀਬ 25 ਲੱਖ ਰੁਪਏ ਖਰਚ ਕੀਤੇ ਗਏ ਹਨ ਅਤੇ ਪ੍ਰਤੀ ਬੁੱਕ ਕਰੀਬ 2500 ਰੁਪਏ ਦੀ ਲਾਗਤ ਆਈ ਹੈ।
                          ਭਾਵੇਂ ਇਹ ਐਲਬਮ ਰਲੀਜ ਪਹਿਲਾਂ ਕਰ ਦਿੱਤੀ ਗਈ ਪ੍ਰੰਤੂ ਇਸ ਦੀਆਂ ਪੂਰੀਆਂ ਕਾਪੀਆਂ ਜਨਵਰੀ 2017 ਵਿਚ ਮੁੱਖ ਦਫ਼ਤਰ ਪੁੱਜੀਆਂ ਜਿਨ•ਾਂ ਚੋਂ ਕਰੀਬ 500 ਕਾਪੀਆਂ ਹਾਲੇ ਤੱਕ ਵੰਡੀਆਂ ਨਹੀਂ ਜਾ ਸਕੀਆਂ ਹਨ।  ਪੰਜਾਬੀ ਟ੍ਰਿਬਿਊਨ ਵਲੋਂ ਕੀਤੇ ਮੁਲਾਂਕਣ ਅਨੁਸਾਰ 'ਕੌਫੀ ਟੇਬਲ ਬੁੱਕ' ਵਿਚ ਤਤਕਾਲੀ ਚੇਅਰਮੈਨ ਸ੍ਰੀ ਕੇ.ਡੀ.ਚੌਧਰੀ ਦੀਆਂ ਕਰੀਬ 50 ਤਸਵੀਰਾਂ ਹਨ ਜਦੋਂ ਕਿ ਉਨ•ਾਂ ਦੀ ਧਰਮਪਤਨੀ ਸ੍ਰੀਮਤੀ ਨੀਲਮ ਚੌਧਰੀ ਦੀਆਂ ਕਰੀਬ 32 ਤਸਵੀਰਾਂ ਹਨ। ਨਜ਼ਰ ਮਾਰੀਏ ਤਾਂ ਬਿਜਲੀ ਬੋਰਡ ਦੇ 1959 ਤੋਂ 2010 ਤੱਕ ਦੇ ਇਤਿਹਾਸ ਤੇ ਪ੍ਰਾਪਤੀਆਂ ਦੀ ਚਰਚਾ ਹੈ ਅਤੇ ਇਨ•ਾਂ 51 ਵਰਿ•ਆਂ ਦੀਆਂ ਪ੍ਰਾਪਤੀਆਂ ਅਤੇ ਇਤਿਹਾਸ ਦਰਸਾਉਣ ਲਈ ਪ੍ਰਮੁੱਖ ਸ਼ਖਸੀਅਤਾਂ ਦੀਆਂ ਸਿਰਫ਼ 10 ਤਸਵੀਰਾਂ ਹਨ ਜਿਨ•ਾਂ ਵਿਚ ਮਰਹੂਮ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਅਤੇ ਮਰਹੂਮ ਰਾਸ਼ਟਰਪਤੀ ਗਿਆਨੀ ਜੈਲ ਸਿੰਘ ਦੀਆਂ ਤਸਵੀਰਾਂ ਵੀ ਸ਼ਾਮਿਲ ਹਨ।ਪਾਵਰਕੌਮ ਦੇ ਬਣਨ ਮਗਰੋਂ ਸਾਲ 2010 ਤੋਂ ਦਸੰਬਰ 2017 ਤੱਕ ਦੇ ਬਿਜਲੀ ਖੇਤਰ ਦੇ ਇਤਿਹਾਸ ਤੇ ਪ੍ਰਾਪਤੀਆਂ ਸਬੰਧੀ ਪ੍ਰਮੁੱਖ ਸ਼ਖਸੀਅਤਾਂ ਦੀਆਂ ਕਰੀਬ 100 ਤਸਵੀਰਾਂ ਹਨ।
                         ਇਨ•ਾਂ ਤਸਵੀਰਾਂ ਵਿਚ ਇਕੱਲੇ ਬਾਦਲ ਪਰਿਵਾਰ ਦੀਆਂ 17 ਤਸਵੀਰਾਂ ਹਨ। ਲਹਿਰਾ ਮੁਹੱਬਤ ਥਰਮਲ ਦਾ ਨੀਂਹ ਪੱਧਰ ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਨੇ ਰੱਖਿਆ ਸੀ ਅਤੇ ਇਸ ਥਰਮਲ ਦੇ ਦੂਸਰੇ ਪੜਾਅ ਦੌਰਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਰਦਾ ਹਟਾਇਆ ਸੀ। ਇਹ ਦੋਵੇਂ ਤਸਵੀਰਾਂ 'ਕੌਫੀ ਟੇਬਲ ਬੁੱਕ' ਚੋਂ ਗਾਇਬ ਹਨ। ਅੱਤਵਾਦ ਦੇ ਸਮੇਂ ਸਾਲ 1980 ਤੋਂ 1991 ਤੱਕ ਦੇ ਚੇਅਰਮੈਨ ਐਨ.ਐਸ.ਬਸੰਤ ਦੀ ਸਿਰਫ਼ ਇੱਕ ਪਾਸਪੋਰਟ ਸਾਈਜ਼ ਫੋਟੋ ਛਾਪੀ ਗਈ ਹੈ ਜਿਸ ਦਾ ਬਿਜਲੀ ਖੇਤਰ ਵਿਚ ਵੱਡਾ ਯੋਗਦਾਨ ਹੈ ਅਤੇ ਰੋਪੜ ਥਰਮਲ ਉਨ•ਾਂ ਦੀ ਪ੍ਰਾਪਤੀ ਦਾ ਵੱਡਾ ਹਿੱਸਾ ਹੈ। 'ਊਰਜਾ ਲੇਡੀਜ਼ ਕਲੱਬ' ਦੀਆਂ 'ਕੌਫੀ ਟੇਬਲ ਬੁੱਕ' ਵਿਚ 32 ਤਸਵੀਰਾਂ ਹਨ। ਪ੍ਰਾਈਵੇਟ ਥਰਮਲਾਂ ਨੂੰ ਪ੍ਰਮੁਖਤਾ ਦਿੱਤੀ ਗਈ ਹੈ ਜਿਥੇ ਪਾਵਰਕੌਮ ਤੇ ਧੇਲਾ ਖਰਚ ਨਹੀਂ ਹੋਇਆ ਹੈ। ਪੀ.ਐਸ.ਈ.ਬੀ ਇੰਜਨੀਅਰਜ਼ ਐਸੋਸੀਏਸ਼ਨ ਦੇ ਪ੍ਰਧਾਨ ਇੰਜ.ਬਲਦੇਵ ਸਿੰਘ ਸਰਾਂ ਦਾ ਪ੍ਰਤੀਕਰਮ ਸੀ ਕਿ ਪੁਰਾਣੇ ਚੇਅਰਮੈਨ ਚੌਧਰੀ ਨੇ ਆਪਣੀ ਵਡਿਆਈ ਅਤੇ ਬਾਦਲ ਪਰਿਵਾਰ ਨੂੰ ਖੁਸ਼ ਕਰਨ ਖਾਤਰ ਪਾਵਰਕੌਮ ਦੇ ਖ਼ਜ਼ਾਨੇ ਦੀ ਕੌਫੀ ਟੇਬਲ ਬੁੱਕ ਪ੍ਰਕਾਸ਼ਿਤ ਕਰਕੇ ਦੁਰਵਰਤੋਂ ਕੀਤੀ ਹੈ ਜਿਸ ਦੀ ਉੱਚ ਪੱਧਰੀ ਪੜਤਾਲ ਹੋਣੀ ਚਾਹੀਦੀ ਹੈ।
                        ਇਵੇਂ ਹੀ ਬਠਿੰਡਾ ਥਰਮਲ ਇੰਪਲਾਈਜ ਫੈਡਰੇਸ਼ਨ ਦੇ ਪ੍ਰਧਾਨ ਗੁਰਸੇਵਕ ਸਿੰਘ ਦਾ ਕਹਿਣਾ ਸੀ ਕਿ ਪੁਰਾਣੇ ਚੇਅਰਮੈਨ ਨੇ ਆਪਣੀ ਵਾਹ ਵਾਹ ਲਈ ਬੁੱਕ ਛਾਪੀ ਜਿਸ ਚੋਂ ਅਹਿਮ ਸ਼ਖਸੀਅਤਾਂ ਨੂੰ ਆਊਟ ਕੀਤਾ ਹੈ। ਮੁੱਖ ਇੰਜੀਨੀਅਰ (ਪਲੈਨਿੰਗ) ਸ੍ਰੀ ਅਰੁਣ ਗੁਪਤਾ ਦਾ ਕਹਿਣਾ ਸੀ ਕਿ ਬਿਜਲੀ ਸੈਕਟਰ ਦੇ ਇਤਿਹਾਸ ਤੇ ਪ੍ਰਾਪਤੀਆਂ ਤੋਂ ਜਾਣੂ ਕਰਾਉਣ ਲਈ 'ਕੌਫੀ ਟੇਬਲ ਬੁੱਕ' ਛਾਪੀ ਗਈ ਹੈ ਜਿਸ ਦੀ ਬਕਾਇਦਾ ਕਮੇਟੀ ਬਣੀ ਸੀ ਜਿਸ ਵਲੋਂ ਮੈਟਰ ਅਤੇ ਤਸਵੀਰਾਂ ਆਦਿ ਦੀ ਚੋਣ ਕੀਤੀ ਗਈ ਹੈ। ਇਹ ਕਿਸੇ ਵਿਅਕਤੀ ਵਿਸ਼ੇਸ਼ ਦੀ ਚੁਆਇਸ ਨਹੀਂ ਹੈ। ਉਨ•ਾਂ ਹੋਰ ਕੋਈ ਵੀ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ।

1 comment:

  1. ਅਨ੍ਹੀ ਲੁਟ ਨੂ ਲੋਕਾਂ ਮੂਹਰੇ ਲੈ ਆਓਣਾ ਵੀ ਇਕ ਬਹੁਤ ਵਡਾ ਲੋਕ ਭਲਾਈ ਦਾ ਕਮ ਹੈ

    ਲਗਿਆ ਰਹਿ ਬਾਈ!

    ਲੁਟੇਰੇ, politician ਤੇ bureaucrats ਦੋਨੇ..ਰਾਜੇ ਸ਼ੀਂਹ ਮੁਕਦਮ ਕੁਤੇ ਵਾਲੇ ਗਲ ਹੈ ਤੇ ਪਰਜਾ ਦਾ ਹਾਲ,"ਮੈਨੂ ਕੀ..ਜਦੋਂ ਮੇਰੀ ਵਾਰੀ ਆਈ ਵੇਖੀ ਜਾਵੇਗੀ"

    ReplyDelete