Saturday, July 22, 2017

                          ਨਵੇਂ ਟਾਈਮ ਟੇਬਲ
          ਔਰਬਿਟ ਬੱਸਾਂ ਨੂੰ ਬਾਦਸ਼ਾਹੀ ਗੱਫਾ
                            ਚਰਨਜੀਤ ਭੁੱਲਰ
ਬਠਿੰਡਾ : ਕੈਪਟਨ ਹਕੂਮਤ ਨੇ ਔਰਬਿਟ ਬੱਸਾਂ ਨੂੰ ਗੱਫੇ ਦੇਣ ਵਿਚ ਬਾਦਸ਼ਾਹੀ ਦਿਖਾਈ ਹੈ ਜਦੋਂ ਕਿ ਸਰਕਾਰੀ ਬੱਸਾਂ ਲਈ ਹੱਥ ਘੁੱਟਿਆ ਗਿਆ ਹੈ। ਟਰਾਂਸਪੋਰਟ ਵਿਭਾਗ ਪੰਜਾਬ ਤਰਫ਼ੋਂ ਬੱਸਾਂ ਦਾ ਨਵਾਂ ਟੇਬਲ ਟੇਬਲ ਬਣਾਉਣਾ ਸ਼ੁਰੂ ਕੀਤਾ ਗਿਆ ਹੈ। ਰਿਜ਼ਨਲ ਟਰਾਂਸਪੋਰਟ ਅਥਾਰਟੀ ਫਿਰੋਜ਼ਪੁਰ ਵਲੋਂ ਜੋ ਮੁਢਲੇ ਪੜਾਅ ਤੇ ਕੁਝ ਰੂਟਾਂ ਦੇ ਟਾਈਮ ਟੇਬਲ ਨਵੇਂ ਸਿਰਿਓਂ ਬਣਾਏ ਗਏ ਹਨ, ਉਨ•ਾਂ 'ਚ ਮੁੜ ਔਰਬਿਟ ਬੱਸਾਂ ਦੀ ਤੂਤੀ ਬੋਲਣ ਲੱਗੀ ਹੈ। ਇੱਕ ਕਾਂਗਰਸੀ ਵਿਧਾਇਕ ਦੀ ਪ੍ਰਾਈਵੇਟ ਬੱਸ ਕੰਪਨੀ ਨੂੰ ਨਵੇਂ ਟਾਈਮ ਟੇਬਲ ਵਿਚ ਪਹਿਲਾਂ ਨਾਲੋਂ ਜਿਆਦਾ ਸਮਾਂ ਦਿੱਤਾ ਗਿਆ ਹੈ। ਪੰਜਾਬ ਰੋਡਵੇਜ਼ ਅਤੇ ਪੀ.ਆਰ.ਟੀ.ਸੀ ਦੇ ਪੱਲੇ ਨਵੇਂ ਟਾਈਮ ਟੇਬਲਾਂ ਵਿਚ ਕੰਗਾਲੀ ਪਈ ਹੈ। ਟਰਾਂਸਪੋਰਟ ਅਥਾਰਟੀ ਫਿਰੋਜ਼ਪੁਰ ਦੇ ਸਕੱਤਰ ਤਰਫ਼ੋਂ ਜੋ ਮੋਗਾ ਕੋਟਕਪੂਰਾ ਰੂਟ ਦੇ ਨਵੇਂ ਟਾਈਮ ਟੇਬਲ ਬਣਾਏ ਹਨ, ਉਨ•ਾਂ ਵਿਚ 217 ਸਰਕਾਰੀ ਤੇ ਪ੍ਰਾਈਵੇਟ ਬੱਸਾਂ ਦੇ ਰੂਟਾਂ ਦਾ ਸਮਾਂ ਤੈਅ ਕੀਤਾ ਗਿਆ ਹੈ। ਇਸ ਵਿਚ ਔਰਬਿਟ ਅਤੇ ਡਬਵਾਲੀ ਟਰਾਂਸਪੋਰਟ ਦੇ ਕਰੀਬ 32 ਰੂਟ ਹਨ ਜਿਨ•ਾਂ ਨੂੰ ਬਾਕੀ ਸਰਕਾਰੀ ਤੇ ਪ੍ਰਾਈਵੇਟ ਟਰਾਂਸਪੋਰਟਰਾਂ ਨਾਲੋਂ ਵਧੇਰੇ ਸਮਾਂ ਦਿੱਤਾ ਗਿਆ ਹੈ। ਲੜੀ ਨੰਬਰ 34 ਤਹਿਤ ਔਰਬਿਟ ਨੂੰ ਬੱਸ ਅੱਡੇ ਤੇ ਖੜ•ਨ ਲਈ ਪੰਜ ਮਿੰਟ ਦਾ ਸਮਾਂ ਦਿੱਤਾ ਗਿਆ ਹੈ ਜਦੋਂ ਕਿ ਉਸ ਦੇ ਅੱਗੇ ਦੋ ਸਰਕਾਰੀ ਬੱਸਾਂ ਨੂੰ ਤਿੰਨ ਤਿੰਨ ਮਿੰਟ ਮਿਲੇ ਹਨ। ਲੜੀ ਨੰਬਰ 87 ਵਿਚ ਡਬਵਾਲੀ ਟਰਾਂਸਪੋਰਟ ਨੂੰ 6 ਮਿੰਟ ਦਿੱਤੇ ਹਨ ਜਦੋਂ ਕਿ ਉਸ ਤੋਂ ਅੱਗੇ ਦੋ ਸਰਕਾਰੀ ਬੱਸਾਂ ਨੂੰ ਤਿੰਨ ਤਿੰਨ ਮਿੰਟ ਮਿਲੇ ਹਨ।
                        ਵੇਰਵਿਆਂ ਅਨੁਸਾਰ ਲੜੀ ਨੰਬਰ 115 ਵਿਚ ਔਰਬਿਟ ਨੂੰ ਪੰਜ ਮਿੰਟ ਤੇ ਉਸ ਤੋਂ ਅਗਲੀਆਂ ਦੋ ਸਰਕਾਰੀ ਬੱਸਾਂ ਨੂੰ ਤਿੰਨ ਤਿੰਨ ਮਿੰਟ ਮਿਲੇ ਹਨ। ਇਵੇਂ ਲੜੀ ਨੰਬਰ 127 ਵਿਚ ਡਬਵਾਲੀ ਟਰਾਂਸਪੋਰਟ ਨੂੰ ਅੱਠ ਮਿੰਟ ਮਿਲੇ ਹਨ ਪ੍ਰੰਤੂ ਉਸ ਤੋਂ ਪਹਿਲਾਂ ਤਿੰਨ ਸਰਕਾਰੀ ਬੱਸਾਂ ਨੂੰ ਤਿੰਨ ਤਿੰਨ ਮਿੰਟ ਦਿੱਤੇ ਗਏ ਹਨ। ਕਾਂਗਰਸੀ ਆਗੂ ਦੀ ਗਰੀਨ ਬੱਸ ਕੰਪਨੀ ਦੇ ਸਮੇਂ ਵਿਚ ਵੀ ਦੋ ਦੋ ਮਿੰਟ ਦਾ ਵਾਧਾ ਕੀਤਾ ਗਿਆ ਹੈ। ਜਿਆਦਾ ਰੂਟਾਂ ਤੇ ਔਰਬਿਟ ਦੇ ਅੱਗੇ ਸਰਕਾਰੀ ਬੱਸਾਂ ਦਾ ਸਮਾਂ ਹੈ। ਇਸੇ ਤਰ•ਾਂ ਫਰੀਦਕੋਟ ਕੋਟਕਪੂਰਾ ਦੇ 176 ਰੂਟਾਂ ਦਾ ਸਮਾਂ ਨਿਸ਼ਚਿਤ ਕੀਤਾ ਗਿਆ ਹੈ ਜਿਨ•ਾਂ ਵਿਚ 22 ਰੂਟ ਡਬਵਾਲੀ ਅਤੇ ਔਰਬਿਟ ਟਰਾਂਸਪੋਰਟ ਦੇ ਹਨ ਜਿਨ•ਾਂ ਨੂੰ ਬਾਕੀਆਂ ਨਾਲੋਂ ਵਧੇਰੇ ਸਮਾਂ ਦਿੱਤਾ ਗਿਆ ਹੈ। ਰੀਦਕੋਟ ਕੋਟਕਪੂਰਾ ਦੀ ਨਵੀਂ ਸਮਾਂ ਸੂਚੀ ਦੇ ਲੜੀ ਨੰਬਰ 42 ਵਿਚ ਡਬਵਾਲੀ ਟਰਾਂਸਪੋਰਟ ਨੂੰ 5 ਮਿੰਟ ਮਿਲੇ ਹਨ ਜਦੋਂ ਕਿ ਉਸ ਤੋਂ ਪਹਿਲਾਂ ਚੱਲਣ ਵਾਲੀ ਪੰਜਾਬ ਰੋਡਵੇਜ਼ ਦੀ ਬੱਸ ਨੂੰ ਤਿੰਨ ਮਿੰਟ ਦਿੱਤੇ ਗਏ ਹਨ। ਬਹੁਤੇ ਰੂਟਾਂ ਤੇ ਏਦਾ ਹੀ ਹੋਇਆ ਹੈ।
                     ਪੰਜਾਬ ਰੋਡਵੇਜ਼ ਇੰਪਲਾਈਜ ਯੂਨੀਅਨ (ਅਜ਼ਾਦ) ਦੇ ਜਨਰਲ ਸਕੱਤਰ ਨਛੱਤਰ ਸਿੰਘ ਦਾ ਕਹਿਣਾ ਸੀ ਕਿ ਕੈਪਟਨ ਸਰਕਾਰ ਨੇ ਨਵੇਂ ਟਾਈਮ ਟੇਬਲਾਂ ਵਿਚ ਔਰਬਿਟ ਨੂੰ ਹੀ ਵੱਧ ਸਮਾਂ ਦਿੱਤਾ ਹੈ ਅਤੇ ਸਰਕਾਰੀ ਬੱਸਾਂ ਨੂੰ ਨਵੇਂ ਟਾਈਮ ਟੇਬਲਾਂ ਵਿਚ ਨੁਕਸਾਨ ਹੋਇਆ ਹੈ। ਹਕੂਮਤ ਬਦਲਣ ਮਗਰੋਂ ਵੀ ਕੋਈ ਫਰਕ ਨਹੀਂ ਪਿਆ ਹੈ ਅਤੇ ਇਹ ਟਾਈਮ ਟੇਬਲ ਵੱਡੇ ਘਰਾਂ ਦੀ ਸਹਿਮਤੀ ਨਾਲ ਤਿਆਰ ਹੋਏ ਹਨ। ਦੱਸਣਯੋਗ ਹੈ ਕਿ ਗਠਜੋੜ ਸਰਕਾਰ ਸਮੇਂ ਵੀ ਔਰਬਿਟ ਬੱਸਾਂ ਨੂੰ ਖੁੱਲ•ਾ ਸਮਾਂ ਮਿਲਿਆ ਸੀ ਜਿਸ ਦਾ ਰੌਲਾ ਪੈਂਦਾ ਰਿਹਾ ਹੈ। ਪੰਜਾਬ ਚੋਣਾਂ ਤੋਂ ਪਹਿਲਾਂ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਸਰਕਾਰ ਬਣਨ ਤੇ ਸਮਾਂ ਸੂਚੀ ਮੈਰਿਟ ਦੇ ਅਧਾਰ ਤੇ ਬਣਾਏ ਜਾਣ ਦੀ ਗੱਲ ਆਖੀ ਸੀ। ਪ੍ਰਾਈਵੇਟ ਟਰਾਂਸਪੋਰਟਰ ਵੀ ਔਖੇ ਹਨ ਜਿਨ•ਾਂ ਨੂੰ ਨਵੇਂ ਟਾਈਮ ਟੇਬਲਾਂ ਵਿਚ ਵੀ ਰਾਹਤ ਨਹੀਂ ਮਿਲੀ ਹੈ।
                     ਰਿਜ਼ਨਲ ਟਰਾਂਸਪੋਰਟ ਅਥਾਰਟੀ ਫਿਰੋਜ਼ਪੁਰ ਦੇ ਸਕੱਤਰ ਸ੍ਰ.ਹਰਦੀਪ ਸਿੰਘ ਨੇ ਆਖਿਆ ਕਿ ਸਰਕਾਰ ਦੀਆਂ ਹਦਾਇਤਾਂ ਤੇ ਕੁਝ ਰੂਟਾਂ ਦਾ ਨਵਾਂ ਟਾਈਮ ਟੇਬਲ ਬਣਾਇਆ ਗਿਆ ਹੈ ਜਿਸ ਵਿਚ ਸਾਰੇ ਸਰਕਾਰੀ ਅਤੇ ਪ੍ਰਾਈਵੇਟ ਟਰਾਂਸਪੋਰਟਰਾਂ ਦੀ ਸਹਿਮਤੀ ਲੈ ਕੇ ਸਮਾਂ ਸੂਚੀ ਤਿਆਰ ਕੀਤੀ ਗਈ ਹੈ। ਟਾਈਮ ਟੇਬਲ ਨਿਰੋਲ ਮੈਰਿਟ ਦੇ ਅਧਾਰ ਤੇ ਤਿਆਰ ਹੋਏ ਹਨ ਅਤੇ ਕਿਸੇ ਨਾਲ ਕੋਈ ਪੱਖਪਾਤ ਨਹੀਂ ਕੀਤਾ ਗਿਆ। ਉਨ•ਾਂ ਆਖਿਆ ਕਿ ਅਗਰ ਕਿਸੇ ਨੂੰ ਘੱਟ ਵੱਧ ਸਮੇਂ ਦਾ ਇਤਰਾਜ਼ ਸੀ ਤਾਂ ਟਰਾਂਸਪੋਰਟਰ ਮੌਕੇ ਤੇ ਕਰਦੇ। ਉਨ•ਾਂ ਆਖਿਆ ਕਿ ਲਿਖਤੀ ਤੌਰ ਤੇ ਕਿਸੇ ਨੇ ਕੋਈ ਇਤਰਾਜ਼ ਨਹੀਂ ਕੀਤਾ।

1 comment: