Friday, March 2, 2018

                          ਬਠਿੰਡਾ ਥਰਮਲ 
      ਵੱਜ ਗਏ ਨੇ ਤਾਲੇ, ਡੁੱਬ ਗਈਆਂ ਝੀਲਾਂ
                         ਚਰਨਜੀਤ ਭੁੱਲਰ
ਬਠਿੰਡਾ : ‘ਵੇਖਿਆ ਤੇਰਾ ਬਠਿੰਡਾ, ਨਾ ਤੋਰੀ ਨਾ ਟਿੰਢਾ’ , ਇਸ ਮਿਹਣੇ ਦੀ ਮੜਕ ਸਭ ਤੋਂ ਪਹਿਲਾਂ ਬਠਿੰਡਾ ਥਰਮਲ ਨੇ ਭੰਨੀ ਸੀ। ਜਦੋਂ ਚਿਮਨੀਆਂ ਚੋਂ ਧੂੰਆਂ ਨਿਕਲਿਆ ਤਾਂ ਚਾਰ ਚੁਫੇਰੇ ਜਗਮਗ ਹੋ ਗਈ। ਲਾਲਟੈਨਾਂ ਨੂੰ ਬੂਹੇ ਭੇੜ ਦਿੱਤੇ ਤੇ ਥਰਮਲ ਮਾਣ ਬਣਿਆ ਬਠਿੰਡਾ ਦਾ। ਸਿਆਸੀ ਧਿਰਾਂ ਨੇ ‘ਵਾਇਆ ਥਰਮਲ’ ਗੱਦੀਆਂ ਵੀ ਲਈਆਂ। ਜਦੋਂ ਸਤੰਬਰ 1974 ’ਚ ਥਰਮਲ ਦਾ ਪਹਿਲਾਂ ਯੂਨਿਟ ਚੱਲਿਆਂ ਤਾਂ ਉਦੋਂ ਇਹ ਯੂਨਿਟ ਚਲਾਉਣ ਵਾਲੇ ਬੁਆਇਲਰ ਕੰਟਰੋਲਰ ਸੁਖਰਾਮ ਸਿੰਘ ਪਰਮਾਰ ਦੱਸਦੇ ਹਨ ਕਿ ਕਿਵੇਂ ਯੂਨਿਟ ਚੱਲਣ ਮਗਰੋਂ ਖ਼ਿੱਤੇ ’ਚ ਵਿਕਾਸ ਦੀ ਪੈੜ ਚਾਲ ਸ਼ੁਰੂ ਹੋਈ। ਪਰਮਾਰ ਨੇ 16 ਜਨਵਰੀ 1975 ਨੂੰ ਥਰਮਲ ’ਚ ਜੁਆਇੰਨ ਕੀਤਾ ਸੀ। ਦੱਸਦੇ ਹਨ ਕਿ ਪੂਰੇ ਇਲਾਕੇ ਚੋਂ ਲੋਕ ਥਰਮਲ ਨੂੰ ਅਚੰਭੇ ਨਾਲ ਵੇਖਣ ਆਉਂਦੇ ਸਨ।  ਹੁਣ ਥਰਮਲ ਇਕੱਲਾ ਸਨਅਤੀ ਪ੍ਰੋਜੈਕਟ ਨਹੀਂ ਰਿਹਾ, ਬਲਕਿ ਬਠਿੰਡਾ ਦੀ ਵਿਰਾਸਤ ਬਣ ਗਿਆ ਹੈ। ਥਰਮਲ ਦੀਆਂ ਝੀਲਾਂ ਵਜੋਂ ਬਠਿੰਡਾ ਨੂ ੰ‘ਝੀਲਾਂ ਦਾ ਸ਼ਹਿਰ’ ਵੀ ਆਖਿਆ ਜਾਂਦਾ ਹੈ। ਜਦੋਂ ਪਹਿਲੀ ਦਫ਼ਾ ਥਰਮਲ ਦੀ ਚਿਮਨੀ ਚੋਂ ਧੂੰਆਂ ਨਿਕਲਿਆ ਸੀ ਉਦੋਂ ਤਤਕਾਲੀ ਮੁੱਖ ਮੰਤਰੀ ਗਿਆਨੀ ਜ਼ੈਲ ਸਿੰਘ ਆਏ ਸਨ।
                    ਜਦੋਂ ਏਸ਼ੀਅਨ ਖੇਡਾਂ ਸਨ ਤਾਂ ਉਦੋਂ ਬਿਜਲੀ ਪੈਦਾਵਾਰ ਦੇ ਇਸ ਥਰਮਲ ਨੇ ਸਾਰੇ ਰਿਕਾਰਡ ਤੋੜੇ ਅਤੇ ਕੇਂਦਰ ਸਰਕਾਰ ਨੇ ਇਸ ਥਰਮਲ ਨੂੰ 3.16 ਕਰੋੜ ਦਾ ਇਨਾਮ ਦਿੱਤਾ। ਉਸ ਮਗਰੋਂ ਬਹੁਤੇ ਸਾਰੇ ਵੱਡੇ ਛੋਟੇ ਇਨਾਮ ਇਸ ਦੀ ਝੋਲੀ ਪਏ। ਜੇਤੂ ਥਰਮਲ ਅਖੀਰ ਹਕੂਮਤ ਹੱਥੋਂ ਹਾਰ ਗਿਆ। ਬਠਿੰਡਾ ਥਰਮਲ ਉਦੋਂ ਵੀ ਚਰਚਾ ਵਿਚ ਆਇਆ ਜਦੋਂ ਇਸ ਦੇ ਪ੍ਰਦੂਸ਼ਣ ਵਜੋਂ ਸ਼ਹਿਰ ਤੇ ਰਾਖ ਦੀ ਵਰਖਾ ਹੋਣ ਲੱਗੀ ਸੀ। ਪਾਵਰਕੌਮ ਨੇ 715 ਕਰੋੜ ਦਾ ਕਰਜ਼ਾ ਚੁੱਕ ਕੇ ਬਠਿੰਡਾ ਥਰਮਲ ਦੇ ਦੋ ਯੂਨਿਟਾਂ ਦਾ ਸਾਲ 2004-07 ਵਿਚ ਅਤੇ ਤਿੰਨ ਅਤੇ ਚਾਰ ਯੂਨਿਟ ਦੀ ਸਾਲ 2010-14 ਵਿਚ ਰੈਨੋਵੇਸ਼ਨ ਕਰਾਈ ਜਿਸ ਨਾਲ ਬੁੱਢਾ ਥਰਮਲ ਮੁੜ ਜਵਾਨ ਹੋ ਗਿਆ। ਥਰਮਲ ਦੇ ਸਾਬਕਾ ਮੁੱਖ ਇੰਜੀਨੀਅਰ ਕਰਨੈਲ ਸਿੰਘ ਮਾਨ ਆਖਦੇ ਹਨ ਕਿ ਥਰਮਲ ਨੂੰ ਬੰਦ ਕਰਨ ਦਾ ਮਤਲਬ ਵਿਰਾਸਤ ਲੁੱਟਣ ਬਰਾਬਰ ਹੈ। ਬਿਨਾਂ ਕਿਸੇ ਕਾਰਨ ਬੰਦ ਕਰਨਾ ਸਮਝੋਂ ਬਾਹਰ ਹੈ। ਦੱਸਣਯੋਗ ਹੈ ਕਿ ਚੋਣਾਂ 2017 ਦੇ ਚੋਣ ਪ੍ਰਚਾਰ ਦੌਰਾਨ ਥਰਮਲ ਚੋਣ ਮੁੱਦਾ ਬਣਿਆ। ਮਨਪ੍ਰੀਤ ਬਾਦਲ ਚੋਣ ਪ੍ਰਚਾਰ ਦੌਰਾਨ ਥਰਮਲ ਦੀਆਂ ਚਿਮਨੀਆਂ ਦੇ ਬੰਦ ਹੋਏ ਧੰੂਏਂ ਦੀ ਗੱਲ ਕਰਕੇ ਗੱਚ ਭਰ ਲੈਂਦੇ ਸਨ।
                  ਚੋਣਾਂ ਸਮੇਂ ਮਨਪ੍ਰੀਤ ਬਾਦਲ ਥਰਮਲ ਦੇ ਗੇਟ ’ਤੇ ਪੁੱਜੇ। ਮੁਲਾਜ਼ਮਾਂ ਦੇ ਇਕੱਠ ਵਿਚ ਨੂੰ ਮਨਪ੍ਰੀਤ ਬਾਦਲ ਭਾਵੁਕ ਹੋ ਗਏ ‘ਇਹ ਲੋਕਾਂ ਦੇ ਹੱਡ ਮਾਸ ਨਾਲ ਬਣਿਆ ਐਂ, ਇਸ ਦੀਆਂ ਚਿਮਨੀਆਂ ਚੋਂ ਸਰਕਾਰ ਬਣਨ ’ਤੇ ਧੂੰਆਂ ਕੱਢਾਂਗੇ’। ਮੁਲਾਜ਼ਮ ਆਗੂ ਗੁਰਸੇਵਕ ਸੰਧੂ ਆਖਦੇ ਹਨ ਕਿ ਉਦੋਂ ਮੁਲਾਜ਼ਮ ਸਿਆਸੀ ਤਮਾਸ਼ੇ ਨੂੰ ਸਮਝ ਨਹੀਂ ਸਕੇ ਸਨ। ਖ਼ਜ਼ਾਨਾ ਮੰਤਰੀ ਨੇ ਹੀ ਸੱਚਮੁੱਚ ਥਰਮਲ ਬੰਦ ਕਰਕੇ ਪੂਰੇ ਪ੍ਰੋਜੈਕਟ ਦਾ  ਹੀ ਧੂੰਆਂ ਕੱਢ ਦਿੱਤਾ ਹੈ। ਮਨਪ੍ਰੀਤ ਬਾਦਲ ਹੁਣ ਤਰਕ ਦਿੰਦੇ ਹਨ ਕਿ ਥਰਮਲ ਨੂੰ ਚਲਾਉਣਾ ਘਾਟੇ ਦਾ ਸੌਦਾ ਹੈ ਤੇ ਵਾਅਦਾ ਕਰਦੇ ਹਨ ਕਿ ਕਿਸੇ ਮੁਲਾਜ਼ਮ ਨੂੰ ਬੇਰੁਜ਼ਗਾਰ ਨਹੀਂ ਕੀਤਾ ਜਾਵੇਗਾ। ਬਠਿੰਡਾ ਥਰਮਲ ਤੇ 21 ਸਤੰਬਰ 2017 ਨੂੰ ਆਖ਼ਰੀ ਸਾਹ ਲਿਆ। ਥਰਮਲ ਦੇ ਰੈਗੂਲਰ 108 ਮੁਲਾਜ਼ਮਾਂ ਦੇ ਪਹਿਲਾਂ ਤਬਾਦਲੇ ਕੀਤੇ ਅਤੇ 220 ਮੁਲਾਜ਼ਮਾਂ ਦੇ ਹੁਣ ਤਬਾਦਲੇ ਕੀਤੇ ਹਨ ਜਿਨ੍ਹਾਂ ਨੂੰ ਮੁਲਾਜ਼ਮ ਧਿਰਾਂ ਨੇ ਬਠਿੰਡਾ ਅਦਾਲਤ ਵਿਚ ਚੁਨੌਤੀ ਦਿੱਤੀ ਹੈ। ਕੱਚੇ ਪੱਕੇ ਮੁਲਾਜ਼ਮਾਂ ਤੋਂ ਬਿਨਾਂ ਲੋਕ ਪੱਖੀ ਧਿਰਾਂ ਸੜਕਾਂ ਤੇ ਚੀਕ ਰਹੀਆਂ ਹਨ ਕਿ ‘ਵਿਰਾਸਤ ਬਚਾ ਲਓ’।
                  ਸਰਕਾਰੀ ਦਰਬਾਰ ਚੋਂ ਕੋਈ ਹੱਥ ਨਹੀਂ ਉੱਠਿਆ। ਥਰਮਲ ਦੀ ਕਰੀਬ 462 ਕਰੋੜ ਦੀ ਸੰਪਤੀ ਹੈ ਅਤੇ ਕਰੀਬ 2200 ਏਕੜ ਰਕਬੇ ਵਿਚ ਲੱਗਾ ਹੋਇਆ ਹੈ। ਦਸੰਬਰ ਮਹੀਨੇ ਤੋਂ ਕੱਚੇ ਪੱਕੇ ਮੁਲਾਜ਼ਮ ਸੜਕਾਂ ਤੇ ਹਨ। ਨਾ ਕਿਸੇ ਅਫ਼ਸਰ ਨੂੰ ਰਹਿਮ ਆਇਆ ਤੇ ਨਾ ਕਿਸੇ ਨੇਤਾ ਦਾ ਮਨ ਡੋਲਿਆ ਹੈ। ਕੱਚੇ ਕਾਮੇ ਪਹਿਲੀ ਜਨਵਰੀ ਤੋਂ ਪੱਕੇ ਮੋਰਚੇ ਤੇ ਬੈਠੇ ਹਨ। ਪੱਕੇ ਮੁਲਾਜ਼ਮ ਸੜਕਾਂ ਤੇ ਕੂਕ ਰਹੇ ਹਨ।  ਖ਼ਜ਼ਾਨਾ ਮੰਤਰੀ ਨੇ 14 ਜਨਵਰੀ ਨੂੰ ਕੱਚੇ ਕਾਮਿਆਂ ਨਾਲ ਪਿੰਡ ਬਾਦਲ ਵਿਚ ਮੀਟਿੰਗ ਕੀਤੀ, ਕੋਈ ਨਤੀਜਾ ਨਾ ਨਿਕਲਿਆ। 26 ਜਨਵਰੀ ਨੂੰ ਸਿਹਤ ਮੰਤਰੀ ਬ੍ਰਹਮ ਮਹਿੰਦਰਾ ਨੂੰ ਮੁਲਾਜ਼ਮ ਮਿਲੇ ਜਿਨ੍ਹਾਂ ਨੇ ਮੈਨੇਜਮੈਂਟ ਦੇ ਵਫ਼ਦ ਨੂੰ ਬਠਿੰਡਾ ਭੇਜਿਆ। 27 ਜਨਵਰੀ ਨੂੰ ਮੈਨੇਜਮੈਂਟ ਨੇ ਇਨ੍ਹਾਂ ਕਾਮਿਆਂ ਨਾਲ ਗੱਲ। ਜ਼ਬਾਨੀ ਸਮਝੌਤਾ ਕੀਤਾ ਪ੍ਰੰਤੂ ਕੋਈ ਨੋਟੀਫ਼ਿਕੇਸ਼ਨ ਨਾ ਕੀਤਾ। ਠੇਕਾ ਮੁਲਾਜ਼ਮ ਆਗੂ ਵਿਜੇ ਕੁਮਾਰ ਦੱਸਦਾ ਹੈ ਕਿ 20 ਫਰਵਰੀ ਨੂੰ ਪਾਵਰਕੌਮ ਦੇ ਸੀਐਮਡੀ ਵੇਨੂੰ ਪ੍ਰਸ਼ਾਦ ਨੂੰ ਮਿਲੇ  ਜਿਨ੍ਹਾਂ ਨੇ ਜਲਦੀ ਮੀਟਿੰਗ ਦਾ ਭਰੋਸਾ ਦਿੱਤਾ।
                  22 ਫਰਵਰੀ ਨੂੰ ਕਾਂਗਰਸੀ ਨੇਤਾ ਹਰਵਿੰਦਰ ਲਾਡੀ ਨੇ ਮੀਟਿੰਗ ਕੀਤੀ, ਬੇਸਿੱਟਾ ਰਹੀ। ਵਿਜੇ ਕੁਮਾਰ ਨੇ ਦੱਸਿਆ ਕਿ 11 ਅਤੇ 12 ਫਰਵਰੀ ਨੂੰ ਮੁੜ ਵੀਨੂੰ ਬਾਦਲ ਨੂੰ ਮਿਲੇ ਜਿਨ੍ਹਾਂ ਨੇ ਮੁਰਦਾਬਾਦ ਬੰਦ ਕਰਨ ਦੀ ਨਸੀਹਤ ਦਿੱਤੀ। ਠੇਕਾ ਮੁਲਾਜ਼ਮ ਆਗੂ ਰਜਿੰਦਰ ਢਿਲੋਂ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਨੇ ਵੀ ਮੀਟਿੰਗ ਦਾ ਵਾਅਦਾ ਕੀਤਾ ਸੀ। ਦੋ ਮਹੀਨਿਆਂ ਦੌਰਾਨ ਉਨ੍ਹਾਂ ਨੂੰ ਲਾਰੇ ਤੇ ਵਾਅਦੇ ਹੀ ਮਿਲੇ ਹਨ, ਹਕੀਕਤ ਵਿਚ ਕੱੁਝ ਨਹੀਂ ਹੋਇਆ। ਉਨ੍ਹਾਂ ਨੂੰ ਰੁਜ਼ਗਾਰ ਦਾ ਭਰੋਸਾ ਮੰਗਿਆ ਪ੍ਰੰਤੂ ਪੁਲੀਸ ਨੇ ਕੇਸ ਦਰਜ ਕਰ ਦਿੱਤੇ।
                                                 ਹਾਲੇ ਲੰਮੀ ਉਮਰ ਭੋਗਣੀ ਸੀ
ਸ੍ਰੀ ਗੁਰੂ ਨਾਨਕ ਦੇਵ ਜੀ ਥਰਮਲ ਪਲਾਂਟ ਦੀ ਨੀਂਹ 1970 ਵਿਚ ਰੱਖ ਗਈ ਜਦੋਂ ਚਾਰੇ ਪਾਸੇ ਹਨੇਰਾ ਪਸਰਿਆ ਹੋਇਆ ਸੀ। 440 ਮੈਗਾਵਾਟ ਵਾਲੇ ਇਸ ਥਰਮਲ ਦਾ ਪਹਿਲਾ ਯੂਨਿਟ ਸਤੰਬਰ 1974, ਦੂਸਰਾ ਸਤੰਬਰ 1975 ਵਿਚ ਚੱਲਿਆ ਜਦੋਂ ਕਿ ਤੀਸਰਾ ਯੂਨਿਟ ਮਾਰਚ 1978 ਵਿਚ ਅਤੇ ਚੌਥਾ ਯੂਨਿਟ 1979 ਵਿਚ ਚੱਲਿਆ ਸੀ। ਥੋੜ੍ਹਾ ਅਰਸਾ ਪਹਿਲਾਂ ਕੇਂਦਰੀ ਪਾਵਰ ਰਿਸਰਚ ਇੰਸਟੀਚੂਟ ਬੰਗਲੌਰ ਨੇ ਇਸ ਦੀ ਸਟੱਡੀ ਕਰਕੇ ਇਸ ਦੇ ਨਵੀਨੀਕਰਨ ਦਾ ਸੁਝਾਓ ਦਿੱਤਾ। ਰੈਨੋਵੇਸ਼ਨ ਮਗਰੋਂ ਇਸ ਥਰਮਲ ਦੇ ਯੂਨਿਟ ਨੰਬਰ ਇੱਕ ਅਤੇ ਦੋ ਦੀ ਮਿਆਦ ਸਾਲ 2021-22 ਤੱਕ ਅਤੇ ਤਿੰਨ ਨੰਬਰ ਯੂਨਿਟ ਦੀ ਮਿਆਦ ’ਚ 2029 ਤੱਕ ਤੇ ਚਾਰ ਨੰਬਰ ਯੂਨਿਟ ਦੀ ਉਮਰ ਵਿਚ ਸਾਲ 2031 ਦਾ ਵਾਧਾ ਹੋ ਗਿਆ।    







No comments:

Post a Comment