Wednesday, March 7, 2018

                    ਵਿਕਾਸ ਦਾ ਪੁਆੜਾ
  ਰੁੱਖਾਂ ਦੀ ਸੁੱਖ ਨਹੀਂ ਮੰਗਦੇ ਹੁਣ ਪੰਜਾਬੀ
                       ਚਰਨਜੀਤ ਭੁੱਲਰ
ਬਠਿੰਡਾ  : ਉਹ ਦਿਨ ਚਲੇ ਗਏ ਜਦੋਂ ਪੰਜਾਬੀ ਰੁੱਖਾਂ ਦੀਆਂ ਛਾਵਾਂ ਦੀ ਸੁੱਖ ਮੰਗਦੇ ਸਨ। ਨਵੇਂ ਜ਼ਮਾਨੇ ਦੇ ‘ਵਿਕਾਸ’ ਦਾ ਸੁਨੇਹਾ ਪੰਜਾਬ ਲਈ ਫ਼ਿਕਰਮੰਦੀ ਵਾਲਾ ਹੈ। ਪੰਜਾਬ ਹੁਣ ਦਰਖਤਾਂ ’ਤੇ ਕੁਹਾੜਾ ਚਲਾਉਣ ਦੇ ਮਾਮਲੇ ’ਚ ਮੁਲਕ ਦੀ ਟੀਸੀ ਕੋਲ ਪੁੱਜ ਗਿਆ ਹੈ। ਨਵੇਂ ਤੱਥ ਹਨ ਕਿ ਪੰਜਾਬ ਦੇਸ਼ ਭਰ ਚੋਂ ਅਜਿਹਾ ਤੀਸਰਾ ਸੂਬਾ ਬਣ ਗਿਆ ਹੈ ਜਿਸ ’ਚ ਸਭ ਤੋਂ ਵੱਧ ਦਰਖਤਾਂ ਤੇ ਕੁਹਾੜਾ ਚੱਲਿਆ ਹੈ। ਵਿਕਾਸ ਪ੍ਰੋਜੈਕਟਾਂ ਦੇ ਹਿਸਾਬ ਨਾਲ ਦੇਖੀਏ ਤਾਂ ਪੰਜਾਬ ਦਾ ਦੇਸ਼ ਚੋਂ ਨੰਬਰ ਦੂਸਰਾ ਹੈ ਜਿਨ੍ਹਾਂ ਵਾਸਤੇ ਇਨ੍ਹਾਂ ਦਰਖਤਾਂ ਦੀ ਕਟਾਈ ਹੋਈ ਹੈ। ਦਰਖਤਾਂ ਦੀ ਕਟਾਈ ਵਿਚ ਪਹਿਲੇ ਨੰਬਰ ਤੇ ਮੱਧ ਪ੍ਰਦੇਸ਼ ਹੈ ਅਤੇ ਦੂਸਰੇ ਨੰਬਰ ’ਤੇ ਛੱਤੀਸਗੜ੍ਹ ਹੈ। ਪੰਜਾਬ ਦਾ ਨੰਬਰ ਤੀਜਾ ਹੈ। ਕੇਂਦਰੀ ਵਾਤਾਵਰਨ ਤੇ ਜੰਗਲਾਤ ਮੰਤਰਾਲੇ ਦੇ ਵੇਰਵਿਆਂ ਅਨੁਸਾਰ ਪੰਜਾਬ ਵਿਚ ਅਕਤੂਬਰ 1980 ਤੋਂ ਲੈ ਕੇ ਫਰਵਰੀ 2018 ਤੱਕ ‘ਵਿਕਾਸ ਪ੍ਰੋਜੈਕਟਾਂ’ ਕਰਕੇ 1.72 ਲੱਖ ਏਕੜ ਰਕਬੇ ਚੋਂ ਜੰਗਲਾਤ ਦਾ ਸਫ਼ਾਇਆ ਹੋਇਆ ਹੈ। ਮੋਟੇ ਅੰਦਾਜ਼ੇ ਅਨੁਸਾਰ 4170 ਸਰਕਾਰੀ ਤੇ ਪ੍ਰਾਈਵੇਟ ਵਿਕਾਸ ਪ੍ਰੋਜੈਕਟਾਂ ਨੇ ਪੰਜਾਬ ’ਚ ਲੰਘੇ 37 ਵਰ੍ਹਿਆਂ ਦੌਰਾਨ 5.12 ਕਰੋੜ ਦਰਖਤਾਂ ਦੀ ਬਲੀ ਲਈ ਹੈ।
                   ਇਕੱਲੇ 2017 ਦੇ ਵਰੇ੍ਹ ਦੌਰਾਨ 1415 ਏਕੜ ਰਕਬਾ ਗੈਰ ਜੰਗਲਾਤ ਵਿਚ ਤਬਦੀਲ ਹੋਇਆ ਹੈ ਜਿਸ ਦਾ ਮਤਲਬ ਹੈ ਕਿ ਕਰੀਬ ਸਵਾ ਚਾਰ ਲੱਖ ਦਰਖਤਾਂ ਦੀ ਕਟਾਈ ਹੋਈ ਹੈ। ਵੇਰਵਿਆਂ ਅਨੁਸਾਰ ਜਨਵਰੀ 2015 ਤੋਂ ਹੁਣ ਤੱਕ ਕਰੀਬ ਪੰਜਾਹ ਲੱਖ ਦਰਖਤਾਂ ਦੀ ਕਟਾਈ ਹੋਈ ਹੈ। ਲੰਘੇ ਚਾਰ ਵਰ੍ਹਿਆਂ ਦੌਰਾਨ 2280 ਏਕੜ ਰਕਬੇ ਚੋਂ ਜੰਗਲਾਤ ਘਟਿਆ ਹੈ। ਕੇਂਦਰੀ ਵਾਤਾਵਰਨ ਮੰਤਰਾਲੇ ਨੇ ਚਿੰਤਾ ਜ਼ਾਹਿਰ ਕੀਤੀ ਹੈ ਕਿ ਇਸ ਨਾਲ ਵਾਤਾਵਰਨ ਸੰਤੁਲਨ ਵਿਚ ਵਿਗਾੜ ਪੈਦਾ ਹੋਣ ਲੱਗਾ ਹੈ। ਪੰਜਾਬ ਵਿਚ ਲੰਘੇ ਵਰ੍ਹਿਆਂ ਦੌਰਾਨ ਪ੍ਰਾਈਵੇਟ ਕਾਲੋਨੀਆਂ, ਸ਼ਾਪਿੰਗ ਮਾਲਜ਼, ਸੜਕਾਂ,ਫਲਾਈ ਓਵਰਾਂ ਆਦਿ ਦਾ ਵੱਡਾ ਜਾਲ ਵਿਛਿਆ ਹੈ ਜਿਸ ਨੇ ਹਰੇ ਭਰੇ ਪੰਜਾਬ ਨੂੰ ਨਚੋੜ ਕੇ ਰੱਖ ਦਿੱਤਾ ਹੈ। ਬਦਲੇ ਵਿਚ ਨਵੇਂ ਪੌਦਿਆਂ ਲਈ ਪੈਸਾ ਵੀ ਜਮਾ ਕਰਾਇਆ ਗਿਆ ਹੈ। ਵਰ੍ਹਾ 2006 ਤੋਂ ਸਾਲ 2017 ਤੱਕ ਵਿਕਾਸ ਪ੍ਰੋਜੈਕਟਾਂ ਲਈ ਦਰਖ਼ਤ ਕੱਟਣ ਦੇ ਬਦਲੇ ਵਿਚ ਕੇਂਦਰ ਸਰਕਾਰ ਨੂੰ 768 ਕਰੋੜ ਦੇ ਫ਼ੰਡ ਪੰਜਾਬ ਚੋਂ ਜਮਾਂ ਹੋਏ ਹਨ।
        ਕੇਂਦਰੀ ਜੰਗਲਾਤ ਮੰਤਰਾਲੇ ਨੇ ਇਨ੍ਹਾਂ ਫ਼ੰਡਾਂ ਚੋਂ ਸਾਲ 2009 ਤੋਂ 2017 ਦੌਰਾਨ ਸਿਰਫ਼ 283 ਕਰੋੜ ਰੁਪਏ ਹੀ ਜਾਰੀ ਕੀਤੇ ਹਨ। ਗਰੀਨ ਭਾਰਤ ਮਿਸ਼ਨ ਤਹਿਤ ਪੰਜਾਬ ਨੂੰ ਸਿਰਫ਼ 6.11 ਕਰੋੜ ਦੇ ਫ਼ੰਡ ਮਿਲੇ ਹਨ ਜਦੋਂ ਕਿ ਕੇਂਦਰੀ ਪਲਾਂਟੇਸ਼ਨ ਪ੍ਰੋਗਰਾਮ ਤਹਿਤ ਪੰਜਾਬ ਨੂੰ ਲੰਘੇ ਤਿੰਨ ਵਰ੍ਹਿਆਂ ਤੋਂ ਧੇਲਾ ਨਹੀਂ ਮਿਲਿਆ ਹੈ। ਇੱਧਰ ਪੰਜਾਬ ਸਰਕਾਰ ਦਾ ਖ਼ਜ਼ਾਨਾ ਖ਼ਾਲੀ ਹੈ। ਕਦੇ ਸ਼ਿਵ ਕੁਮਾਰ ਬਟਾਲਵੀ ਨੇ ਰੁੱਖਾਂ ਚੋਂ ਸਨੇਹ ਦੇਖਿਆ ਸੀ। ਦਿੱਲੀ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਦੇ ਡਾ. ਰਵੀ ਰਵਿੰਦਰ ਦਾ ਪ੍ਰਤੀਕਰਮ ਸੀ ਕਿ ਅੱਜ ਦੇ ਰੁੱਖਾਂ ਬਿਨਾਂ ਘੋਨੇ ਹੋਏ ਪੰਜਾਬ ਨੇ ਸ਼ਿਵ ਕੁਮਾਰ ਦੀ ਰੂਹ ਨੂੰ ਜ਼ਰੂਰ ਝੰਜੋੜਾ ਦਿੱਤਾ ਹੋਵੇਗਾ। ਉਨ੍ਹਾਂ ਆਖਿਆ ਕਿ ਹਰ ਪੰਜਾਬੀ ਸੁੱਖਾਂ ਨੂੰ ਰੁੱਖਾਂ ਚੋਂ ਤਲਾਸ਼ਣਾ ਸ਼ੁਰੂ ਕਰੇ।
          ਕੰਕਰੀਟ ਦੇ ਵਿਕਾਸ ਨੇ ਪੰਜਾਬ ਦੀ ਆਬੋ ਹਵਾ ਚੋਂ ਨੀਰ ਕੱਢ ਦਿੱਤਾ ਹੈ ਅਤੇ ਸੰਘਣੀਆਂ ਛਾਵਾਂ ਖੋਹ ਲਈਆਂ ਹਨ। ਬਠਿੰਡਾ ਤੋਂ ਅੰਮ੍ਰਿਤਸਰ ਚਹੁੰ ਮਾਰਗੀ ਸੜਕ ਨੇ ਕਰੀਬ 30 ਹਜ਼ਾਰ ਦਰਖਤਾਂ ਅਤੇ ਪਾਣੀਪਤ ਜਲੰਧਰ ਸੜਕ ਨੇ 1.10 ਲੱਖ ਦਰਖਤਾਂ ਨੂੰ ਬੇਜਾਨ ਕੀਤਾ ਹੈ। ਲੁਧਿਆਣਾ ਫ਼ਿਰੋਜ਼ਪੁਰ ਸੜਕ ਕਰਕੇ 500 ਏਕੜ ਰਕਬੇ ’ਚ ਅਤੇ ਬਠਿੰਡਾ ਜ਼ੀਰਕਪੁਰ ਸੜਕ ਮਾਰਗ ਕਰਕੇ 281 ਹੈਕਟੇਅਰ ਰਕਬੇ ਚੋਂ ਜੰਗਲਾਤ ਦਾ ਸਫ਼ਾਇਆ ਹੋਇਆ ਹੈ। ਪੰਜਾਬ ਸਰਕਾਰ ਦਾ ‘ਮਾਲਵਾ ਪ੍ਰੋਜੈਕਟ’ ਮਾਰਚ 2016 ਤੋਂ ਬੰਦ ਪਿਆ ਹੈ। ਪੰਜਾਬ ਵਿਚ ਹੁਣ ‘ਨੰਨ੍ਹੀ ਛਾਂ’ ਦਾ ਹੋਕਾ ਵੀ ਕਿਧਰੇ ਨਹੀਂ ਸੁਣ ਰਿਹਾ ਹੈ। ਪੰਜਾਬ ਵਿਚ ਕਰੀਬ 20 ਹਜ਼ਾਰ ਏਕੜ ਜੰਗਲਾਤ ਦੇ ਰਕਬੇ ਵਿਚ ਨਜਾਇਜ਼ ਕਬਜ਼ੇ ਹਨ। ਕਾਫ਼ੀ ਅਰਸਾ ਪਹਿਲਾਂ ਪੰਜਾਬ ਵਿਚ ‘ਜਪਾਨ ਪ੍ਰੋਜੈਕਟ’ ਤਹਿਤ 20 ਹਜ਼ਾਰ ਵਰਗ ਹੈਕਟੇਅਰ ਰਕਬੇ ਵਿਚ ਜੰਗਲਾਤ ਲਾਇਆ ਗਿਆ ਸੀ।
                  ਮਜਬੂਰੀ ’ਚ ਕੱਟਣੇ ਪੈਂਦੇ ਹਨ : ਜੰਗਲਾਤ ਮੰਤਰੀ
ਜੰਗਲਾਤ ਮੰਤਰੀ ਸਾਧੂ ਸਿੰਘ ਧਰਮਸੋਤ ਦਾ ਕਹਿਣਾ ਸੀ ਕਿ ਪੰਜਾਬ ਵਿਚ ਵਿਕਾਸ ਲਈ ਦਰਖ਼ਤ ਕੱਟਣੇ ਮਜਬੂਰੀ ਬਣ ਗਿਆ ਹੈ ਕਿਉਂਕਿ ਲੋਕਾਂ ਨੂੰ ਸਹੂਲਤਾਂ ਦੇਣ ਦੇ ਮੱਦੇਨਜ਼ਰ ਕਰਨਾ ਪੈ ਰਿਹਾ ਹੈ। ਉਨ੍ਹਾਂ ਆਖਿਆ ਕਿ ਚਾਲੂ ਮਾਲੀ ਵਰੇ੍ਹ ਦੌਰਾਨ 2 ਕਰੋੜ ਪੌਦੇ ਲਗਾਏ ਗਏ ਹਨ ਅਤੇ ਕਰੀਬ ਇੱਕ ਹਜ਼ਾਰ ਏਕੜ ਰਕਬਾ ਨਜਾਇਜ਼ ਕਬਜ਼ਿਆਂ ਤੋਂ ਮੁਕਤ ਕਰਾਇਆ ਗਿਆ ਹੈ। ਉਨ੍ਹਾਂ ਦਾਅਵਾ ਕੀਤਾ ਕਿ ਪੌਦੇ ਲਾਉਣ ਵਿਚ ਵੀ ਪੰਜਾਬ ਮੋਹਰੀ ਹੈ ਅਤੇ ਕੇਂਦਰ ਤੋਂ ਫ਼ੰਡ ਵੀ ਪ੍ਰਾਪਤ ਹੋ ਰਹੇ ਹਨ।

         
No comments:

Post a Comment