Monday, March 19, 2018

                         ਕੈਪਟਨ ਦਾ ਖੂੰਡਾ 
            ਅਕਾਲੀ ਬਚੇ , ਮੁਲਾਜ਼ਮ ਫਸੇ 
                          ਚਰਨਜੀਤ ਭੁੱਲਰ
ਬਠਿੰਡਾ : ਐਤਕੀਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ‘ਸਿਆਸੀ ਖੂੰਡਾ’ ਵੱਡੇ ਲੀਡਰਾਂ ’ਤੇ ਨਹੀਂ ਚੱਲਿਆ ਜਦੋਂ ਕਿ ਛੋਟੇ ਮੁਲਾਜ਼ਮ ਵਾਹਣੀਂ ਪਾਏ ਹੋਏ ਹਨ। ਜ਼ਮੀਨ ਅਸਮਾਨ ਦਾ ਫ਼ਰਕ ਹੈ ਕਿ ਕੈਪਟਨ ਅਮਰਿੰਦਰ ਦੀ ਪਹਿਲੀ ਪਾਰੀ ਅਤੇ ਦੂਸਰੇ ਪਾਰੀ ਦੇ ਪਹਿਲੇ ਵਰੇ੍ਹ ਦੀ ‘ਕਰੁਪਸ਼ਨ ਖ਼ਿਲਾਫ਼ ਜੰਗ’ ਦਾ। ਚੋਣਾਂ ਤੋਂ ਪਹਿਲਾਂ ਕੈਪਟਨ ਨੇ ਗੱਠਜੋੜ ਦੇ ਵੱਡੇ ਲੀਡਰਾਂ ਖ਼ਿਲਾਫ਼ ਪੰਜਾਬ ਨੂੰ ਲੁੱਟਣ ਦੇ ਇਲਜ਼ਾਮ ਲਾਏ। ਚਾਰ ਮਹੀਨੇ ’ਚ ਸਭਨਾਂ ਨੂੰ ਅੰਦਰ ਕਰਨ ਦੇ ਵਾਅਦੇ ਕੀਤੇ ਗਏ। ਜਦੋਂ ਹੁਣ ਕੈਪਟਨ ਹਕੂਮਤ ਦੇ ਪਹਿਲੇ ਵਰੇ੍ਹ ਦੇ ਵਿਜੀਲੈਂਸ ਕੇਸਾਂ ਦੇ ਵਰਕੇ ਫਰੋਲੇ ਤਾਂ ਉਨ੍ਹਾਂ ’ਚ ਵੱਡੀ ਗਿਣਤੀ ਛੋਟੇ ਮੁਲਾਜ਼ਮ ਦੀ ਦਿੱਖੀ, ‘ਮਗਰਮੱਛ’ ਕਿਧਰੇ ਨਜ਼ਰੀਂ ਨਹੀਂ ਪਏ। ਤਾਹੀਓ ਅਕਾਲੀ ਖ਼ੁਸ਼ ਤੇ ਕਾਂਗਰਸੀ ਦੁਖੀ ਜਾਪਦੇ ਹਨ। ਵਿਜੀਲੈਂਸ ਦੇ ਸਰਕਾਰੀ ਤੱਥਾਂ ਅਨੁਸਾਰ ਪੰਜਾਬ ਵਿਚ ਗੱਠਜੋੜ ਸਰਕਾਰ ਦੇ ਆਖ਼ਰੀ ਵਰੇ੍ਹ ਸਾਲ 2016 ਦੌਰਾਨ 314 ਅਫ਼ਸਰਾਂ/ ਮੁਲਾਜ਼ਮਾਂ/ ਪ੍ਰਾਈਵੇਟ ਵਿਅਕਤੀਆਂ ਖ਼ਿਲਾਫ਼ 167 ਕੇਸ ਦਰਜ ਹੋਏ ਜਦੋਂ ਕਿ ਕੈਪਟਨ ਰਾਜ ਦੇ ਸਾਲ 2017 ਦੌਰਾਨ 291 ਵਿਅਕਤੀਆਂ ਖ਼ਿਲਾਫ਼ 159 ਕੇਸ ਦਰਜ ਹੋਏ।
                   ਪੜਤਾਲਾਂ ਦੇ ਆਧਾਰ ਤੇ ਦਰਜ ਹੋਣ ਵਾਲੇ ਕੇਸ ਜਿਨ੍ਹਾਂ ’ਚ ਪ੍ਰਾਈਵੇਟ ਵਿਅਕਤੀ/ਸਿਆਸੀ ਵਿਅਕਤੀ ਵੀ ਸ਼ਾਮਲ ਹੁੰਦੇ ਹਨ, ਤੇ ਨਜ਼ਰ ਮਾਰੀਏ ਤਾਂ ਸਾਲ 2016 ਦੇ ਵਰੇ੍ਹ ਵਿਚ 54 ਵਿਜੀਲੈਂਸ ਕੇਸ ਦਰਜ ਹੋਏ ਜਦੋਂ ਕਿ ਕੈਪਟਨ ਦੇ ਸਾਲ 2017 ਦੇ ਵਰੇ੍ਹ ਦੌਰਾਨ ਇਹ ਗਿਣਤੀ ਘੱਟ ਕੇ 36 ਰਹਿ ਗਈ। ਇਸੇ ਵਰੇ੍ਹ ’ਚ ਵਸੀਲਿਆਂ ਤੋਂ ਵੱਧ ਜਾਇਦਾਦ ਬਣਾਏ ਜਾਣ ਦੇ ਸਿਰਫ਼ ਪੰਜ ਕੇਸ ਦਰਜ ਹੋਏ ਹਨ। ਵਰ੍ਹਾ 2017 ਦੌਰਾਨ ਟਰੈਪ ਕੇਸ ਜ਼ਰੂਰ ਵਧੇ ਹਨ ਜਿਨ੍ਹਾਂ ਵਿਚ ਜ਼ਿਆਦਾ ਛੋਟੇ ਮੁਲਾਜ਼ਮ ਸ਼ਾਮਿਲ ਹਨ। ਸਾਲ 2016 ਵਿਚ 109  ਟਰੈਪ ਕੇਸਾਂ ਵਿਚ 130 ਮੁਲਾਜ਼ਮ/ ਅਧਿਕਾਰੀ ਫੜੇ ਗਏ ਜਦੋਂ ਕੈਪਟਨ ਹਕੂਮਤ ਨੇ ਪਹਿਲੇ ਵਰ੍ਹੇ ਵਿਚ 118 ਕੇਸ ਦਰਜ ਕਰਕੇ 149 ਮੁਲਾਜ਼ਮ/ਅਧਿਕਾਰੀ ਫੜੇ ਹਨ। ਮਤਲਬ ਕਿ ਕੈਪਟਨ ਸਰਕਾਰ ਨੇ ਛੋਟੀਆਂ ਮੱਛੀਆਂ ਫੜਨ ਵਿਚ ਬਾਜ਼ੀ ਮਾਰੀ ਹੈ। ਵਿਜੀਲੈਂਸ ਨੇ ਜਨਵਰੀ ਤੇ ਫਰਵਰੀ 2018 ਦੌਰਾਨ 28 ਕੇਸ ਦਰਜ ਕੀਤੇ ਹਨ।
                    ਕੈਪਟਨ ਰਾਜ ਦੇ ਪਹਿਲੇ ਵਰੇ੍ਹ 2017 ਦੌਰਾਨ ਵਿਜੀਲੈਂਸ ਨੇ 128 ਵਿਅਕਤੀਆਂ ਖ਼ਿਲਾਫ਼ ਵਿਜੀਲੈਂਸ ਪੜਤਾਲਾਂ ਦਰਜ ਕੀਤੀਆਂ ਹਨ ਜਦੋਂ ਕਿ ਇਸ ਤੋਂ ਜ਼ਿਆਦਾ ਤਾਂ ਅਕਾਲੀ ਰਾਜ ਦੇ ਸਾਲ 2016 ਦੌਰਾਨ 201 ਪੜਤਾਲਾਂ ਦਰਜ ਹੋਈਆਂ ਸਨ। ਅਕਾਲੀ ਰਾਜ ਦੇ 2016 ਦੌਰਾਨ 61 ਪ੍ਰਾਈਵੇਟ ਵਿਅਕਤੀਆਂ (ਸਮੇਤ ਸਿਆਸੀ ਵਿਅਕਤੀ) ਪੜਤਾਲਾਂ ਦਰਜ ਹੋਈਆਂ ਜਦੋਂ ਕਿ ਹੁਣ 2017 ਵਿਚ ਸਿਰਫ਼ 30 ਵਿਅਕਤੀਆਂ ਖ਼ਿਲਾਫ਼ ਪੜਤਾਲਾਂ ਦਰਜ ਹੋਈਆਂ ਹਨ। ਜਦੋਂ ਕੈਪਟਨ ਦੀ ਪਹਿਲੀ ਪਾਰੀ (2002-2007) ਸੀ ਤਾਂ ਉਦੋਂ ਪਹਿਲੇ ਵਰੇ੍ਹ ਦੌਰਾਨ ਹੀ ਸਿਆਸੀ ਖੂੰਡਾ ਚਲਾ ਕੇ ਦਰਜਨਾਂ  ਲੀਡਰਾਂ ਨੂੰ ਜੇਲ੍ਹ ਦੀ ਹਵਾ ਖੁਆ ਦਿੱਤੀ ਸੀ।  ਵਰ੍ਹਾ 2002-2003 ਦੌਰਾਨ ਰਿਕਾਰਡ ਕੇਸ ਦਰਜ ਹੋਏ ਸਨ। ਹੁਣ ਦੂਸਰੀ ਪਾਰੀ ਦੇ ਪਹਿਲੇ ਵਰੇ੍ਹ ਦੌਰਾਨ ਕਿਸੇ ਸਿਆਸੀ ਲੀਡਰ ਨੂੰ ਤੱਤੀ ਵਾਅ ਨਹੀਂ ਲੱਗੀ ਹੈ।
                    ਹੁਣ ਪਹਿਲੇ ਵਰੇ੍ਹ ਦੌਰਾਨ ਵਿਜੀਲੈਂਸ ਨੇ ਸਿੰਚਾਈ ਘੁਟਾਲਾ, ਮੰਡੀ ਬੋਰਡ ਦੇ ਐਕਸੀਅਨ ਦਾ ਕੇਸ,ਪੀ.ਟੀ.ਯੂ ਕੇਸ ਅਤੇ ਝਿਉਰਹੇੜੀ ਕੇਸ ਦੇ ਮਾਮਲੇ ਦਰਜ ਕੀਤੇ ਹਨ ਜਿਨ੍ਹਾਂ ਚੋਂ ਨੇਤਾ ਲੋਕ ਬਚ ਗਏ ਹਨ। ਸਿਆਸੀ ਭੇਤੀ ਆਖਦੇ ਹਨ ਕਿ ਇਹ ‘ਦੋਸਤਾਨਾ ਖੇਡ’ ਦਾ ਨਤੀਜਾ ਹੈ ਜਦੋਂ ਕਿ ਵਿਰੋਧੀ ਧਿਰਾਂ ਦੇ ਲੀਡਰ ਆਖਦੇ ਹਨ ਕਿ ਵਿਜੀਲੈਂਸ ਹੁਣ ਬਦਲਾਖੋਰੀ ਤੋਂ ਗੁਰੇਜ਼ ਕਰ ਰਹੀ ਹੈ। ਹਾਕਮ ਧਿਰ ਆਖ ਰਹੀ ਹੈ ਕਿ ਮੈਰਿਟ ਤੇ ਸਭ ਕੱੁਝ ਹੋ ਰਿਹਾ ਹੈ। ਇੱਕ ਵਿਜੀਲੈਂਸ ਅਧਿਕਾਰੀ ਨੇ ਦੱਸਿਆ ਕਿ ਉੱਪਰੋਂ ਹਰੀ ਝੰਡੀ ਨਹੀਂ ਮਿਲੀ ਜਿਸ ਕਰਕੇ ਉਹ ਬੇਵੱਸ ਹਨ। ਤਾਹੀਓਂ ਵਿਜੀਲੈਂਸ ਕੋਲ ਸ਼ਿਕਾਇਤਾਂ ਦੀ ਗਿਣਤੀ ਵੀ ਘਟਣ ਲੱਗੀ ਹੈ। ਨਤੀਜੇ ਵਜੋਂ ਲੀਡਰਾਂ ਖ਼ਿਲਾਫ਼ ਕਾਰਵਾਈ ਦਾ ਖਾਤਾ ਵੀ ਨਹੀਂ ਖੁੱਲ੍ਹਿਆ ਹੈ।
                   ਵਿਜੀਲੈਂਸ ਪੰਜਾਬ ਨੇ ਲੰਘੇ ਪੰਜ ਵਰ੍ਹਿਆਂ (2013-2017) ਦੌਰਾਨ 1279 ਵਿਅਕਤੀਆਂ (ਸਰਕਾਰੀ/ਗ਼ੈਰਸਰਕਾਰੀ) ਤੇ ਕੁੱਲ 722 ਕੇਸ ਦਰਜ ਕੀਤੇ ਹਨ ਜਿਨ੍ਹਾਂ ਚੋਂ 500 ਕੇਸ ਰੰਗੇ ਹੱਥੀ ਵੱਢੀ ਲੈਣ ਵਾਲਿਆਂ ਦੇ ਹਨ ਜਦੋਂ ਕਿ 186 ਕੇਸ ਪੜਤਾਲਾਂ ਕਰਨ ਮਗਰੋਂ ਦਰਜ ਕੀਤੇ ਗਏ ਹਨ। ਸਿਰਫ਼ ਤਿੰਨ ਦਰਜਨ ਕੇਸ ਵਸੀਲਿਆਂ ਤੋਂ ਵੱਧ ਆਮਦਨ ਵਾਲੇ ਦਰਜ ਹੋਏ ਹਨ। ਇਨ੍ਹਾਂ ਪੰਜ ਵਰ੍ਹਿਆਂ ਦੌਰਾਨ 54 ਅਫ਼ਸਰਾਂ, 263 ਮੁਲਾਜ਼ਮਾਂ ਅਤੇ 136 ਪ੍ਰਾਈਵੇਟ ਵਿਅਕਤੀਆਂ ਨੂੰ ਅਦਾਲਤਾਂ ਵਿਚ ਸਜ਼ਾ ਹੋਈ ਹੈ। ਜਨਵਰੀ ਤੇ ਫਰਵਰੀ 2018 ਵਿਚ ਦਰਜਨ ਨੂੰ ਸਜ਼ਾ ਹੋਈ ਹੈ।
                 ਸਿੰਚਾਈ ਘੁਟਾਲੇ ’ਚ ਵਕਤ ਲੱਗਿਆ : ਡਾਇਰੈਕਟਰ
ਵਿਜੀਲੈਂਸ ਦੇ ਡਾਇਰੈਕਟਰ ਜੀ.ਨਗੇਸਵਰਾ ਰਾਓ ਦਾ ਕਹਿਣਾ ਸੀ ਕਿ ਵਿਜੀਲੈਂਸ ਦੀ ਸਾਲ ਦੌਰਾਨ ਬਿਹਤਰ ਕਾਰਗੁਜ਼ਾਰੀ ਰਹੀ ਹੈ ਤੇ ਟਰੈਪ ਕੇਸ ਪਿਛਲੇ ਵਰੇ੍ਹ ਨਾਲੋਂ ਵਧੇ ਹਨ। ਪੁਰਾਣੇ ‘ਨੌਕਰੀ ਘੁਟਾਲੇ’ ਦੇ ਵੱਡੇ ਦੋਸ਼ੀ ਫੜੇ ਹਨ ਅਤੇ ਐਕਸੀਅਨ ਸੁਰਿੰਦਰਪਾਲ ਭਲਵਾਨ ਤੇ ਤਿੰਨ ਕੇਸ ਦਰਜ ਕੀਤੇ ਹਨ। ਸਿੰਚਾਈ ਘੁਟਾਲਾ ਹੀ ਬਹੁਤ ਸਮਾਂ ਖਾ ਗਿਆ ਹੈ ਜਿਸ ਕਰਕੇ ਪੜਤਾਲਾਂ ਦੀ ਗਿਣਤੀ ਘਟੀ ਹੈ। ਜਦੋਂ ਲੀਡਰਾਂ ਬਾਰੇ ਪੁੱਛਿਆ ਤਾਂ ਉਨ੍ਹਾਂ ਇਸ ’ਤੇ ਕੋਈ ਟਿੱਪਣੀ ਕਰਨ ਤੋਂ ਨਾਂਹ ਕਰ ਦਿੱਤੀ।




No comments:

Post a Comment