Friday, November 27, 2020

                                                     ਅੱਗੇ ਬਾਬਾ, ਪਿੱਛੇ ਪੋਤੇ
                           ਪੰਜਾਬੀਓ ! ਦਿੱਲੀ ਹੁਣ ਦੂਰ ਨਹੀਂ..!
                                          ਚਰਨਜੀਤ ਭੁੱਲਰ                                   

ਚੰਡੀਗੜ੍ਹ : ਪੰਜਾਬ ਨੇ ਖੇਤਾਂ ਦੀ ਪੱਗ ਲਈ ਅੱਜ ਕਿਸਾਨਾਂ ਨੂੰ ਰਾਹ ਛੱਡੇ। ਜਿੱਧਰ ਵੀ ਦੇਖੋ, ਅੱਜ ਸੜਕਾਂ 'ਤੇ ਅੱਗੇ ਜਵਾਨੀ ਤੇ ਪਿੱਛੇ ਕਿਸਾਨੀ ਸੀ। ਇੰਝ ਜਾਪਿਆ ਜਿਵੇਂ ਕਿਸਾਨ ਰੋਹ ਦਾ ਜਵਾਲਾ ਫਟ ਗਿਆ ਹੋਵੇ। ਅੱਜ ਸਮੁੱਚੇ ਪੰਜਾਬ ਦਾ ਮੂੰਹ ਦਿੱਲੀ ਵੱਲ ਸੀ। ਦਿਹਾਤੀ ਪੰਜਾਬ ਵਿੱਚ ਸੱਥਾਂ ਸੁੰਨੀਆਂ ਸਨ ਅਤੇ ਸ਼ਹਿਰਾਂ ਵਿੱਚ ਬਾਜ਼ਾਰ ਖਾਲੀ। ਵਰ੍ਹਿਆਂ ਮਗਰੋਂ ਪੰਜਾਬ ਨੇ ਸੰਘਰਸ਼ੀ ਪੇਚੇ ਦੀ ਤੜ ਵੇਖੀ ਹੈ। ਜਿਨ੍ਹਾਂ ਅੱਜ ਕਿਸਾਨੀ ਹਜੂਮ ਤੱਕੇ, ਉਨ੍ਹਾਂ ਨੂੰ ਆਸ ਬੱਝੀ ਕਿ ਦਿੱਲੀ ਹੁਣ ਦੂਰ ਨਹੀਂ...। ਕਿਸਾਨੀ ਸੰਘਰਸ਼ ਨੂੰ ਨੱਕਾ ਮਾਰਨਾ ਕਿੰਨਾ ਔਖਾ ਹੈ, ਹਰਿਆਣਾ ਸਰਕਾਰ ਇਸ ਤੋਂ ਸੱਜਰੀ ਜਾਣੂ ਹੋਈ ਹੈ। ਖਨੌਰੀ ਕੋਲ ਅੰਤਰਰਾਜੀ ਸੀਮਾ ਤੋਂ ਕਿਸਾਨ ਸਾਂਭੇ ਨਹੀਂ ਗਏ। ਹਰਿਆਣਾ ਪੁਲੀਸ ਨੇ ਰਾਹ ਬੰਦ ਕੀਤੇ। ਹਰਿਆਣਵੀਂ ਕਿਸਾਨਾਂ ਨੇ ਦਿਲ ਵੀ ਖੋਲ੍ਹੇ, ਨਾਲੇ ਖੇਤਾਂ ਵਿਚਲੇ ਰਾਹ ਵੀ।
           ਕਿਸਾਨ ਆਗੂ ਮਨਜੀਤ ਨਿਆਲ ਦੱਸਦਾ ਹੈ ਕਿ ਪੁਲੀਸ ਵੱਲੋਂ ਲਾਏ ਮਿੱਟੀ ਦੇ ਟਿੱਬੇ ਹਰਿਆਣਾ ਦੇ ਕਿਸਾਨਾਂ ਨੇ ਢੇਰ ਕਰ ਦਿੱਤੇ। ਹਰਿਆਣਾ ਦੇ ਕਿਸਾਨਾਂ ਨੇ ਆਪੋ-ਆਪਣੇ ਖੇਤਾਂ ਵਿੱਚੋਂ ਪੰਜਾਬ ਦੇ ਕਿਸਾਨਾਂ ਨੂੰ ਰਸਤਾ ਦਿੱਤਾ।  ਜ਼ਿਲ੍ਹਾ ਮੋਗਾ ਦੀ ਇੱਕ ਜਰਨੈਲੀ ਸੜਕ 'ਤੇ ਇੱਕ ਢਾਬੇ ਵਾਲੇ ਨੇ ਸੰਘਰਸ਼ੀ ਲੋਕਾਂ ਦੀ ਮੁਫ਼ਤ ਸੇਵਾ ਕੀਤੀ। ਬਠਿੰਡਾ ਖਿੱਤੇ ਦੇ ਇੱਕ ਵੈਟਰਨਰੀ ਡਾਕਟਰ ਨੇ ਉਨ੍ਹਾਂ ਕਿਸਾਨਾਂ ਦੇ ਪਸ਼ੂਆਂ ਦਾ ਮੁਫ਼ਤ ਇਲਾਜ ਕਰਨ ਦਾ ਐਲਾਨ ਕੀਤਾ, ਜੋ ਦਿੱਲੀ ਦੇ ਰਾਹ ਪਏ ਹਨ। ਪੰਜਾਬ ਹਰਿਆਣਾ ਦੀ ਅੰਤਰਰਾਜੀ ਸੀਮਾ 'ਤੇ ਡੱਬਵਾਲੀ ਲਾਗੇ ਸੜਕ 'ਤੇ ਜੁੜੇ ਕਿਸਾਨ ਇਕੱਠ ਤੋਂ ਜਾਪਿਆ ਜਿਵੇਂ ਸੰਘਰਸ਼ ਦਾ ਦਰਿਆ ਵਹਿ ਰਿਹਾ ਹੋਵੇ। ਜਵਾਨੀ ਨੇ ਨਾਅਰੇ ਲਾਏ, ਕਿਸਾਨੀ ਨੇ ਮੁੱਕੇ ਤਣ ਕੇ ਜੁਆਬ ਦਿੱਤੇ। ਡੱਬਵਾਲੀ ਵਿੱਚ ਸੰਘਰਸ਼ੀ ਇਕੱਠ ਦੇ ਨੇੜੇ ਹੀ ਮਰਹੂਮ ਕਿਸਾਨ ਚੌਧਰੀ ਦੇਵੀ ਲਾਲ ਦਾ ਬੁੱਤ ਲੱਗਾ ਹੋਇਆ ਹੈ। ਬੁੱਤ ਕਿਤੇ ਬੋਲਦੇ ਹੁੰਦੇ ਤਾਂ ਮਰਹੂਮ ਨੇਤਾ ਜ਼ਰੂਰ 'ਜੈ ਕਿਸਾਨ' ਦਾ ਨਾਅਰਾ ਲਾਉਂਦਾ। ਤਲਵੰਡੀ ਸਾਬੋ ਦਾ ਗੁਰਪ੍ਰੀਤ ਸਿੰਘ ਆਖਦਾ ਹੈ ਕਿ ਮਾਝੇ ਦੇ ਟਰੈਕਟਰਾਂ ਤੇ ਟਰਾਲੀਆਂ ਵਿੱਚ ਸਾਜੋ-ਸਾਮਾਨ ਨਾਲ ਬੈਠੇ ਕਿਸਾਨਾਂ ਨੂੰ ਦੇਖ ਕੇ ਜੰਗੀ ਮਾਹੌਲ ਦੀ ਯਾਦ ਤਾਜ਼ਾ ਹੋ ਗਈ।
            ਬਰਨਾਲੇ ਦੀ 85 ਵਰ੍ਹਿਆਂ ਦੀ ਮਾਂ ਜਲ ਕੌਰ ਆਖਦੀ ਹੈ ਕਿ ਇਹ ਜੰਗ ਜ਼ਿੰਦਗੀ ਦੀ ਹੈ।  ਮਹਿਲਾ ਕਿਸਾਨ ਆਗੂ ਹਰਿੰਦਰ ਕੌਰ ਬਿੰਦੂ ਅੰਦਾਜ਼ਾ ਲਾ ਕੇ ਦੱਸਦੀ ਹੈ ਕਿ ਕਰੀਬ 20 ਹਜ਼ਾਰ ਔਰਤਾਂ ਅੱਜ ਮੋਰਚੇ ਵਿੱਚ ਕਿਸਾਨਾਂ ਨਾਲ ਡਟੀਆਂ ਹਨ। ਪਿੰਡ ਦੌਧਰ ਵਿੱਚੋਂ ਸਭ ਤੋਂ ਵੱਡਾ ਜਥਾ ਔਰਤਾਂ ਦਾ ਆਉਣਾ ਸੰਕੇਤ ਦਿੰਦਾ ਹੈ ਕਿ ਖੇਤਾਂ ਵੱਲ ਕੋਈ ਕਿਵੇਂ ਝਾਕ ਜਾਊ। ਅੰਤਰਰਾਜੀ ਸੀਮਾ 'ਤੇ ਸ਼ੰਭੂ ਬਾਰਡਰ ਹੋਵੇ ਤੇ ਚਾਹੇ ਲਾਲੜੂ। ਹਰ ਪਾਸੇ ਟਰੈਕਟਰ ਹੀ ਟਰੈਕਟਰ ਨਜ਼ਰ ਪੈ ਰਹੇ ਸਨ। ਸੋਸ਼ਲ ਮੀਡੀਆ 'ਤੇ ਵੀ ਕਿਸਾਨੀ ਦਾ ਮੋਢਾ ਬਣ ਕੇ ਬਹੁਤਿਆਂ ਨੇ ਜੰਗ ਲੜੀ। ਬਲਵਿੰਦਰ ਬੋਪਾਰਾਏ ਨੇ ਸ਼ਾਹ ਮੁਹੰਮਦ ਦਾ ਜੰਗਨਾਮਾ ਵਾਰ-ਵਾਰ ਸਾਂਝਾ ਕੀਤਾ। ਚਾਰੇ ਪਾਸੇ ਇਹ ਤੁਕਬੰਦ ਘੁੰਮੀ.. 'ਸ਼ਾਹ ਮੁਹੰਮਦਾ ਕਿਸੇ ਨਾ ਅਟਕਣਾ ਈਂ, ਸਿੰਘ ਲੈਣਗੇ ਦਿੱਲੀ ਨੂੰ ਮਾਰ ਮੀਆਂ।' ਪੰਜਾਬ ਪੂਰੀ ਤਰ੍ਹਾਂ ਅੱਜ ਬੇਖ਼ੌਫ ਦਿਖਿਆ। ਹਰਿਆਣੇ ਦਾ ਕਿਸਾਨ ਪੂਰੀ ਤਰ੍ਹਾਂ ਪਿੱਠ 'ਤੇ ਖੜਿਆ। ਹਰਿਆਣਾ ਦੇ ਪਿੰਡਾਂ ਦੇ ਕਿਸਾਨਾਂ ਨੇ ਅੱਜ 10 ਹਜ਼ਾਰ ਬੰਦਿਆਂ ਦਾ ਲੰਗਰ ਬਣਾ ਕੇ ਡੱਬਵਾਲੀ ਭੇਜਿਆ। ਰਾਜਸਥਾਨ ਤੋਂ ਕਿਸਾਨਾਂ ਦੇ ਜਥੇ ਵੀ ਅੱਜ ਡੱਬਵਾਲੀ ਪੁੱਜੇ ਹਨ। ਬਠਿੰਡਾ ਦੇ ਪਿੰਡ ਹਿੰਮਤਪੁਰਾ ਦਾ ਨੌਜਵਾਨ ਸਰਪੰਚ ਪਰਮਿੰਦਰ ਸਿੰਘ ਆਪਣੇ ਪੱਧਰ 'ਤੇ ਜਥਾ ਲੈ ਕੇ ਦਿੱਲੀ ਵੱਲ ਚੱਲਿਆ ਹੈ। ਕਵੀਸ਼ਰੀ ਜਥੇ ਵੀ ਕਿਸਾਨ ਇਕੱਠਾਂ ਵਿੱਚ ਜ਼ੋਸ ਮੱਠਾ ਨਹੀਂ ਪੈਣ ਦੇ ਰਹੇ ਹਨ।
          ਅੱਜ ਜਵਾਨੀ ਦੇ ਜਜ਼ਬੇ ਨੇ ਇਕੱਲੇ ਨਾਕੇ ਨਹੀਂ, ਹਕੂਮਤ ਦਾ ਨੱਕ ਵੀ ਭੰਨਿਆ ਹੈ। ਵਾਇਆ ਹਰਿਆਣਾ ਜਾਣ ਲਈ ਸੱਤ ਨਾਕੇ ਸਨ, ਜਿਨ੍ਹਾਂ ਵਿੱਚੋਂ ਕਈ ਨਾਕੇ ਅੱਜ ਕਿਸਾਨਾਂ ਨੇ ਤੋੜ ਸੁੱਟੇ, ਹਰਿਆਣਾ ਪੁਲੀਸ ਦੀਆਂ ਪਾਣੀ ਦੀਆਂ ਬੁਛਾੜਾਂ ਵੀ ਪਾਣੀਓਂ-ਪਾਣੀ ਹੋ ਗਈਆਂ।  ਇਨਕਲਾਬੀ ਕੇਂਦਰ ਦੇ ਪ੍ਰਧਾਨ ਨਰਾਇਣ ਦੱਤ ਬਰਨਾਲਾ ਦੀ ਟਿੱਪਣੀ ਸੀ ਕਿ ਅੱਜ ਪੰਜਾਬ ਦੀ ਜਵਾਨੀ ਨੇ ਜਲਵਾ ਦਿਖਾ ਦਿੱਤਾ ਹੈ, ਜੋ ਬਜ਼ੁਰਗਾਂ ਦੇ ਵਾਰਸ ਬਣ ਕੇ ਅੱਗੇ ਲੱਗੇ ਹਨ। ਉਨ੍ਹਾਂ ਕਿਹਾ ਕਿ ਜ਼ੋਸ ਤੇ ਹੋਸ਼ ਵੀ ਅੱਜ ਇੱਕੋ ਵੇਲੇ ਦਿਖਿਆ। ਦੇਖਿਆ ਗਿਆ ਹੈ ਕਿ ਅੱਜ ਨਰਮਾ ਪੱਟੀ ਦੀਆਂ ਵਿਧਵਾ ਔਰਤਾਂ ਦੇ ਜਥੇ ਮੋਦੀ ਸਰਕਾਰ ਨੂੰ ਆੜੇ ਹੱਥੀਂ ਲੈ ਰਹੇ ਸਨ। ਚਿੱਟੀਆਂ ਚੁੰਨੀਆਂ ਦੀ ਥਾਂ ਅੱਜ ਬਸਤੀ ਚੁੰਨੀਆਂ ਉਨ੍ਹਾਂ ਦੇ ਸਿਰਾਂ 'ਤੇ ਸਨ। ਬੀਕੇਯੂ ਡਕੌਂਦਾ ਦੇ ਪ੍ਰਧਾਨ ਬੂਟਾ ਸਿੰਘ ਬੁਰਜ ਗਿੱਲ ਅੱਜ ਕਿਸਾਨੀ ਜਥੇ ਨਾਲ ਰੋਕਾਂ ਤੋੜ ਕੇ ਰਤੀਆ ਤੱਕ ਪੁੱਜ ਗਏ, ਜਿਨ੍ਹਾਂ ਦਾ ਕਹਿਣਾ ਸੀ ਕਿ ਕਿਸਾਨੀ ਜੋਸ਼ ਦਿੱਲੀ ਨੂੰ ਖੇਤੀ ਕਾਨੂੰਨ ਵਾਪਸ ਲੈਣ ਲਈ ਮਜਬੂਰ ਕਰੇਗਾ।
                                  ਸਿਆਸੀ ਟਰੈਕਟਰਾਂ ਨੂੰ ਟਿੱਚਰਾਂ
ਸੋਸ਼ਲ ਮੀਡੀਆ 'ਤੇ ਅੱਜ ਸਿਆਸੀ ਧਿਰਾਂ ਨੂੰ ਟਿੱਚਰਾਂ ਹੋਈਆਂ। ਤਿੰਨ ਟਰੈਕਟਰਾਂ ਵਾਲੀ ਪੁਰਾਣੀ ਤਸਵੀਰ ਚਾਰੇ ਪਾਸੇ ਛਾਈ ਰਹੀ। ਇੱਕ ਟਰੈਕਟਰ 'ਤੇ ਰਾਹੁਲ ਗਾਂਧੀ ਬੈਠੇ ਹੋਏ ਸਨ, ਦੂਸਰੇ ਹੋਰ ਟਰੈਕਟਰ ਨੂੰ ਸੁਖਬੀਰ ਬਾਦਲ ਚਲਾ ਰਹੇ ਸਨ। ਤੀਸਰੇ ਟਰੈਕਟਰ ਦੇ ਸਟੇਅਰਿੰਗ 'ਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਚੀਮਾ ਬੈਠੇ ਹੋਏ ਸਨ। ਬਹੁਤੇ ਲੋਕਾਂ ਨੇ ਇਹ ਲਿਖਿਆ ਕਿ 'ਏਹ ਟਰੈਕਟਰਾਂ ਵਾਲੇ ਹੁਣ ਕਿਥੇ ਚਲੇ ਗਏ।'

No comments:

Post a Comment