Sunday, November 29, 2020

                                                             ਵਿਚਲੀ ਗੱਲ
                                                ਅਸਾਂ ਨੀਂ ਕਨੌੜ ਝੱਲਣੀ..!
                                                            ਚਰਨਜੀਤ ਭੁੱਲਰ            

ਚੰਡੀਗੜ੍ਹ : ਸ਼ੁਕਰੀਆ! ਐ ਤਖ਼ਤ ਵਾਲੇ। ਜੇ ਤੂੰ ਪੈਲੀ ਨੂੰ ਮੈਲੀ ਨਾ ਕਰਦਾ, ਏਹ ਤੋਤਾ ਮਨ ਦਾ ਮੋਤਾ, ‘ਦਿੱਲੀ ਕੂਚ’ ਕਰਨ ਤੋਂ ਡਰਦਾ। ਐ ਤਾਜਾਂ ਵਾਲੇ! ਧੰਨਭਾਗ ਤੁਸਾਂ ਦੀ ਕਨੱਖੀ ਸੋਚ ਦਾ। ਤੂੰ ਇੰਝ ਚੁਲ੍ਹਿਆਂ ’ਤੇ ਵਾਰ ਨਾ ਕਰਦਾ, ਚੌਂਕਿਆਂ ਦੀ ਮਾਲਕਣ ਕਹਿਣਾ ਭੁੱਲ ਬੈਠਦੀ...‘ਅਸਾਂ ਨੀਂ ਕਨੌੜ ਝੱਲਣੀ।’ ਐ ਤਾਕਤ ਦੇ ਮਾਲਕ ! ਤੂੰ ਖੇਤਾਂ ਦਾ ਬੰਨ੍ਹ ਨਾ ਬੰਨ੍ਹਦਾ... ਬੁੱਢੀ ਮਾਈ ਨੇ ਫੇਰ ਕਿੱਥੋਂ ਪੁੱਛਣਾ ਸੀ... ਪੁੱਤ! ਦਿੱਲੀ ਨੂੰ ਕਿਹੜਾ ਰਾਹ ਜਾਂਦੈ। ਐ ਸਿਆਸੀ ਪੁਜਾਰੀ! ਖੇਤੀ ਕਾਨੂੰਨਾਂ ਦਾ ਜੇ ਤੂੰ ਨਾ ਬਣਦਾ ਲਿਖਾਰੀ। ਮੋਇਆਂ ਨੂੰ ਚੇਤੇ ਰਹਿਣਾ ਸੀ, ‘ਪੰਜਾਬ ਦੇ ਜੰਮਿਆਂ ਨੂੰ ਨਿੱਤ ਮੁਹਿੰਮਾਂ।’ ਤੈਨੂੰ ਵੀ ਸੱਤੇ ਖੈਰਾਂ ਹਰਿਆਣਾ ਸਿੰਘਾਂ। ਤੇਰਾ ਖੱਟਰ! ਕਿਤੇ ਨਾ ਸੁੱਟਦਾ ਪੱਥਰ। ਸੱਤੇ ਜਰਨੈਲੀ ਸੜਕਾਂ ’ਤੇ।ਨਿਆਣਿਆਂ ਨੂੰ ਕਿਵੇਂ ਪਤਾ ਲੱਗਦਾ, ‘ਪੰਜਾਬ ਸਿੰਘ ਕੇ ਖੜਕਣੇ ਸੇ, ਖੜਕਤੀ ਹੈ ਦਿੱਲੀ।’ ਸਿਆਣੇ ਸੱਚ ਫਰਮਾ ਗਏ, ‘ਜਦੋਂ ਘੜਿਆਲ ਵੱਜਦਾ ਹੋਵੇ, ਉਦੋਂ ਟੱਲੀਆਂ ਦੀ ਆਵਾਜ਼ ਨੂੰ ਕੋਈ ਨਹੀਂ ਸੁਣਦਾ।’ ਖੇਤੀ ਮੰਤਰੀ ਨਰੇਂਦਰ ਤੋਮਰ। ਗਵਾਲੀਅਰ ਵਾਲੇ ਪਿਆਰ ਨਾਲ ‘ਮੁੰਨਾ ਭਈਆ’ ਆਖਦੇ ਨੇ। ਮੁੰਨਾ ਸਾਹਬ! ਤੁਸਾਂ ਨੂੰ ਵੀ ਪ੍ਰਣਾਮ । ਤੁਹਾਡੀ ਮਿੱਤਰ ਮੰਡਲੀ ਖੇਤੀ ਕਾਨੂੰਨਾਂ ਵਾਲੀ ‘ਹੀਰ’ ਨਾ ਗਾਉਂਦੀ। ਹਲ-ਪੰਜਾਲੀ ਦੇ ਵਾਰਸਾਂ ਨੂੰ ਦਿੱਲੀ ਦੂਰ ਹੀ ਲੱਗਣੀ ਸੀ। ਅੌਹ ਦੇਖੋ! ਹੁਣ ਤੁਹਾਡੇ ਪ੍ਰਤਾਪ ਨਾਲ ਕਿਵੇਂ ਹੱਥਾਂ ਵਿੱਚ ਹੱਥ ਪਾਏ ਨੇ। ਦਿੱਲੀ ਦੀ ਦਹਿਲੀਜ਼ ਤੱਕ ਆਏ ਨੇ। ਮੱਥੇ ’ਤੇ ਤਿਊੜੀਆਂ, ਮੁੱਕਿਆਂ ਦੀ ਤੜ, ਪੱਗਾਂ ਦੇ ਲੜ, ਛੇਤੀ ਨਹੀਂਓ ਪੈਣਗੇ ਹੁਣ ਫਿੱਕੇ। ਟੇਢੀ ਉਂਗਲ ਨਾਲ ਘਿਓ ਕੱਢਣ ਤੁਰੇ ਨੇ।

               ਤੁਰਕਾਂ ਤੋਂ ਮੱਤ ਲੈ ਨਿਕਲੇ ਨੇ, ‘ਪੇੜ ਇੱਕੋ ਵਾਰ ਨਾਲ ਨਹੀਂ ਡਿੱਗਦੇ।’ ਜ਼ਿਲ੍ਹਾ ਬਰਨਾਲਾ ਦੇ ਪਿੰਡ ਕੱਟੂ ਦਾ ਬੇਅੌਲਾਦ ਬਜ਼ੁਰਗ ਜੋੜਾ। ਧਿਆ ਕੇ ਕਲਗੀਆਂ ਵਾਲੇ ਨੂੰ, ਦਿੱਲੀ ਆ ਬੈਠੈ। ਕੋਲ ਸਿਰਫ਼ ਇੱਕ ਝੋਲਾ ਹੈ। ਕੋਈ ਪੁੱਛ ਬੈਠਾ, ਬੇਬੇ ! ਆਹ ਝੋਲੇ ’ਚ ਕੀ ਐ, ਜੁਆਬ ਮਿਲਿਆ, ‘ਕੀ ਹੋਣਾ ਸੀ ਪੁੱਤ, ਕਫ਼ਨ ਐ।’ ਫੇਰ ਧਰਤੀ ਵੇਹਲ ਨਾ ਦੇਵੇ। ਤੀਹ ਹਜ਼ਾਰ ਪੰਜਾਬਣਾਂ ਨੇ ਮੰਡਾਸੇ ਬੰਨ੍ਹੇ ਨੇ। ਉਪਰੋਂ ਸਪੇਨੀ ਹਾਮੀ ਭਰਦੇ ਨੇ, ‘ਅੌਰਤ, ਤਲਵਾਰ ਤੇ ਕਲਮ, ਦੋਹਾਂ ਨਾਲੋਂ ਤਾਕਤਵਰ ਹੁੰਦੀ ਹੈ।’ ਕੱਤੀ ਕਿਸਾਨ ਧਿਰਾਂ, ਤਿੰਨ ਲੱਖ ਪੰਜਾਬੀ, ਘਰ ਤੇ ਪਿੰਡ ਖਾਲੀ, ਜੋਸ਼ ’ਤੇ ਜਜ਼ਬਾ ਮਣਾਂ ਮੂੰਹਾਂ।ਬਲੀ ਸਿੰਘ ਚੀਮਾ ਜੁਗੜੇ ਪਹਿਲੋਂ ਆਖ ਗਏ, ‘ਲੇ ਮਸ਼ਾਲੇ ਚਲ ਪੜੇਂ ਹੈ, ਲੋਗ ਮੇਰੇ ਗਾਓਂ ਕੇ/ਅਬ ਅੰਧੇਰਾ ਜੀਤ ਲੇਂਗੇ, ਲੋਗ ਮੇਰੇ ਗਾਓਂ ਕੇ।’ ਪੁਆਧ ਦੇ ਇਲਾਕੇ ਦਾ ਪਿੰਡ ਚਿੱਲਾ। ਸਾਬਕਾ ਸਰਪੰਚ ਅਜਾਇਬ ਸਿਓਂ। ਪ੍ਰਧਾਨ ਮੰਤਰੀ ਦੀ ਤਸਵੀਰ ਅੱਗੇ ਰੱਖ ਵੰਦਨਾ ਕਰ ਰਿਹੈ..‘ਮੇਰਾ ਜੀਅ ਕਰਾ ਬੀ ਮੈਂ ਨਰੇਂਦਰ ਬਾਬੂ ਪਰ ਬਲਿਹਾਰੈ ਜਾਹਾਂ ਜਿਸ ਨੈ ਪੰਜਾਬ ਬਚਾ ਲਿਆ, ਨਹੀਂ ਤਾ ਮਾਅਰੇ ਛੋਕਰਿਆਂ ਨੈ ਸੌਂਈਓ ਜਾਣਾ ਤਾ, ਕਿਸ ਨੈ ਝੰਡੇ ਚੱਕਣੇ ’ਤੇ।’ ਪੁਆਧੀ ਦਿੱਲੀ ਨਾਲ ਭਿੜ ਰਹੇ ਨੇ। ਅੌਹ ਦੇਖੋ, ਮਝੈਲ ਬਾਬਾ ਵੀ ਦਿੱਲੀ ਬਾਰਡਰ ’ਤੇ ਕਿਵੇਂ ਐਸੀ ਦੀ ਤੈਸੀ ਕਰ ਰਿਹੈ, ‘ਓਹ ਮੋਦੀ ਭਾਊ! ਤੂੰ ਕਰਨ ਕੀ ਡਿਆਂ, ਧੂੜ ਕੱਢ ਦਿਆਂਗੇ, ਕੋਈ ਨੱਥੂ ਖੈਰੇ ਨਹੀਂ।’ ਰੱਬ ਝੂਠ ਨਾ ਬੁਲਾਵੇ, ਸ਼ਰਮੋਂ ਸ਼ਰਮੀ ਦੁਆਬੀਏ ਘਰੋਂ ਤੁਰੇ..! ਖਟਕੜ ਕਲਾਂ ਨੇ ਹਲੂਣਾ ਦਿੱਤਾ ਹੋਊ। ‘ਸਾਡੀ ਕੀਤੀ ਕਰਾਈ, ਮਿੱਟੀ ’ਚ ਮਿਲਾਈ’, ਲੱਗਦੈ ਸੁਫ਼ਨੇ ’ਚ ਬਾਬੇ ਸੋਹਣ ਸਿੰਘ ਭਕਨਾ ਨੇ ਵੀ ਮਿਹਣਾ ਮਾਰਿਆ ਹੋਊ।

               ਪਿੰਡ ਗੱਜੂਮਾਜਰਾ (ਪਟਿਆਲਾ) ਦਾ ਬਜ਼ੁਰਗ ਗੁਰਦੇਵ ਸਿੰਘ। ਦਿੱਲੀ ਨਾਲ ਦੋ ਹੱਥ ਕਰਨ ਲਈ ਨਿੱਤਰਿਐ। ਰਾਤ ਆਏ ਸੁਫ਼ਨੇ ਬਾਰੇ ਦੱਸ ਰਿਹੈ, ‘ਮੱਲੋ! ਰਾਤ ਨਰੇਂਦਰ ਤੋਮਰ ਦਿਖਿਆ।’ ਆਖਣ ਲੱਗਾ, ‘ਗੁਰਦੇਵ ਸਿਆਂ, ਹੁਣ ਛੱਡੋ ਗੁੱਸੇ ਨੂੰ, ਪੈਰੀਂ ਪੈ ਗਿਆ, ਅਖੇ ਆਹ ਚੱਕ, ਖੇਤੀ ਕਾਨੂੰਨ ਰੱਦ।’ ਸੁਫ਼ਨਾ ਸੁਣ ਬਰਾਸ ਵਾਲਾ ਬਿੰਦਰ ਬੋਲਿਆ, ‘ਬਾਬਾ ਵੱਡੇ ਤੜਕੇ ਸੁਫ਼ਨਾ ਆਏ, ਤਾਂ ਹੁੰਦਾ ਵੀ ਸੱਚੈ।’ ਸੱਚ ਪੁੱਛੋ ਤਾਂ ਹੁਣ ਰਣਭੂਮੀ ਬਣੇ ਨੇ ਪੰਜਾਬੀ ਮਨ।ਦੇਸ਼ ਦੀ ਖੜਗ ਭੁਜਾ ਪੰਜਾਬ ਰਿਹੈ। ਜਪਾਨੀ ਆਖਦੇ ਹਨ ਕਿ ‘ਜਦੋਂ ਬੁੱਢੇ ਹੋ ਜਾਵੋ, ਉਦੋਂ ਆਪਣੇ ਬੱਚਿਆਂ ਦਾ ਕਹਿਣਾ ਮੰਨੋ।’ ਜਦੋਂ ਦਿੱਲੀ ਵੱਲ ਤੁਰੇ ਸੀ। ਹਰਿਆਣਾ ਨੇ ਬੈਰੀਕੇਡ ਲਾਏ। ਜਵਾਨ ਖੂਨ ਨੂੰ ਕਿਥੋਂ ਨੱਕਾ ਲੱਗਦੈ। ਫੇਰ ਅੱਗੇ ਜਵਾਨੀ, ਪਿੱਛੇ ਕਿਸਾਨੀ। ਜਿਨ੍ਹਾਂ ਪਥਰਾਟ ਭੰਨ੍ਹੇ ਨੇ, ਉਨ੍ਹਾਂ ਲਈ ਪੱਥਰ ਕਿਹੜੇ ਬਾਗ ਦੀ ਮੂਲੀ ਨੇ। ਮਾਛੀਵਾੜੇ ਦੇ ਵਾਰਸਾਂ ਅੱਗੇ ਕੰਡਿਆਲੀ ਤਾਰ ਨੂੰ ਤਾਰ-ਤਾਰ ਹੋਣਾ ਪਿਆ। ਦਿੱਲੀ ਸੀਮਾ ’ਤੇ ਪਾਣੀ ਦੀਆਂ ਬੁਛਾੜਾਂ ਦੇਖ, ਇੱਕ ਛੋਟਾ ਕਿਸਾਨ ਕਲਪਿਆ, ‘ਸਾਡੇ ਖੇਤ ਤਾਂ ਪਾਣੀ ਨੂੰ ਤਰਸੇ ਪਏ ਨੇ..!’ ਹਰਿਆਣਾ ਪੁਲੀਸ ਨੇ ਪੰਜਾਬੀ ਗੁੱਸੇ ਦਾ ਨਕਦ ਨਰਾਇਣ ਰਸੀਦ ਕੀਤਾ, ਮਗਰੋਂ ਦਿੱਲੀ ਪੁਲੀਸ ਨੇ। ਹਕੂਮਤ ਨੇ ਰਾਈ ਦੇ ਪਹਾੜ ਬਣਾਏ। ਪੁਲੀਸ ਨੇ ਰੇਤ ਦੇ ਟਿੱਬੇ। ਟਿੱਬੇ ਕਿਵੇਂ ਪੱਧਰ ਹੁੰਦੇ ਨੇ, ਮਲਵੱਈਆਂ ਨੂੰ ਪੁੱਛ ਕੇ ਦੇਖੋ। ਅੱਖੀਂ ਕੇਂਦਰ ਸਰਕਾਰ ਨੇ ਦੇਖ ਲਿਆ। ਸੱਧਰਾਂ ਕਰੰਡ ਹੋਈਆਂ ਤਾਂ ਮਿੱਟੀ ਦੇ ਬਾਵੇ ਬਣ ਗਏ। ਪੰਜਾਬੀ ਮੁੱਦਤਾਂ ਮਗਰੋਂ ਦਿੱਲੀ ਦੇ ਪ੍ਰਾਹੁਣੇ ਬਣ ਆਏ ਹਨ। ਜਿਨ੍ਹਾਂ ਮਾਵਾਂ ਦਾ ਨਸੀਬ ਹੀ ਹੰਝੂ ਹਨ, ਅੱਥਰੂ ਗੈਸ ਕੀ ਵਿਗਾੜ ਲਏਗੀ। ਖੇਤੀ ਕਾਨੂੰਨਾਂ ਦਾ ਭਵਿੱਖ ਕੁਝ ਵੀ ਹੋਵੇ। ਪ੍ਰਲੋਕ ’ਚ ਬੈਠੇ ਬਜ਼ੁਰਗ ਧੰਨ ਹੋਏ ਨੇ ਕਿ ਉਨ੍ਹਾਂ ਦੇ ਵਾਰਸਾਂ ਦਾ ਕਣ ਕੰਡਾ ਹਾਲੇ ਮਰਿਆ ਨਹੀਂ। ਚਲੋ ਅੌੜ ਭੰਨ੍ਹੀ ਗਈ, ਲੱਗਦੈ ਸੰਘਰਸ਼ੀ ਝਾੜ ਵੀ ਚੰਗਾ ਨਿਕਲੂ।

               ਆਖ਼ਰ ਅੱਕ ਚੱਬਣਾ ਪਿਐ, ਨਗਾਰੇ ’ਤੇ ਚੋਟ ਪੰਜਾਬ ਨੇ ਲਾਈ ਐ। ਐ ਦਿੱਲੀਏ...ਹੁਣ ਕਾਹਤੋ ਬੁਰਕੀ ਫਸ ਚੱਲੀ..! ਹਿੰਮਤ ਐ ਤਾਂ ਕਹੋ, ਕਿਸਾਨ ਰਾਸ਼ਟਰ ਵਿਰੋਧੀ ਨੇ। ਕਿਤੇ ਖੇਤੀ ਕਾਨੂੰਨ ਘਰਾਂ ਨੂੰ ਨਾ ਪੈਂਦੇ, ਪੰਜਾਬ ‘ਤੋਤੀ-ਏ- ਹਿੰਦ’ ਬਣਿਆ ਰਹਿੰਦਾ। ਘੋਲਾਂ ਦੀ ਝੰਡੀ ਫੜਨੀ ਭੁੱਲ ਜਾਣਾ ਸੀ। ਸੱਤ੍ਵਰਵੇਂ ਦਹਾਕੇ ’ਚ ਮਲ ਸਿੰਘ ਰਾਮਪੁਰੀ ਨੇ ਇੰਝ ਤੁਕਬੰਦੀ ਕੀਤੀ, ‘ਧਰਤੀ ਦਾ ਗੇੜਾ ਤਿੱਖਾ ਏ, ਨਯਾ ਰੰਗ ਏ ਹਰ ਸਿਤਾਰੇ ’ਤੇ, ਪੰਛੀ ਨੇ ਤੋਲਦੇ ਖੰਭਾਂ ਨੂੰ, ਉੱਡਣ ਲਈ ਇੱਕ ਹੁੰਗਾਰੇ ’ਤੇ।’ ਖ਼ਜ਼ਾਨੇ ਭਰਪੂਰ ਨੇ ਪੰਜਾਬ ਦੇ। ਤੱਤੀਆਂ ਤਵੀਆਂ ਦਾ, ਉਬਲਦੀਆਂ ਦੇਗਾਂ ਦਾ ਅਤੇ ਸਿਰਾਂ ’ਤੇ ਚੱਲੇ ਆਰਿਆਂ ਦਾ ਵੱਡਾ ਇਤਿਹਾਸ ਐ, ਜੋ ਜੋਸ਼ ’ਤੇ ਜਜ਼ਬਾ ਬਖ਼ਸ਼ਦੈ। ‘ਦਿੱਲੀ ਚੱਲੋ’ ਦਾ ਨਾਅਰਾ ਨਵਾਂ ਨਹੀਂ। 1857 ਦਾ ਗ਼ਦਰ ਉੱਠਿਆ। ਝਾਂਸੀ ਦੀ ਰਾਣੀ ਲਕਸ਼ਮੀ ਬਾਈ ਤੇ ਬੇਗ਼ਮ ਹਜ਼ਰਤ ਦੀ ਕੂਕ ਪਈ ‘ਦਿੱਲੀ ਚੱਲੋ’। ਨੇਤਾ ਜੀ ਸੁਭਾਸ਼ ਚੰਦਰ ਬੋਸ ਨੇ ‘ਦਿੱਲੀ ਚੱਲੋ’ ਨੂੰ ਅਮਰ ਕੀਤਾ। ਹੁਣ ਮਾਹੌਲ ਕਿਸਾਨਾਂ ਨੇ ਗਰਮ ਕੀਤੈ। ਸ਼ਾਹੀਨ ਬਾਗ ’ਚ ਵੀ ਸਿਰ ਜੁੜੇ ਸਨ। ਉਦੋਂ 82 ਵਰ੍ਹਿਆਂ ਦੀ ਬਿਲਕੀਸ ਬਾਨੋ ਦੀ ਦੁਨੀਆ ’ਚ ਧੁੰਮ ਪੈ ਗਈ। ਹੁਣ ਦਿੱਲੀ ਦੀ ਜੂਹ ’ਤੇ ਹਜ਼ਾਰਾਂ ‘ਬਿਲਕੀਸ ਬਾਨੋਆਂ’ ਬੈਠੀਆਂ ਹਨ। ਪੰਜਾਬ ਦੀ ਮਾਂ ’ਕੱਲਾ ਆਟਾ ਨਹੀਂ, ਹਾਕਮਾਂ ਨੂੰ ਕਿਵੇਂ ਗੁੰਣਨੈ, ਏਹ ਗੁਰ ਵੀ ਜਾਣਦੀ ਐ। ਕਦੇ ਗੂੰਜ ਪਈ ‘ਜੈ ਜਵਾਨ ਜੈ ਕਿਸਾਨ’। ਹੁਣ ਪੁੱਤ ਚੀਨ ਨਾਲ, ਬਾਪ ਦਿੱਲੀ ਨਾਲ ਲੜ ਰਿਹੈ। ਹਕੂਮਤ ਆਖਦੀ ਐ, ਦਿੱਲੀ ’ਚ ਫ਼ਲ ਆਵੇ, ਸਬਜ਼ੀ ਆਵੇ, ਅਨਾਜ ਆਵੇ, ਦੁੱਧ ਆਵੇ। ਕਿਸਾਨ ਕਿਉਂ ਨਾ ਆਵੇ? ਸਮਝ ਤੋਂ ਬਾਹਰ ਐ। ਵਧਾਤਾ ਸਿੰਘ ਤੀਰ ਨੇ ਇੰਝ ਉਸਤਤ ਕੀਤੀ, ‘ਮੇਰੇ ਵਸ ਨਹੀਂ, ਨਹੀਂ ਤਾਂ ਆਪਣੀ ਸਹੁੰ, ਤੇਰੇ ਸਿਰ ’ਤੇ ਛਤਰ ਝੁਲਾ ਦੇਵਾ/ਜੱਟਾ ਰੱਬ ਜੇਕਰ ਮੇਰੀ ਅਰਜ਼ ਮੰਨੇ, ਤੈਨੂੰ ਜੱਗ ਦਾ ਰਾਜਾ ਬਣਾ ਦੇਵਾ।’

               ਹਕੂਮਤੀ ਅੱਖ ਨੇ ਰੰਕ ਬਣਾ ਦਿੱਤੈ। ਕੋਵਿਡ ਦੇ ਸਮਿਆਂ ’ਚ ਖੇਤੀ ਆਰਡੀਨੈਂਸ ਪਾਸ ਹੁੰਦੇ ਨੇ। ਤਰਕ ਦਿੱਤੇ ਜਾਂਦੇ ਨੇ, ਕਿਸਾਨੋਂ ਦਿੱਲੀ ਨਾ ਆਓ, ਕੋਵਿਡ ਐ। ‘ਸਾਡੀ ਮੌਤ ਉਨ੍ਹਾਂ ਦਾ ਹਾਸਾ’। ਖੈਰ, ਸਿਆਸੀ ਤਮਾਸ਼ਾ ਵੀ ਨਾਲੋਂ ਨਾਲ ਚੱਲ ਰਿਹੈ। ਢੀਂਡਸੇ, ਚੀਮੇ ਤੇ ਖਹਿਰੇ, ਸਭ ਹਾਜ਼ਰੀ ਲਵਾ ਗਏ। ਭਗਵੰਤ ਮਾਨ ਕਦੋਂ ਕਹੂ, ਹਾਜ਼ਰ ਜੀ। ਦਸੌਂਧਾ ਸਿਓਂ ਆਖ ਰਿਹੈ, ਕਿਸਾਨ ਭਰਾਵੋ! ਸਮਾਂ ਮਿਲਿਆ ਤਾਂ ਬੀਬੀ ਜਗੀਰ ਕੌਰ ਵੀ ਆਉਣਗੇ। ਹੁਣੇ ਪ੍ਰਧਾਨ ਬਣੇ ਨੇ। ਹਕੂਮਤ ਦੀ ਅੱਖ ’ਚ ਸ਼ਰਮ ਹੁੰਦੀ ਤਾਂ ਕਿਸਾਨਾਂ ਨੂੰ ਬੁਛਾੜ ਨਾ ਝੱਲਣੇ ਪੈਂਦੇ। ਕਿਸਾਨ ਹੁਣ ਨਵੀਂ ਇਬਾਰਤ ਲਿਖੇਗਾ। ਹਕੂਮਤ ਲਿਖੇਗੀ ਜ਼ੁਲਮ ਤੇ ਜਬਰ ਦੇ ਵਰਕੇ। ਮਸਲਾ ਧੀਆਂ-ਪੁੱਤਾਂ ਦੇ ਭਵਿੱਖ ਦਾ ਹੋਵੇ, ਖੇਤਾਂ ਦੀ ਢਹਿ ਰਹੀ ਵੱਟ ਦਾ ਹੋਵੇ, ਉਦੋਂ ਬਾਪ ਦਾਦਿਆਂ ਨਾਲ ਮੁੰਡਿਆਂ ਨੂੰ ਦਿੱਲੀ ਦੀ ਵੱਟ ਬੈਠਣਾ ਪੈਂਦੈ। ਛੱਜੂ ਰਾਮ ਨੂੰ ਦੇਖ ਲਓ, ਮਰਲਾ ਜ਼ਮੀਨ ਨਹੀਂ, ਫੇਰ ਵੀ ਲੜ ਰਿਹੈ। ਸੰਤੋਖ ਸਿੰਘ ਧੀਰ ਦਾ ਅੰਦਾਜ਼ਾ ਵੀ ਠੀਕ ਲੱਗਦੇ, ‘ਰਾਜਿਆ ਰਾਜ ਕਰੇਂਦਿਆ! ਤੇਰਾ ਤਖ਼ਤ ਰਿਹਾ ਹੈ ਡੋਲ।’

 

1 comment: