Tuesday, December 1, 2020

                                                        ਕੰਗਨਾ ਨੂੰ ਫਟਕਾਰ
                                  ਤੇਰੇ ਇਕ ਲੱਗੇ ਤਾਂ ਜਾਣੇਂ...!
                                           ਚਰਨਜੀਤ ਭੁੱਲਰ                    

ਚੰਡੀਗੜ੍ਹ : ਬਿਰਧ ਮਾਈ ਮਹਿੰਦਰ ਕੌਰ ਜ਼ਿੰਦਗੀ ਦੇ ਆਖਰੀ ਮੋੜ 'ਤੇ ਖੜ੍ਹੀ ਹੈ। ਖੇਤੀ ਬਿਪਤਾ ਨਾਲ ਮੁੱਢ ਤੋਂ ਇਸ ਬਿਰਧ ਨੇ ਆਢਾ ਲਿਆ। ਉਸ ਨੂੰ ਜ਼ਿੰਦਗੀ ਹਰਾ ਨਹੀਂ ਸਕੀ, ਜੋਸ਼ ਤੇ ਜਜ਼ਬੇ ਅੱਗੇ ਸਭ ਢੇਰੀ ਹੋ ਗਏ। ਅਦਾਕਾਰਾ ਕੰਗਣਾ ਰਣੌਤ ਨੇ ਉਸ 'ਤੇ ਉਂਗਲ ਉਠਾਈ ਹੈ, ਜਿਸ ਨੇ ਇਸ ਬਿਰਧ ਦੀ ਆਤਮਾ ਨੂੰ ਝਟਕਾ ਦਿੱਤਾ ਹੈ। ਕੰਗਣਾ ਰਣੌਤ ਨੇ ਟਵੀਟ ਕਰਕੇ ਇਸ ਮਾਈ ਨੂੰ ਕਿਸਾਨ ਅੰਦੋਲਨ 'ਚ 100 ਰੁਪਿਆ ਭਾੜਾ ਲੈ ਕੇ  ਕੁੱਦਣ ਵਾਲੀ ਔਰਤ ਦੱਸਿਆ ਹੈ। ਬਠਿੰਡਾ ਜ਼ਿਲ੍ਹੇ ਦੇ ਪਿੰਡ ਬਹਾਦਰਗੜ੍ਹ ਜੰਡੀਆਂ ਦੀ ਮਹਿੰਦਰ ਕੌਰ ਨੇ ਖੁਦ ਵਾਢੀ ਮੌਕੇ ਦਾਤੀ ਚਲਾਈ, ਰਾਤਾਂ ਨੂੰ ਖੁਦ ਫਸਲਾਂ ਨੂੰ ਪਾਣੀ ਲਾਏ, ਟਿੱਬੇ ਪੱਧਰੇ ਕੀਤੇ। ਖੇਤਾਂ ਤੋਂ ਸੁੱਖ ਚੈਨ ਨਿਛਾਵਰ ਕੀਤਾ ਤੇ ਬਾਬੇ ਨਾਨਕ ਦਾ ਸੱਚਾ ਕਿਰਤੀ ਬਣੀ। ਖੇਤਾਂ ਨੇ ਇਸ ਬਿਰਧ ਦੇ ਕੁੱਬ ਪਾ ਦਿੱਤਾ। 80 ਵਰ੍ਹਿਆਂ ਦੀ ਇਹ ਬਿਰਧ ਔਰਤ ਹੁਣ ਵੀ ਸਬਜ਼ੀਆਂ ਦੀ ਕਾਸ਼ਤ ਕਰਦੀ ਹੈ।
           ਮਹਿੰਦਰ ਕੌਰ ਆਪਣੇ ਪੁੱਤ ਪੋਤਿਆਂ ਲਈ ਜ਼ਿੰਦਗੀ ਹੁਣ 'ਕਿਸਾਨ ਅੰਦੋਲਨ' ਦੇ ਲੇਖੇ ਲਾਉਣ ਲਈ ਕਾਹਲੀ ਹੈ। ਉਹ ਹਰ ਕਿਸਾਨ ਅੰਦੋਲਨ ਵਿਚ ਅੱਗੇ ਹੋ ਜਾਂਦੀ ਹੈ।  ਚੇਤੇ ਰਹੇ ਕਿ ਗੌਤਮ ਯਾਦਵ ਨੇ ਦਿੱਲੀ 'ਚ ਜੁੜੇ ਕਿਸਾਨ ਅੰਦੋਲਨ 'ਤੇ ਇੱਕ ਟਵੀਟ ਕੀਤਾ ਸੀ, ਜਿਸ ਵਿੱਚ ਦੋ ਤਸਵੀਰਾਂ ਸਨ। ਇੱਕ ਬੰਨ੍ਹੇ ਸ਼ਾਹੀਨ ਬਾਗ 'ਚ ਕੁੱਦੀ 82 ਸਾਲਾ ਬਿਲਕੀਸ ਬਾਨੋ ਸੀ, ਜਿਸ ਨੂੰ ਟਾਈਮ ਮੈਗਜ਼ੀਨ ਨੇ ਪ੍ਰਮੁੱਖਤਾ ਦਿੱਤੀ। ਦੂਸਰੇ ਬੰਨ੍ਹੇ ਕਿਸਾਨੀ ਝੰਡਾ ਚੁੱਕੀ ਜਾ ਰਹੀ ਬਿਰਧ ਮਹਿੰਦਰ ਕੌਰ ਦੀ ਤਸਵੀਰ ਹੈ। ਦੋਹਾਂ ਨੂੰ ਇੱਕ ਔਰਤ ਦੱਸਿਆ ਗਿਆ। ਕੰਗਣਾ ਰਣੌਤ ਨੇ ਇਸ ਟਵੀਟ 'ਤੇ ਟਿੱਪਣੀ ਕਰਦਿਆਂ ਮਹਿੰਦਰ ਕੌਰ ਨੂੰ ਸੌ ਰੁਪਏ ਭਾੜਾ ਲੈ ਕੇ ਕਿਸਾਨ ਅੰਦੋਲਨ 'ਚ ਬੈਠਣ ਵਾਲੀ ਔਰਤ ਗਰਦਾਨ ਦਿੱਤਾ।
           ਬਠਿੰਡਾ ਜ਼ਿਲ੍ਹੇ ਦੀ ਬਿਰਧ ਮਹਿੰਦਰ ਕੌਰ ਦਾ ਪਰਿਵਾਰ ਇਹ ਮਾਨਸਿਕ ਝਟਕਾ ਨਹੀਂ ਚੱਲ ਸਕਿਆ। ਮਹਿੰਦਰ ਕੌਰ ਨੇ ਇੱਕੋ ਗੱਲ ਆਖੀ, 'ਉਹ ਪੂਰੀ ਜ਼ਿੰਦਗੀ ਮਿੱਟੀ ਨਾਲ ਮਿੱਟੀ ਹੋਈ ਹੈ, ਦੁੱਖਾਂ ਨੇ ਪੈਰ ਪੈਰ 'ਤੇ ਰਾਹ ਘੇਰੇ, ਉਂਗਲ ਚੁੱਕਣ ਵਾਲੀ ਬੀਬਾ 'ਤੇ ਕਦੇ ਸਾਡੇ ਵਾਂਗੂ ਦੁੱਖ ਪਵੇ ਤਾਂ ਉਸ ਨੂੰ ਪਤਾ ਲੱਗੇ।' ਮਹਿੰਦਰ ਕੌਰ ਆਖਦੀ ਹੈ ਕਿ ਉਸ ਨੇ ਕਿਰਤ ਦਾ ਲੜ ਫੜਿਆ ਅਤੇ ਕਦੇ ਪਰਿਵਾਰ ਦਾ ਸਿਰ ਨੀਵਾਂ ਨਹੀਂ ਹੋਣ ਦਿੱਤਾ। ਉਸ 'ਤੇ ਲਾਏ ਭਾੜੇ ਵਾਲੇ ਦਾਗ਼ ਨੇ ਸਭ ਮਿੱਟੀ 'ਚ ਮਿਲਾ ਦਿੱਤਾ।  ਮਹਿੰਦਰ ਕੌਰ ਦੇ ਬਜ਼ੁਰਗ ਪਤੀ ਲਾਭ ਸਿੰਘ ਨੰਬਰਦਾਰ ਨੇ ਕਿਹਾ ਕਿ ਝੂਠੇ ਇਲਜ਼ਾਮ ਲਾਉਣ ਵਾਲੀ ਬੀਬੀ ਨੂੰ ਜਨਤਕ ਮੁਆਫੀ ਮੰਗਣੀ ਚਾਹੀਦੀ ਹੈ।ਵੇਰਵਿਆਂ ਅਨੁਸਾਰ 1971 'ਚ ਮਹਿੰਦਰ ਕੌਰ ਵਿਆਹ ਕੇ ਲਾਭ ਸਿੰਘ ਦੇ ਘਰ ਆਈ ਤਾਂ ਅੰਤਾਂ ਦੀ ਗੁਰਬਤ ਸੀ। ਕੱਚੀਆਂ ਕੰਧਾਂ ਵਾਲਾ ਘਰ ਅਤੇ ਘਰ 'ਚ ਇੱਕ ਲੱਕੜ ਵੀ ਨਹੀਂ ਸੀ। ਤਨ ਦੇ ਕੱਪੜਿਆਂ ਤੋਂ ਬਿਨਾਂ ਕੁਝ ਨਹੀਂ ਸੀ। ਅੱਜ ਵੀ ਪਰਿਵਾਰ ਸਿਰ ਸੱਤ ਲੱਖ ਰੁਪਏ ਦਾ ਕਰਜ਼ ਹੈ। ਪਤੀ ਲਾਭ ਸਿੰਘ ਦਮੇ ਦਾ ਮਰੀਜ਼ ਹੈ। ਬਿਰਧ ਮਾਈ ਆਖਦੀ ਹੈ ਕਿ ਉਸ ਨੇ ਗਰਮੀ ਸਰਦੀ ਪਿੰਡੇ ਝੱਲੀ ਤੇ ਪਤੀ ਨਾਲ ਖੇਤਾਂ 'ਚ ਦਿਨ ਰਾਤ ਜੁਟੀ। ਕਦੇ ਪਿੱਛੇ ਨਹੀਂ ਹਟੀ।
            ਪਤੀ ਲਾਭ ਸਿੰਘ ਕਹਿੰਦਾ ਹੈ ਕਿ ਜਦੋਂ ਖੇਤਾਂ ਨੇ ਹਰਾ ਦਿੱਤਾ, ਉਸ ਨੇ ਨਸ਼ਾ ਤਸਕਰੀ ਦੇ ਰਾਹ ਪੈਣ ਦਾ ਫੈਸਲਾ ਕੀਤਾ। ਮਹਿੰਦਰ ਕੌਰ ਨੇ ਪਤੀ ਦਾ ਰਾਹ ਰੋਕ ਲਿਆ। ਤਸਕਰੀ ਦੀ ਥਾਂ ਖੇਤਾਂ 'ਚ ਸਬਜ਼ੀਆਂ ਦੀ ਕਾਸ਼ਤ ਕਰਨ ਦਾ ਰਾਹ ਦਿਖਾਇਆ। ਦਿਨ ਰਾਤ ਦੋਵੇਂ ਜੀਅ ਸਬਜ਼ੀਆਂ ਦੀ ਪੈਦਾਵਾਰ ਕਰਨ ਲੱਗੇ। ਖੁਦ ਸ਼ਹਿਰਾਂ ਵਿਚ ਜਾ ਕੇ ਸਬਜ਼ੀ ਵੇਚਦੇ ਰਹੇ। ਮਹਿੰਦਰ ਕੌਰ ਨੇ ਬੱਚਿਆਂ ਦਾ ਪਾਲਣ ਪੋਸ਼ਣ ਕੀਤਾ ਅਤੇ ਨਾਲ ਹੀ ਪੈਲੀ ਨੂੰ ਵੀ ਪਾਲਿਆ।  ਮਹਿੰਦਰ ਕੌਰ ਦਾ ਲੜਕੇ ਗੁਰਦਾਸ ਨੇ ਕਿਹਾ ਕਿ ਮਾਂ ਮਹਿੰਦਰ ਕੌਰ ਦੀ ਹਿੰਮਤ ਨੇ ਪਰਿਵਾਰ ਨੂੰ ਡੋਲਣ ਨਹੀਂ ਦਿੱਤਾ, ਪਰ ਕੰਗਣਾ ਰਣੌਤ ਨੇ ਉਂਗਲ ਚੁੱਕ ਕੇ ਬਿਨਾਂ ਕਸੂਰੋਂ ਦਾਗ਼ ਲਾ ਦਿੱਤਾ ਹੈ। ਉਸ ਨੇ ਕਿਹਾ ਕਿ ਅਦਾਕਾਰਾ ਨੂੰ ਮੁਆਫੀ ਮੰਗਣੀ ਚਾਹੀਦੀ ਹੈ। ਮਾਂ ਮਹਿੰਦਰ ਕੌਰ ਨੇ ਕਿਹਾ ਕਿ ਉਹ ਆਖਰੀ ਦਮ ਤੱਕ ਖੇਤਾਂ ਦੇ ਪੁੱਤਾਂ ਲਈ ਲੜੇਗੀ। ਉਧਰ ਕੰਗਣਾ ਰਣੌਤ ਨੇ ਲਾਹਨਤਾਂ ਪੈਣ ਮਗਰੋਂ ਆਪਣਾ ਟਵੀਟ ਡਿਲੀਟ ਕਰ ਦਿੱਤਾ ਹੈ।
                            ਟਵਿੱਟਰ ਨੂੰ ਜਵਾਨੀ ਨੇ ਹੱਥ ਪਾਇਆ
ਪੰਜਾਬ ਦੇ ਨੌਜਵਾਨਾਂ ਨੇ ਦੋ ਦਿਨਾਂ 'ਚ ਟਵਿੱਟਰ 'ਤੇ ਹਜ਼ਾਰਾਂ ਖਾਤੇ ਖੋਲ੍ਹ ਲਏ ਹਨ ਤਾਂ ਜੋ ਕਿਸਾਨ ਅੰਦੋਲਨ ਨੂੰ ਲੈ ਕੇ ਹਾਕਮ ਧਿਰ ਦੇ ਆਈਟੀ ਸੈੱਲ ਦਾ ਟਾਕਰਾ ਕੀਤਾ ਜਾ ਸਕੇ। ਖਾਸ ਕਰਕੇ ਪੇਂਡੂ ਮੁੰਡੇ, ਜੋ ਪਹਿਲਾਂ ਫੇਸਬੁੱਕ ਤੱਕ ਹੀ ਸੀਮਤ ਸਨ, ਹੁਣ ਟਵਿੱਟਰ 'ਤੇ ਨਿੱਤਰੇ ਹਨ। ਕੋਈ ਪੰਜਾਬੀ ਵਿੱਚ ਅਤੇ ਕੋਈ ਹਿੰਦੀ ਤੇ ਅੰਗਰੇਜ਼ੀ ਵਿਚ ਕਿਸਾਨਾਂ ਦੇ ਪੱਖ 'ਚ ਟਵੀਟ ਕਰ ਰਿਹਾ ਹੈ। ਇੱਕ ਵੱਡੀ ਲਹਿਰ ਸੋਸ਼ਲ ਮੀਡੀਆ 'ਤੇ ਖੜ੍ਹੀ ਕੀਤੀ ਜਾਣ ਲੱਗੀ ਹੈ।

1 comment: