Wednesday, December 16, 2020

                                                           ਜ਼ਮੀਨੀ ਪ੍ਰੀਖਿਆ
                                 ਲੋਹੇ ਦੀ ਲੱਠ ਨੇ ਏਹ ਮਾਵਾਂ..!
                                            ਚਰਨਜੀਤ ਭੁੱਲਰ                          

ਚੰਡੀਗੜ੍ਹ : ਜ਼ਿਲ੍ਹਾ ਬਰਨਾਲਾ ਦੇ ਪਿੰਡ ਮਹਿਲ ਖੁਰਦ ਦੀ ਬੇਬੇ ਭਗਵਾਨ ਕੌਰ ਨੇ ਦੋ ਹੱਲੇ ਵੇਖੇ ਹਨ। ਜਦੋਂ ਥੋੜੀ ਸੁਰਤ ਸੰਭਲੀ, ਦੇਸ਼ ਦੇ ਦੋ ਟੋਟੇ ਵੇਖੇ। ਹੱਲਾ-ਗੁੱਲਾ ਅੱਖੀਂ ਦੇਖਿਆ। ਜ਼ਮੀਨਾਂ ਖੁਸੀਆਂ ਵੀ, ਮੁੜ ਮਿਲੀਆਂ ਵੀ। ਹੁਣ ਜਦੋਂ ਜ਼ਿੰਦਗੀ ਦੇ ਆਖਰੀ ਮੋੜ 'ਤੇ ਹੈ, ਉਹ ਦੂਸਰਾ ਹੱਲਾ ਵੇਖ ਰਹੀ ਹੈ। ਬਿਰਧ ਭਗਵਾਨ ਕੌਰ ਗੜ੍ਹਕ ਕੇ ਬੋਲੀ, 'ਅੰਬਾਨੀ ਕੋਈ ਰੱਬ ਨੇ।' ਪਹਿਲੇ ਦਿਨ ਤੋਂ ਉਹ ਦਿੱਲੀ ਮੋਰਚੇ 'ਚ ਬੈਠੀ ਹੋਈ ਹੈ। 80 ਵਰ੍ਹਿਆਂ ਦੀ ਇਸ ਮਾਂ ਨੇ ਵੰਡ ਵੇਲੇ ਸੂਏ ਦਾ ਲਾਲ ਪਾਣੀ ਵੇਖਿਆ ਸੀ।  ਬੇਬੇ ਭਗਵਾਨ ਕੌਰ ਦਾ ਤੌਖ਼ਲਾ ਹੈ ਕਿ 'ਜਾਂਦੀ ਉਮਰੇ ਮੁੜ ਕਿਤੇ ਲਾਲ ਪਾਣੀ ਨਾ ਵੇਖਣਾ ਪੈ ਜਾਵੇ।' ਉਹ ਸੁੱਖ ਮੰਗ ਰਹੀ ਹੈ। ਦਿੱਲੀ ਮੋਰਚੇ 'ਚ ਉਨ੍ਹਾਂ ਔਰਤਾਂ ਦੀ ਵੱਡੀ ਗਿਣਤੀ ਹੈ, ਜਿਨ੍ਹਾਂ ਵੰਡ ਦੀ ਚੀਸ ਝੱਲੀ ਹੈ। ਹੁਣ ਉਮਰ ਅਤੇ ਠੰਢ ਨਾਲ ਵੀ ਭਿੜ ਰਹੀਆਂ ਹਨ। ਪਟਿਆਲਾ ਦੇ ਪਿੰਡ ਬੁਰੜ ਦੀ ਮਾਈ ਜੋਗਿੰਦਰ ਕੌਰ ਦੋ-ਤਿੰਨ ਵਰ੍ਹਿਆਂ ਦੀ ਸੀ ਜਦੋਂ ਦੇਸ਼ ਦੀ ਵੰਡ ਹੋਈ। ਹੋਸ਼ ਸੰਭਾਲੀ ਤਾਂ ਤਾਏ ਨੇ ਦੱਸਿਆ ਕਿ ਕਿਵੇਂ ਉਸ ਦਾ ਬਚਪਨ ਟੱਪਰੀਵਾਸਾਂ ਵਾਂਗ ਗੁਜ਼ਰਿਆ।
         ਜੋਗਿੰਦਰ ਕੌਰ ਨੇ ਬਚਪਨ ਉਮਰੇ ਵੱਡੇ ਫੱਟ ਵੇਖ ਲਏ। ਵੰਡ ਵੇਲੇ ਜੋਗਿੰਦਰ ਕੌਰ ਦਾ ਪਰਿਵਾਰ ਪਾਕਿਸਤਾਨ ਤੋਂ ਉਜੜ ਕੇ ਆ ਗਿਆ ਸੀ। ਛੇ ਮੁਰੱਬੇ ਜ਼ਮੀਨ ਛੱਡ ਕੇ ਪਰਿਵਾਰ ਭਾਰਤ ਪੁੱਜਾ। ਉਧਰੋਂ ਖੁੱਸੀ ਜ਼ਮੀਨ ਇੱਧਰ ਮਿਲ ਗਈ। ਬਿਰਧ ਮਾਂ ਆਖਦੀ ਹੈ ਕਿ ਹੁਣ ਜ਼ਮੀਨ ਖੁਸ ਗਈ ਤਾਂ ਪੁੱਤ-ਪੋਤੇ ਕਿਧਰ ਜਾਣਗੇ। ਪਿੰਡ ਬੁਰੜ ਦੀਆਂ ਛੇ ਔਰਤਾਂ 'ਚ ਇੱਕ ਉਹ ਵੀ ਹੈ, ਜੋ ਸਭਨਾਂ ਨੂੰ ਚੜ੍ਹਦੀ ਕਲਾ 'ਚ ਰੱਖਦੀ ਹੈ। ਕਿਸਾਨੀ ਤਾਕਤ 'ਤੇ ਏਨਾ ਮਾਣ ਹੈ ਕਿ ਹੁਣ ਉਸ ਨੂੰ ਜੰਗ ਜਿੱਤਣ ਦਾ ਹੌਸਲਾ ਹੈ। ਇਹ ਔਰਤਾਂ ਪਿੰਡੋਂ ਵੀ ਜ਼ਿੱਦ ਕਰਕੇ ਦਿੱਲੀ ਪੁੱਜੀਆਂ ਹਨ। ਮਹਿਲਾ ਕਿਸਾਨ ਆਗੂ ਗੁਰਪ੍ਰੀਤ ਕੌਰ ਬਰਾਸ ਦੱਸਦੀ ਹੈ ਕਿ ਜਦੋਂ ਉਹ ਪਿੰਡੋਂ ਤੁਰਨ ਲੱਗੇ ਤਾਂ ਇਹ ਛੇ ਬਿਰਧ ਔਰਤਾਂ ਨੇ ਵਾਸਤਾ ਪਾਇਆ, ਧੀਏ! ਸਾਨੂੰ ਦਿੱਲੀ ਲੈ ਜਾਓ। ਪਿੰਡ ਧੌਲਾ ਦੀ 80 ਸਾਲ ਦੀ ਬਜ਼ੁਰਗ ਬਸੰਤ ਕੌਰ ਹੁਣ ਵੀ ਵੰਡ ਦੇ ਸਮੇਂ ਨੂੰ ਯਾਦ ਕਰਕੇ ਅੱਖਾਂ ਨਮ ਕਰ ਲੈਂਦੀ ਹੈ। ਉਦੋਂ ਨਿੱਕੀ ਉਮਰੇ ਗਲੀਆਂ 'ਚ ਲਹੂ ਵਹਿੰਦਾ ਦੇਖਿਆ ਤਾਂ ਦਹਿਲ ਬੈਠ ਗਿਆ।
         ਦਿੱਲੀ ਮੋਰਚੇ 'ਚ ਹੁਣ ਜੋਸ਼ ਨੇ ਬਜ਼ੁਰਗ ਨੂੰ ਲੋਹੇ ਦੀ ਲੱਠ ਬਣਾ ਦਿੱਤਾ ਹੈ। ਉਹ ਆਖਦੀ ਹੈ ਕਿ ਇਹ ਦੂਸਰਾ ਹੱਲਾ ਵੇਖਣਾ ਪੈ ਰਿਹਾ ਹੈ।  ਬਸੰਤ ਕੌਰ ਆਖਦੀ ਹੈ,''ਜੇ ਅੱਜ ਘਰ ਬੈਠ ਜਾਂਦੇ ਤਾਂ ਪੁੱਤ-ਪੋਤਿਆਂ ਨੇ ਆਖਣਾ ਸੀ, ਬੇਬੇ! ਜਦੋਂ ਕਿਸਾਨ ਦਿੱਲੀ 'ਚ ਮੋਰਚੇ 'ਤੇ ਬੈਠੇ ਸਨ ਤਾਂ ਤੁਸੀਂ ਮੂੰਹ ਕਿਉਂ ਮੋੜੇ।'' 77 ਸਾਲ ਦੀ ਜਸਵੀਰ ਕੌਰ ਦਾ ਬਚਪਨ ਵੀ ਇਵੇਂ ਹੀ ਗੁਜ਼ਰਿਆ। ਉਹ ਆਖਦੀ ਹੈ ਕਿ ਜੇ ਅੱਜ ਡਰ ਗਏ ਤਾਂ ਜ਼ਮੀਨ ਕਿਵੇਂ ਬਚੂ। ਸਾਰੇ ਪਰਿਵਾਰ ਸਮੇਤ ਇਹ ਮਾਂ ਦਿੱਲੀ ਮੋਰਚੇ 'ਚ ਡਟੀ ਹੈ। ਸੰਗਰੂਰ ਦੇ ਪਿੰਡ ਡਸਕਾ ਦਾ 80 ਸਾਲ ਦਾ ਬਿਰਧ ਗੁਰਚਰਨ ਸਿੰਘ ਆਖਦਾ ਹੈ ਕਿ ਮੋਦੀ ਸਰਕਾਰ ਨੇ ਤਾਂ 1947 ਵਾਲਾ ਹੱਲਾ ਵੀ  ਭੁਲਾ ਦਿੱਤਾ ਹੈ। ਉਹ ਦੱਸਦਾ ਹੈ ਕਿ ਵੰਡ ਦੇ ਸਮੇਂ ਪਿੰਡ ਉਜੜਦੇ ਵੇਖੇ, ਮਾਵਾਂ ਦੇ ਕਤਲ ਵੇਖੇ, ਕੋਲ ਪਏ ਜਿਉਂਦੇ ਬੱਚੇ ਵੇਖੇ।  ਜਦੋਂ ਗੁਰਚਰਨ ਸਿੰਘ ਘਰੋਂ ਤੁਰਿਆ, ਪੋਤਿਆਂ ਨੇ ਰਾਹ ਰੋਕਣਾ ਚਾਹਿਆ। ਉਹ ਆਖਦਾ ਹੈ ਕਿ ਹੁਣ ਘਰ ਰੁਕ ਜਾਂਦਾ ਤਾਂ ਜ਼ਮੀਨਾਂ ਨੇ ਹੱਥੋਂ ਰੁਕਣਾ ਨਹੀਂ ਸੀ। ਉਹ ਜੰਗ ਜਿੱਤਣ ਦੀ ਗੱਲ ਕਰਦਾ ਹੈ।
         ਬਠਿੰਡਾ ਦੇ ਪਿੰਡ ਜੋਧਪੁਰ ਪਾਖਰ ਦੇ ਜੋਗਿੰਦਰ ਸਿੰਘ ਲਈ ਜ਼ਿੰਦਗੀ ਦੀ ਇਹ ਦੂਸਰੀ ਪ੍ਰੀਖਿਆ ਹੈ। ਉਮਰ 83 ਸਾਲ ਹੈ ਤੇ ਦੱਸਦਾ ਹੈ ਕਿ ਜਦੋਂ ਮੁਲਕ ਦਾ ਬਟਵਾਰਾ ਹੋਇਆ, ਉਦੋਂ ਉਸ ਨੇ ਆਪਣੇ ਗੁਆਂਢੀ ਮੁਸਲਿਮ ਦੋਸਤ ਨੂੰ ਬਾਜਰੇ ਦੇ ਖੇਤ 'ਚ ਲੁਕੋ ਲਿਆ ਸੀ।   ਉਹ ਦੱਸਦਾ ਹੈ ਕਿ ਉਸ ਵਕਤ ਏਨਾ ਕਹਿਰ ਵਰ੍ਹਿਆ ਕਿ ਦੋਸਤ ਨੂੰ ਬਚਾ ਨਾ ਸਕਿਆ। ਉਹ ਆਖਦਾ ਹੈ ਕਿ ਹੁਣ ਅੰਬਾਨੀ-ਅਡਾਨੀ ਦਾ ਵੀ ਹੱਲਾ ਵੱਡਾ ਹੈ, ਜੇ ਹੁਣ ਉਹ ਜ਼ਮੀਨ ਬਚਾ ਨਾ ਸਕਿਆ ਤਾਂ ਜ਼ਿੰਦਗੀ ਨੇ ਕਦੇ ਮੁਆਫ਼ ਨਹੀਂ ਕਰਨਾ। ਉਹ ਆਖਦਾ ਹੈ ਕਿ ਅਸਲ 'ਚ ਬਜ਼ੁਰਗਾਂ ਨੂੰ ਕੇਂਦਰ ਨੇ ਪਰਖਿਆ ਹੈ ਪ੍ਰੰਤੂ ਉਨ੍ਹਾਂ ਨੇ ਵੀ ਪੁਰਾਣੀਆਂ ਖੁਰਾਕਾਂ ਖਾਧੀਆਂ ਹਨ, ਜੰਗ ਜਿੱਤ ਕੇ ਹੀ ਮੁੜਨਗੇ। ਇੱਕ ਬਜ਼ੁਰਗ ਬੇਬੇ ਨੇ ਇਹ ਦੱਸਿਆ ਕਿ ਦੇਸ਼ ਦੇ ਬਟਵਾਰੇ ਸਮੇਂ ਉਸ ਦੀ ਉਮਰ 13 ਸਾਲ ਸੀ। ਉਦੋਂ ਉਸ ਨੇ ਔਰਤਾਂ ਵਿਚ ਇਕੱਠੇ ਬੈਠ ਕੇ ਰੋਟੀਆਂ ਲਾਹੀਆਂ ਸਨ। ਉਹ ਹੁਣ ਵੀ ਦਿੱਲੀ ਮੋਰਚੇ 'ਚ ਬੈਠੀ ਰੋਟੀਆਂ ਪਕਾ ਰਹੀ ਹੈ।

1 comment:

  1. ਤੁਸੀਂ ਇਕ ਇਕ ਵਰਗ ਅਤੇ ਵੱਖ ਵੱਖ ਥਾਂਵਾਂ ਦੇ ਲੋਕਾਂ ਨਾਲ ਗੱਲਾਂ ਕਰ ਕੇ ਅੰਦੋਲਨ ਦੀ ਬਹੁ-ਪੱਖੀ ਵਧੀਆ ਤਸਵੀਰ ਪੇਸ਼ ਕਰ ਰਹੇ ਹੋ। ਵਧਾਈ ਅਤੇ ਧੰਨਵਾਦ!

    ReplyDelete