Tuesday, December 15, 2020

                                                          ਦਿੱਲੀ ਮੋਰਚਾ
                            ਜਦੋਂ 'ਤਾਊ ਤੇ ਭਾਊ' ਦੀ ਪਈ ਜੱਫੀ
                                          ਚਰਨਜੀਤ ਭੁੱਲਰ                                   

ਚੰਡੀਗੜ੍ਹ : 'ਦਿੱਲੀ ਮੋਰਚੇ' ਦਾ ਇਹ ਧੰਨਭਾਗ ਸਮਝੋ ਜਿਸ ਨੇ ਪੰਜਾਬ ਦੇ ਭਾਊ ਤੇ ਹਰਿਆਣਾ ਦੇ ਤਾਊ ਦੀ ਜੱਫੀ ਪਵਾ ਦਿੱਤੀ ਹੈ। ਕਿਸਾਨ ਅੰਦੋਲਨ ਨੇ ਨਵੇਂ ਦ੍ਰਿਸ਼ ਸਿਰਜੇ ਹਨ। ਕੋਈ ਭਾਊ ਆਟਾ ਗੁੰਨ ਰਿਹਾ ਹੁੰਦਾ ਹੈ ਤਾਂ ਤਾਊ ਸਬਜ਼ੀ ਬਣਾ ਰਿਹਾ ਹੁੰਦਾ ਹੈ। ਇੱਕੋਂ ਟਰਾਲੀ 'ਚ ਮਾਝੇ ਦੇ ਭਾਊ ਵੀ ਸੌਂਦੇ ਹਨ ਤੇ ਤਾਊ ਵੀ ਪੈਂਦੇ ਹਨ। ਜੱਟ ਤੇ ਜਾਟ ਵਿਚਲੀ ਲਕੀਰ ਫਿੱਕੀ ਪਈ ਹੈ। ਜ਼ਿਲ੍ਹਾ ਅੰਮ੍ਰਿਤਸਰ ਦੇ ਪਿੰਡ ਖਹਿਰਾ ਦਾ ਕਿਸਾਨ ਗੁਰਨਾਮ ਸਿੰਘ ਦਸ ਦਿਨਾਂ ਤੋਂ ਦਿੱਲੀ ਮੋਰਚੇ ਵਿਚ ਹੈ। ਉਸ ਨੇ ਦੱਸਿਆ ਕਿ ਰਾਤ ਸਮੇਂ ਜਦੋਂ 'ਜੱਟ ਤੇ ਜਾਟ' ਇਕੱਠੇ ਬੈਠਦੇ ਹਨ ਤਾ ਭਾਵੁਕ ਸਾਂਝ ਦਾ ਮਾਹੌਲ ਬਣਦਾ ਹੈ। ਉਨ੍ਹਾਂ ਕਿਹਾ ਕਿ ਨੇਤਾਵਾਂ ਨੇ ਕੁਰਸੀ ਖਾਤਰ ਪੰਜਾਬ ਨੂੰ ਵੰਡ ਦਿੱਤਾ ਸੀ। ਪਾਣੀਆਂ ਦੇ ਨਾਂ 'ਤੇ ਕੰਧਾਂ ਉਸਾਰ ਦਿੱਤੀਆਂ ਪਰ ਕਿਸਾਨ ਘੋਲ ਨੇ ਮੁੜ ਦਿਲਾਂ ਨੂੰ ਜੋੜ ਦਿੱਤਾ ਹੈ। ਹਰਿਆਣਾ ਦੇ ਕਿਸਾਨਾਂ ਦੇ ਪੰਡਾਲ 'ਚ ਸਰ ਛੋਟੂ ਰਾਮ ਅਤੇ ਮਰਹੂਮ ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸਤਰੀ ਦੇ ਪੋਸਟਰ ਲੱਗੇ ਹੋਏ ਹਨ।
           ਹਰਿਆਣਾ ਦੇ ਪਿੰਡ ਸੌਂਗਲ ਦਾ ਕਿਸਾਨ ਅਨਿਲ ਆਖਦਾ ਹੈ ਕਿ ਦਿਲੀ ਮੋਰਚੇ ਨੇ 'ਮਹਾਂ ਪੰਜਾਬ' ਦਿਖਾ ਦਿੱਤਾ ਹੈ ਜਿਸ ਨੂੰ ਕਿਸੇ ਵੇਲੇ ਟੋਟੇ ਟੋਟੇ ਕੀਤਾ ਗਿਆ ਸੀ। ਉਸ ਨੇ ਕਿਹਾ ਕਿ ਪੰਜਾਬ ਦਾ ਕਿਸਾਨ ਵੱਡਾ ਭਰਾ ਹੈ ਜਿਸ ਨਾਲ ਬੈਠ ਕੇ ਮਾਣ ਮਹਿਸੂਸ ਹੁੰਦਾ ਹੈ। ਹਰਿਆਣਵੀਂ ਕਿਸਾਨ ਨੱਥੂ ਰਾਮ ਆਖਦਾ ਹੈ ਕਿ ਸਿਆਸੀ ਲੀਡਰਾਂ ਨੇ ਦੋਹਾਂ ਸੂਬਿਆਂ ਦੇ ਕਿਸਾਨਾਂ 'ਚ ਪਾਣੀਆਂ ਦੇ ਨਾਂ 'ਤੇ ਨਫਰਤ ਭਰੀ। ਰਾਤ ਵਕਤ ਜਦੋਂ ਇੱਕ ਥਾਂ 'ਤਾਊ ਤੇ ਭਾਊ' ਜੁੜਦੇ ਹਨ, ਦਿਲ ਫਰੋਲਦੇ ਹਨ, ਜੱਫੀਆਂ ਪਾਉਂਦੇ ਹਨ। ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਗੜ੍ਹੀ ਗੁਰਦਾਸ ਨੰਗਲ ਦਾ ਕਿਸਾਨ ਜਤਿੰਦਰ ਸਿੰਘ ਆਖਦਾ ਹੈ ਕਿ ਹਰਿਆਣਾ ਦੇ ਕਿਸਾਨਾਂ ਨੇ ਸਾਥ ਦਿੱਤਾ ਤਾਂ ਹੀ 'ਦਿੱਲੀ ਮੋਰਚੇ' ਦਾ ਪਿੜ ਬੱਝ ਸਕਿਆ ਹੈ। ਸਿਆਸੀ ਆਗੂਆਂ ਨੇ ਨਫਰਤ ਵੰਡੀ ਅਤੇ ਕਿਸਾਨ ਘੋਲ ਹੁਣ ਪਿਆਰ ਵੰਡ ਰਿਹਾ ਹੈ। ਜਾਟ ਮੋਟਾ ਪਹਿਲਵਾਨ ਆਖਦਾ ਹੈ ਕਿ ਕਿਸਾਨ ਘੋਲ ਨੇ ਦੋ ਸੂਬਿਆਂ ਦੇ ਕਿਸਾਨਾਂ 'ਚ ਬਣੀ ਦੂਰੀ ਨੂੰ ਦੂਰ ਕਰ ਦਿੱਤਾ ਹੈ।
         ਹਰਿਆਣਾ ਦੇ ਕਿਸਾਨਾਂ ਨੇ ਕਿਸਾਨ ਘੋਲ 'ਚ ਦੁੱਧ ਦੀਆਂ ਨਦੀਆਂ ਵਗਾ ਦਿੱਤੀਆਂ ਹਨ। ਤਰਨ ਤਾਰਨ ਦੇ ਪਿੰਡ ਮਾੜੀ ਮੇਘਾ ਦਾ ਕਿਸਾਨ ਸੰਦੀਪ ਸਿੰਘ ਆਖਦਾ ਹੈ ਕਿ ਹਰਿਆਣਾ ਦੇ ਕਿਸਾਨ ਇੱਕੋ ਗੱਲ ਆਖਦੇ ਹਨ ਕਿ ਪੰਜਾਬ ਨੇ ਵੱਡੇ ਭਰਾ ਵਾਲੀ ਭੂਮਿਕਾ ਨਿਭਾ ਕੇ ਹਰਿਆਣਾ ਦੇ ਕਿਸਾਨਾਂ ਨੂੰ ਜਗਾ ਦਿੱਤਾ ਹੈ। ਉਹ ਦੱਸਦਾ ਹੈ ਕਿ ਦੋਵੇਂ ਸੂਬਿਆਂ ਦੇ ਕਿਸਾਨ ਪਰਿਵਾਰਾਂ ਦੀਆਂ ਔਰਤਾਂ ਇੱਕੋ ਥਾਂ ਬੈਠ ਕੇ ਮੋਰਚੇ ਵਿੱਚ ਲੰਗਰ ਤਿਆਰ ਕਰਦੀਆਂ ਹਨ। ਕਿਸਾਨ ਘੋਲ ਦੀਆਂ ਸਟੇਜਾਂ ਤੋਂ ਦੋਵੇਂ ਸੂਬਿਆਂ ਦੇ ਕਿਸਾਨ ਆਗੂ ਬੋਲਦੇ ਹਨ। ਕਿਸਾਨਾਂ ਦਾ ਇੱਕੋ ਤਰਕ ਹੈ ਕਿ ਕਿਸਾਨ ਘੋਲ ਨੇ ਦੇਸ਼ ਭਰ ਦੇ ਕਿਸਾਨਾਂ ਨੂੰ ਇੱਕ ਲੜੀ ਵਿਚ ਪਰੋ ਦਿੱਤਾ ਹੈ।ਗਰਾਮੀਣ ਕਿਸਾਨ ਮਜ਼ਦੂਰ ਸਮਿਤੀ ਰਾਜਸਥਾਨ ਦੇ ਬੁਲਾਰੇ ਸੰਤਵੀਰ ਸਿੰਘ ਮੋਹਨਪੁਰਾ ਨੇ ਕਿਹਾ ਕਿ ਕਿਸਾਨ ਘੋਲ ਵਿੱਚ ਪੰਜਾਬ ਇੰਜਨ ਬਣਿਆ ਹੈ ਜਿਸ ਦੇ ਪਿੱਛੇ ਸਭ ਸੂਬਿਆਂ ਦੇ ਕਿਸਾਨ ਡੱਬੇ ਬਣ ਕੇ ਲੱਗੇ ਹਨ ਜਿਸ ਕਰਕੇ ਉਹ ਪੰਜਾਬ ਦੇ ਦੇਣਦਾਰ ਹਨ। ਉਨ੍ਹਾਂ ਕਿਹਾ ਕਿ ਕਿਸਾਨੀ ਅੰਦੋਲਨ ਨੇ ਵਖਰੇਵੇਂ ਖਤਮ ਕਰ ਦਿੱਤੇ ਹਨ। ਕਿਸਾਨ ਆਪਣੇ ਵਜੂਦ ਦਾ ਲੜਾਈ ਲੜ ਰਹੇ ਹਨ ਜਿਸ 'ਚ ਜਿੱਤ ਜ਼ਰੂਰ ਮਿਲੇਗੀ।
                              ਕਿਸਾਨਾਂ ਨੂੰ ਭਰਮਾਉਣਾ ਔਖਾ
ਦਿੱਲੀ ਵਿਚ ਕਈ ਦਿਨਾਂ ਤੋਂ ਡਟਿਆ ਤਰਕਸ਼ੀਲ ਆਗੂ ਰਾਮ ਸਵਰਨ ਆਖਦਾ ਹੈ ਕਿ ਕਿਸਾਨੀ ਘੋਲ ਨੇ ਇੰਨੀ ਸਮਾਜਿਕ ਜਾਗ੍ਰਿਤੀ ਪੈਦਾ ਕਰ ਦਿੱਤੀ ਹੈ ਕਿ ਸਿਆਸੀ ਧਿਰਾਂ ਨੂੰ ਭਵਿੱਖ ਵਿਚ ਕਿਸਾਨੀ 'ਤੇ ਜਾਲ ਸੁੱਟਣਾ ਮੁਸ਼ਕਲ ਹੋ ਜਾਵੇਗਾ। ਉਹ ਦੱਸਦਾ ਹੈ ਕਿ ਸਭ ਸੂਬਿਆਂ ਦੇ ਕਿਸਾਨ ਇੱਕੋ ਪੰਗਤ ਵਿਚ ਬੈਠਦੇ ਹਨ, ਇੱਕੋ ਜਗ੍ਹਾ ਨਹਾਉਂਦੇ ਹਨ, ਇੱਕੋ ਥਾਂ ਸੌਂਦੇ ਹਨ। ਤਰਕਸ਼ੀਲ ਆਗੂ ਦਾ ਕਹਿਣਾ ਹੈ ਕਿ ਸਭ ਦੀ ਆਮ ਸੂਝ ਕਾਫੀ ਵਧੀ ਹੈ।

4 comments:

  1. ਸਹੀ ਹੈ ਭੁੱਲਰ ਸਾਹਿਬ। ਖੁਦਾ ਕਾਮਯਾਬ ਕਰੇ ।

    ReplyDelete
  2. ਚਰਨਜੀਤ ਭੁੱਲਰ ਨੇ ਕਿਸਾਨਾਂ ਦੇ ਏਕੇ ਦੇ ਬਹੁਤ ਸੁਹਣੇ ਉਦਾਹਰਣ ਦਿੱਤੇ ਹਨ। 1947 ਤੋਂ ਪਹਿਲਾਂ ਦਾ ਅਣਵੰਡਿਆਂ ਵਿਸ਼ਾਲ ਪੰਜਾਬ ਯਾਦ ਕਰਵਾ ਦਿੱਤਾ ਜਿਸ ਤੇ ਸਰ ਛੋਟੂ ਰਾਮ ਦੀ ਸਾਰੇ ਧਰਮਾਂ ਦੀ ਸਾਂਝੀ ਯੂਨੀਊਨਿਸਟ ਪਾਰਟੀ ਨੇ 23 ਸਾਲ ਰਾਜ ਕਰ ਕੇ ਸ਼ਾਹੂਕਾਰਾਂ ਤੋਂ ਕਿਸਾਨਾਂ ਦੀਆ ਲੱਖਾਂ ਏਕੜ ਜ਼ਮੀਨਾਂ ਮੁਫ਼ਤ ਛੁਡਵਾਈਆਂ ਸਨ ਅਤੇ ਕਰਜ਼ੇ ਮਾਫ਼ ਕਰਵਾਏ ਸਨ। ਉਹ ਦਿਨ ਵਾਪਸ ਆਉਣ ਦੀ ਹੁਣ ਪੂਰੀ ਉਮੀਦ ਹੈ

    ReplyDelete
    Replies
    1. ਜਮੀਨਾ ਤੇ ਹਕ ਸਭ ਤੋ ਪਹਿਲਾ ਬੰਦਾ ਸਿੰਘ ਬਾਹਦੁਰ ਨੇ ਦਵਾਏ ਸੀ ਇਹ ਵੀ ਅਜ ਦੇ ਕਿਸਨਾ ਨੀ ਯਾਦ ਰਖਣਾ ਚਾਹਿਦਾ ਭਾਵੇ ਲਹਿੰਦੇ ਪੰਜਾਬ ਜਾ ਚੜਦੇ ਯਾ ਨਵੇ ਬਣੇ ਹਰਿਯਾਣਾ ਦੇ ਹੋਣ

      Delete