Friday, December 25, 2020

                                                         ਟਾਵਰਾਂ ਦੀ ਤਾਲਾਬੰਦੀ 
                                       ਪੰਜਾਬ ਵਿਚ ਜੀਓ ‘ਆਊਟ ਆਫ ਰੇਂਜ’
                                                            ਚਰਨਜੀਤ ਭੁੱਲਰ                        

ਚੰਡੀਗੜ੍ਹ : ਪੰਜਾਬ ਭਰ ’ਚ ਲੰਘੇ ਤਿੰਨ ਦਿਨਾਂ ਵਿੱਚ ਰਿਲਾਇੰਸ ਜੀਓ ਦੇ 200 ਮੋਬਾਈਲ ਟਾਵਰ ਬੰਦ ਹੋਏ ਹਨ। ਇਸ ਕਾਰਨ ਤਿੰਨ ਦਿਨਾਂ ’ਚ ਰਿਲਾਇੰਸ ਜੀਓ ਨੂੰ ਕਰੀਬ ਪੰਜ ਤੋਂ ਦਸ ਕਰੋੜ ਰੁਪਏ ਦੀ ਵਿੱਤੀ ਸੱਟ ਵੱਜੀ ਹੈ। ਕਿਸਾਨ ਧਿਰਾਂ ਵੱਲੋਂ ਖੇਤੀ ਕਾਨੂੰਨਾਂ ਨੂੰ ਲੈ ਕੇ ਅੰਬਾਨੀ ਤੇ ਅਡਾਨੀ ਦੇ ਬਾਈਕਾਟ ਦਾ ਸੱਦਾ ਦਿੱਤਾ ਗਿਆ ਸੀ। ਰਿਲਾਇੰਸ ਜੀਓ ਨੇ ਇਸ ਸਬੰਧੀ ਪੰਜਾਬ ਸਰਕਾਰ ਨੂੰ ਪੱਤਰ ਵੀ ਲਿਖਿਆ ਹੈ ਅਤੇ ਟਾਵਰਾਂ ਦੇ ਨੁਕਸਾਨ ਲਈ ਜ਼ਿੰਮੇਵਾਰ ਲੋਕਾਂ ਖ਼ਿਲਾਫ਼ ਪੁਲੀਸ ਕਾਰਵਾਈ ਦੀ ਮੰਗ ਕੀਤੀ ਹੈ। ਕਿਸਾਨ ਧਿਰਾਂ ਵੱਲੋਂ ਭਖਾਏ ਮਾਹੌਲ ਸਦਕਾ ਪੰਜਾਬ ਸਰਕਾਰ ਇਸ ਮਾਮਲੇ ’ਤੇ ਫਿਲਹਾਲ ਚੁੱਪ ਹੈ। ਰਿਲਾਇੰਸ ਨੇ ‘ਆਨਲਾਈਨ ਪੜ੍ਹਾਈ’ ਦਾ ਬਹਾਨਾ ਲਾ ਕੇ ਵੀ ਟਾਵਰਾਂ ਦੀ ਤਾਲਾਬੰਦੀ ਰੋਕਣ ਲਈ ਹੀਲਾ ਕੀਤਾ ਸੀ। ਪੰਜਾਬ ਵਿਚ ਤਾਂ ਹੁਣ ਪੰਚਾਇਤਾਂ ਨੇ ਵੀ ਟਾਵਰਾਂ ਦੇ ਕੁਨੈਕਸ਼ਨ ਕੱਟਣੇ ਸ਼ੁਰੂ ਕਰ ਦਿੱਤੇ ਹਨ। ਰਿਲਾਇੰਸ ਜੀਓ ਵੱਲੋਂ ਲਿਖੇ ਪੱਤਰ ਅਨੁਸਾਰ ਮੋਬਾਈਲ ਟਾਵਰਾਂ ਦੇ ਬਿਜਲੀ ਕੁਨੈਕਸ਼ਨ ਕੱਟੇ ਜਾਣ ਮਗਰੋਂ ਪੰਜਾਬ ਵਿਚ ਛੇ ਖ਼ਿੱਤਿਆਂ ’ਚ ਜੀਓ ਕੰਪਨੀ ਦੇ ਲੱਖਾਂ ਕੁਨੈਕਸ਼ਨ ਪ੍ਰਭਾਵਿਤ ਹੋ ਗਏ ਹਨ, ਜਨ੍ਹਿਾਂ ਵਿਚ ਬਠਿੰਡਾ, ਜਗਰਾਉਂ, ਸਮਰਾਲਾ, ਬਲਾਚੌਰ, ਸੁਨਾਮ ਅਤੇ ਮੋਗਾ ਖ਼ਿੱਤੇ ਸ਼ਾਮਲ ਹਨ।

              ਜੀਓ ਨੂੰ ਇੱਕ ਹਫ਼ਤੇ ਪਹਿਲਾਂ ਸੇਕ ਲੱਗਣਾ ਸ਼ੁਰੂ ਹੋਇਆ। ਤਿੰਨ ਦਿਨਾਂ ਵਿਚ 200 ਟਾਵਰ ਪੂਰਨ ਰੂਪ ਵਿਚ ਪ੍ਰਭਾਵਿਤ ਹੋਏ ਹਨ। ਜੀਓ ਕੰਪਨੀ ਨੇ ਲਿਖਿਆ ਹੈ ਕਿ ਇਨ੍ਹਾਂ ਥਾਵਾਂ ’ਤੇ ਭੰਨਤੋੜ ਹੋਈ ਹੈ। ਵੇਰਵਿਆਂ ਅਨੁਸਾਰ ਪੰਜਾਬ ਵਿਚ ਜੀਓ ਕੰਪਨੀ ਦੇ 1.40 ਕਰੋੜ ਕੁਨੈਕਸ਼ਨ ਹਨ ਅਤੇ 4ਜੀ ਦੀ ਹਾਈ ਸਪੀਡ ਕੁਨੈਕਟੇਵਿਟੀ ਹੈ। ਪੰਜਾਬ ਵਿਚ ਰਿਲਾਇੰਸ ਜੀਓ ਦੇ ਕਰੀਬ 9 ਹਜ਼ਾਰ ਟਾਵਰ ਹਨ ਅਤੇ ਕਰੀਬ 250 ਰਿਲਾਇੰਸ ਦਫ਼ਤਰ ਹਨ। ਇਸ ਤੋਂ ਇਲਾਵਾ 300 ਪ੍ਰਮੁੱਖ ਥਾਵਾਂ ਹਨ। ਸਤੰਬਰ ਮਹੀਨੇ ਤੋਂ ਜੀਓ ਦਫ਼ਤਰਾਂ ਨੂੰ ਬੰਦ ਕਰਨ ਲਈ ਕਿਸਾਨਾਂ ਨੇ ਮੁਹਿੰਮ ਵਿੱਢ ਦਿੱਤੀ ਸੀ। ਜਲੰਧਰ ਤੇ ਲੁਧਿਆਣਾ ’ਚ 11-11 ਟਾਵਰ ਬੰਦ ਕੀਤੇ ਗਏ ਹਨ। ਕਿਸਾਨ ਜਥੇਬੰਦੀਆਂ ਵੱਲੋਂ ਰੋਜ਼ਾਨਾ ਟਾਵਰਾਂ ਦੇ ਬਿਜਲੀ ਕੁਨੈਕਸ਼ਨ ਕੱਟੇ ਜਾ ਰਹੇ ਹਨ। ਮੁਕਤਸਰ ਦੇ ਗਿੱਦੜਬਾਹਾ, ਮਲੋਟ ਤੇ ਮੁਕਤਸਰ ’ਚ ਟਾਵਰਾਂ ਦੇ ਕੁਨੈਕਸ਼ਨ ਕੱਟੇ ਗਏ ਹਨ। ਵੇਰਵਿਆਂ ਅਨੁਸਾਰ ਸੰਗਰੂਰ ’ਚ 7 ਟਾਵਰ, ਹੁਸ਼ਿਆਰਪੁਰ ਵਿਚ ਛੇ, ਕਪੂਰਥਲਾ, ਫ਼ਾਜ਼ਿਲਕਾ ਤੇ ਮਾਨਸਾ ਵਿਚ ਪੰਜ-ਪੰਜ, ਅੰਮ੍ਰਿਤਸਰ ਵਿਚ 9, ਗੁਰਦਾਸਪੁਰ, ਬਠਿੰਡਾ, ਫ਼ਿਰੋਜ਼ਪੁਰ, ਤਰਨ ਤਾਰਨ ਤੇ ਰੋਪੜ ਵਿਚ ਚਾਰ-ਚਾਰ ਟਾਵਰ, ਫ਼ਰੀਦਕੋਟ, ਮੋਗਾ, ਨਵਾਂਸ਼ਹਿਰ ਅਤੇ ਪਠਾਨਕੋਟ ਵਿਚ ਤਿੰਨ-ਤਿੰਨ ਟਾਵਰ ਪ੍ਰਭਾਵਿਤ ਹੋਏ ਹਨ। ਬਠਿੰਡਾ ਦੇ ਪਿੰਡ ਭੁੱਖਿਆਂ ਵਾਲੀ ਦੇ ਜੈਲਦਾਰ ਬਲਜੀਤ ਸਿੰਘ ਨੇ ਦੱਸਿਆ ਕਿ ਬੀ.ਕੇ.ਯੂ. ਨੇ ਪਿੰਡ ਵਾਸੀਆਂ ਨੂੰ ਦੋ ਦਿਨਾਂ ’ਚ ਜੀਓ ਸਿਮ ਬੰਦ ਕਰਾਉਣ ਲਈ ਆਖ ਦਿੱਤਾ ਹੈ। 

             ਲੁਧਿਆਣਾ ਦੇ ਪਿੰਡ ਗੌਂਸਗੜ੍ਹ ਅਤੇ ਬੀਜਾ ਦੀ ਪੰਚਾਇਤ ਨੇ ਜੀਓ ਟਾਵਰਾਂ ਦੇ ਕੁਨੈਕਸ਼ਨ ਕੱਟੇ ਹਨ। ਬੀਜਾ ਦੇ ਸਰਪੰਚ ਸੁਖਰਾਜ ਸਿੰਘ ਨੇ ਜੀਓ ਸਿਮ ਬੰਦ ਕਰਾਏ ਜਾਣ ਦਾ ਮਤਾ ਵੀ ਪਾਸ ਕੀਤਾ ਹੈ। ਫ਼ਿਰੋਜ਼ਪੁਰ ਦੇ ਪਿੰਡ ਸ਼ੇਰਖਾਨ, ਪਟਿਆਲਾ ਇਲਾਕੇ ਦੇ ਪਿੰਡ ਭੇਡਪੁਰਾ, ਕੋਟਲੀ ਤੇ ਦੋਦੜਾ ਵਿਚ ਵੀ ਟਾਵਰਾਂ ਦੇ ਬਿਜਲੀ ਕੁਨੈਕਸ਼ਨ ਬੰਦ ਕਰ ਦਿੱਤੇ ਗਏ ਹਨ। ਬਿਜਲੀ ਕੁਨੈਕਸ਼ਨ ਕੱਟੇ ਜਾਣ ਮਗਰੋਂ ਜੀਓ ਨੈੱਟਵਰਕ ਡਗਮਗਾ ਗਿਆ ਹੈ। ਜੀਓ ਦੇ ਲੱਖਾਂ ਖ਼ਪਤਕਾਰਾਂ ਤੱਕ ਖੇਤੀ ਕਾਨੂੰਨਾਂ ਦਾ ਸੇਕ ਪੁੱਜ ਗਿਆ ਹੈ। ਕੰਢੀ ਕਿਸਾਨ ਸੰਘਰਸ਼ ਕਮੇਟੀ ਦੇ ਚੇਅਰਮੈਨ ਭੁਪਿੰਦਰ ਘੁੰਮਣ ਅਤੇ ਮੀਤ ਚੇਅਰਮੈਨ ਜਰਨੈਲ ਸਿੰਘ ਗੜ੍ਹਦੀਵਾਲ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਭਲਕੇ ਤੋਂ ਕੰਢੀ ਖ਼ਿੱਤੇ ਵਿਚ ਜੀਓ ਟਾਵਰਾਂ ਦੇ ਬਿਜਲੀ ਕੁਨੈਕਸ਼ਨ ਕੱਟਣ ਦੀ ਮੁਹਿੰਮ ਸ਼ੁਰੂ ਕੀਤੀ ਜਾ ਰਹੀ ਹੈ। ਸ਼ਹਿਰਾਂ ਤੇ ਪਿੰਡਾਂ ਵਿਚ ਜੀਓ ਦੇ ਸਿਮ ਤਬਦੀਲ ਕਰਾਉਣ ਦੀ ਵੱਡੀ ਮੁਹਿੰਮ ਵੀ ਚੱਲ ਰਹੀ ਹੈ। ਬੀ.ਕੇ.ਯੂ (ਉਗਰਾਹਾਂ) ਦੇ ਸੀਨੀਅਰ ਆਗੂ ਸ਼ਿੰਗਾਰਾ ਸਿੰਘ ਮਾਨ ਦਾ ਕਹਿਣਾ ਹੈ ਕਿ ਜੀਓ ਮੋਬਾਈਲ ਟਾਵਰਾਂ ਨੂੰ ਕਿਧਰੇ ਨੁਕਸਾਨ ਨਹੀਂ ਪਹੁੰਚਾਇਆ ਗਿਆ ਹੈ ਬਲਕਿ ਇਨ੍ਹਾਂ ਟਾਵਰਾਂ ਦੀ ਸਿਰਫ਼ ਬਿਜਲੀ ਬੰਦ ਕੀਤੀ ਗਈ ਹੈ।

                                            ਜੀਓ ਦੇ ਡੈੱਡ ਕੁਨੈਕਸ਼ਨ ਵਧੇ

ਟੈਲੀਕੌਮ ਰੈਗੂਲੇਟਰੀ ਅਥਾਰਿਟੀ ਆਫ ਇੰਡੀਆ ਦੀ 23 ਦਸੰਬਰ ਦੀ ਰਿਪੋਰਟ ਅਨੁਸਾਰ ਰਿਲਾਇੰਸ ਜੀਓ ਦੇ ਪੰਜਾਬ ਵਿਚ ਐਕਟਿਵ ਕੁਨੈਕਸ਼ਨਾਂ ਦੀ ਗਿਣਤੀ ਵਿਚ ਅਕਤੂਬਰ ’ਚ ਕਮੀ ਆਈ। ਜੀਓ ਦੇ ਸਤੰਬਰ ਮਹੀਨੇ ’ਚ 66.56 ਫੀਸਦੀ ਕੁਨੈਕਸ਼ਨ ਐਕਟਿਵ ਸਨ, ਜੋ ਅਕਤੂਬਰ ’ਚ 65.93 ਫੀਸਦੀ ਰਹਿ ਗਏ ਹਨ। ਇਸੇ ਤਰ੍ਹਾਂ ਪੰਜਾਬ ’ਚ ਸਭ ਕੰਪਨੀਆਂ ਦੇ ਸਿਮ ਤਬਦੀਲੀ ਲਈ ਸਤੰਬਰ ’ਚ 24 ਹਜ਼ਾਰ ਦਰਖਾਸਤਾਂ ਪੁੱਜੀਆਂ ਸਨ ਜਦੋਂ ਕਿ ਅਕਤੂਬਰ ਮਹੀਨੇ ’ਚ ਇਹ ਗਿਣਤੀ 26 ਹਜ਼ਾਰ ਦਰਖ਼ਾਸਤਾਂ ਦੀ ਹੋ ਗਈ ਹੈ। 

No comments:

Post a Comment