Tuesday, December 8, 2020

                                           ਸੰਘਰਸ਼ੀ ਸਕੂਲ
                                ਅਸੀਂ ਗਮਲੇ ਦੇ ਫੁੱਲ ਨਹੀਂ..!
                                           ਚਰਨਜੀਤ ਭੁੱਲਰ               

ਚੰਡੀਗੜ੍ਹ : ਛੇ ਵਰ੍ਹਿਆਂ ਦੀ ਬੱਚੀ ਸਿਮਰਨ 12 ਦਿਨਾਂ ਤੋਂ 'ਦਿੱਲੀ ਮੋਰਚੇ' ਦੇ ਅੰਗ ਸੰਗ ਹੈ। ਖੇਤੀ ਕਾਨੂੰਨਾਂ ਦਾ ਮਸਲਾ ਵੱਡਾ ਹੈ, ਸਿਮਰਨ ਦੀ ਉਮਰ ਛੋਟੀ ਹੈ। ਜਦੋਂ ਉਹ ਪੰਡਾਲ ਦਾ ਚਿਹਰਾ ਪੜ੍ਹਦੀ ਹੈ ਤਾਂ ਉੁਸ ਨੂੰ ਲੱਗਦਾ ਹੈ ਕਿ ਗੱਲ ਕੋਈ ਛੋਟੀ ਨਹੀਂ। ਬੇਸਮਝ ਬੱਚੀ ਸਿਮਰਨ ਏਨਾ ਕੁ ਜਾਣੂ ਹੋਣੀ ਹੈ ਕਿ ਪੰਜਾਬ ਦੇ ਵਿਹੜੇ 'ਚ ਸੁੱਖ ਨਹੀਂ। ਪਟਿਆਲਾ ਦੇ ਪਿੰਡ ਨਿਆਲ ਦੀ ਸਿਮਰਨ ਆਪਣੇ ਦਾਦੀ ਅੱਗੇ ਕਈ ਸੁਆਲ ਖੜ੍ਹੇ ਕਰਦੀ ਹੈ। 'ਦਿੱਲੀ ਮੋਰਚਾ' ਕੋਰੀ ਸਲੇਟ 'ਤੇ ਨਵੀਂ ਸੰਘਰਸ਼ੀ ਇਬਾਰਤ ਲਿਖ ਰਿਹਾ ਹੈ।  'ਦਿੱਲੀ ਮੋਰਚੇ' 'ਚ ਲੰਗਰ ਦੀ ਪੰਗਤ ਹੋਵੇ, ਬੇਸ਼ੱਕ ਪੰਡਾਲ ਹੋਵੇ, ਹਰ ਪਾਸੇ ਮਾਵਾਂ ਤੇ ਦਾਦੀਆਂ ਨਾਲ ਇਹ ਬੱਚੇ ਬੈਠੇ ਨਜ਼ਰ ਆਉਂਦੇ ਹਨ। ਦੇਖਿਆ ਜਾਵੇ ਤਾਂ ਸੰਘਰਸ਼ੀ ਪੰਡਾਲ 'ਚ ਬੈਠੇ ਬੱਚੇ ਨਹੀਂ, ਨਾਟਕਾਂ ਦੇ ਪਾਤਰ ਜਾਪਦੇ ਹਨ।ਜ਼ਿਲ੍ਹਾ ਮਾਨਸਾ ਦੇ ਪਿੰਡ ਦੋਦੜਾ ਦੀ ਬੱਚੀ ਹਰਮਨਪ੍ਰੀਤ ਅੱਠ ਵਰ੍ਹਿਆਂ ਦੀ ਹੈ, ਅੱਠ ਦਿਨਾਂ ਤੋਂ ਦਿੱਲੀ ਘੋਲ 'ਚ ਹੈ। ਜਦੋਂ ਸ਼ਾਹੀਨ ਬਾਗ 'ਚ ਮੋਰਚਾ ਖੁੱਲ੍ਹਿਆ ਸੀ ਤਾਂ ਇਹ ਬੱਚੀ ਦੋ ਦਿਨ ਦਾਦੀਆਂ ਦੇ ਨਿੱਘ 'ਚ ਬੈਠੀ ਸੀ।
           ਪੰਜਵੀਂ ਜਮਾਤ 'ਚ ਪੜ੍ਹਦੀ ਇਹ ਬੱਚੀ ਹੁਣ ਸੰਘਰਸ਼ੀ ਵਰਕੇ ਫਰੋਲ ਰਹੀ ਹੈ। ਬਾਪ ਜਗਸੀਰ ਸਿੰਘ ਦੱਸਦਾ ਹੈ ਕਿ ਬੇਟੀ ਨੇ ਇਨਕਲਾਬੀ ਸਾਹਿਤ 'ਚ ਰੁਚੀ ਲੈਣੀ ਸ਼ੁਰੂ ਕੀਤੀ ਹੈ। ਹਰਮਨਪ੍ਰੀਤ ਪੰਡਾਲ ਦੇ ਭਾਸ਼ਣਾਂ 'ਚੋਂ ਆਪਣੇ ਘਰ ਦੀ ਹਾਲਤ ਵੇਖਦੀ ਹੈ। ਇਹ ਬੱਚੇ ਗਮਲੇ ਦੇ ਫੁੱਲ ਨਹੀਂ ਜਾਪਦੇ, ਧਰਤੀ ਦੇ ਫੁੱਲ ਲੱਗਦੇ ਹਨ ਜਿਨ੍ਹਾਂ ਦੀ ਵੱਖਰੀ ਕਿਆਰੀ ਹੈ। ਦਿੱਲੀ ਦੇ ਪਬਲਿਕ ਸਕੂਲ ਦਾ 10 ਵਰ੍ਹਿਆਂ ਦਾ ਬੱਚਾ ਮਨਮੀਤ ਰੋਜ਼ਾਨਾ ਸੰਘਰਸ਼ੀ ਸਕੂਲ 'ਚ ਆਉਂਦਾ ਹੈ। ਉਹ ਆਖਦਾ ਹੈ ਕਿ ਕਿਸਾਨ ਨਹੀਂ ਰਹੇਗਾ ਤਾਂ ਸਭ ਦੀ ਹੋਂਦ ਖਤਰੇ 'ਚ ਪੈ ਜਾਵੇਗੀ। ਮਾਨਸਾ ਜ਼ਿਲ੍ਹੇ ਵਿਚੋਂ ਬਚਨ ਕੌਰ ਦੱਸਦੀ ਹੈ ਕਿ ਸੰਘਰਸ਼ਾਂ 'ਚ ਆਏ ਬੱਚਿਆਂ ਦੀ ਮੰਗ ਬਦਲ ਗਈ ਹੈ। ਇਨ੍ਹਾਂ ਬੱਚਿਆਂ ਦੀ ਗੱਲਬਾਤ ਦਾ ਮੁਹਾਂਦਰਾ ਬਦਲ ਗਿਆ ਹੈ। ਸੰਘਰਸ਼ੀ ਘੋਲ 'ਚ ਰਾਤ ਵੇਲੇ ਮਾਵਾਂ ਇਨ੍ਹਾਂ ਬੱਚਿਆਂ ਨੂੰ ਯੁੱਗ ਬਦਲਣ ਵਾਲੇ ਯੋਧਿਆਂ ਦੀਆਂ ਬਾਤਾਂ ਸੁਣਾਉਂਦੀਆਂ ਹਨ। ਗਿਆਰਾਂ ਸਾਲ ਦੀ ਇੱਕ ਬੱਚੀ ਹਰਮਨ ਖੇਤਾਂ ਕਾਨੂੰਨਾਂ ਵਜੋਂ ਆਏ ਤੂਫਾਨ ਦੀ ਗਹਿਰਾਈ ਨੂੰ ਸਮਝਦੀ ਹੈ।
           ਬਹੁਤੇ ਬੱਚਿਆਂ ਦੇ ਇਹੋ ਸੁਆਲ ਹਨ ਕਿ ਇੰਝ ਕਿਉਂ ਹੁੰਦਾ ਹੈ, ਝੰਡੇ ਕਿਉਂ ਚੁੱਕਣੇ ਪੈਂਦੇ ਨੇ, ਪੁਲੀਸ ਰਾਹ ਕਿਉਂ ਘੇਰਦੀ ਹੈ, ਕਦੋਂ ਮੁੱਕੇਗਾ ਇਹ ਘੋਲ। ਦਿੱਲੀ ਦੇ ਸਿੰਘੂ ਬਾਰਡਰ ਅਤੇ ਟਿੱਕਰੀ ਬਾਰਡਰ 'ਤੇ ਸੈਂਕੜੇ ਬੱਚੇ ਸੰਘਰਸ਼ 'ਚ ਸ਼ਾਮਲ ਹਨ ਜਿਨ੍ਹਾਂ ਦੀ ਉਮਰ 10 ਸਾਲ ਤੋਂ ਘੱਟ ਹੈ। ਇਹ ਬੱਚੇ ਪੰਡਾਲ 'ਚ ਨਾਅਰਿਆਂ ਦੀ ਗੂੰਜ ਬਣਦੇ ਹਨ। ਝੰਡਿਆਂ ਨੂੰ ਹੱਥਾਂ 'ਚ ਚੁੱਕ ਲਹਿਰਾਉਂਦੇ ਨੇ। ਬਹੁਤੇ ਸਕੂਲੀ ਬੱਚੇ ਦਿਨੇ ਪੰਡਾਲ 'ਚ ਸਜਦੇ ਨੇ, ਰਾਤਾਂ ਨੂੰ ਪੜ੍ਹਾਈ ਕਰਦੇ ਹਨ। ਟਰਾਲੀਆਂ ਵਿਚ ਹੀ ਇਹ ਬੱਚੇ ਰਾਤ ਵੇਲੇ ਪੜ੍ਹਾਈ ਕਰਦੇ ਹਨ। ਸ਼ਹਿਰੀ ਮਾਪੇ ਵੀ ਆਪਣੇ ਬੱਚਿਆਂ ਨੂੰ ਸੰਘਰਸ਼ 'ਚ ਲੈ ਕੇ ਗਏ ਹਨ ਤਾਂ ਜੋ ਜ਼ਮੀਨੀ ਹਕੀਕਤ 'ਚੋਂ ਅੱਖੀਂ ਵਿਚਰ ਲੈਣ।
          ਬਰਨਾਲਾ ਜ਼ਿਲ੍ਹੇ ਦੇ ਪਿੰਡ ਕੋਟਦੁੱਨਾ ਦੀ ਤਾਜਾ ਬੇਗਮ ਆਪਣੇ ਤਿੰਨ ਬੱਚਿਆਂ ਨੂੰ ਦਿੱਲੀ ਮੋਰਚੇ ਲੈ ਕੇ ਗਈ ਹੈ। ਗਿਆਰਾਂ ਸਾਲ ਦਾ ਮੁਹੰਮਦ ਅਰਫਾਨ, 10 ਸਾਲ ਦਾ ਮੁਹੰਮਦ ਅਰਸ਼ੀਦ ਅਤੇ 3 ਸਾਲ ਦਾ ਮੁਹੰਮਦ ਸਵਰਾਟ, ਕਈ ਦਿਨਾਂ ਤੋਂ ਸੰਘਰਸ਼ ਦੀ ਹਰ ਪੈੜ ਨੂੰ ਆਪਣੀ ਬਚਪਨ ਦੀ ਅੱਖ ਨਾਲ ਵੇਖ ਰਹੇ ਹਨ। ਮਹਿਲਾ ਚੌਕ ਦੀ 14 ਸਾਲ ਦੀ ਬੱਚੀ ਅਰਮਾਨ ਜੋਤ ਜਦੋਂ ਤੋਂ ਸੰਘਰਸ਼ੀ ਉਂਗਲ ਫੜ ਤੁਰੀ ਹੈ, ਇਨਕਲਾਬੀ ਸਾਹਿਤ ਪੜ੍ਹਨ ਲੱਗੀ ਹੈ।
                              ਵੱਡੇ ਹੋਣ 'ਤੇ ਪਹੁੰਚ ਵੱਖਰੀ ਹੋਵੇਗੀ
ਪੰਜਾਬੀ 'ਵਰਸਿਟੀ ਦੇ ਮਨੋਵਿਗਿਆਨ ਵਿਭਾਗ ਦੀ ਸਹਾਇਕ ਪ੍ਰੋਫੈਸਰ ਡਾ. ਸੁਖਮਿੰਦਰ ਕੌਰ ਆਖਦੇ ਹਨ ਕਿ ਕਿਸਾਨ ਅੰਦੋਲਨ ਵਿਚ ਸ਼ਾਮਲ ਬੱਚਿਆਂ ਦੇ ਬਚਪਨ 'ਤੇ ਲੰਬੀ ਛਾਪ ਛੱਡੇਗਾ ਜਿਸ ਨਾਲ ਬੱਚਿਆਂ 'ਚ ਮੁਸ਼ਕਲਾਂ ਸਮਝਣ ਤੇ ਉਨ੍ਹਾਂ ਨੂੰ ਹੱਲ ਕਰਨ ਦੀ ਸਮਰੱਥਾ ਵਿਚ ਵਾਧਾ ਹੋਵੇਗਾ। ਜਦੋਂ ਇਹ ਬੱਚੇ ਵੱਡੇ ਹੋਣਗੇ ਤਾਂ ਉਨ੍ਹਾਂ ਦੀ ਪਹੁੰਚ ਵੱਖਰੀ ਕਿਸਮ ਦੀ ਹੋਵੇਗੀ। ਸੰਘਰਸ਼ ਦੇ ਰੰਗਾਂ ਤੋਂ ਬੱਚਾ ਨਵੇਂ ਤਜਰਬੇ ਸਿੱਖਦਾ ਹੈ ਅਤੇ ਹਕੀਕੀ ਦੁਨੀਆਂ ਤੋਂ ਜਾਣੂ ਹੁੰਦਾ ਹੈ।  

No comments:

Post a Comment