Monday, January 2, 2023

                                                    ਕੇਹੇ ਸੁਧਾਰ ਟਰੱਸਟ 
                              ਰਸੂਖਵਾਨਾਂ ਨੂੰ ਗੱਫੇ, ਗਰੀਬਾਂ ਨੂੰ ਧੱਫੇ
                                                       ਚਰਨਜੀਤ ਭੁੱਲਰ   

ਚੰਡੀਗੜ੍ਹ : ਪੰਜਾਬ ਦੇ ਨਗਰ ਸੁਧਾਰ ਟਰੱਸਟ ਸਿਆਸੀ ਰਸੂਖਵਾਨਾਂ ਲਈ ਜਾਇਦਾਦਾਂ ਲੁਟਾ ਰਹੇ ਹਨ ਜਦੋਂ ਕਿ ਆਮ ਲੋਕਾਂ ਨੂੰ ਘਰਾਂ ਤੋਂ ਉਜਾੜ ਰਹੇ ਹਨ। ਜਲੰਧਰ ਦੇ ਲਤੀਫਪੁਰਾ ਦਾ ਉਜਾੜਾ ਇਸ ਦੀ ਗਵਾਹੀ ਭਰਦਾ ਹੈ। ਲਤੀਫਪੁਰੇ ਦੇ ਬਾਸ਼ਿੰਦੇ ਤੰਬੂਆਂ ’ਚ ਠੰਢੀਆਂ ਰਾਤਾਂ ਕੱਟਣ ਲਈ ਮਜਬੂਰ ਹਨ। ਕਿਸੇ ਵੀ ਸਿਆਸੀ ਧਿਰ ਨੇ ਜ਼ਮੀਨੀ ਪੱਧਰ ’ਤੇ ਲਤੀਫਪੁਰੇ ਦੇ ਉਜਾੜੇ ਦੀ ਮਾਰ ਝੱਲ ਰਹੇ ਗਰੀਬ ਲੋਕਾਂ ਦੀ ਹਮਾਇਤ ’ਚ ਹਾਅ ਦਾ ਨਾਅਰਾ ਨਹੀਂ ਮਾਰਿਆ। ਦੂਸਰੇ ਬੰਨ੍ਹੇ ਨਗਰ ਸੁਧਾਰ ਟਰੱਸਟਾਂ ਨੇ ਸਿਆਸੀ ਪਾਰਟੀਆਂ ਨੂੰ ਜ਼ਿਲ੍ਹਾ ਪੱਧਰ ’ਤੇ ਦਫਤਰ ਬਣਾਉਣ ਲਈ ਰਾਤੋਂ ਰਾਤ ਪਲਾਟ ਕੱਟ ਦਿੱਤੇ। 

      ਵੇਰਵਿਆਂ ਅਨੁਸਾਰ ਲਤੀਫਪੁਰਾ ’ਚ ਕਰੀਬ ਪੰਜਾਹ ਪਰਿਵਾਰ ਡੇਢ ਏਕੜ ਜ਼ਮੀਨ ਵਿਚ 75 ਵਰਿ੍ਹਆਂ ਤੋਂ ਬੈਠੇ ਸਨ ਜਿਨ੍ਹਾਂ ਨੂੰ ਬੇਕਾਗਜ਼ੇ ਆਖ ਕੇ ਪ੍ਰਸ਼ਾਸਨ ਨੇ ਉਜਾੜ ਦਿੱਤਾ। 9 ਦਸੰਬਰ ਨੂੰ ਬੁਲਡੋਜਰ ਲਤੀਫਪੁਰਾ ’ਚ ਪੁੱਜ ਗਏ ਸਨ। ਗਰੀਬ ਪਰਿਵਾਰਾਂ ਦਾ ਚੀਕ ਚਿਹਾੜਾ ਬੁਲਡੋਜਰਾਂ ਦੇ ਖੜਕੇ ਵਿਚ ਹੀ ਗੁਆਚ ਗਿਆ। ਨਗਰ ਸੁਧਾਰ ਟਰਸਟ ਜਲੰਧਰ ਨੇ ਉਦੋਂ ਸਾਹ ਲਿਆ ਜਦੋਂ ਸਭ ਘਰ ਮਲੀਆਮੇਟ ਹੋ ਗਏ। ਲਤੀਫਪੁਰਾ ਹੁਣ ਸੜਕਾਂ ’ਤੇ ਹੈ ਅਤੇ ਕਿਸੇ ਆਗੂ ਦੇ ਕੰਨੀਂ ਇਨ੍ਹਾਂ ਗਰੀਬਾਂ ਦੇ ਨਾਅਰੇ ਨਹੀਂ ਪੈ ਰਹੇ ਹਨ। 

     ਤਸਵੀਰ ਦਾ ਦੂਜਾ ਪਾਸਾ ਵੀ ਵੇਖਦੇ ਹਨ। ਜਦੋਂ ਅਕਾਲੀ ਭਾਜਪਾ ਗਠਜੋੜ ਦੀ ਹਕੂਮਤ ਸੀ ਤਾਂ ਉਦੋਂ ਸਥਾਨਿਕ ਸਰਕਾਰਾਂ ਵਿਭਾਗ ਨੇ 6 ਅਪਰੈਲ 2010 ਨੂੰ ਨੋਟੀਫਿਕੇਸ਼ਨ ਜਾਰੀ ਕਰਕੇ ਨਿਯਮਾਂ ਨੂੰ ਸੋਧ ਦਿੱਤਾ ਸੀ ਜਿਸ ਦੇ ਜ਼ਰੀਏ ਵਿਧਾਨ ਸਭਾ ਵਿਚ ਮਾਨਤਾ ਪ੍ਰਾਪਤ ਪਾਰਟੀਆਂ ਜ਼ਿਲ੍ਹਾ ਪੱਧਰ ’ਤੇ ਪਾਰਟੀ ਦਫਤਰ ਬਣਾਉਣ ਲਈ ਸਰਕਾਰੀ ਜ਼ਮੀਨ ਲੈਣ ਦੀਆਂ ਹੱਕਦਾਰ ਬਣ ਗਈਆਂ ਸਨ। ਇਹ ਜ਼ਮੀਨਾਂ ਕੇਵਲ ਅਕਾਲੀ ਭਾਜਪਾ ਗਠਜੋੜ ਤੱਕ ਹੀ ਸੀਮਿਤ ਰਹੀਆਂ ਜਦੋਂ ਕਿ ਵਿਰੋਧੀ ਪਾਰਟੀਆਂ ਦੇ ਹਿੱਸੇ ਇਹ ਜ਼ਮੀਨਾਂ ਨਹੀਂ ਆ ਸਕੀਆਂ ਸਨ। 

     ਪੰਜਾਬ ਦੇ ਅੱਠ ਨਗਰ ਸੁਧਾਰ ਟਰੱਸਟਾਂ ਨੇ ਉਦੋਂ ਬਹੁਤ ਕੀਮਤੀ ਜ਼ਮੀਨਾਂ ਕੌੜੀਆਂ ਦੇ ਭਾਅ ਸਿਆਸੀ ਪਾਰਟੀਆਂ ਨੂੰ ਪਾਰਟੀ ਦਫਤਰਾਂ ਲਈ ਅਲਾਟ ਕਰ ਦਿੱਤੀਆਂ ਸਨ। ਜਲੰਧਰ ਦੀ ਜਿਸ ਨਗਰ ਸੁਧਾਰ ਟਰੱਸਟ ਨੇ ਲਤੀਫਪੁਰਾ ਦੀ ਕਰੀਬ ਡੇਢ ਏਕੜ ਜਗ੍ਹਾ ਵਿਚ ਬੈਠੇ ਪਰਿਵਾਰਾਂ ਨੂੰ ਉਜਾੜਿਆ ਹੈ, ਉਸੇ ਟਰੱਸਟ ਨੇ ਮਿੱਟੀ ਦੇ ਭਾਅ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਨੂੰ ਜਲੰਧਰ ਵਿਚ ਚਾਰ ਚਾਰ ਕਨਾਲ ਜ਼ਮੀਨ ਪਾਰਟੀ ਦਫਤਰ ਬਣਾਉਣ ਲਈ ਦਿੱਤੀ ਹੈ। 

     ਨਗਰ ਸੁਧਾਰ ਟਰੱਸਟ ਜਲੰਧਰ ਨੇ ਭਾਜਪਾ ਨੂੰ 2717 ਰੁਪਏ ਪ੍ਰਤੀ ਗਜ਼ ਅਤੇ ਸ਼੍ਰੋਮਣੀ ਅਕਾਲੀ ਦਲ ਨੂੰ 1097 ਰੁਪਏ ਪ੍ਰਤੀ ਗਜ਼ ’ਚ ਜ਼ਮੀਨ ਅਲਾਟ ਕੀਤੀ ਸੀ ਜੋ ਕਿ ਕੁਲੈਕਟਰ ਰੇਟ ਦਾ ਵੀ ਚੌਥਾ ਹਿੱਸਾ ਭਾਅ ਬਣਦਾ ਹੈ। ਇਸੇ ਤਰ੍ਹਾਂ ਨਗਰ ਸੁਧਾਰ ਟਰੱਸਟ ਬਠਿੰਡਾ ਨੇ 20 ਮਈ 2010 ਨੂੰ ਮਤਾ ਨੰਬਰ 24 ਪਾਸ ਕਰਕੇ ਭਾਜਪਾ ਨੂੰ ਮਿੱਤਲ ਸਿਟੀ ਮਾਲ ਦੇ ਨੇੜਲੀ 695.40 ਗਜ਼ ਜਗ੍ਹਾ ਅਲਾਟ ਕਰ ਦਿੱਤੀ ਸੀ। ਇਹ ਜ਼ਮੀਨ ਮਹਿਜ ਦੋ ਹਜ਼ਾਰ ਰੁਪਏ ਪ੍ਰਤੀ ਵਰਗ ਗਜ ਦੇ ਹਿਸਾਬ ਨਾਲ ਦਿੱਤੀ ਗਈ ਜਦੋਂ ਕਿ ਇਸ ਦਾ ਮਾਰਕੀਟ ਭਾਅ ਉਦੋਂ ਕਰੀਬ 25 ਹਜ਼ਾਰ ਪ੍ਰਤੀ ਵਰਗ ਗਜ਼ ਤੋਂ ਉਪਰ ਸੀ। 

      ਬਠਿੰਡਾ ਵਿਚ ਭਾਜਪਾ ਨੂੰ ਇਸ ਅਲਾਟਮੈਂਟ ਨਾਲ ਕਰੀਬ ਪੌਣੇ ਦੋ ਕਰੋੜ ਦਾ ਫਾਇਦਾ ਹੋਇਆ ਸੀ। ਬਠਿੰਡਾ ਦੇ ਟਰਾਂਸਪੋਰਟ ਨਗਰ ਵਿਚ 14 ਮਾਰਚ 2011 ਨੂੰ ਮਤਾ ਨੰਬਰ 9 ਪਾਸ ਕਰਕੇ ਸ਼੍ਰੋਮਣੀ ਅਕਾਲੀ ਦਲ ਨੂੰ 3978 ਵਰਗ ਗਜ਼ ਜਗ੍ਹਾ 1180 ਰੁਪਏ ਪ੍ਰਤੀ ਵਰਗ ਗਜ਼ ਦੇ ਹਿਸਾਬ ਨਾਲ ਦੇ ਦਿੱਤੀ ਸੀ। ਸ਼੍ਰੋਮਣੀ ਅਕਾਲੀ ਦਲ ਨੂੰ ਕਰੀਬ ਸੱਤ ਕਰੋੜ ਤੋਂ ਜਿਆਦਾ ਫਾਇਦਾ ਮਿਲ ਗਿਆ ਸੀ। ਇਸੇ ਲੀਹ ’ਤੇ ਚੱਲਦਿਆਂ ਨਗਰ ਸੁਧਾਰ ਟਰੱਸਟ ਹÇੁਸ਼ਆਰਪੁਰ ਨੇ ਭਾਜਪਾ ਨੂੰ ਪਾਰਟੀ ਦਫਤਰ ਲਈ 746 ਗਜ਼ ਗਜ੍ਹਾ 3221 ਰੁਪਏ ਪ੍ਰਤੀ ਗਜ਼ ’ਚ ਅਲਾਟ ਕੀਤੀ ਸੀ।

     ਹੁਸ਼ਿਆਰਪੁਰ ਵਿਚ ਹੀ ਸ਼੍ਰੋਮਣੀ ਅਕਾਲੀ ਦਲ ਨੂੰ 746 ਗਜ਼ ਥਾਂ 2928 ਰੁਪਏ ਪ੍ਰਤੀ ਗਜ਼ ਦੇ ਹਿਸਾਬ ਨਾਲ ਦਿੱਤੀ ਗਈ। ਇਹ ਰਿਜ਼ਰਵ ਕੀਮਤਾਂ ਬਾਜ਼ਾਰੂ ਕੀਮਤਾਂ ਨਾਲੋਂ ਕਿਤੇ ਘੱਟ ਸਨ। ਇਸ ਤੋਂ ਇਲਾਵਾ ਸੰਗਰੂਰ ਦੀ ਨਗਰ ਸੁਧਾਰ ਟਰੱਸਟ ਨੇ ਮਹਾਰਾਜਾ ਰਣਜੀਤ ਸਿੰਘ ਮਾਰਕੀਟ ਵਿਚ ਭਾਜਪਾ ਨੂੰ 747 ਗਜ਼ ਜਗ੍ਹਾ 12.33 ਲੱਖ ਰੁਪਏ ਹੀ ਵਿਚ ਅਲਾਟ ਕਰ ਦਿੱਤੀ। ਨਗਰ ਸੁਧਾਰ ਟਰੱਸਟ ਫਰੀਦਕੋਟ ਨੇ ਅਕਾਲੀ ਦਲ ਨੂੰ ਇੱਕ ਹਜ਼ਾਰ ਗਜ਼ ਜਗ੍ਹਾ ਅਤੇ ਫਗਵਾੜਾ ਦੀ ਨਗਰ ਸੁਧਾਰ ਟਰੱਸਟ ਨੇ ਭਾਜਪਾ ਨੂੰ ਪਾਰਕ ਦੀ ਖਾਲੀ ਪਈ 274 ਗਜ਼ ਜਗ੍ਹਾ ਦੇਣ ਦਾ ਮਤਾ ਪਾਸ ਕੀਤਾ ਸੀ।

     ਬਰਨਾਲਾ ਦੀ ਨਗਰ ਸੁਧਾਰ ਟਰੱਸਟ ਨੇ ਵੀ ਅਜਿਹੇ ਮਤੇ ਪਾਸ ਕੀਤੇ ਸਨ। ਜਦੋਂ ਲਤੀਫਪੁਰਾ ਚੋਂ ਉਜੜੇ ਤੰਬੂਆਂ ’ਚ ਬੈਠੇ ਗਰੀਬ ਪਰਿਵਾਰ ਨੂੰ ਅਜਿਹੇ ਗੱਫਿਆਂ ਦਾ ਪਤਾ ਲੱਗੇਗਾ ਤਾਂ ਉਹ ਆਪਣੀ ਹੋਣੀ ’ਤੇ ਝੂਰਨਗੇ।         

      

 


No comments:

Post a Comment