Wednesday, January 11, 2023

                                     ‘ਆਪ’ ਦਾ ਤੋਤਾ, ਜਨਾਬ ਦੀ ਮਿਰਚ
                                                 ਚਰਨਜੀਤ ਭੁੱਲਰ      

ਚੰਡੀਗੜ੍ਹ : ਭਗਤ ਜਣੋ! ਏਨਾ ਤਾਂ ਮਗੈਂਬੋ ਖ਼ੁਸ਼ ਨਹੀਂ ਹੋਇਆ ਸੀ, ਜਿਨ੍ਹਾਂ ਅੱਜ ਕੱਲ੍ਹ ‘ਬਦਲਾਅ’ ਨੂੰ ਚਾਅ ਚੜ੍ਹਿਐ। ਅੱਗੇ ਨਹੀਂ, ਕਾਫ਼ੀ ਪਿੱਛੇ ਚੱਲਦੇ ਹਾਂ। ਜਰਾ ਯਾਦ ਕਰੋ, ‘ਮਿਸਟਰ ਇੰਡੀਆ’ ’ਚ ਅਮਰੀਸ਼ ਪੁਰੀ ਦਾ ਉਹੋ ਡਾਇਲਾਗ ..‘ਮਗੈਂਬੋ ਖ਼ੁਸ਼ ਹੂਆ।’ ਮਗੈਂਬੋ ਏਨਾ ਖ਼ੁਸ਼ ਕਿਉਂ ਸੀ, ਇਹ ਤਾਂ ਪਤਾ ਨਹੀਂ, ਆਹ ‘ਬਦਲਾਅ’ ਦੀ ਖ਼ੁਸ਼ੀ ਦਾ ਰਾਜ਼ ਜ਼ਰੂਰ ਪਤੈ।
        ਆਓ ਅੱਗੇ ਚੱਲਦੇ ਹਾਂ। ਆਈਏਐਸ ਅਧਿਕਾਰੀ ਕ੍ਰਿਸ਼ਨ ਕੁਮਾਰ ਨੂੰ ਕੌਣ ਭੁੱਲਿਐ। ਜਦੋਂ ਨਿੱਕਾ ਹੁੰਦਾ ਸੀ, ਮਾਂ ਨੇ ਕੰਨ ਪੁੱਟੇ। ਸਕੂਲ ’ਚ ਮਾਸਟਰਾਂ ਨੇ ਘਸਾਈ ਕੀਤੀ। ਖੇਤਾਂ ’ਚ ਬਾਪ ਨੇ ਏਨੀ ਵਹਾਈ ਕੀਤੀ ਕਿ ਕ੍ਰਿਸ਼ਨ ਫੇਰ ਕਿਤੇ ਜਾ ਕੇ ਕੁੰਦਨ ਬਣਿਆ। ਜਦੋਂ ਆਈਏਐਸ ਅਫ਼ਸਰ ਬਣਿਆ ਤਾਂ ਇਮਾਨ ਦੀ ਗਠੜੀ ਚੁੱਕ ਪੰਜਾਬ ਆਣ ਵੜਿਆ।
       ਕੋਈ ਕੁਝ ਵੀ ਕਹੇ, ਉਹਦਾ ਇਮਾਨ ਹਕੂਮਤਾਂ ਨੂੰ ਪ੍ਰੇਸ਼ਾਨ ਕਰਦਾ ਰਿਹੈ। ‘ਕੱਟੜ’ ਇਮਾਨਦਾਰ ਸਰਕਾਰ ਬਣੀ ਤਾਂ ਕ੍ਰਿਸ਼ਨ ਕੁਮਾਰ ਤੋਂ ਚਾਅ ਨਾ ਚੁੱਕਿਆ ਜਾਵੇ। ਪੰਜਾਬ ਦੇ ਵਿਹੜੇ ’ਚ ‘ਬਦਲਾਅ’ ਫੁੱਫੜਾਂ ਵਾਂਗੂ ਆਣ ਬੈਠਾ। ਕ੍ਰਿਸ਼ਨ ਕੁਮਾਰ ‘ਮੂਰਖ ਦਾਸ’ ਹੀ ਨਿਕਲਿਐ। ਓਹ ਭਲਿਆ, ਤੂੰ ਪੰਜਾਬ ਦਾ ਮਾਮਾ ਲੱਗਦੈ, ਜਿਹੜਾ ਬਦਲਣ ਦਾ ਨਾਮ ਨੀਂ ਲੈਂਦਾ।
      ਕ੍ਰਿਸ਼ਨ ਬਾਬੂ, ਕਿਤੇ ਵੇਲੇ ਸਿਰ ਬਦਲਦਾ ਤਾਂ ‘ਬਦਲਾਅ’ ਨੇ ਜ਼ਰੂਰ ਸਮਾਰਟ ਸਕੂਲਾਂ ਨੂੰ ਥਾਪੀ ਦੇਣੀ ਸੀ। ਕੀ ਜਾਣੇ ਅਣਜਾਣਾ ਰਮਜ਼ਾਂ ਇਸ਼ਕ ਦੀਆਂ, ਮਾਈਨਿੰਗ ਵਾਲੇ ਮਹਿਕਮੇ ਦੀ ਕੁਰਸੀ ’ਤੇ ਬੈਠਿਆ, ਫੇਰ ਵੀ ‘ਬਦਲਾਅ’ ਦਾ ਮਤਲਬ ਨਹੀਂ ਸਮਝਿਆ। ਲਓ ਜੀ, ਅਗਲਿਆਂ ਨੇ ਮਾਈਨਿੰਗ ਚੋਂ ਵੀ ਅੱਧੀ ਛੁੱਟੀ ਸਾਰੀ ਕਰ’ਤੀ। ਹੁਣ ਮਗੈਂਬੋ ਤੋਂ ਵੱਧ, ‘ਬਦਲਾਅ’ ਖ਼ੁਸ਼ ਹੋਇਆ ਹੈ। ਨਾਲੇ ਕ੍ਰਿਸ਼ਨ ਦੀ ਕੌਣ ਜੈ ਜੈ ਕਾਰ ਕਰਦੈ।
       ਅਨੁਰਿਧ ਤਿਵਾੜੀ ਨੂੰ ਵੀ ਉਹਦੀ ਔਕਾਤ ਦਿਖਾ ਦਿੱਤੀ। ਅਧਿਕਾਰੀ ਤੇਜਵੀਰ ਸਿੰਘ ਦੇ ਤਪ ਦਾ ਵੀ ਕੀਹਨੇ ਮੁੱਲ ਪਾਉਣਾ ਸੀ। ਕੇਏਪੀ (ਕੈਪ) ਸਿਨਹਾ ਨੂੰ ਵੀ ਸਿਆਣਪ ਦੀ ‘ਟੋਪੀ’ ਰਾਸ ਨਹੀਂ ਆਈ। ਏਹ ਆਈਏਐਸ ਤਾਂ ਨਿਆਣੇ ਹੀ ਨਿਕਲੇ, ਸਾਡੇ ਪੰਜਾਬ ’ਚ ਬੱਚੇ ਬੱਚੇ ਨੂੰ ਪਤੈ,‘ਬਦਲਾਅ’ ਕੀ ਹੁੰਦੈ। ਮਹਿਲਾ ਆਈਏਐਸ ਰਵਨੀਤ ਕੌਰ ਨੇ ਵੀ ਆਪਣੀ ਚਾਲ ਨਹੀਂ ਬਦਲੀ। ਇਵੇਂ ਪਾਵਰਕੌਮ ਦਾ ਚੇਅਰਮੈਨ ਬਲਦੇਵ ਸਰਾਂ ਵੀ ਨਹੀਂ ਬਦਲਿਆ। ਉਸ ਦਾ ਹਸ਼ਰ ਵੀ ਦੇਰ ਸਵੇਰ ਇਹੋ ਹੋਣਾ ਹੈ।  
      ਗੁਰਕੀਰਤ ਕਿਰਪਾਲ ਤੋਂ ਵੀ ਬਦਲਿਆ ਨਹੀਂ ਗਿਆ। ਬਈ! ਹੁਣ ਉਲਾਂਭੇ ਕਾਹਦੇ, ‘ਮਾਈ ਤੇਰੇ ਕੁੜਮਾਂ ਨੇ, ਮੇਰੇ ਕੰਮ ਦੀ ਕਦਰ ਨਹੀਂ ਪਾਈ।’ ਜਿਨ੍ਹਾਂ ਨੇ ਸਿਕੰਦਰ ਨੂੰ ਖ਼ਾਲੀ ਹੱਥ ਜਾਂਦੇ ਦੇਖਿਆ, ਉਨ੍ਹਾਂ ਨੂੰ ਹੁਣ ਅਕਲਾਂ ਕਿਥੇ। ਕੇਰਾਂ ਪੰਚਕੂਲਾ ਅਦਾਲਤ ਨੇ ਇੱਕ ਵੱਢੀਖ਼ੋਰ ਥਾਣੇਦਾਰ ’ਤੇ ਟਿੱਪਣੀ ਕੀਤੀ, ‘ਏਹ ਤਾਂ ਨਿਰਾ ਮਾਸਾਹਾਰੀ ਹੈ।’ ਮਾਸਾਹਾਰੀ ਪ੍ਰਜਾਤੀ ਦਾ ਮਾਣ ਉਹ ਭੱਦਰ ਪੁਰਸ਼ ਹੁੰਦੇ ਹਨ, ਜੋ ਲੋਕਾਂ ਦੀਆਂ ਜੇਬਾਂ ਤੱਕ ਨਹੀਂ ਛੱਡਦੇ। ਜਦੋਂ ਪੰਜਾਬ ’ਚ ਨਵਾਂ ਨਵਾਂ ‘ਬਦਲਾਅ’ ਆਇਆ ਤਾਂ ਮਾਸਾਹਾਰੀ ਵੰਨਗੀ ਵਾਲੇ ਅਫ਼ਸਰਾਂ ’ਚ ਸੰਨਾਟਾ ਛਾ ਗਿਆ ਸੀ।
       ਚੀਨ ’ਚ ਆਖਦੇ ਨੇ ਕਿ ਪੈਸੇ ਦਾ ਝਲਕਾਰਾ ਅੰਨ੍ਹੇ ਨੂੰ ਵੀ ਵੇਖਣ ਲਾ ਦਿੰਦਾ ਹੈ। ਜਿਨ੍ਹਾਂ ਲਈ ਦਿੱਲੀ ਦੂਰ ਨਹੀਂ..ਉਨ੍ਹਾਂ ਚੋਂ ਇੱਕ ਆਈਏਐਸ ਅਫ਼ਸਰ ਸੂਰਮਾ ਬਣ ਨੰਗੇ ਧੜ ਮੈਦਾਨ ’ਚ ਕੁੱਦਿਆ। ਦੱਸਦੇ ਹਨ ਕਿ ਉਸ ਮਾਸਾਹਾਰੀ ਅਫ਼ਸਰ ਨੇ ਆਪਣੀ ਬੇਈਮਾਨੀ ਦੀ ਸਹੁੰ ਚੁੱਕੀ ਕਿ ਤੋਤੇ ਨੂੰ ਮਿਰਚ ਖੁਆ ਕੇ ਮੁੜਾਂਗਾ। ਕਿੱਸਾ ਬੜਾ ਦਿਲਚਸਪ ਹੈ, ‘ਆਪ’ ਸਰਕਾਰ ਦੇ ਇਮਾਨ ਦਾ ਤੋਤਾ ਦਿੱਲੀ ਦੀ ਹਵੇਲੀ ’ਤੇ ਬੈਠਾ ਸੀ। ਇਸ ਸਾਹਿਬ ਨੇ ਹਰੀਆਂ ਮਿਰਚਾਂ ਦੀ ਕੌਲੀ ਚੁੱਕੀ, ਹੌਲੀ ਹੌਲੀ ਪੌੜੀ ਦੇ ਡੰਡੇ ਚੜ੍ਹਨ ਲੱਗਾ।
      ਐਨ ਅਖੀਰਲੇ ਡੰਡੇ ’ਤੇ ਪੈਰ ਰੱਖ ਤੋਤੇ ਨੂੰ ਪੁਚਕਾਰ ਮਾਰੀ। ਮਾਈ ਦੇ ਲਾਲ ਨੇ ਏਨਾ ਦੁਲਾਰ ਦਿੱਤਾ, ਤੋਤਾ ਸੱਚਮੁੱਚ ਮਿੱਠੂ ਬਣ ਗਿਆ। ਜਿਨ੍ਹਾਂ ਨੂੰ ਭਰਮ ਸੀ ਕਿ ਤੋਤਾ ਉੱਡੇਗਾ, ਉਨ੍ਹਾਂ ਦੇ ਹੋਸ਼ ਉੱਡ ਗਏ, ਜਦੋਂ ਮਾਸਾਹਾਰੀ ਅਫ਼ਸਰ ਦੀ ਤਲੀ ’ਤੇ ਮਿਰਚਾਂ ਸਨ, ਤੋਤਾ ਠੁੰਗ ਤੇ ਠੁੰਗ ਮਾਰਦਾ ਪਿਆ ਸੀ। ਕਿਤੇ ਪੰਜਾਬ ਦਾ ਕੋਈ ਚੁਬਾਰਾ ਹੁੰਦਾ ਤਾਂ ਮੁਹੰਮਦ ਸਦੀਕ ਨੇ ਜ਼ਰੂਰ ਗਾਉਣਾ ਸੀ, ‘ਮਿੱਤਰਾਂ ਦੇ ਤਿੱਤਰਾਂ ਨੂੰ, ਨੀਂ ਮੈਂ ਤਲੀਆਂ ’ਤੇ ਚੋਗ ਚੁਗਾਵਾਂ।’
      ਟਾਂਵੇਂ ਆਈਏਐਸ ਅਫ਼ਸਰ ਹਨ ਜਿਨ੍ਹਾਂ ਕੋਲ ਸੁਆਸਾਂ ਦੀ ਪੂੰਜੀ ਤੋਂ ਬਿਨਾਂ ਕੁਝ ਨਹੀਂ। ਦੇਸ਼ ਭਗਤ ਅਫ਼ਸਰਾਂ ਦੀ ਕਿਥੇ ਕਮੀ ਹੈ ਜੋ ਕਾਰਪੋਰੇਟਾਂ ਨੂੰ ਮੁਖ਼ਾਤਬ ਹੁੰਦੇ ਹਨ, ‘ਤੁਸੀਂ ਸਾਨੂੰ ਨੋਟ ਦਿਓ, ਅਸੀਂ ਤੁਹਾਨੂੰ ਸਿਸਟਮ ਦਿਆਂਗੇ।’ ਆਈਏਐਸ ਅਧਿਕਾਰੀ ਬੀਬੀ ਨੀਲਿਮਾ ਸੱਚਮੁੱਚ ਅਨਾੜੀ ਨਿਕਲੀ, ਜੇਹੜੀ ਵਿਜੀਲੈਂਸ ਅੜਿੱਕੇ ਆ ਗਈ, ਔਹ ਤੁਹਾਡਾ ਗੁਰ ਭਾਈ ਕਿੰਨਾ ਖਿਡਾਰੀ ਐ, ਦੇਖੋ ਕਿਵੇਂ ਤੋਤੇ ਦਾ ਸਿਰ ਪਲੋਸ ਗਿਆ।
      ਇਨ੍ਹਾਂ ਨੂੰ ਨਾ ਖ਼ੁਦਾ ਦਾ ਖ਼ੌਫ਼ ਤੇ ਨਾ ‘ਬਦਲਾਅ’ ਦਾ। ਪਤਾ ਨਹੀਂ ਏਹ ਕਿਹੜੀ ਕਿਸਮਤ ਪੁੜੀ ਚੋਂ ਨਿਕਲੇ ਨੇ, ਇੰਜ ਜਾਪਦੈ ਜਿਵੇਂ ‘ਬਦਲਾਅ’ ਨੇ ਟੈਂਡਰ ਕੱਢੇ ਹੋਣ ਤੇ ਸਾਰੇ ‘ਇਮਾਨ’ ਦਾ ਠੇਕਾ ਇਨ੍ਹਾਂ ਨੂੰ ਹੀ ਅਲਾਟ ਹੋ ਗਿਆ ਹੋਵੇ। ‘ਮੁੰਡਾ ਲੌਂਗੋਵਾਲ ਦਾ, ਇਹੋ ਗੱਲਾਂ ਭਾਲਦਾ’। ਜਿਨ੍ਹਾਂ ਦੀ ‘ਸ਼ੁਹਰਤ’ ਪੰਜਾਬ ਦੇ ਹੱਦਾਂ-ਬੰਨੇ ਟੱਪ ਗਈ ਹੈ, ਉਨ੍ਹਾਂ ਦੇ ਪਿੰਜਰੇ ’ਚ ਹੁਣ ਤੋਤੇ ਕੈਦ ਨੇ। ਆਮ ਬੰਦਾ ਤਾਂ ਕਿਸੇ ਦਾ ਤੋਤੇਹਾਰ ਨਹੀਂ।
       ਇਨ੍ਹਾਂ ਨਾਲੋਂ ਤਾਂ ਮੋਹਨ ਭੰਡਾਰੀ ਹੀ ਚੰਗੈ। ਦੱਸਦੇ ਨੇ ਕਹਾਣੀਕਾਰ ਮੋਹਨ ਭੰਡਾਰੀ ਨੂੰ ਇੱਕ ਵਾਰੀ ਮਹਿੰਦਰ ਸਿੰਘ ਰੰਧਾਵਾ ਨੇ ਚੰਡੀਗੜ੍ਹ ’ਚ ਇੱਕ ਕੋਨੇ ਵਾਲਾ ਪਲਾਟ 28 ਰੁਪਏ ਗਜ਼ ਦੇ ਹਿਸਾਬ ਨਾਲ ਅਲਾਟ ਕਰ’ਤਾ। ਪਲਾਟ ਦੀ ਕਿਸ਼ਤ ਤਾਰਨ ਗਏ ਤਾਂ ਅੱਗਿਓਂ ਬਾਬੂ ਨੇ ਵੱਧ ਪੈਸੇ ਮੰਗ ਲਏ, ਮੋਹਨ ਭੰਡਾਰੀ ਦਾ ਤਿਆਗ ਦੇਖੋ, ‘ਆ ਚੁੱਕੋ ਆਪਣਾ ਪਲਾਟ’ ਆਖ ਕੇ ਦਫ਼ਤਰੋਂ ਵਾਪਸ ਨਿਕਲ ਆਇਆ। ਉਦੋਂ ਦੇ ਮਾਸਾਹਾਰੀ ਅਫ਼ਸਰਾਂ ਦੀ ਇਸੇ ਪਲਾਟ ’ਤੇ ਅੱਖ ਸੀ। ਅਗਲੇ ਅੱਖ ਦੇ ਫੋਰੇ ਪਲਾਟ ਅਲਾਟ ਕਰਾ’ਗੇ।
      ਪੰਜਾਬ ਦੇ ਲੋਕ ਕੌੜਾ ਘੁੱਟ ਵੀ ਭਰਨ ਜਾਣਦੇ ਹਨ ਅਤੇ ਬਹੁਤੀ ਧੰਗੇੜ ਵੀ ਨਹੀਂ ਝੱਲਦੇ। ਜੇ ਕੋਈ ਕੰਡੇ ਬੀਜਦਾ ਹੈ ਤਾਂ ਕੰਡਾ ਕੱਢਣ ਵੀ ਜਾਣਦੇ ਨੇ। ਸ਼ੇਖ਼ ਸਾਅਦੀ ਨੇ ਸੱਚ ਕਿਹਾ ਹੈ, ‘ਜੇ ਚਿੜੀਆਂ ਏਕਾ ਕਰ ਲੈਣ ਤਾਂ ਸ਼ੇਰ ਦੀ ਖੱਲ ਉਧੇੜ ਦਿੰਦੀਆਂ ਹਨ।’ ਦੇਖਿਓ ਕਿਤੇ ਹੱਥਾਂ ਦੇ ਤੋਤੇ ਨਾ ਉਡਾ ਲਇਓ..।
 

No comments:

Post a Comment