Monday, January 23, 2023

                                                ਮਰਦੀ ਨੇ ਅੱਕ ਚੱਬਿਆ..
ਚਰਨਜੀਤ ਭੁੱਲਰ

ਚੰਡੀਗੜ੍ਹ : ਗੁਰਮੁਖੋ! ਧਰਤੀ ਧੌਲ਼ੇ ਬਲਦ ਦੇ ਸਿੰਗਾਂ ਤੇ ਖੜ੍ਹੀ ਹੈ। ਜਦ ਮਾਤ ਲੋਕ ’ਚ ਅੱਤ ਹੁੰਦੀ ਹੈ, ਬਲਦ ਨੂੰ ਸਿੰਗ ਬਦਲਣੇ ਪੈਂਦੇ ਨੇ। ਇਸ ਤੋਂ ਪਹਿਲਾਂ ਕਿ ਕਥਾ ਅੱਗੇ ਤੁਰਦੀ, ਅਚਾਨਕ ਧਰਤੀ ਡੋਲਣ ਲੱਗੀ। ਪੰਡਾਲ ’ਚ ਖ਼ਬਰ ਗੂੰਜੀ, ਬਾਦਲ ਵਾਲੇ ਮਨਪ੍ਰੀਤ ਬਣੇ ਭਾਜਪਾਈ। ਸਭ ਕੁਝ ਸੁਣ ਕੇ ਖਟਕੜ ਕਲਾਂ ਦੇ ਬਜ਼ੁਰਗ ਤੋਂ ਰਿਹਾ ਨਾ ਗਿਆ, ‘ਭਾਈ! ਹੁਣ ਤਾਂ ਬਲਦ ਦਾ ਬਚਣਾ ਔਖੈ।’
ਕਥਾਕਾਰ ਨੇ ਇੰਜ ਗੱਲ ਮੁਕਾਈ, ‘ਭੋਲਿਓ, ਜਦ ਜ਼ਮੀਰ ਘੂਕ ਸੌਂ ਜਾਏ, ਉਦੋਂ ਅੰਦਰਲਾ ਬਾਂਦਰ ਬਾਘੀਆਂ ਪਾਉਂਦੈ।’ ਡਾਰਵਿਨ ਦੇ ਪੈਰੋਕਾਰਾਂ ਨੇ ਜੈਕਾਰੇ ਛੱਡ ਦਿੱਤੇ, ਮਨਪ੍ਰੀਤ ਤੇਰੀ ਸੋਚ ’ਤੇ..। ਵੀਰੋ ਬੱਸ ਹੁਣ ਨੰਨਾ ਨਾ ਪਾਇਓ, ਪੰਜਾਬ ਦੀ ਇੱਜ਼ਤ ਦਾਅ ’ਤੇ ਹੈ। ਜ਼ਰਾ ਯਾਦ ਕਰੋ, ‘ਸ਼ੋਅਲੇ’ ਫ਼ਿਲਮ ਦਾ ਡਾਇਲਾਗ, ‘ਚੱਲ ਧੰਨੋ, ਤੇਰੀ ਇੱਜ਼ਤ ਦਾ ਸੁਆਲ ਹੈ।’ ਇੰਜ ਲੱਗਦੈ, ਜਿਵੇਂ ਬਸੰਤੀ ਹੁਣ ਤਾਂਗਾ ਲੈ ਕੇ ਸ਼ੰਭੂ ਬਾਰਡਰ ’ਤੇ ਆਣ ਖੜ੍ਹੀ ਹੋਵੇ।
ਤਾਂਗੇ ਦੇ ਪਹਿਲੇ ਸਵਾਰ ਕੈਪਟਨ ਅਮਰਿੰਦਰ ਸਿੰਘ ਬਣੇ ਤੇ ਆਖ਼ਰੀ ਮਨਪ੍ਰੀਤ ਬਾਦਲ। ‘ਜਿੱਥੇ ਚੱਲੇਂਗੀ ਚਲੂੰਗਾ ਨਾਲ ਤੇਰੇ, ਟਿਕਟਾਂ ਦੋ ਲੈ ਲਈਂ ’। ਦੂਜੇ ਗੇੜੇ ’ਚ ਧੰਨੋ ਦੀ ਬੱਸ ਕਰਾ’ਤੀ। ਤਾਂਗੇ ’ਚ ਅੱਗੇ ਸੁੰਦਰ ਸ਼ਾਮ ਅਰੋੜਾ, ਗੁਰਪ੍ਰੀਤ ਕਾਂਗੜ ਤੇ ਰਾਜ ਕੁਮਾਰ ਵੇਰਕਾ ਸਜ ਗਏ, ਪਿੱਛੇ ਬਲਬੀਰ ਸਿੱਧੂ, ਫਤਹਿਜੰਗ ਬਾਜਵਾ ਤੇ ਕੇਵਲ ਢਿੱਲੋਂ ਤਸ਼ਰੀਫ਼ ਲੈ ਆਏ। ‘ਮਰਦੀ ਨੇ ਅੱਕ ਚੱਬਿਆ,ਹਾਰ ਕੇ ਜੇਠ ਨਾਲ ਲਾਈਆਂ’। ਏਨੀਆਂ ਰੱਜੀਆਂ ਰੂਹਾਂ ਦੇ ਦਰਸ਼ਨ ਕਰਕੇ ਬਸੰਤੀ ਧੰਨ ਹੋ ਗਈ। ਬੱਸ ਫੇਰ ਚੱਲ ਸੋ ਚੱਲ..। ਸਿਆਣੇ ਆਖਦੇ ਨੇ, ਚੰਗੇ ਮਲਾਹ ਦੀ ਪਛਾਣ ਤੂਫ਼ਾਨ ਆਏ ਤੋਂ ਹੁੰਦੀ ਹੈ। ਜਿਹੜੇ ਅਮਿਤ ਸ਼ਾਹ ਦੇ ਘਰ ਕੀੜੀ ਬਣ ਪੁੱਜੇ ਨੇ, ਉਹ ਕਿਹੜਾ ਨਿਆਣੇ ਨੇ।
ਤੁਸੀਂ ਲੱਖ ਕਹੋ ਕਿ ਮੋਦੀ ਬੰਦਿਆ! ਤੇਰਾ ਕੱਖ ਨਾ ਰਹੇ। ਅਗਲਾ ਰਾਹੁਲ ਗਾਂਧੀ ਦੇ ਨੌਂ ਰਤਨ ਚੁਣ ਚੁਣ ਕੇ ਲੈ ਗਿਆ। ਚਾਹੇ ਗਿਣਤੀ ਕਰ ਕੇ ਦੇਖ ਲਓ, ਛੇ ਸਾਬਕਾ ਮੰਤਰੀ ਤੇ ਤਿੰਨ ਸਾਬਕਾ ਵਿਧਾਇਕ। ਕਾਕਾ ਰਾਹੁਲ ਦੇ ਪੱਲੇ ਤਾਂ ਹੁਣ ਹੇਕਾਂ ਬਚੀਆਂ ਨੇ, ‘ਤੇਰਾ ਕੱਖ ਨੀ ਬਚਨੀਏ ਰਹਿਣਾ, ਛੜਿਆਂ ਦਾ ਹੱਕ ਮਾਰ ਕੇ।’ ਮਨਪ੍ਰੀਤ ਬਾਦਲ ਦਾ ਕਿੰਨਾ ਤਪ ਤੇਜ਼ ਐ, ਜਦੋਂ ਖਟਕੜ ਕਲਾਂ ਪੁੱਜੇ ਤਾਂ ਪਿੰਡ ਨੇ ਕਿਹਾ ,ਧੰਨਭਾਗ ਅਸਾਡੇ..।
ਮਨਪ੍ਰੀਤ ਜਦ ਕਾਂਗਰਸ ਦੇ ਵਿਹੜੇ ਗਏ, ਸੋਨੀਆ ਗਾਂਧੀ ਨੇ ਤੇਲ ਚੋਇਆ। ਹੁਣ ਭਾਜਪਾ ਦੀ ਦੇਹਲੀ ’ਤੇ ਛੈਣੇ ਖੜਕ ਰਹੇ ਨੇ.. ‘ਆਪ ਆਏ ਬਹਾਰ ਆਈ..।’ ਏਨਾ ਤਾਂ ਖੜਕ ਸਿੰਘ ਨੀਂ ਖੜਕਿਆ ਹੋਣਾ, ਜਿਨ੍ਹਾਂ ਹੁਣ ਪੰਜਾਬ ਸਿਓਂ ਖੜਕ ਗਿਐ। ਪੰਜਾਬੀ ਇੱਕ ਤਾਂ ਕਾਹਲੇ ਬਹੁਤ ਨੇ, ਥੋੜ੍ਹਾ ਸਬਰ ਕਰੋ, ਏਹ ਸਾਰੇ ਤਾਂਗਾ ਸਵਾਰ ਆਪਣੇ ਲਈ ਨਹੀਂ, ਪੰਜਾਬ ਲਈ ਭਟਕ ਰਹੇ ਨੇ। ਤੁਸਾਂ ਦਾ ਤਾਂ ਕੰਮ ਤਵੇ ਲਾਉਣਾ ਹੈ, ਕੋਈ ਕਹੇਗਾ ‘ਕੁਰਸੀ ਨਾਚ ਨਚਾਏ’, ਕੋਈ ਆਖ ਛੱਡੇਗਾ, ‘ਡਰ ਮੂਹਰੇ ਭੂਤ ਨੱਚਦੇ ਨੇ।’ ਭਲਾ ਦੱਸੋ ਖਾਂ, ਇਨ੍ਹਾਂ ਭਲੇ ਪੁਰਸ਼ਾਂ ਨੂੰ ਕਾਹਦਾ ਡਰ।
ਆਹ ਆਪਣਾ ਗੁਰਪ੍ਰੀਤ ਕਾਂਗੜ, ਸਾਬਕਾ ਮਾਲ ਮੰਤਰੀ। ਕਿਸੇ ਦਾ ਚੁਆਨੀ ਦਾ ਰਵਾਦਾਰ ਨਹੀਂ। ਏਨੀ ਦੇਸ਼ ਭਗਤੀ ਅਸਾਂ ਤਾਂ ਕਿਤੇ ਨਹੀਂ ਦੇਖੀ, ਪੰਜਾਬ ਦੀ ਸੇਵਾ ’ਚ ਪਹਿਲਾਂ ਬੱਸਾਂ ਵੇਚ ਦਿੱਤੀਆਂ, ਫੇਰ ਜ਼ਮੀਨ। ਹਾਲੇ ਵਿਜੀਲੈਂਸ ਆਖਦੀ ਪਈ ਐ ਕਿ ਕਾਂਗੜ ਮਾੜੈ। ਲੋਕ ਸੇਵਾ ’ਚ ਸਭ ਕੁਝ ਵਿਕ ਗਿਆ, ਬੱਸ ਆਹ 14 ਕਰੋੜ ਦੀ ਪ੍ਰਾਪਰਟੀ ਬਚੀ ਐ। ਕਾਂਗੜ ਸਾਹਿਬ, ਅਸਲ ’ਚ ਸ਼ਰਾਫ਼ਤ ਦਾ ਜ਼ਮਾਨਾ ਹੀ ਨਹੀਂ ਰਿਹਾ।
ਸੁੰਦਰ ਸ਼ਾਮ ਅਰੋੜਾ ਦੀ ਘਾਲਣਾ ਦਾ ਵੀ ਪੰਜਾਬ ਨੇ ਕੋਈ ਮੁੱਲ ਨਹੀਂ ਪਾਇਆ। ਅਰੋੜਾ ਸਾਹਿਬ ਨੇ ਕਿਸੇ ਦੇ ਘਰੋਂ ਪਾਣੀ ਦਾ ਗਿਲਾਸ ਤੱਕ ਨਹੀਂ ਪੀਤਾ। ਇੱਥੋਂ ਤੱਕ ਕਿ ਨੋਟ ਗਿਣਨ ਵਾਲੀ ਮਸ਼ੀਨ ਵੀ ਆਪਣੇ ਘਰੋਂ ਲਿਜਾਂਦੇ ਸਨ। ਕੀ ਖੱਟਿਆ ਮੈਂ ਤੇਰੀ ਹੀਰ ਬਣਕੇ.. ਭਾਜਪਾ ਘੱਟੋ ਘੱਟ ਢਲਦੀ ਸ਼ਾਮ ਮੌਕੇ ਫੋਕਾ ਹਾਅ ਦਾ ਨਾਅਰਾ ਤਾਂ ਮਾਰ ਦਿੰਦੀ। ਸਾਧੂ ਸਿੰਘ ਧਰਮਸੋਤ ਨੂੰ ਪਹਿਲੋਂ ਹੀ ਪਤਾ ਸੀ ਕਿ ‘ਨੱਥਾ ਸਿੰਘ ਪ੍ਰੇਮ ਸਿੰਘ, ਵਨ ਐਂਡ ਦੀ ਸੇਮ ਥਿੰਗ।’ ਭੀੜ ਪਈ ਤੋਂ ਕੋਈ ਨਾ ਬਹੁੜੇ। ਸੱਜਰੇ ਬਣੇ ਭਾਜਪਾਈ ਮਨੋਂ ਮਨੀ ਸੋਚਦੇ ਪਏ ਹੋਣਗੇ ਕਿ ਬਈ! ਜੇ ਢਾਲ ਹੀ ਨਹੀਂ ਬਣਨਾ ਤਾਂ ਭਾਜਪਾ ਨੂੰ ਰਗੜ ਕੇ ਫੋੜੇ ’ਤੇ ਲਾਉਣੈ।
ਛੱਡੋ ਏਹ ਗਿਲੇ ਸ਼ਿਕਵੇ, ਇੱਕ ਗੱਲ ਤਾਂ ਸਾਫ਼ ਹੈ ਕਿ ਤਾਂਗਾ ਸਵਾਰਾਂ ਨੇ ਜਿਵੇਂ ਪਹਿਲਾਂ ਕਾਂਗਰਸ ਦੀ ਸੇਵਾ ਕੀਤੀ ਐ, ਉਵੇਂ ਹੁਣ ਭਾਜਪਾ ਦਿਨ ਦੁੱਗਣੀ ਰਾਤ ਚੌਗੁਣੀ ਤਰੱਕੀ ਕਰੇਗੀ। ਨਾਲੇ ਇਹੋ ਤਾਂ ਪੰਜਾਬ ਦੇ ਸਕੇ ਪੁੱਤ ਨੇ, ਨਹੀਂ ਮਤਰੇਈ ਮਾਂ ਵਰਗੇ ਕੇਂਦਰ ਅੱਗੇ ਕੌਣ ਝੋਲੀ ਅੱਡਦਾ ਹੈ। ਕੋਈ ਸ਼ੱਕ ਹੋਵੇ ਤਾਂ ਬਸੰਤੀ ਨੂੰ ਪੁੱਛ ਲੈਣਾ। ਜਦੋਂ ਇਹ ਸਰਵਣ ਪੁੱਤ ਤਾਂਗੇ ’ਚ ਬੈਠੇ ਸਨ, ਇਨ੍ਹਾਂ ਦੇ ਕੋਲ ਵਹਿੰਗੀ ਵੀ ਸੀ, ਵਹਿੰਗੀ ’ਚ ਪੰਜਾਬ ਬੈਠਾ ਸੀ।
ਜਦੋਂ ਤਾਂਗੇ ’ਚ ਬੈਠ ਇਹ ਭਲੇ ਪੁਰਸ਼ ਦਿੱਲੀ ਪੁੱਜੇ, ਅੱਗਿਓਂ ਭਾਜਪਾ ਨੇਤਾ ਵਾਸ਼ਿੰਗ ਮਸ਼ੀਨ ਕੱਢ ਲੈ ਆਏ। ਅਖੇ ਪਹਿਲਾਂ ਇਨ੍ਹਾਂ ਦੇ ਦਾਗ਼ ਧੋਵਾਂਗੇ। ਵਾਸ਼ਿੰਗ ਮਸ਼ੀਨ ’ਚ ਪਹਿਲਾ ਪੂਰ ਹੀ ਪਾਇਆ ਸੀ ਕਿ ਭਾਜਪਾ ਦਫ਼ਤਰ ਦੇ ਫ਼ਿਊਜ਼ ਉੱਡਗੇ। ਏਹ ਤਾਂ ਸ਼ੁਕਰ ਕਰੋ ਕਿ ਬਸੰਤੀ ਦਾ ਤਾਂਗਾ ਗੇਟ ’ਤੇ ਖੜ੍ਹਾ ਸੀ। ਸਾਰਿਆਂ ਨੂੰ ਤਾਂਘੇ ’ਚ ਲੱਦ ਬਸੰਤੀ ਗੰਗਾ ’ਤੇ ਲੈ ਗਈ। ਸਭ ਵਾਰੋ ਵਾਰੀ ਨੁਹਾਏ, ਮਗਰੋਂ ਚਿੱਟੇ ਕੱਪੜੇ ਪੁਆਏ।
ਜਦੋਂ ਤਾਂਗਾ ਮੁੜ ਚੱਲਿਆ ਤਾਂ ਗੰਗਾ ਕਿਨਾਰੇ ਟੀ ਸਟਾਲ ਵਾਲੇ ਦੇ ਰੇਡੀਓ ’ਤੇ ਗਾਣਾ ਵੱਜਿਆ, ‘ਰਾਮ ਤੇਰੀ ਗੰਗਾ ਮੈਲੀ ਹੋ ਗਈ..।’ ਪਰ ਤੁਸੀਂ ਪ੍ਰਵਾਹ ਨਹੀਂਓ ਕਰਨੀ, ‘ਪਹਿਲਾਂ ਤੁਸੀਂ ਗੱਦੀ ਤੋਂ ਹੱਥ ਧੋ ਬੈਠੇ, ਹੁਣ ਗੰਗਾ ’ਚ ਵੀ ਨਹਾ ਲਏ’। ਏਹ ਲੋਕ ਕਿਥੇ ਖ਼ੁਸ਼ ਹੋ ਸਕਦੇ ਨੇ। ਤੁਹਾਨੂੰ ਪੰਜਾਬ ਖ਼ਾਤਰ ਘਾਟ ਘਾਟ ਦਾ ਪਾਣੀ ਵੀ ਪੀਣਾ ਪਵੇ, ਬੇਝਿਜਕ ਗੋਡਿਆਂ ਪਰਨੇ ਹੋ ਕੇ ਪੀਣਾ, ਆਪਾਂ ਪੰਜਾਬ ਨੂੰ ਰੰਗਲਾ ਵੀ ਤਾਂ ਬਣਾਉਣੈ। ਭਗਵੰਤ ਮਾਨ ਦੀ ਪੁਰਾਣੀ ਸਟੇਜੀ ਤੁਕ ਯਾਦ ਆ ਗਈ, ‘ਏਹ ਜੋ ਕਾਲੇ ਕੱਛਿਆਂ ਆਲੇ ਨੇ, ਇਹੋ ਤਾਂ ਪੁਲੀਸ ਵਾਲੇ ਨੇ।’

No comments:

Post a Comment